ਵਿਚਾਰਧਾਰਕ ਹਮਲੇ ਅਤੇ ਕੌਮਾਂ ਦੀ ਬਚਾਅ ਰਣਨੀਤੀ

ਵਿਚਾਰਧਾਰਕ ਹਮਲੇ ਅਤੇ ਕੌਮਾਂ ਦੀ ਬਚਾਅ ਰਣਨੀਤੀ

ਕੋਈ ਸਮੂਹ ਉਦੋਂ ਕੌਮ ਬਣਦਾ ਹੈ ਜਦੋਂ ਉਹ ਰਾਜਸੀ ਤੌਰ ਤੇ ਅਜ਼ਾਦ ਹੋ ਜਾਵੇ ਜਾਂ ਕਿਸੇ ਬਹੁ-ਕੌਮੀ ਸਟੇਟ ਵਿੱਚ ਭਾਰੂ ਗਿਣਤੀ ਦੇ ਤੌਰ ਤੇ ਹੋਵੇ। ਜੇ ਕਿਸੇ ਕੌਮ ਕੋਲ ਆਪਣਾਂ ਵੱਖਰਾ ਅਤੇ ਅਜ਼ਾਦ ਮੁਲਕ ਨਹੀ ਹੈ ਤਾਂ ਉਸ ਨੂੰ ਵੀ ਕੌਮ ਦਾ ਦਰਜਾ ਦਿੱਤਾ ਜਾ ਸਕਦਾ ਹੈ ਜੇ ਉਸ ਵਿੱਚ ਰਾਜਸੀ ਸਵੈ-ਨਿਰਣੇ ਅਤੇ ਸਵੈ-ਸ਼ਾਸ਼ਨ ਦੀ ਰੀਝ ਪਈ ਹੋਵੇ। ਗੈਟ ਆਖਦਾ ਹੈ ਕਿ ਬਹੁ-ਕੌਮੀ ਰਾਜਾਂ ਵਿੱਚ ਘੱਟ-ਗਿਣਤੀ ਕੌਮਾਂ ਦਾ ਆਪਣੇ ਵਜੂਦ ਨੂੰ ਕਾਇਮ ਰੱਖਣਾ ਇਤਿਹਾਸਕ ਤੌਰ ਤੇ ਬਹੁਤ ਔਖਾ ਕਾਰਜ ਹੈ ਕਿਉਂਕਿ ਸਟੇਟ ਤੇ ਰਾਜ ਕਰ ਰਹੀ ਬਹੁ-ਗਿਣਤੀ ਛੋਟੀਆਂ ਕੌਮਾਂ ਦੇ ਇਤਿਹਾਸ ਅਤੇ ਖਾਸ ਕਰ ਭਾਸ਼ਾ ਨੂੰ ਖਤਮ ਕਰਨ ਅਤੇ ਉਸਦੀ ਜਗ੍ਹਾ ਆਪਣੀ ਭਾਸ਼ਾ ਥੋਪ ਕੇ ਆਪਣੇ ਵਿਚਾਰਧਾਰਕ ਅਧਾਰ ਨੂੰ ਮਜਬੂਤ ਕਰਨ ਦੇ ਯਤਨ ਕਰਦੀ ਹੈ। ਇਸ ਸਥਿਤੀ ਵਿੱਚ ਛੋਟੀਆਂ ਕੌਮਾਂ ਲਈ ਆਪਣੀ ਹੋਂਦ ਨੂੰ ਬਚਾਉਣ ਦਾ ਕਾਰਜ ਬਹੁਤ ਜਰੂਰੀ ਹੋ ਜਾਂਦਾ ਹੈ। ਉਹ ਆਖਦਾ ਹੈ ਕਿ ਲੰਬੀ ਗੁਲਾਮੀ ਕੌਮਾਂ ਦੀ ਭਾਸ਼ਾ ਅਤੇ ਇਤਿਹਾਸ ਨੂੰ ਵਿਗਾੜ ਦੇਂਦੀ ਹੈ। ਪਰ ਆਪਣੇ ਜਜਬੇ ਨਾਲ ਖੜ੍ਹੀਆਂ ਕੌਮਾਂ ਇਹ ਮਾਰ ਵੀ ਝੱਲ ਜਾਂਦੀਆਂ ਹਨ ਅਤੇ ਆਪਣੀ ਕੌਮੀ ਹੋਂਦ ਬਚਾਅ ਲੈਂਦੀਆਂ ਹਨ।

ਅਵਤਾਰ ਸਿੰਘ ਸੀਨੀਅਰ ਪੱਤਰਕਾਰ ਯੂ. ਕੇ.

ਭਾਰਤ ਵਿੱਚ ਕੱਟੜਪੰਥੀ ਲੋਕਾਂ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਿਪਰਵਾਦੀ ਤਾਕਤਾਂ ਦੇ ਸਿੱਖ ਧਰਮ ਅਤੇ ਸਿੱਖਾਂ ਦੇ ਕੌਮੀ ਸਰੂਪ ਉੱਤੇ ਹਮਲੇ ਲਗਾਤਾਰ ਵਧ ਗਏ ਹਨ। ਵੈਸੇ ਅਜਿਹੇ ਹਮਲੇ ਸਿੱਖ ਧਰਮ ਦੇ ਪ੍ਰਕਾਸ਼ ਤੋਂ ਹੀ ਅਰੰਭ ਹੋ ਗਏ ਸਨ ਅਤੇ ਸਦੀਆਂ ਤੱਕ ਚਲਦੇ ਰਹੇ ਪਰ ਹੁਣ ਸੱਤਾ ਦੇ ਹੰਕਾਰ ਵਿੱਚ ਵਿਚਰ ਰਹੀਆਂ ਕੱਟੜਪੰਥੀ ਤਾਕਤਾਂ ਦੇ ਦੌਰ ਵਿੱਚ ਇਹ ਹਮਲੇ ਕਾਫੀ ਤਿੱਖੇ ਹੋ ਗਏ ਹਨ ਅਤੇ ਇਨ੍ਹਾਂ ਦਾ ਘੇਰਾ ਵੀ ਵਿਸ਼ਾਲ ਹੋ ਰਿਹਾ ਹੈ।
ਜਿਸ ਜੇਤੂ ਕੌਮ ਦਾ ਆਪਣਾਂ ਕੋਈ ਇਤਿਹਾਸ ਨਹੀ ਹੈ ਅਤੇ ਜਿਸ ਕੋਲ ਮਾਣ ਕਰਨ ਵਾਲੇ ਕੋਈ ਇਤਿਹਾਸਕ ਕਾਰਨਾਮੇ ਨਹੀਂ ਹਨ ਉਹ ਮਹਿਜ਼ ਸੱਤਾ ਦੇ ਜੋਰ ਨਾਲ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਗੁਰੂ ਸਾਹਿਬ ਜੀ ਦੇ ਆਦਰਸ਼ਾਂ ਬਾਰੇ ਭੁਲੇਖ਼ੇ ਖੜ੍ਹੇ ਕਰਕੇ, ਅਰਜੁਨ ਅੱਪਾਦੁਰਾਈ ਅਨੁਸਾਰ ਆਪਣੀ, ਅਧੂਰੇਪਣ ਦੀ ਭਾਵਨਾ ਨੂੰ ਪੂਰਨ ਦੀ ਨੀਵੀਂ ਕੋਸ਼ਿਸ਼ ਕਰ ਰਹੇ ਹਨ। (Arjun Appadurai-Fear of Small Numbers)
ਕਿਸੇ ਬਹੁ-ਗਿਣਤੀ ਕੌਮ ਦੀ ਸਿੱਧੀ ਜਾਂ ਅਸਿੱਧੀ ਗੁਲਾਮੀ ਅਧੀਨ ਰਹਿ ਰਹੀਆਂ ਲਗਭਗ ਸਾਰੀਆਂ ਕੌਮਾਂ ਨੂੰ ਹੀ ਅਜਿਹੇ ਸੰਕਟ ਦਾ ਸਾਹਮਣਾਂ ਕਰਨਾ ਪੈਂਦਾ ਹੈ ਅਤੇ ਉਹ ਆਪਣੇ ਇਤਿਹਾਸਕ ਵਿਰਸੇ ਤੋਂ ਸੇਧ ਲੈ ਕੇ ਆਪਣੇ ਵਿਚਾਰਧਾਰਕ ਅਤੇ ਸਿਆਸੀ ਬਚਾਅ ਦੇ ਪੈਂਤੜੇ ਇਜਾਦ ਕਰ ਲੈਂਦੀਆਂ ਹਨ।
ਬਹੁ-ਗਿਣਤੀ ਕੌਮਾਂ ਦੇ ਅਜਿਹੇ ਯਤਨਾਂ ਨੂੰ ਵਿਚਾਰਧਾਰਕ ਅਤੇ ਸਿਆਸੀ ਤੌਰ ਤੇ ਪਰਿਭਾਸ਼ਤ ਕੀਤਾ ਜਾਂਦਾ ਹੈ। ਵਿਚਾਰਧਾਰਕ ਤੌਰ ਤੇ ਇਸਨੂੰ, ਆਪਣੇ ਵਿੱਚ ਜਜਬ ਕਰਨ (1ssimilation) ਦੀ ਬਿਰਤੀ ਅਧੀਨ ਪਰਿਭਾਸ਼ਤ ਕੀਤਾ ਜਾਂਦਾ ਹੈ ਅਤੇ ਸਿਆਸੀ ਤੌਰ ਤੇ ਇਸਨੂੰ ਅੰਦਰੂਨੀ ਬਸਤੀਵਾਦ (9nternal 3olonialism) ਦੇ ਤੌਰ ਤੇ ਪਰਿਭਾਸ਼ਤ ਕੀਤਾ ਜਾਂਦਾ ਹੈ।
ਬਹੁ-ਗਿਣਤੀ ਕੌਮਾਂ ਵਿੱਚ ਛੋਟੀਆਂ ਕੌਮਾਂ ਨੂੰ ਜਜਬ ਕਰਨ ਦੀ ਇਹ ਬਿਰਤੀ ਪੈਦਾ ਕਿਉਂ ਹੁੰਦੀ ਹੈ ਅਤੇ ਛੋਟੀਆਂ ਕੌਮਾਂ ਇਸ ਬਿਰਤੀ ਦੇ ਸਾਹਮਣੇ ਆਪਣੇ ਬਚਾਅ ਲਈ ਕੀ ਯਤਨ ਕਰਦੀਆਂ ਹਨ? ਇਸ ਪੇਪਰ ਰਾਹੀਂ ਆਪਾਂ ਇਹ ਵਿਚਾਰ ਕਰਾਂਗੇ।
ਜਨ ਐਸਮਾਨ ਨੇ ਇਸਨੂੰ ਧਰਮਾਂ ਦੇ ਵਿਚਾਰਧਾਰਕ ਪਹਿਲੂਆਂ ਦੇ ਸੰਦਰਭ ਵਿੱਚ ਸਮਝਣ ਦਾ ਯਤਨ ਕੀਤਾ ਹੈ। ਉਹ ਆਖਦੇ ਹਨ ਕਿ ਕੌਮਾਂ ਦੇ ਇਹ ਵਖਰੇਵੇ, ਗਰੰਥ ਅਧਾਰਤ ਧਰਮਾਂ ਦੇ ਹੋਂਦ ਵਿੱਚ ਆ ਜਾਣ ਨਾਲ ਪੈਣੇ ਸ਼ੁਰੂ ਹੋਏ ਹਨ। ਉਨ੍ਹਾਂ ਦਾ ਆਖਣਾ ਹੈ ਕਿ ਸਦੀਆਂ ਤੋਂ ਦੁਨੀਆਂ ਵਿੱਚ ਰੀਤੀ ਅਧਾਰਤ (Ritual based) ਧਰਮ ਚਲੇ ਆਉਂਦੇ ਸਨ ਜਿਸ ਵਿੱਚ ਧਰਮ ਦੀਆਂ ਰੀਤੀਆਂ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਸੀ ਅਤੇ ਜੁਬਾਨੀ ਕਲਾਮੀ ਪੀੜ੍ਹੀਆਂ ਤੋਂ ਚਲੀਆਂ ਆਉਂਦੀਆਂ ਰਵਾਇਤਾਂ ਹੀ ਧਰਮ ਦਾ ਅਧਾਰ ਬਣਦੀਆਂ ਸਨ। ਧਾਰਮਕ ਲਿਟਰੇਚਰ ਜੇ ਕੋਈ ਹੈ ਵੀ ਸੀ ਉਹ ਪੁਰੋਹਿਤਾਂ ਅਤੇ ਰੀਤਾਂ ਦੇ ਅਧੀਨ ਹੀ ਸੀ।
ਪਰ ਜਨ ਐਸਮਾਨ ਆਖਦੇ ਹਨ ਕਿ, ਧਰਮਾਂ ਦੇ ਇਤਿਹਾਸ ਵਿੱਚ ਯੁਗ ਪਰਿਵਰਤਨ (Turning Point) ਉਦੋਂ ਆਇਆ ਜਦੋਂ ਲਿਖਤੀ ਪਵਿੱਤਰ ਗਰੰਥ ਨੇ ਰੀਤੀਆਂ ਦੀ ਥਾਂ ਲੈ ਲਈ। ਰੀਤੀ ਅਤੇ ਗਰੰਥ ਦੇ ਰਿਸ਼ਤੇ ਵਿੱਚ ਵੱਡਾ ਇਨਕਲਾਬ ਉਦੋਂ ਆਇਆ ਜਦੋਂ ਲਿਖ਼ਤੀ ਗਰੰਥ ਨੇ ਰੀਤੀਆਂ ਤੋਂ ਪ੍ਰਮੁਖਤਾ ਹਾਸਲ ਕਰ ਲਈ। ਇਸ ਨੇ ਰੀਤੀ ਅਤੇ ਲਿਖਤ ਦੇ ਰਿਸ਼ਤੇ ਨੂੰ ਮੂਲੋਂ ਹੀ ਤਬਦੀਲ ਕਰਕੇ ਰੱਖ ਦਿੱਤਾ। ਪਹਿਲਾਂ ਲਿਖਤ ਰੀਤੀ ਦੇ ਅਧੀਨ ਸੀ ਪਰ ਹੁਣ ਲਿਖਤੀ ਗਰੰਥ ਸਭ ਤੋਂ ਪ੍ਰਮੁੱਖਤਾ ਹਾਸਲ ਕਰ ਗਿਆ ਅਤੇ ਜੁਬਾਨੀ ਕਲਾਮੀ ਰਵਾਇਤਾਂ ਇਸਦੇ ਅਧੀਨ ਆ ਗਈਆਂ। ਧਰਮਾਂ ਦੇ ਇਤਿਹਾਸ ਵਿੱਚ ਇਹ ਤਬਦੀਲੀ ਜਨ ਐਸਮਾਨ ਅਨੁਸਾਰ ਇੱਕ ਅਜਿਹਾ ਨਿਖੇੜਾ ਸੀ ਜਿਸਨੇ ਦੋ ਕਿਸਮ ਦੇ ਧਰਮਾਂ ਨੂੰ ਬਿਲਕੁਲ ਵੱਖਰਾ ਕਰ ਦਿੱਤਾ। ਇੱਥੇ ਆ ਕੇ ਸੰਪਰਦਾਇਕ ਧਰਮਾਂ ਦਾ ਗਰੰਥ ਅਧਾਰਿਤ ਧਰਮਾਂ ਨਾਲੋਂ ਮੂਲੋਂ ਹੀ ਤੋੜ ਵਿਛੋੜਾ ਹੋ ਗਿਆ।
ਸੰਪਰਦਾਇਕ ਜਾਂ ਰੀਤੀ ਅਧਾਰਿਤ ਧਰਮ ਦੁਨੀਆਂ ਵਿੱਚ ਕਿਤੇ ਵੀ ਅਤੇ ਕਿਸੇ ਸਮੇਂ ਵੀ ਪੈਦਾ ਹੋ ਸਕਦੇ ਹਨ ਅਤੇ ਬਹੁਤ ਸਾਰੇ ਧੜਿਆਂ ਜਾਂ ਸੰਪਰਦਾਵਾਂ ਵਿੱਚ ਵਿਚਰਦੇ ਹੋਏ ਉਹ ਕਿਤੇ ਵੀ ਚਲਦੇ ਰਹਿ ਸਕਦੇ ਹਨ, ਉਹ ਕੋਈ ਗੰਭੀਰ ਵਿਚਾਰਧਾਰਾ ਦੀ ਉਪਜ ਨਹੀ ਸਨ ਇਸੇ ਕਰਕੇ ਹਜਾਰਾਂ ਤਬਦੀਲੀਆਂ ਨੂੰ ਉਹ ਸਹਿਜੇ ਹੀ ਆਤਮਸਾਤ ਕਰਦੇ ਰਹੇ।
ਪਰ ਗਰੰਥ ਅਧਾਰਿਤ ਧਰਮ ਜਨ ਐਸਮਾਨ ਅਨੁਸਾਰ, ਸਾਰੀਆਂ ਪੁਰਾਤਨ ਰਵਾਇਤਾਂ ਨਾਲੋਂ ਤੋੜ ਵਿਛੋੜੇ ਦਾ ਐਲਾਨ ਸੀ। ਉਹ ਪੁਰਾਣੀਆਂ ਰਵਾਇਤਾਂ ਤੋਂ ਇੱਕ ਪੂਰੀ ਬਗਾਵਤ ਦੇ ਤੌਰ ਤੇ ਪੈਦਾ ਹੋਏ ਸਨ। (Jan Assman-Religion and Cultural Memory)

ਥੀਓ ਸੰਡਰਮੀਅਰ ਨੇ ਇਨ੍ਹਾਂ ਗਰੰਥ ਅਧਾਰਤ ਧਰਮਾਂ ਨੂੰ ਸੈਕੰਡਰੀ ਧਰਮਾਂ ਦੇ ਤੌਰ ਤੇ ਪਰਿਭਾਸ਼ਤ ਕੀਤਾ ਹੈ। ਇਨ੍ਹਾਂ ਵਿੱਚ ਉਹ ਸਾਰੇ ਧਰਮ ਸ਼ਾਮਲ ਹਨ ਜੋ ਆਪਣੀ ਉਤਪਤੀ ਵਕਤ ਦੀ ਧੁੰਦਲਾਹਟ (Mist) ਵਿੱਚੋਂ ਹੋਈ ਨਹੀ ਮੰਨਦੇ ਬਲਕਿ ਇਲਹਾਮ ਅਤੇ ਸਿਰਜਣਾ ਦੀ ਇਤਿਹਾਸਕ ਰਵਾਇਤ ਵਿੱਚੋਂ ਆਪਣੀਆਂ ਜੜ੍ਹਾਂ ਖੋਜਦੇ ਹਨ।
ਸੀ ਕੌਲਪ ਦੁਨੀਆਂ ਭਰ ਦੇ ਗਰੰਥ ਅਧਾਰਤ ਧਰਮਾਂ ਵਿੱਚ ਯਹੂਦੀ ਧਰਮ, ਇਸਾਈਅਤ, ਇਸਲਾਮ, ਸਿੱਖ ਧਰਮ, ਬੋਧੀ ਅਤੇ ਜੈਨੀ ਧਰਮਾਂ ਨੂੰ ਸ਼ਾਮਲ ਕਰਦੇ ਹਨ। ਕੌਲਪ ਅਨੁਸਾਰ ਸਾਰੇ ਸੈਕੰਡਰੀ ਧਰਮ ਪਵਿੱਤਰ ਗਰੰਥਾਂ ਦੇ ਅਧਾਰ ਤੇ ਪੈਦਾ ਹੋਏ ਅਤੇ ਇਨ੍ਹਾਂ ਦਾ ਉਸ ਤੋਂ ਪੁਰਾਣੇ ਧੁੰਦਲਾਹਟ ਭਰੇ ਧਰਮਾਂ ਨਾਲ ਕੋਈ ਸਬੰਧ ਨਹੀ ਸੀ।
ਐਸਮਾਨ ਆਖਦੇ ਹਨ ਕਿ ਧਰਮਾਂ ਦੀ ਉਤਪਤੀ ਦੇ ਇਸ ਇਤਿਹਾਸਕ ਵਰਤਾਰੇ ਨੇ ਇਨ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਦੀ ਸੱਭਿਆਚਾਰਕ ਯਾਦ ਵਿੱਚ ਵੀ ਤਬਦੀਲੀ ਲੈ ਆਂਦੀ। ਸੰਪਰਦਾਇ ਤੇ ਅਧਾਰਿਤ ਧਰਮਾਂ ਦਾ ਵਿਕਾਸ ਅਤੇ ਅਗਲੀਆਂ ਪੀੜ੍ਹੀਆਂ ਨੂੰ ਰਵਾਇਤਾਂ ਦਾ ਹਸਤਾਂਤਰੀਕਰਨ ਜੁਬਾਨੀ ਕਲਾਮੀ ਹੁੰਦਾ ਸੀ ਪਰ ਗਰੰਥ ਅਧਾਰਤ ਧਰਮਾਂ ਵਿੱਚ ਪਵਿੱਤਰ ਗਰੰਥ ਦੀ ਲਿਖਤ ਨੂੰ ਹੀ ਵਿਕਾਸ ਦਾ ਧੁਰਾ ਮੰਨਿਆ ਗਿਆ। ਇਸ ਤਬਦੀਲੀ ਨੇ ਗਰੰਥ ਅਧਾਰਤ ਧਰਮਾਂ ਦੇ ਪੈਰੋਕਾਰਾਂ ਦੀ ਇਤਿਹਾਸਕ ਯਾਦ ਅਤੇ ਰਾਜਸੀ ਪਹਿਚਾਣ ਬਾਰੇ ਚੇਤੰਨਤਾ ਵੀ ਤਬਦੀਲ ਕਰਕੇ ਰੱਖ ਦਿੱਤੀ। ਹੁਣ ਗਰੰਥ ਅਧਾਰਿਤ ਧਰਮਾਂ ਦੇ ਪੈਰੋਕਾਰਾਂ ਦੀ ਪਹਿਚਾਣ, ਉਸ ਧਰਮ ਗਰੰਥ ਦੀ ਪਵਿੱਤਰਤਾ ਨੂੰ ਸਵੀਕਾਰ ਕਰਨ ਵਾਲੇ ਲੋਕਾਂ ਦੀਆਂ ਖੁਸ਼ੀਆਂ-ਗਮੀਆਂ ਅਤੇ ਉਸ ਤੇ ਅਧਾਰਿਤ ਸਿਰਜੇ ਇਤਿਹਾਸ ਨਾਲ ਬਣਨ ਲੱਗੀ, ਜੋ ਇਸ ਤੋਂ ਪਹਿਲੇ ਇਤਿਹਾਸ ਨਾਲੋਂ ਪੂਰਨ ਰੂਪ ਵਿੱਚ ਤੋੜ ਵਿਛੋੜਾ ਸੀ।
ਹੁਣ ਧਰਮ ਅਧਾਰਤ ਗਰੰਥਾਂ ਦੇ ਪੈਰੋਕਾਰਾਂ ਦਾ ਸੱਭਿਆਚਾਰ, ਰਵਾਇਤਾਂ, ਨਾਇਕ, ਧਾਰਮਕ ਪੁਰਸ਼, ਬੋਲੀ ਅਤੇ ਸ਼ਹੀਦ ਵੀ ਵੱਖਰੇ ਹੋਣ ਲੱਗੇ। ਨਵਾਂ ਧਰਮ, ਜੋ ਪੁਰਾਣੇ ਤੋਂ ਸਪਸ਼ਟ ਤੋੜ ਵਿਛੋੜੇ ਤੇ ਅਧਾਰਤ ਸੀ, ਦਾ ਆਪਣਾ ਸੱਭਿਆਚਾਰ ਅਤੇ ਰੀਤੀ ਰਿਵਾਜ਼ ਪੈਦਾ ਹੋ ਗਏ। ਆਪਣੇ ਨਾਇਕ ਅਤੇ ਸ਼ਹੀਦ ਪੈਦਾ ਹੋ ਗਏ।
ਕੌਮਾਂ ਦੇ ਸੱਭਿਆਚਾਰਾਂ ਬਾਰੇ ਖੋਜ ਕਰਨ ਵਾਲੇ ਥਾਮਸ ਮੈਕੋ ਨੇ ਇੱਕ ਮੁਲਾਕਾਤ ਵਿੱਚ ਆਖਿਆ ਸੀ ਕਿ ਸੱਭਿਆਚਾਰ ਗੁੰਮਨਾਮੀ ਦੇ ਸਮੁੰਦਰਾਂ ਵਿੱਚ ਖਿੜਆ ਇੱਕ ਅਜਿਹਾ ਟਾਪੂ ਹੈ ਜਿਸਨੂੰ ਹਮੇਸ਼ਾ ਭੁਲਾ ਦੇਣ ਦੀਆਂ ਖੁੰਖਾਰੂ ਲਹਿਰਾਂ ਨਾਲ ਜੰਗ ਲੜਨੀ ਪੈਂਦੀ ਹੈ। ਉਹ ਆਖਦਾ ਹੈ ਕਿ ਕੌਮਾਂ ਦੇ ਸੱਭਿਆਚਾਰ ਨੂੰ ਖਤਮ ਕਰ ਦੇਣ ਅਤੇ ਕੌਮਾਂ ਦੀ ਸਿਮਰਤੀ ਵਿੱਚੋਂ ਉਸ ਵਿਲੱਖਣ ਸੱਭਿਆਚਾਰ ਦੀ ਯਾਦ ਨੂੰ ਭੁਲਾ ਦੇਣ ਦੇ ਯਤਨ ਹਰ ਪਲ ਚਲਦੇ ਰਹਿੰਦੇ ਹਨ। ਸੱਭਿਆਚਾਰ ਅਸਲ ਵਿੱਚ ਭੁਲਾ ਦੇਣ ਦੇ ਖੁੰਖਾਰੂ ਯਤਨਾਂ ਖਿਲਾਫ ਇੱਕ ਨਿਰੰਤਰ ਸੰਘਰਸ਼ ਹੀ ਹੈ। ਜਾਂਬਾਜ ਕੌਮਾਂ ਆਪਣੇ ਵਿਲੱਖਣ ਸੱਭਿਆਚਾਰ ਨੂੰ ਬਚਾਉਣ ਲਈ ਨਿਰੰਤਰ ਲੰਬੀ ਲੜਾਈ ਲੜਦੀਆਂ ਹਨ। ਇਸ ਲੜਾਈ ਵਿੱਚ ਉਹ ਆਪਣੀ ਯਾਦ ਨੂੰ ਤਰੋ-ਤਾਜ਼ਾ ਰੱਖਣ ਲਈ, ਉਸਨੂੰ ਹਰ ਪਲ ਜਿੰਦਾ ਰੱਖਣ ਲਈ ਅਤੇ ਅਗਲੀਆਂ ਪੀੜ੍ਹੀਆਂ ਨੂੰ ਉਹ ਯਾਦ ਪਵਿੱਤਰ ਭਾਵਨਾ ਨਾਲ ਹਸਤਾਂਤਰਿਤ ਕਰਨ ਲਈ ‘ਯਾਦ ਦੇ ਨਿਸ਼ਾਨ’ (Memory Markers) ਪੈਦਾ ਕਰਦੀਆਂ ਹਨ। ਅਜਿਹਾ ਕਰਕੇ ਉਹ ਆਪਣੀ ਇਤਿਹਾਸਕ ਯਾਦ ਨੂੰ ਖਤਮ ਕਰਨ ਦੇ ਖੁੰਖਾਰੂ ਯਤਨਾਂ ਸਾਹਮਣੇ ਡਟਦੀਆਂ ਹਨ ਅਤੇ ਤਬਦੀਲੀ ਤੇ ਖਾਤਮੇ ਦੇ ਸਮੁੰਦਰਾਂ ਵਿੱਚ ਆਪਣੀ ਯਾਦ ਦੇ ਬੰਨ੍ਹ ਮਾਰਦੀਆਂ ਹਨ। (cited in Religion and Cultural Memory by Jan Assman)
ਵਾਕਰ ਕੋਨਰ ਕੌਮਾਂ ਦੀ ਇਸ ਸਥਿਤੀ ਨੂੰ ਸਵੈ-ਪਰਿਭਾਸ਼ਾ ਦੀ ਮਦ ਨਾਲ ਜੋੜਦਾ ਹੈ। ਉਹ ਆਖਦਾ ਹੈ ਕਿ ਜਦੋਂ ਤੱਕ ਕਿਸੇ ਕੌਮ ਨੂੰ ਕੋਈ ਬੇਗਾਨਾ ਪਰਿਭਾਸ਼ਤ ਕਰਦਾ ਰਹੇਗਾ ਉਸਦੀ ਪਹਿਚਾਣ ਦਾ ਸੰਕਟ ਗੰਭੀਰ ਹੁੰਦਾ ਜਾਵੇਗਾ, ਜਦੋਂ ਕੌਮਾਂ ਆਪਣੇ ਆਪ ਨੂੰ ਖੁਦ ਪਰਿਭਾਸ਼ਤ ਕਰਨ ਲੱਗ ਪਈਆਂ ਉਸ ਵੇਲੇ ਜੋ ਚੇਤੰਨਤਾ ਪੈਦਾ ਹੋਵੇਗੀ ਉਸ ਨੂੰ ਕੋਈ ਵੀ ਸਮੁੰਦਰੀ ਲਹਿਰ ਖਤਮ ਨਹੀ ਕਰ ਸਕੇਗੀ।
ਵਾਕਰ ਕੋਨਰ ਦਾ ਕਹਿਣਾਂ ਹੈ ਕਿ, ਕਿਸੇ ਕੌਮ (Ethnic group) ਨੂੰ ਸਭ ਤੋਂ ਪਹਿਲਾਂ ਇਸ ਗੱਲ ਦੀ ਸੋਝੀ ਹੋਣੀ ਚਾਹੀਦੀ ਹੈ ਕਿ, ਅਸੀਂ ਕੀ ਨਹੀਂ ਹਾਂ (What we are not)। ਆਪਣੇ ਆਪ ਨੂੰ ਦਰਸਾਉਣ (What we are) ਤੋਂ ਪਹਿਲਾਂ ਅਸੀਂ ਕੀ ਨਹੀ ਹਾਂ ਇਸਦੀ ਸਮਝ ਹੋਣੀ ਚਾਹੀਦੀ ਹੈ। ਕਿਸੇ ਘੱਟ-ਗਿਣਤੀ ਨੂੰ ਕੌਮ ਬਣਨ ਲਈ ਸਭ ਤੋਂ ਪਹਿਲਾਂ ਇਹ ਜਾਨਣਾਂ ਜਰੂਰੀ ਹੈ ਕਿ ਉਹ ਕੀ ਨਹੀ ਹਨ। ਉਹ ਕੀ ਹਨ ਇਸਦੀ ਸਮਝ ਕੌਮ ਨੂੰ ਆਪ ਹੀ ਆ ਜਾਵੇਗੀ। ਇਸ ਸਬੰਧੀ ਉਹ ਹਾਸਬਰਾ ਸਲਤਨਤ ਅਧੀਨ ਰਹਿ ਰਹੇ ਸਲੋਵਾਕਾਂ, ਕਰੋਸ਼ਾਂ ਅਤੇ ਸਲੋਵੀਨੀਅਨਾਂ ਦੀ ਉਦਾਹਰਨ ਦੇਂਦਾ ਹੈ ਜਿਨ੍ਹਾਂ ਵਿੱਚ ਇਹ ਚੇਤਨਤਾ ਕੁੱਟ ਕੁੱਟ ਕੇ ਭਰੀ ਹੋਈ ਸੀ ਕਿ ਉਹ ਨਾ ਤਾਂ ਜਰਮਨ ਹਨ ਅਤੇ ਨਾ ਹੀ ਮੈਗਯਾਰ। ਕੋਨਰ ਆਖਦਾ ਹੈ ਕਿ ਇਨ੍ਹਾਂ ਕੌਮਾਂ ਵਿੱਚ ਇਹ ਸਮਝ ਆਪਣੇ ਕੌਮੀ ਜਜਬੇ ਤੋਂ ਵੀ ਪਹਿਲਾਂ ਪਈ ਸੀ। ਬੇਸ਼ੱਕ ਉਨ੍ਹਾਂ ਨੂੰ ਆਪਣੇ ਕੌਮੀ ਸਰੂਪ ਬਾਰੇ ਹਾਲੇ ਕੋਈ ਸ਼ਪਸ਼ਟਤਾ ਨਹੀ ਸੀ ਪਰ ਇਸ ਗੱਲ ਦਾ ਪਤਾ ਸੀ ਕਿ ਉਹ ਨਾ ਤਾਂ ਜਰਮਨ ਹਨ ਅਤੇ ਨਾ ਹੀ ਮੈਗਯਾਰ। ਕੋਨਰ ਆਖਦਾ ਹੈ ਕਿ ਕਿਸੇ ਘੱਟ-ਗਿਣਤੀ ਨੂੰ ਬਹੁਤ ਸਾਰੇ ਇਤਿਹਾਸਕਾਰ ਅਤੇ ਮਾਨਵ-ਵਿਗਆਨੀ ਪਰਿਭਾਸ਼ਤ ਕਰ ਸਕਦੇ ਹਨ ਪਰ ਹਰ ਕੌਮ ਆਪਣੇ ਆਪ ਨੂੰ ਖੁਦ ਪਰਿਭਾਸ਼ਤ ਕਰਦੀ ਹੈ। ਆਪਣੇ ਕੌਮੀ ਸਰੂਪ ਦੀ ਪਰਿਭਾਸ਼ਾ ਦਾ ਹੱਕ ਉਹ ਕਿਸੇ ਬੇਗਾਨੇ ਨੂੰ ਨਹੀ ਦੇਂਦੀ। ਇਸ ਲਈ ਜੇ ਕਿਸੇ ਘੱਟ-ਗਿਣਤੀ ਨੇ ਕੌਮ ਦਾ ਦਰਜਾ ਹਾਸਲ ਕਰਨਾ ਹੈ ਤਾਂ ਉਸ ਨੂੰ ਖੁਦ ਆਪਣੇ ਆਪ ਨੂੰ ਪਰਿਭਾਸ਼ਤ ਕਰਨਾ ਪਵੇਗਾ।
ਵਾਕਰ ਕੋਨਰ ਆਖਦਾ ਹੈ ਕਿ ਹਰ ਕੌਮ ਦੇ ਆਪਣੇ ਨਿਆਰੇ ਅਤੇ ਸਥੂਲ ਤੱਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਇਸ ਸਥੂਲਤਾ ਦੇ ਅਧਾਰ ਤੇ ਹੀ ਪਰਿਭਾਸ਼ਤ ਕੀਤਾ ਜਾਣਾਂ ਚਾਹੀਦਾ ਹੈ। ਪਰ ਇਨ੍ਹਾਂ ਨਿਆਰੇ ਤੱਤਾਂ ਤੋਂ ਵੀ ਪਾਰ ਹੁੰਦੀ ਹੈ ਕਿਸੇ ਕੌਮ ਦੀ ਸਵੈ-ਚੇਤੰਨਤਾ (Self Awareness). ਕਿਸੇ ਕੌਮ ਨੂੰ ਕੌਮ ਦੇ ਤੌਰ ਤੇ ਪੇਸ਼ ਕਰਨ ਵਿੱਚ ਬਹੁਤ ਸਾਰੇ ਤੱਤ ਸਹਾਈ ਹੁੰਦੇ ਹਨ ਜਿਨ੍ਹਾਂ ਵਿੱਚ ਭਾਸ਼ਾ, ਧਰਮ, ਸੱਭਿਆਚਾਰ, ਇੱਕਜੁੱਟਤਾ ਦੀ ਭਾਵਨਾ ਅਤੇ ਭਰਾਤਰੀਭਾਵ ਸ਼ਾਮਲ ਹੈ । ਪਰ ਕੋਨਰ ਆਖਦਾ ਹੈ ਕਿ ਆਪਣੀ ਕੌਮੀਂ ਹੋਂਦ ਅਤੇ ਆਪਣੇ ਕੌਮੀ ਸਰੂਪ ਬਾਰੇ ਸਵੈ-ਚੇਤੰਨਤਾ ਇਨ੍ਹਾਂ ਸਭ ਤੋਂ ਜਰੂਰੀ ਹੁੰਦੀ ਹੈ। ਇਤਿਹਾਸ ਦੇ ਕਿਸੇ ਮੋੜ ਤੇ ਆ ਕੇ ਹੋ ਸਕਦਾ ਹੈ ਕਿ ਕਿਸੇ ਕੌਮ ਨੂੰ ਆਪਣੇ ਸਾਰੇ ਤੱਤਾਂ ਵਿੱਚੋਂ ਕੋਈ ਇੱਕ ਅੱਧ ਛੱਡਣਾ ਪੈ ਜਾਵੇ ਜਾਂ ਉਹ ਇਨ੍ਹਾਂ ਵਿੱਚੋਂ ਕਿਸੇ ਇੱਕ ਦੋ ਤੱਤਾਂ ਤੋਂ ਵਿਰਵੀ ਹੋ ਜਾਵੇ ਪਰ ਆਪਣੀ ਕੌਮੀ ਪਹਿਚਾਣ ਦੀ ਚੇਤੰਨਤਾ ਅਜਿਹਾ ਗੁਣ ਹੈ ਅਤੇ ਉਸ ਨਿਆਰੇਪਣ ਦਾ ਅਹਿਸਾਸ ਅਜਿਹੀ ਮਜਬੂਤ ਤੰਦ ਹੈ ਜੋ ਝੱਖੜਾਂ ਵਿੱਚ ਵੀ ਕੌਮ ਨੂੰ ਇੱਕਜੁੱਟ ਰੱਖਦੀ ਹੈ। (Walker Connor-Ethnonationalism).
ਉਦਾਹਰਨ ਦੇ ਤੌਰ ਤੇ ਵਿਦੇਸ਼ਾਂ ਵਿੱਚ ਜੰਮੇ ਪਲੇ ਸਿੱਖ ਬੱਚਿਆਂ ਦਾ ਬੇਸ਼ੱਕ ਪੰਜਾਬੀ ਭਾਸ਼ਾ ਨਾਲ ਉਹ ਰਿਸ਼ਤਾ ਨਹੀ ਹੈ ਜਿਵੇਂ ਸਾਡਾ ਹੈ ਪਰ ਉਨ੍ਹਾਂ ਵਿੱਚ ਸਿੱਖ ਕੌਮੀ ਸਰੂਪ ਬਾਰੇ ਜੋ ਸਵੈ-ਚੇਤੰਨਤਾ ਹੈ ਉਹ ਜਿਆਦਾ ਮਹੱਤਵਪੂਰਨ ਹੈ।
ਫਰੈਡਰਿਕ ਬਾਰਥ ਵਿਚਾਰਧਾਰਕ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਅ ਕੇ ਰੱਖ ਰਹੀਆਂ ਕੌਮਾਂ ਅਤੇ ਸਮੂਹਾਂ ਦੇ ਇਨ੍ਹਾਂ ਯਤਨਾਂ ਨੂੰ ਆਪਣੀਆਂ ਹੱਦਾਂ ਬਰਕਰਾਰ ਰੱਖਣ (Boundary Maintenance) ਦੇ ਨਾਅ ਨਾਲ ਪਰਿਭਾਸ਼ਤ ਕਰਦਾ ਹੈ। ਉਹ ਆਖਦਾ ਹੈ, ਇਹ ਆਖਣਾ ਗਲਤ ਹੈ ਕਿ ਕੌਮਾਂ ਆਪਣੀ ਨਿਆਰੀ ਹੋਂਦ ਅਤੇ ਹਸਤੀ ਬਿਲਕੁਲ ਇਕੱਲੇ ਰਹਿ ਕੇ ਹੀ ਬਚਾ ਸਕਦੀਆਂ ਹਨ। ਬਾਰਥ ਦਾ ਆਖਣਾ ਹੈ ਕਿ ਬਹੁਤ ਸਾਰੇ ਵੱਖਰੇ ਸਮੂਹਾਂ ਅਤੇ ਵੱਖਰੀਆਂ ਕੌਮਾਂ ਦੇ ਨਾਲ ਰਹਿੰਦੇ ਹੋਏ ਅਤੇ ਉਨ੍ਹਾਂ ਨਾਲ ਸਮਾਜਕ ਰਿਸ਼ਤੇ ਰੱਖਦੇ ਹੋਏ ਵੀ ਨਿਆਰੀਆਂ ਕੌਮਾਂ ਆਪਣੇ ਵੱਖਰੇਪਣ ਨੂੰ ਬਚਾਅ ਕੇ ਰੱਖਦੀਆਂ ਹਨ। ਇਹੋ ਹੀ ਆਪਣੀਆਂ ਹੱਦਾਂ ਨੂੰ ਬਰਕਾਰ ਰੱਖਣ ਦਾ ਯਤਨ ਹੈ। ਉਹ ਆਖਦਾ ਹੈ ਕਿ ਇਤਿਹਾਸ ਦੀ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਮਾਜਕ ਸੰਪਰਕ ਹੋਣ ਦੇ ਬਾਵਜੂਦ ਵੀ ਕੌਮਾਂ ਅਤੇ ਘੱਟ-ਗਿਣਤੀਆਂ ਆਪਣੇ ਵੱਖਰੇਪਣ ਦੇ ਤੱਤ ਬਰਕਰਾਰ ਰੱਖਦੀਆਂ ਹਨ। ਆਪਸੀ ਸੰਪਰਕ, ਇੱਕ ਦੂਜੇ ਨਾਲ ਮਿਲਵਰਤਣ ਅਤੇ ਸੂਚਨਾ ਦੇ ਪਸਾਰ ਦੇ ਬਾਵਜੂਦ ਵੀ ਕੌਮਾਂ ਆਪਣੇ ਅਤੇ ਸਿਰਫ ਆਪਣੇ ਵੱਖਰੇ ਤੱਤਾਂ ਬਾਰੇ ਸੁਚੇਤ ਰਹਿੰਦੀਆਂ ਹਨ।
ਇਹ ਫੈਸਲਾ ਕੌਮਾਂ ਆਪ ਕਰਦੀਆਂ ਹਨ ਕਿ ਕਿਹੜੇ ਸਮਾਜਕ, ਧਾਰਮਕ ਅਤੇ ਰਾਜਸੀ ਤੱਤ ਉਸਦੀ ਨਿਆਰੀ ਹਸਤੀ ਲਈ ਜਰੂਰੀ ਹਨ ਅਤੇ ਉਨ੍ਹਾਂ ਦੀ ਸੰਭਾਲ ਬਿਖੜੇ ਸਮੇਂ ਵਿੱਚ ਵੀ ਕਿਵੇਂ ਕਰਨੀ ਹੈ। ਉਹ ਆਖਦਾ ਹੈ ਕਿ ਘੱਟ-ਗਿਣਤੀਆਂ ਅਤੇ ਕੌਮਾਂ ਉਹ ਸਮੂਹ ਹੁੰਦੇ ਹਨ ਜੋ ਆਪਣੀ ਪਹਿਚਾਣ ਅਤੇ ਨਿਆਰੇਪਣ ਬਾਰੇ ਆਪਣੀ ਪਰਿਭਾਸ਼ਾ ਆਪ ਘੜਦੇ ਹਨ। ਬਾਰਥ ਆਖਦਾ ਹੈ ਕਿ ਬੇਸ਼ੱਕ ਕੋਈ ਕੌਮ, ਕਈ ਕੌਮੀ ਸਮੂਹਾਂ ਦੇ ਨਾਲ ਰਹਿੰਦੀ ਰਹੇ ਪਰ ਉਸਦੇ ਮੈਂਬਰ ਆਪਣੇ ਬਾਰੇ ਜੋ ਪਰਿਭਾਸ਼ਾ ਘੜਦੇ ਹਨ ਉਸ ਵਿੱਚ ਅਜਿਹੇ ਵਿਸ਼ੇਸ਼ ਲੱਛਣ ਪ੍ਰਮੁੱਖ ਹੁੰਦੇ ਹਨ ਜੋ ਉਸਨੂੰ ਬਾਕੀ ਸਮੂਹਾਂ ਅਤੇ ਕੌਮਾਂ ਤੋਂ ਵਖਰਿਆਉਂਦੇ ਹਨ। ਉਹ ਆਖਦਾ ਹੈ ਕਿ ਇੱਕੱਠੇ ਰਹਿਣ ਕਾਰਨ ਕਈ ਵਾਰ ਕੌਮਾਂ ਵਿੱਚ ਕਈ ਸੱਭਿਆਚਾਰਕ ਗੁਣਾਂ ਦਾ ਸੁਮੇਲ ਹੋ ਜਾਂਦਾ ਹੈ, ਪਰ ਸੁਚੇਤ ਕੌਮਾਂ ਆਪਣੀ ਪਹਿਚਾਣ ਅਤੇ ਆਪਣੀ ਪਰਿਭਾਸ਼ਾ ਘੜਨ ਵੇਲੇ ਅਜਿਹੇ ਗੰਧਲੇ ਤੱਤਾਂ ਨੂੰ ਪ੍ਰਮੁੱਖਤਾ ਨਹੀ ਦੇਂਦੀਆਂ ਉਹ ਹਮੇਸ਼ਾ ਅਜਿਹੇ ਤੱਤਾਂ (Diacritical Features) ਨੂੰ ਪ੍ਰਮੁੱਖਤਾ ਦੇਂਦੀਆਂ ਹਨ ਜੋ ਉਸ ਕੌਮ ਨੂੰ ਬਾਕੀ ਕੌਮੀ ਸਮੂਹਾਂ ਨਾਲੋਂ ਸਿਫਤੀ ਤੌਰ ਤੇ ਵਖਰਿਆਉਂਦੇ ਹਨ। ਇਨ੍ਹਾਂ ਵਿਸ਼ੇਸ਼ ਤੱਤਾਂ ਕਾਰਨ ਹੀ ਉਸ ਕੌਮ ਦੇ ਲੋਕਾਂ ਨੂੰ ਆਪਣਿਆਂ ਵੱਲੋਂ ਅਤੇ ਬੇਗਾਨਿਆਂ ਵੱਲੋਂ ਦੇਖਿਆ ਜਾਂਦਾ ਹੈ। ਇਹ ਤੱਤ ਸਰੀਰਕ ਅਤੇ ਨੈਤਿਕ ਦੋਵੇਂ ਤਰ੍ਹਾਂ ਦੇ ਹੁੰਦੇ ਹਨ। ਇਨ੍ਹਾਂ ਵਿੱਚ ਵੱਖਰਾ ਪਹਿਰਾਵਾ, ਵੱਖਰੀ ਭਾਸ਼ਾ, ਘਰਾਂ ਦਾ ਵੱਖਰਾ ਡਿਜ਼ਾਇਨ ਅਤੇ ਵੱਖਰਾ ਜੀਵਨ-ਜਾਂਚ। ਇਸਦੇ ਨਾਲ ਹੀ ਉਸ ਕੌਮ ਦੇ ਜੀਵਨ ਨਾਲ ਜੁੜੀਆਂ ਹੋਈਆਂ ਨੈਤਿਕ ਕਦਰਾਂ-ਕੀਮਤਾਂ ਦੀ ਇੱਥੇ ਵੱਡੀ ਮਹੱਤਤਾ ਹੁੰਦੀ ਹੈ। ਬਾਰਥ ਆਖਦਾ ਹੈ ਕਿ ਮੌਲਿਕ ਕਦਰਾਂ ਕੀਮਤਾਂ ਦਾ ਅਨੁਕੂਲਣ (Basic Value Orientation) ਸਦਾਚਾਰ ਅਤੇ ਉੱਤਮਤਾ ਦਾ ਪੱਧਰ (Standards of Morality and Excellence) ਅਜਿਹੇ ਗੁਣ ਹਨ ਜੋ ਕੌਮਾਂ ਦੇ ਨੈਤਿਕ ਚਰਿੱਤਰ ਦਾ ਅੰਗ ਬਣਦੇ ਹਨ ਅਤੇ ਇਹੋ ਤੱਤ ਹੀ ਕੌਮ ਨੂੰ ਦੂਜੀਆਂ ਕੌਮਾਂ ਤੋਂ ਵਖਰਿਆਉਂਦੇ ਹਨ। ਇਹੋ ਕਿਸੇ ਕੌਮੀ ਪਰਿਭਾਸ਼ਾ ਦਾ ਅਸਲ ਤੱਤ ਹੁੰਦਾ ਹੈ ਕਿ ਉਹ ਮਹਿਜ਼ ਆਪਣੇ ਬਾਰੇ ਹੀ ਨਾ ਦੱਸੇ ਬਲਕਿ ਆਪਣੇ ਗਵਾਂਢੀਆਂ ਨਾਲੋਂ ਆਪਣੇ ਫਰਕਾਂ ਨੂੰ ਵੀ ਪਰਿਭਾਸ਼ਤ ਕਰੇ. (Fredrik Barth-Ethnic Groups and Boundaries).
ਅਜ਼ਰ ਗੈਟ ਦਾ ਆਖਣਾ ਹੈ ਕਿ ਕੋਈ ਸਮੂਹ ਉਦੋਂ ਕੌਮ ਬਣਦਾ ਹੈ ਜਦੋਂ ਉਹ ਰਾਜਸੀ ਤੌਰ ਤੇ ਅਜ਼ਾਦ ਹੋ ਜਾਵੇ ਜਾਂ ਕਿਸੇ ਬਹੁ-ਕੌਮੀ ਸਟੇਟ ਵਿੱਚ ਭਾਰੂ ਗਿਣਤੀ ਦੇ ਤੌਰ ਤੇ ਹੋਵੇ। ਜੇ ਕਿਸੇ ਕੌਮ ਕੋਲ ਆਪਣਾ ਵੱਖਰਾ ਅਤੇ ਅਜ਼ਾਦ ਮੁਲਕ ਨਹੀ ਹੈ ਤਾਂ ਉਸ ਨੂੰ ਵੀ ਕੌਮ ਦਾ ਦਰਜਾ ਦਿੱਤਾ ਜਾ ਸਕਦਾ ਹੈ ਜੇ ਉਸ ਵਿੱਚ ਰਾਜਸੀ ਸਵੈ-ਨਿਰਣੇ ਅਤੇ ਸਵੈ-ਸ਼ਾਸ਼ਨ ਦੀ ਰੀਝ ਪਈ ਹੋਵੇ। ਗੈਟ ਆਖਦਾ ਹੈ ਕਿ ਬਹੁ-ਕੌਮੀ ਰਾਜਾਂ ਵਿੱਚ ਘੱਟ-ਗਿਣਤੀ ਕੌਮਾਂ ਦਾ ਆਪਣੇ ਵਜੂਦ ਨੂੰ ਕਾਇਮ ਰੱਖਣਾ ਇਤਿਹਾਸਕ ਤੌਰ ਤੇ ਬਹੁਤ ਔਖਾ ਕਾਰਜ ਹੈ ਕਿਉਂਕਿ ਸਟੇਟ ਤੇ ਰਾਜ ਕਰ ਰਹੀ ਬਹੁ-ਗਿਣਤੀ ਛੋਟੀਆਂ ਕੌਮਾਂ ਦੇ ਇਤਿਹਾਸ ਅਤੇ ਖਾਸ ਕਰ ਭਾਸ਼ਾ ਨੂੰ ਖਤਮ ਕਰਨ ਅਤੇ ਉਸਦੀ ਜਗ੍ਹਾ ਆਪਣੀ ਭਾਸ਼ਾ ਥੋਪ ਕੇ ਆਪਣੇ ਵਿਚਾਰਧਾਰਕ ਅਧਾਰ ਨੂੰ ਮਜਬੂਤ ਕਰਨ ਦੇ ਯਤਨ ਕਰਦੀ ਹੈ। ਇਸ ਸਥਿਤੀ ਵਿੱਚ ਛੋਟੀਆਂ ਕੌਮਾਂ ਲਈ ਆਪਣੀ ਹੋਂਦ ਨੂੰ ਬਚਾਉਣ ਦਾ ਕਾਰਜ ਬਹੁਤ ਜਰੂਰੀ ਹੋ ਜਾਂਦਾ ਹੈ। ਉਹ ਆਖਦਾ ਹੈ ਕਿ ਲੰਬੀ ਗੁਲਾਮੀ ਕੌਮਾਂ ਦੀ ਭਾਸ਼ਾ ਅਤੇ ਇਤਿਹਾਸ ਨੂੰ ਵਿਗਾੜ ਦੇਂਦੀ ਹੈ। ਪਰ ਆਪਣੇ ਜਜਬੇ ਨਾਲ ਖੜ੍ਹੀਆਂ ਕੌਮਾਂ ਇਹ ਮਾਰ ਵੀ ਝੱਲ ਜਾਂਦੀਆਂ ਹਨ ਅਤੇ ਆਪਣੀ ਕੌਮੀ ਹੋਂਦ ਬਚਾਅ ਲੈਂਦੀਆਂ ਹਨ।
ਇਸ ਸਬੰਧ ਵਿੱਚ ਗੈਟ ਨੇ ਰੂਸ ਦੇ ਉੱਤਰੀ ਖਿੱਤੇ ਵਿੱਚ ਰਹਿੰਦੇ ਬਾਲਟਿਕ ਅਤੇ ਫਿਨੋ-ਉਗਰਿਕ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਉਦਾਹਰਨ ਦਿੱਤੀ ਹੈ। ਉਹ ਆਖਦਾ ਹੈ ਕਿ ਉਸ ਖਿੱਤੇ ਵਿੱਚ ਕੁਦਰਤੀ ਸਾਧਨਾਂ ਦੀ ਭਰਮਾਰ ਕਰਕੇ ਅਬਾਦੀ ਬਹੁਤ ਸੰਘਣੀ ਸੀ ਅਤੇ ਸਟੇਟ ਨੇ ਆਪਣੀ ਭਾਸ਼ਾ ਰਾਹੀਂ ਉਸ ਇਲਾਕੇ ਨੂੰ ਆਪਣੇ ਵਿਚਾਰਧਾਰਕ ਕਬਜੇ ਹੇਠ ਲੈਣ ਦੇ ਯਤਨ ਕੀਤੇ ਪਰ ਬਾਲਟਿਕ ਅਤੇ ਫਿਨੋ-ਉਗਰਿਕ ਲੋਕਾਂ ਨੇ ਆਪਣੀ ਭਾਸ਼ਾ ਅਤੇ ਇਤਿਹਾਸ ਦੇ ਬਲਬੂਤੇ ਤੇ ਆਪਣੀ ਪਹਚਾਣ ਨਹੀ ਖੁਰਨ ਦਿੱਤੀ ਅਤੇ ਖੂੰਖਾਰੂ ਗਵਾਂਢੀਆਂ ਦੇ ਦਰਮਿਆਨ ਰਹਿੰਦੇ ਹੋਏ ਵੀ ਇਹ ਲੋਕ ਅੱਜ ਤੱਕ ਆਪਣੇ ਆਪ ਨੂੰ ਬਚਾ ਕੇ ਰੱਖ ਰਹੇ ਹਨ।
ਉਹ ਆਖਦਾ ਹੈ ਕਿ ਕੌਮਾਂ ਦੀ ਆਪਸੀ ਅੰਦਰੂਨੀ ਸਮਝ ਆਪਣੇ ਲੱਖਾਂ ਅੰਦਰੂਨੀ ਵਖਰੇਵਿਆਂ ਦੇ ਬਾਵਜੂਦ ਕੌਮੀ ਸੰਕਟ ਵੇਲੇ ਏਕਤਾ ਕਰਵਾ ਦੇਂਦੀ ਹੈ ਅਤੇ ਸਮੁੱਚੀ ਕੌਮ ਫਿਰ ਆਪਣੇ ਸਾਂਝੇ ਦੁਸ਼ਮਣ ਦੇ ਖਿਲਾਫ ਮੈਦਾਨ ਵਿੱਚ ਡਟ ਜਾਂਦੀ ਹੈ।
ਗੈਟ ਅਨੁਸਾਰ ਭਾਸ਼ਾ ਦੇ ਨਾਲ ਨਾਲ ਧਰਮ ਇੱਕ ਅਜਿਹਾ ਹਥਿਆਰ ਹੈ ਜਿਸਨੂੰ ਰਾਜ ਕਰ ਰਹੀ ਸਟੇਟ ਆਪਣੀ ਵਿਚਾਰਧਾਰਕ ਚੌਧਰ ਬਰਕਰਾਰ ਕਰਨ ਲਈ ਵਰਤਦੀ ਹੈ ਅਤੇ ਜਿਸਨੂੰ ਗੁਲਾਮ ਕੌਮਾਂ ਆਪਣੀ ਹੋਂਦ ਬਚਾਈ ਰੱਖਣ ਲਈ ਸਮੇਂ ਸਮੇਂ ਤੇ ਵਰਤਦੀਆਂ ਰਹੀਆਂ ਹਨ। ਅਕਸਰ ਸਰਕਾਰਾਂ, ਸਰਕਾਰੀ ਧਰਮ ਨੂੰ ਬਾਕੀ ਕੌਮਾਂ ਤੇ ਥੋਪਣ ਦਾ ਯਤਨ ਕਰਦੀਆਂ ਹਨ, ਪਰ ਛੋਟੀਆਂ ਕੌਮਾਂ ਲਈ ਧਰਮ ਇੱਕ ਅਜਿਹੀ ਪਨਾਹਗਾਹ ਅਤੇ ਪਵਿੱਤਰ ਜਜਬਾ ਹੈ ਜੋ ਕੌਮ ਦੀ ਹੋਂਦ ਨੂੰ ਬਚਾਅ ਕੇ ਰੱਖਦਾ ਹੈ। ਇਸ ਸਬੰਧੀ ਗੈਟ ਨੇ ਇਜ਼ਰਾਈਲ ਦੀ ਫਿਰਨੀ ਤੇ ਰਹਿ ਰਹੀਆਂ ਕੌਮਾਂ ਅਮੌਨ, ਮਾਓਬ ਅਤੇ ਐਡਮ ਦੀ ਉਦਾਹਰਨ ਦਿੱਤੀ ਹੈ। ਉਹ ਆਖਦਾ ਹੈ ਕਿ ਇਨ੍ਹਾਂ ਕੌਮਾਂ ਨੂੰ ਅਸੀਰੀਆ ਦੀ ਮਜਬੂਤ ਸਟੇਟ ਨੇ ਆਪਣੇ ਵਿੱਚ ਜਜਬ ਕਰ ਲੈਣਾ ਸੀ ਅਤੇ ਇਨ੍ਹਾਂ ਦਾ ਖੁਰਾ ਖੋਜ ਮਿਟਾ ਦੇਣਾ ਸੀ। ਪਰ ਉਨ੍ਹਾਂ ਦੇ ਧਰਮ ਨਾਲ ਜੁੜੀ ਹੋਈ ਯਹੂਦੀ ਪਹਿਚਾਣ ਅਤੇ ਕੌਮੀ ਜਜਬਾ ਹੀ ਉਨਾਂ ਦੇ ਰਾਜਸੀ ਤੌਰ ਤੇ ਗੁਲਾਮ ਹੋ ਜਾਣ ਦੇ ਬਾਵਜੂਦ ਵੀ ਇਨ੍ਹਾਂ ਛੋਟੀਆਂ ਕੌਮਾਂ ਨੂੰ ਬਚਾਅ ਗਿਆ।
ਗੈਟ ਇਹ ਵੀ ਆਖਦਾ ਹੈ ਕਿ ਵਿਚਾਰਧਾਰਕ ਅਤੇ ਸਿਆਸੀ ਜੰਗਾਂ ਹਮੇਸ਼ਾ ਗਵਾਂਢੀਆਂ ਦਰਮਿਆਨ ਹੀ ਹੁੰਦੀਆਂ ਹਨ ਜੋ ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਹੁੰਦੇ ਹਨ। ਇਸ ਸਬੰਧ ਵਿੱਚ ਉਸਨੇ ਯੂਰਪ ਦੇ ਸਿਟੀ-ਸਟੇਟ ਸਿਸਟਮ ਦੀ ਉਦਾਹਾਰਨ ਦਿੱਤੀ ਹੈ ਜਿੱਥੇ ਲੋਕ ਕਿਸੇ ਹੋਰ ਕੌਮ ਦੇ ਗਵਾਂਢੀਆਂ ਨੂੰ ਹੀ ਆਪਣੇ ਸਭ ਤੋਂ ਖਤਰਨਾਕ ‘ਹੋਰ’ (ਦੁਸ਼ਮਣ) ਸਮਝਦੇ ਸਨ। (Azar Gatt- Nations)

ਫਰੈਡਰਿਕ ਹਰਟਜ਼ ਛੋਟੀਆਂ ਕੌਮਾਂ ਦੇ ਇਸ ਸਵਾਲ ਨੂੰ ਹੋਰ ਵਿਸਥਾਰ ਦੇਂਦਾ ਹੋਇਆ ਆਖਦਾ ਹੈ ਕਿ ਕਈ ਵਾਰ ਇਤਿਹਾਸ ਕੌਮਾਂ ਨੂੰ ਅਜਿਹੀ ਸਟੇਟ ਵਿੱਚ ਰਹਿਣ ਲਈ ਮਜਬੂਰ ਕਰ ਦੇਂਦਾ ਹੈ ਜਿਸਨੂੰ ਉਹ ਘੋਰ ਨਫਰਤ ਕਰਦੀਆਂ ਹੁੰਦੀਆਂ ਹਨ। ਉਹ ਕਨੂੰਨੀ ਤੌਰ ਤੇ ਅਜਿਹੀ ਸਰਕਾਰ ਅਤੇ ਸਟੇਟ ਅਧੀਨ ਰਹਿਣ ਲਈ ਮਜਬੂਰ ਹੋ ਜਾਂਦੀਆਂ ਹਨ ਜਿਸਦਾ ਕੁਝ ਵੀ ਉਸਦੇ ਇਤਿਹਾਸ ਨਾਲ ਸਾਂਝਾ ਨਹੀ ਹੁੰਦਾ ਅਤੇ ਉਹ ਉਸ ਸਟੇਟ ਨੂੰ ਅਸਲ ਅਰਥਾਂ ਵਿੱਚ ਕੌਮੀ ਸਟੇਟ ਦਾ ਦਰਜਾ ਨਹੀ ਦੇਂਦੀਆਂ। ਇਸੇ ਲਈ ਹਰਟਜ਼ ਆਖਦਾ ਹੈ ਕਿ ਸਾਡੇ ਇਤਿਹਾਸ ਵਿੱਚ ਕੌਮਵਾਦ ਨੂੰ ਪਰਿਭਾਸ਼ਤ ਕਰਨ ਵਾਲੀ ਸ਼ਕਤੀ ਕਨੂੰਨੀ ਬੰਧਸ਼ ਨਹੀ ਬਲਕਿ ਕੌਮੀ ਚੇਤੰਨਤਾ ਦੀ ਸਮਾਜਕ ਸ਼ਕਤੀ ਹੈ।
ਹਰਟਜ਼ ਆਖਦਾ ਹੈ ਕਿ ‘ਆਪਣਿਆਂ’ ਅਤੇ ‘ਬੇਗਾਨਿਆਂ’ ਦੀ ਪਹਿਚਾਣ ਦੀ ਰੁਚੀ ਕੇਵਲ ਮਨੁੱਖਾਂ ਵਿੱਚ ਹੀ ਨਹੀ ਹੁੰਦੀ ਬਲਕਿ ਜਾਨਵਰ ਵੀ ਇਸ ਬਿਰਤੀ ਦਾ ਸਤਿਕਾਰ ਕਰਦੇ ਹਨ। ਉਸਦਾ ਕਹਿਣਾਂ ਹੈ ਕਿ ਸੰਗਚਾਰਿਤਾ (7regariousness) ਨਾ ਕੇਵਲ ਆਪਣਿਆਂ ਨਾਲ ਰਹਿਣ ਦੀ ਅਮੋੜਤਾ ਹੈ ਬਲਕਿ ‘ਬੇਗਾਨਿਆਂ’ ਅਤੇ ‘ਬਾਹਰਲਿਆਂ’ ਨੂੰ ਆਪਣੇ ਸਮੂਹ ਤੋਂ ਬਾਹਰ ਧੱਕ ਦੇਣ ਦੀ ਆਦਤ ਵੀ ਹੈ। ਬੇਗਾਨਿਆਂ ਨੂੰ ਬਾਹਰ ਧੱਕ ਦੇਣ ਦੀ ਇਸ ਕੁਦਰਤੀ ਆਦਤ ਕਾਰਨ ਹੀ ਬਹੁਤੀ ਵਾਰੀ ਸਿਰਫ ਸਮੂਹਕ ਭਾਵਨਾ ਅਧੀਨ ਹੀ ਬਿਨਾ ਕਿਸੇ ਕਾਰਨ ਤੋਂ ਵੱਡੇ ਖੂਨੀ ਵਿਰੋਧ ਖੜ੍ਹੇ ਹੋ ਜਾਂਦੇ ਹਨ। ਇਸ ਵਿੱਚ ਆਪਣੇ ਸਮੂਹ ਦੀ ਪਵਿੱਤਰਤਾ ਹੀ ਸੰਘਰਸ਼ ਦਾ ਕਾਰਨ ਬਣ ਜਾਂਦੀ ਹੈ। ਹਰਟਜ਼ ਦਾ ਕਹਿਣਾਂ ਹੈ ਕਿ ਕੌਮੀ ਜਜਬਾ ਇੱਕ ਅਜਿਹੀ ਅੰਤਰਪ੍ਰੇਰਨਾ ਹੈ ਜੋ ਨਾ ਕਿਸੇ ਸਪਸ਼ਟੀਕਰਨ ਦੀ ਮੰਗ ਕਰਦੀ ਹੈ ਅਤੇ ਨਾ ਹੀ ਸਫਾਈ ਦੀ। ਕੌਮੀ ਲੋਕ ਇਸ ਅੰਤਰਪ੍ਰੇਰਨਾ ਤੋਂ ਵਿਰਵੇ ਸਮੂਹਾਂ ਅਤੇ ਵਿਅਕਤੀਆਂ ਨੂੰ ਹੀਣੇ ਅਤੇ ਅਪੂਰਨ ਮਨੁੱਖਾਂ ਤੇ ਸਮੂਹਾਂ ਵੱਜੋਂ ਦੇਖਦੇ ਹਨ। ਸਮੂਹਕਤਾ ਅਤੇ ਕੌਮੀ ਜਜਬੇ ਦੀ ਇਸ ਭਾਵਨਾ ਦੀ ਮੁੱਖ ਪ੍ਰੇਰਨਾ ਸ਼ਕਤੀ ਸਮੂਹ ਦਾ ਧਰਮ, ਭਾਸ਼ਾ ਅਤੇ ਰਵਾਇਤਾਂ ਹੁੰਦੀਆਂ ਹਨ। ਕੋਈ ਵੀ ਕੌਮੀ ਸਮੂਹ ਆਪਣੇ ਧਰਮ, ਭਾਸ਼ਾ ਅਤੇ ਰਵਾਇਤਾਂ ਨਾਲ ਸਮਝੌਤਾ ਨਹੀ ਕਰਦਾ ਭਾਵੇਂ ਉਸਨੂੰ ਕਿਸੇ ਬੇਗਾਨੇ ਸਮੂਹ ਦੀ ਭਾਸ਼ਾ ਤੋਂ ਕਿੰਨਾ ਵੀ ਆਰਥਕ ਅਤੇ ਸਮਾਜਕ ਲਾਭ ਕਿਉਂ ਨਾ ਹੁੰਦਾ ਹੋਵੇ।
ਇਸੇ ਲਈ ਹਰਟਜ਼ ਆਖਦਾ ਹੈ ਕਿ ਜਦੋਂ ਕੋਈ ਕੌਮ ਅਜਿਹੀ ਸਟੇਟ ਵਿੱਚ ਰਹਿ ਰਹੀ ਹੁੰਦੀ ਹੈ ਜਿਸਨੂੰ ਉੁਹ ਨਫਰਤ ਕਰਦੀ ਹੈ ਤਾਂ ਭਾਰੂ ਸਟੇਟ ਹਮੇਸ਼ਾ ਉਸ ਕੌਮ ਦੇ ਧਰਮ, ਬੋਲੀ ਅਤੇ ਰਵਾਇਤਾਂ ਤੇ ਹੀ ਵਾਰ ਕਰਦੀ ਹੈ।
ਇਸ ਸਬੰਧੀ ਉਸਨੇ ਨੈਪੋਲੀਅਨ ਦੀ ਉਦਾਹਰਨ ਦਿੱਤੀ ਹੈ ਜਿਸਦਾ ਮੰਨਣਾ ਸੀ ਕਿ ਬਹੁ-ਕੌਮੀ ਸਟੇਟ ਵਿੱਚ ਆਪਣੀ ਸਿਆਸੀ ਸੱਤਾ ਮਜਬੂਤ ਰੱਖਣ ਲਈ ਜਾਂ ਤਾਂ ਕੌਮੀ ਜਜਬੇ ਅਤੇ ਧਰਮ ਨੂੰ ਆਪਣੇ ਹਿੱਤ ਲਈ ਵਰਤ ਲਓ ਜਾਂ ਫਿਰ ਤਬਾਹ ਕਰ ਦਿਓ। ਫ਼ਰਾਂਸ ਦੇ ਇਨਕਲਾਬ ਤੋਂ ਬਾਅਦ ਜੈਕੋਬੀਅਨਜ਼ ਨੇ ਵੱਖ ਵੱਖ ਕੌਮਾਂ ਦੇ ਕੌਮੀ ਸਰੂਪ ਨੂੰ ਤਬਾਹ ਕਰਨ ਦੀ ਸੰਗਠਿਤ ਮੁੰਹਿਮ ਚਲਾਈ।
ਜਦੋਂ ਧਰਮ ਤੇ ਅਜਿਹਾ ਹਮਲਾ ਹੁੰਦਾ ਹੈ ਤਾਂ ਧਾਰਮਕ ਆਗੂ ਆਪਣੇ ਕਿਰਦਾਰ ਦੇ ਬਲਬੂਤੇ ਤੇ ਮੈਦਾਨ ਵਿੱਚ ਨਿੱਤਰਦੇ ਹਨ। ਫਰਾਂਸ ਅਤੇ ਇੰਗਲੈਂਡ ਦੇ ਕੌਮੀ ਜਜਬੇ ਦੇ ਇਤਿਹਾਸ ਵਿੱਚ ਗਿਰਜਾਘਰਾਂ ਦੇ ਵੱਡੇ ਪਾਦਰੀਆਂ ਨੇ ਧਰਮ ਉਤੇ ਹੋਏ ਇਸ ਹਮਲੇ ਵਿਰੁੱਧ ਲੋਕਾਂ ਦੀ ਬਾਂਹ ਫੜੀ ਅਤੇ ਅਗਵਾਈ ਕੀਤੀ ਉਹ ਧਰਮ ਨੂੰ ਰਾਜਿਆਂ ਦੀ ਸੇਵਾ ਵਿੱਚ ਭੁਗਤਾਉਣ ਦੀਆਂ ਸੈਂਕੜੇ ਕੋਸ਼ਿਸ਼ਾਂ ਦਾ ਡਟਕੇ ਮੁਕਾਬਲਾ ਕਰਦੇ ਰਹੇ।
ਇਸੇ ਲਈ ਹਰਟਜ਼ ਆਖਦਾ ਹੈ ਕਿ ਕੌਮੀ ਜਜਬੇ ਨੂੰ ਬਚਾਉਣ ਵਿੱਚ ਧਾਰਮਕ ਆਗੂਆਂ ਦਾ ਰੋਲ ਬਹੁਤ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਕੌਮ ਕੋਈ ਅਜਿਹੀ ਭੀੜ ਨਹੀ ਹੁੰਦੀ ਜੋ ਕਿਸੇ ਚੁਰਾਹੇ ਵਿੱਚ ਕਿਸੇ ਬੁਲਾਰੇ ਨੂੰ ਸੁਣਨ ਲਈ ਇਕੱਠੀ ਹੋਈ ਹੁੰਦੀ ਹੈ ਬਲਕਿ ਪੂਰੀ ਤਰ੍ਹਾਂ ਸੰਗਠਿਤ ਲੋਕਾਂ ਦਾ ਸਮੂਹ ਹੁੰਦਾ ਹੈ ਜੋ ਆਪਣੇ ਅਕੀਦੇ ਅਤੇ ਪ੍ਰਤੀਬੱਧਤਾ ਲਈ ਇਮਾਨਦਾਰ ਹੁੰਦਾ ਹੈ। ਜੇ ਧਾਰਮਕ ਆਗੂ ਕੌਮ ਤੇ ਪਏ ਸੰਕਟ ਵੇਲੇ ਸੱਚੇ ਦਿਲੋ ਅਗਵਾਈ ਨਾ ਕਰਨ ਤਾਂ ਕੋਈ ਹਿਟਲਰ ਆਪਣੇ ਨੀਵੇਂ ਪ੍ਰਾਪਗੰਡੇ ਨਾਲ ਹੀ ਇੱਕ ਸੱਭਿਅਕ ਕੌਮ ਨੂੰ ਬਿਫਰੀ ਹੋਈ ਭੀੜ ਵਿੱਚ ਤਬਦੀਲ ਕਰ ਸਕਦਾ ਹੈ। ਇਸ ਲਈ ਭਾਸ਼ਾ ਅਤੇ ਧਰਮ ਨੂੰ ਕੌਮੀ ਤੌਰ ਤੇ ਚੇਤੰਨ ਸਮੂਹ, ਸਿਰਫ ਆਪਣੇ ਸੱਭਿਆਚਾਰਕ ਵਿਕਾਸ ਲਈ ਹੀ ਨਹੀ ਵਰਤਦੇ ਬਲਕਿ ਰਾਜਸੀ ਕੌਮਪ੍ਰਸਤੀ ਲਈ ਵੀ ਵਰਤਦੇ ਹਨ। (Fredrik Hertz-Nationalism in History and Politics)
ਸਟੇਟ ਦੀ ਲੋਕਾਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਕੌਮੀ ਬਿੰਬ ਨੂੰ ਤਬਾਹ ਕਰਨ ਦੀ ਸੋਚ ਦਾ ਹੀਗਲ ਵੀ ਡਟ ਕੇ ਵਿਰੋਧ ਕਰਦਾ ਹੈ। ਉਹ ਆਖਦਾ ਹੈ ਕਿ ਸਟੇਟ ਨੂੰ ਇੱਕ ਰੁਹਾਨੀ ਸੰਗਠਨ ਵੱਜੋਂ ਕੰਮ ਕਰਨਾ ਚਾਹੀਦਾ ਹੈ। ਹੀਗਲ ਦਾ ਕਹਿਣਾਂ ਹੈ ਕਿ ਜਿਹੜੀ ਸਟੇਟ ਆਪਣੇ ਨਾਗਰਿਕਾਂ ਦੀ ਅਜ਼ਾਦੀ ਅਤੇ ਰੁਚੀਆਂ ਨੂੰ ਦਬਾਉਂਦੀ ਹੈ ਉਹ ਹਵਾ ਵਿੱਚ ਬਣਾਏ ਹੋਏ ਇੱਕ ਮਹੱਲ ਤੋਂ ਵੱਧ ਕੁਝ ਨਹੀ ਹੈ।
ਅਜਿਹੀ ਸਥਿਤੀ ਵਿੱਚ ਹੀਗਲ ਆਖਦਾ ਹੈ ਕਿ ਹਰ ਕੌਮੀ ਸਮੂਹ ਦੀ ਆਪਣੀ ਕੌਮੀ ਸਟੇਟ ਹੋਣੀ ਚਾਹੀਦੀ ਹੈ। ਸਟੇਟ ਤੋਂ ਬਿਨਾ ਕੋਈ ਕੌਮ ਆਪਣੇ ਜਜਬਿਆਂ ਅਤੇ ਰੀਝਾਂ ਦਾ ਪ੍ਰਗਟਾਵਾ ਨਹੀ ਕਰ ਸਕਦੀ। (Ethics of Hegel by J Macbride)
ਐਂਥਨੀ ਸਮਿੱਥ ਨੇ ਜਿੱਥੇ ਕੌਮਾਂ ਦੇ ਜਨਮ ਅਤੇ ਵਿਕਾਸ ਦਾ ਅਧਿਐਨ ਕੀਤਾ ਹੈ ਉੱਥੇ ਉਸਨੇ ਭਾਰੂ ਬਹੁ-ਗਿਣਤੀ ਦੇ ਖਤਰੇ-ਮੂੰਹ ਆਈਆਂ ਕੌਮਾਂ ਦਾ ਵੀ ਡੂੰਘਾ ਅਧਿਐਨ ਕੀਤਾ ਹੈ। ਸਮਿੱਥ ਦਾ ਆਖਣਾ ਹੈ ਕਿ ਜਿਸ ਦੇਸ਼ ਵਿੱਚ ਭਾਰੂ-ਬਹੁਗਿਣਤੀ ਰਾਜ ਕਰਦੀ ਹੈ ਉਹ ਆਪਣੇ ਧਰਮ, ਰਵਾਇਤਾਂ ਅਕੀਦੇ ਅਤੇ ਸੱਭਿਆਚਾਰ ਨੂੰ ਦੇਸ਼ ਦਾ ਸੱਭਿਆਚਾਰ ਬਣਾ ਕੇ ਪੇਸ਼ ਕਰ ਦੇਂਦੀ ਹੈ ਕਿਉਂਕਿ ਰਾਜਸੀ ਅਤੇ ਫੌਜੀ ਤਾਕਤ ਉਸ ਬਹੁ-ਗਿਣਤੀ ਕੋਲ ਹੁੰਦੀ ਹੈ। ਪਰ ਕਿਸੇ ਬਹੁ-ਗਿਣਤੀ ਦੀ ਗੁਲਾਮੀ ਅਧੀਨ ਰਹਿ ਰਹੀਆਂ ਕੌਮਾਂ ਵਾਸਤੇ ਆਪਣੇ ਵਜੂਦ ਨੂੰ ਬਚਾਉਣ ਦਾ ਕਾਰਜ ਕਾਫੀ ਕਠਿਨ ਹੁੰਦਾ ਹੈ। ਅਜਿਹੀ ਹਾਲਤ ਵਿੱਚ ਰਹਿ ਰਹੀਆਂ ਕੌਮਾਂ ਫਿਰ ਆਪਣੇ ਨਿਵੇਕਲੇ ਧਰਮ, ਬੋਲੀ, ਨਿਆਰੇ ਜੀਵਨ ਅਤੇ ਨਿਆਰੀਆਂ ਰਵਾਇਤਾਂ ਦੇ ਸਹਾਰੇ ਆਪਣੇ ਆਪ ਨੂੰ ਵਿਰੋਧੀਆਂ ਦੇ ਹਮਲੇ ਤੋਂ ਬਚਾ ਕੇ ਰੱਖਦੀਆਂ ਹਨ। ਅਜਿਹੀਆਂ ਕੌਮਾਂ ਦੇ ਮੈਂਬਰਾਂ ਲਈ ਹੋਰ ਸਭ ਕਾਸੇ ਨਾਲੋਂ ਆਪਣੀ ਕੌਮ ਅਤੇ ਉਸਦੀਆਂ ਰੀਝਾਂ ਹੀ ਕੇਂਦਰੀ ਬਿੰਦੂ ਹੁੰਦੀਆਂ ਹਨ। ਕੌਮੀ ਸਾਂਝੇਦਾਰੀ ਦੀ ਭਾਵਨਾ ਜਿਊਂਦੀਂਆਂ ਕੌਮਾਂ ਵਿੱਚ ਏਨੀ ਮਜਬੂਤ ਹੁੰਦੀ ਹੈ ਕਿ ਬੇਗਾਨਿਆਂ ਦੇ ਭਿਆਨਕ ਹਮਲਿਆਂ ਵੇਲੇ ਕੌਮ ਦੇ ਬੀਰ ਜਵਾਨ ਆਪਣੀਆਂ ਜਾਨਾਂ ਵਾਰਨ ਤੋਂ ਵੀ ਗੁਰੇਜ ਨਹੀ ਕਰਦੇ।
ਸਮਿੱਥ ਆਖਦਾ ਹੈ ਕਿ ਅਜਿਹਾ ਕੌਮੀ ਜਜਬਾ ਐਵੇਂ ਹੀ ਪ੍ਰਾਪਤ ਨਹੀਂ ਹੋ ਜਾਂਦਾ ਬਲਕਿ ਇਸ ਨੂੰ ਪ੍ਰਾਪਤ ਕਰਨ ਲਈ ਕੌਮ ਨੂੰ ਆਪਣੇ ਰੁਹਾਨੀ ਨਿਆਰੇਪਣ ਦਾ ਪੱਲਾ ਘੁੱਟ ਕੇ ਫੜਨਾ ਪੈਂਦਾ ਹੈ। ਪੈਰ ਪੈਰ ਤੇ ਆਪਣੇ ਗਵਾਂਢੀਆਂ ਅਤੇ ਵਿਰੋਧੀਆਂ ਨਾਲੋਂ ਆਪਣੇ ਵਖਰੇਵੇਂ ਨੂੰ ਪ੍ਰਗਟ ਕਰਨ ਵਾਲੀਆਂ ਕੌਮਾਂ ਹੀ ਅਜਿਹੇ ਜਜਬੇ ਨੂੰ ਹਾਸਲ ਕਰ ਸਕਦੀਆਂ ਹਨ।
ਸਮਿੱਥ ਆਖਦਾ ਹੈ ਕਿ ਕੌਮੀ-ਕੇਂਦਦੀਕਰਨ (Ethnocentrism) ਦਾ ਮਤਲਬ ਹੀ ਇਹ ਹੈ ਕਿ ਕੌਮ ਦੇ ਲੋਕਾਂ ਵਿੱਚ ਸਮੂਹਕ ਭਾਵਨਾ ਹੁੰਦੀ ਹੈ, ਆਪਣੇ ਸੱਭਿਆਚਾਰ ਅਤੇ ਰਵਾਇਤਾਂ ਦੇ ਨਿਆਰੇਪਣ ਦਾ ਅਹਿਸਾਸ ਹੁੰਦਾ ਹੈ ਅਤੇ ਸਭ ਤੋਂ ਵਧ ਕੇ ਹੋਰਨਾਂ ਕੌਮਾਂ ਨਾਲੋਂ ਆਪਣੀ ਕੌਮ ਦੀ ਉੱਤਮਤਾ ਦਾ ਨਿਆਰਾ ਅਹਿਸਾਸ ਹੁੰਦਾ ਹੈ। ਕੌਮ ਵਿੱਚ ਇਹ ਭਾਵਨਾ ਮਜਬੂਤ ਹੁੰਦੀ ਹੈ ਕਿ ਪਰਮਾਤਮਾ ਨੇ ਸਾਨੂੰ ਆਪਣੇ ਸਭ ਤੋਂ ਪਿਆਰੇ ਲੋਕਾਂ ਵੱਜੋਂ ਸਿਰਜਿਆ ਹੈ ਅਤੇ ਸਾਡੇ ਜਿੰਮੇ ਖਲਕਤ ਦੇ ਦੁਖਾਂ ਨੂੰ ਹਰਨ ਦੀ ਰੁਹਾਨੀ ਡਿਊਟੀ ਲਗਾਈ ਗਈ ਹੈ। ਸਾਡੀ ਸਿਰਜਣਾ ਕਿਤੇ ਐਵੇਂ ਹੀ ਨਹੀ ਹੋ ਗਈ, ਬਲਕਿ ਪਰਮਾਤਮਾ ਨੇ ਕਿਸੇ ਖਾਸ ਰੁਹਾਨੀ ਮਿਸ਼ਨ ਨੂੰ ਸਰ ਕਰਨ ਲਈ ਸਾਡੀ ਸਿਰਜਣਾਂ ਕੀਤੀ ਹੈ ਇਸੇ ਲਈ ਅਸੀਂ ਪਰਮਾਤਮਾ ਦੇ ਵਿਸ਼ੇਸ਼ ਬੱਚੇ ਹਾਂ। ਹੋਰਨਾਂ ਕੌਮਾਂ ਨਾਲੋਂ ਆਪਣੀ ਉੱਤਮਤਾ ਅਤੇ ਨਿਆਰੇਪਣ ਦਾ ਇਹ ਅਹਿਸਾਸ ਏਨਾ ਪਰਬਲ ਅਤੇ ਪਵਿੱਤਰ ਹੁੰਦਾ ਹੈ ਕਿ ਸਿਆਸੀ ਤੌਰ ਤੇ ਗੁਲਾਮ ਹੋ ਜਾਣ ਦੇ ਬਾਵਜੂਦ ਵੀ ਅਜਿਹੀਆਂ ਨਿਆਰੀਆਂ ਕੌਮਾਂ ਆਪਣੀ ਪਹਿਚਾਣ ਨਹੀ ਤਿਆਗਦੀਆਂ। ਜਾਂ ਕਹਿ ਲਵੋ ਕਿ ਸਿਆਸੀ ਗੁਲਾਮੀ ਉਨ੍ਹਾਂ ਦੀ ਨਿਆਰੀ ਹਸਤੀ ਨੂੰ ਖਤਮ ਨਹੀਂ ਕਰ ਸਕਦੀ।
ਇਹ ਨਿਆਰਾਪਣ ਸਮਿੱਥ ਅਨੁਸਾਰ ਕੌਮਾਂ ਦੀ ਹੋਂਦ ਨਾਲ ਜੁੜੇ ਇਤਿਹਾਸਕ ਮਿੱਥ-ਸੰਕੇਤਾਂ ਨਾਲ ਗੂੜ੍ਹੇ ਪਿਆਰ ਵਿੱਚੋਂ ਪੈਦਾ ਹੁੰਦਾ ਹੈ। ਆਪਣੀ ਬੋਲੀ, ਧਰਮ ਰਵਾਇਤਾਂ, ਸੰਗੀਤ ਅਤੇ ਕਲਾ ਵਰਗੇ ਮਿੱਥ-ਸੰਕੇਤ ਸਮਿੱਥ ਅਨੁਸਾਰ ਕੌਮਾਂ ਦੀਆਂ ਹੱਦਾਂ ਦੇ ਪਹਿਰੇਦਾਰ (Border Guards) ਹੁੰਦੇ ਹਨ।
ਉਹ ਆਖਦਾ ਹੈ ਕਿ ਕੌਮਾਂ ਦੀਆਂ ਇਤਿਹਾਸਕ ਮਿੱਥਾਂ ਦਾ ਭੰਡਾਰ, ਉਨ੍ਹਾਂ ਦੀਆਂ ਨਿਆਰੀਆਂ ਕਦਰਾਂ, ਉਨ੍ਹਾਂ ਦੇ ਨਿਆਰੇ ਬਾਹਰੀ ਨਿਸ਼ਾਨ ਕੌਮ ਨੂੰ ਆਪਣੀ ਸਵੈ-ਪਹਿਚਾਣ ਬਾਰੇ ਚੇਤੰਨ ਕਰਦੇ ਹਨ। ਇਹ ਮਿੱਥ-ਸੰਕੇਤ ਕੌਮ ਨੂੰ ਉਸਦੀ ਉਤਪਤੀ ਅਤੇ ਰੁਹਾਨੀ ਸਫਰ ਵਿੱਚ ਉਸਦੀ ਥਾਂ ਬਾਰੇ ਚੇਤੰਨ ਕਰਦੇ ਰਹਿੰਦੇ ਹਨ।
ਕੌਮੀ ਜਜਬੇ ਦੀ ਇਸ ਪ੍ਰਬਲ ਰੀਝ ਦਾ ਪ੍ਰਮੁੱਖ ਨਿਸ਼ਾਨਾ ਕੌਮ ਨੂੰ ਬਾਹਰੀ ਹਮਲਿਆਂ ਅਤੇ ਅੰਦਰੂਨੀ ਖੋਰੇ ਤੋਂ ਬਚਾਉਣਾ ਹੁੰਦਾ ਹੈ। ਕੌਮੀ ਲੀਡਰਸ਼ਿੱਪ ਫਿਰ ਆਪਣੇ ਯਤਨਾਂ ਰਾਹੀਂ ਕੌਮ ਦੇ ਮੈਂਬਰਾਂ ਵਿੱਚ ਆਪਣੀਆਂ ਰਵਾਇਤਾਂ ਨੂੰ ਸਾਂਭ ਕੇ ਰੱਖਣ ਅਤੇ ਸਮੇਂ ਦੇ ਬੀਤਣ ਨਾਲ ਉਨ੍ਹਾਂ ਰਵਾਇਤਾਂ ਦੀ ਆਧੁਨਿਕ ਵਿਆਖਿਆ ਨਾਲ ਉਨ੍ਹਾਂ ਨੂੰ ਜਿੰਦਾ ਰੱਖਦੀ ਹੈ ਅਤੇ ਕੌਮੀ ਜਜਬੇ ਨੂੰ ਆਪਣੇ ਗਵਾਚ ਗਏ ਹੋਮਲੈਂਡ ਦੀ ਪ੍ਰਾਪਤੀ ਲਈ ਵਰਤਦੀ ਰਹਿੰਦੀ ਹੈ। ਸਮਿੱਥ ਆਖਦਾ ਹੈ ਕਿ ਨਿਆਰੀਆਂ ਕੌਮਾਂ ਦਾ ਨਿਸ਼ਾਨਾ ਕੋਈ ਸਲਤਨਤਾਂ ਕਾਇਮ ਕਰਨ ਦਾ ਨਹੀ ਹੁੰਦਾ ਬਲਕਿ ਉਹ ਤਾਂ ਇਤਿਹਾਸ ਦੇ ਕਿਸੇ ਮੋੜ ਤੇ ਆਪਣੇ ਗਵਾਚ ਗਏ ਹੋਮਲੈਂਡ, ਆਪਣੇ ਪੁਰਖਿਆਂ ਦੀ ਪਵਿੱਤਰ ਧਰਤੀ ਨੂੰ ਹਾਸਲ ਕਰ ਲੈਣ ਦੇ ਜਜਬੇ ਨੂੰ ਹੀ ਪ੍ਰਣਾਈਆਂ ਹੁੰਦੀਆਂ ਹਨ। (Anthony Smith – Ethnic Origins of the Nations)[
ਇਤਿਹਾਸ ਦੇ ਕਿਸੇ ਮੋੜ ਤੇ ਆ ਕੇ, ਫਰੈਡਰਿਕ ਹਰਟਜ਼ ਆਖਦਾ ਹੈ ਕਿ ਜੇ ਅਜਿਹੀਆਂ ਜਿੰਦਾ ਅਤੇ ਨਿਆਰੀਆਂ ਕੌਮਾਂ ਸਿਆਸੀ ਤੌਰ ਤੇ ਗੁਲਾਮ ਹੋ ਜਾਣ ਤਾਂ ਉਨ੍ਹਾਂ ਦੇ ਜੇਤੂ ਹਾਕਮਾਂ ਦਾ ਸਭ ਤੋਂ ਪਹਿਲਾ ਹਮਲਾ ਹੀ ਉਸ ਕੌਮ ਦੇ ਧਾਰਮਕ ਗੁਰਧਾਮਾਂ ਅਤੇ ਨਿਆਰੇ ਸੱਭਿਆਚਾਰ ਤੇ ਹੁੰਦਾ ਹੈ। ਇੱਥੇ ਉਹ ਮਾਰਟਿਨ ਲੂਥਰ ਕਿੰਗ ਦੇ ਪ੍ਰੋਟੈਸਟੈਂਟਵਾਦ ਦੀ ਉਦਾਹਰਨ ਦੇਦਾ ਹੈ ਜੋ ਆਪਣੇ ਰੁਹਾਨੀ ਅਕੀਦੇ ਦੇ ਬਾਵਜੂਦ ਵੀ ਜੇਤੂ ਹਾਕਮਾਂ ਦੀਆਂ ਘਟੀਆਂ ਰੀਝਾਂ ਤੋਂ ਬਚ ਨਾ ਸਕਿਆ। ਜੇਤੂ ਹਾਕਮਾਂ ਨੇ ਸਭ ਤੋਂ ਪਹਿਲਾਂ ਪ੍ਰੋਟੈਸਟੈਂਟ ਚਰਚ ਨੂੰ ਆਪਣੀ ਗੁਲਾਮੀ ਅਧੀਨ ਲੈਣ ਦਾ ਕਾਰਜ ਕੀਤਾ। ਉਨ੍ਹਾਂ ਚਰਚ ਨੂੰ ਆਪਣੇ ਘਟੀਆ ਰਾਜਸੀ ਮਨੋਰਥਾਂ ਲਈ ਵਰਤਣ ਦਾ ਯਤਨ ਕੀਤਾ। ਇਸੇ ਲਈ ਕਾਲਵਿਨ ਨੇ ਸਭ ਤੋਂ ਪਹਿਲਾਂ ਚਰਚ ਦੀ ਅਜ਼ਾਦੀ ਦਾ ਬੀੜਾ ਚੁੱਕਿਆ। ਉਸਨੇ ਆਖਿਆ ਕਿ ਚਰਚ ਦੀ ਅਜ਼ਾਦੀ ਤੋਂ ਬਿਨਾ ਸਿਆਸੀ ਅਜ਼ਾਦੀ ਹਾਸਲ ਨਹੀ ਹੋ ਸਕੇਗੀ। ਇਸੇ ਲਈ ਹਰਟਜ਼ ਆਖਦਾ ਹੈ ਕਿ ਧਰਮ ਹਾਲੇ ਵੀ ਕੌਮਾਂ ਦੀ ਉਤਪਤੀ ਅਤੇ ਵਿਕਾਸ ਲਈ ਸਭ ਤੋਂ ਜਰੂਰੀ ਤੱਤ ਹੈ। ਇਹ ਬੋਲੀ ਨਾਲੋਂ ਵੀ ਵੱਧ ਜਰੂਰੀ ਤੱਤ ਹੈ। ਧਰਮ ਦੀ ਅਜ਼ਾਦੀ ਤੋਂ ਬਿਨਾ ਕੌਮ ਦੀ ਅਜ਼ਾਦੀ ਬਾਰੇ ਸੋਚਣਾ ਔਖਾ ਹੈ।
ਇਸੇ ਲਈ ਸਮਿੱਥ ਵੀ ਕੌਮਾਂ ਦੇ ਵੱਖਰੇਪਣ ਅਤੇ ਨਿਆਰੇਪਣ ਤੇ ਜੋਰ ਦੇਂਦਾ ਹੋਇਆ ਆਖਦਾ ਹੈ ਕਿ ਜੇ ਕਿਸੇ ਕੌਮ ਨੇ ਸਿਆਸੀ ਤੌਰ ਤੇ ਅਜ਼ਾਦ ਅਤੇ ਵੱਖ ਹੋਣਾ ਹੈ ਤਾਂ ਪੈਰ ਪੈਰ ਤੇ ਉਸਨੂੰ ਵੱਖਰੇ ਬਣ ਕੇ ਦੱਸਣਾ ਪਵੇਗਾ। ਤੁਹਾਡੇ ਹਰ ਕਦਮ, ਹਰ ਬੋਲ ਅਤੇ ਹਰ ਕਾਰਜ ਵਿੱਚੋਂ ਵੱਖਰੇਪਣ ਦੀ ਖੁਸ਼ਬੋ ਝਲਕਣੀ ਚਾਹੀਦੀ ਹੈ। ਸਿਰਫ ਸਰੀਰਕ ਤੌਰ ਤੇ ਹੀ ਬਲਕਿ ਕਿਰਦਾਰ ਅਤੇ ਜੀਵਨ ਜਾਂਚ ਵਿੱਚੋਂ ਵੀ। ਉਹ ਆਖਦਾ ਹੈ ਕਿ ਕੌਮੀ ਜਜਬੇ ਦਾ ਕੇਂਦਰੀ ਤੱਤ ਹੀ ਆਪਣੇ ਹੋਮਲੈਡ ਦੀ ਪ੍ਰਾਪਤੀ ਹੁੰਦੀ ਹੈ। ਬੇਸ਼ੱਕ ਕੌਮੀ ਜਜਬੇ ਅਤੇ ਕੌਮਵਾਦ ਨਾਲ ਆਪਣੀ ਨਿਆਰੀ ਹਸਤੀ ਨੂੰ ਬਚਾ ਕੇ ਰੱਖਣ, ਜੇਤੂ ਹਾਕਮਾਂ ਦਾ ਮੁਕਾਬਲਾ ਕਰਨ, ਜੇਤੂ ਕੌਮ ਵਿੱਚ ਜਜਬ ਹੋ ਜਾਣ ਤੋਂ ਬਚਾਉਣ ਦੇ ਕਾਰਜ ਵੀ ਕੌਮਵਾਦ ਨਾਲ ਜੁੜੇ ਹੁੰਦੇ ਹਨ ਪਰ ਕੌਮਵਾਦ ਦਾ ਅੰਤਿਮ ਨਿਸ਼ਾਨਾ ਆਪਣੇ ਪੁਰਖਿਆਂ ਦੀ ਪਵਿੱਤਰ ਧਰਤੀ ਆਪਣੇ ਹੋਮਲੈਂਡ ਨੂੰ ਪ੍ਰਾਪਤ ਕਰਨ ਦਾ ਹੀ ਹੁੰਦਾ ਹੈ। ਇਹ ਤਾਂ ਹੀ ਹੋ ਸਕੇਗਾ ਕਿ ਕੌਮ ਆਪਣੇ ਨਿਆਰੇ ਸਰੂਪ ਅਤੇ ਨਿਆਰੇ ਕਿਰਦਾਰ ਨੂੰ ਬਚਾ ਕੇ ਰੱਖ ਸਕੇਗੀ। (Anthony Smith-Myths and Memories of “he Nations)[
ਹੁਣ ਇਸ ਵਿਚਾਰ ਚਰਚਾ ਦੇ ਸੰਦਰਭ ਵਿੱਚ ਸਿੱਖ ਪੰਥ ਤੇ ਮੌਜੂਦਾ ਸਮੇਂ ਹੋ ਰਹੇ ਵਿਚਾਰਧਾਰਕ ਹਮਲਿਆਂ ਦੇ ਸਰੂਪ ਅਤੇ ਸੱਚ ਨੂੰ ਜਾਨਣ ਲਈ ਸਾਨੂੰ ਹਰਿੰਦਰ ਸਿੰਘ ਮਹਿਬੂਬ ਨੂੰ ਦੇਖਣਾ ਚਾਹੀਦਾ ਹੈ।
ਹਰਿੰਦਰ ਸਿੰਘ ਮਹਿਬੂਬ ਆਖਦੇ ਹਨ ਕਿ, ਬਿਪਰ ਸੰਸਕਾਰ ਮਨੁੱਖ ਦੀ ਧਰਮ-ਅਨੁਭੂਤੀ ਦੇ ਨਿਰਾਕਾਰ ਅਤੇ ਸਥੂਲ ਖੇਤਰਾਂ ਥੀਂ ਵਿਚਰਦੀ ਅਜਿਹੀ ਨਿਸ਼ੇਧ ਪ੍ਰਕਿਰਆ ਹੈ, ਜਿਹੜੀ ਇੱਕੋ ਸਮੇਂ ਵਿਅਕਤੀ ਅਤੇ ਜਾਤੀ ਦੀ ਲਿਵ-ਨਿਰੰਤਰਤਾ ਨੂੰ ਰੱਬੀ ਮਿਹਰ ਅਤੇ ਰੱਬੀ ਹੁਕਮ ਦੀ ਵਿਸ਼ਾਲਤਾ ਨਾਲੋਂ ਤੋੜਦੀ ਹੋਈ ਕੇਵਲ ਮਨੁੱਖ ਦੀ ਇੰਦ੍ਰਆਵੀ ਅਨੁਭਵ ਵਿੱਚੋਂ ਉਪਜਣ ਵਾਲੀ ਗਿਆਨ ਹਊਮੈ ਦੇ ਅਧੀਨ ਕਰ ਦੇਂਦੀ ਹੈ। ਮਨੁੱਖ ਦੀ ਲਿਵ ਮਹਾਂ-ਕਾਵਿਕ ਸ਼ਾਨ ਤੋਂ ਸੱਖਣੇ ਪਦਾਰਥਕ ਸੁਆਦ, ਖਿਆਲੀ ਉਤਰਾਵਾਂ-ਚੜ੍ਹਾਵਾਂ ਦੀ ਲੀਲਾ ਅਤੇ ਉਪਰਪ੍ਰਕ੍ਰਿਤਕ ਖੇਡਾਂ ਦੀੰ ਲਾਲਸਾ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਸੋਚੇ ਢੰਗ ਨੂੰ ਮਨੁੱਖ ਦਾ ਇਸ਼ਟ ਬਣਾ ਦੇਂਦੀ ਹੈ। ਬਿਪਰ ਸੰਸਕਾਰ ਖੂਬਸੂਰਤੀ ਦੀ ਤਰਲ ਅਵਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਿਸ਼ੇਧ-ਗਤੀ ਹੈ ਅਤੇ ਮਜ੍ਹਬ ਦੇ ਬੇਦਾਗ ਤਜਰਬੇ ਨਾਲ ਪਰਛਾਵੇਂ ਵਾਂਗ ਚਲਦਾ ਹੋਇਆ ਇੱਕ ਰੋਗੀ ਦਾਗ ਹੈ। ਜਦੋਂ ਹਿੰਦੂ-ਖਿਆਲ ਨੇ ਧਾਰਮਕ ਸੂਖਮਤਾ ਰੱਖਣ ਵਾਲੀ ਨਿਰਾਕਾਰਤਾ ਦੇ ਪ੍ਰਬੰਧ ਨੂੰ ਅਪਣਾਇਆ ਹੁੰਦਾ ਹੈ, ਉਦੋਂ ਵੀ ਇਸਦੀ ਕਿਸੇ ਅਦ੍ਰਿਸ਼ਟ ਤਹਿ ਵਿੱਚ ਬਿਪਰ ਸੰਸਕਾਰ ਦੀ ਕੋਈ ਲੁਕਵੀਂ ਵਿਧੀ ਕੰਮ ਕਰ ਰਹੀ ਹੁੰਦੀ ਹੈ।
ਹਰਿੰਦਰ ਸਿੰਘ ਮਹਿਬੂਬ ਆਖਦੇ ਹਨ ਕਿ ਹਿੰਦੂ-ਪੌਰਾਣ ਦਾ ਅਧਿਐਨ ਦੱਸਦਾ ਹੈ, ਕਿ ਹਿੰਦੂ-ਕੌਮ ਦੀ ਇਤਿਹਾਸਕ ਗਤੀ ਵਿੱਚ ਕਦੇ ਵੀ ਕੋਈ ਐਸਾ ਮੋੜ ਨਹੀ ਆਇਆ, ਜਦੋਂ ਕਿ ਇਨਸਾਨੀਅਤ ਨੇ ਇੱਕ ਦੈਵੀ ਸਿਖਰ ਪ੍ਰਾਪਤ ਕਰਕੇ ਅਜਿਹਾ ਸੰਯੁਕਤ ਇਤਿਹਾਸ ਆਪਣੇ ਦੁਆਲੇ ਵਲ ਲਿਆ ਹੋਵੇ, ਜਿਸ ਵਿੱਚ ਸਦੀਵੀ ਕਾਲ ਲਈ ਦੈਵੀ ਸੁਨੇਹਾ ਹੋਵੇ, ਅਰਥਾਤ ਹਰ ਸਮੇਂ ਮਨੁੱਖ ਵਿੱਚ ਦੈਵੀਪਣ ਦਾ ਇੱਕ ਸਿਰਜਣਾਤਮਕ ਪਹਿਲੂ ਬਣਾਉਣ ਦੀ ਤਾਕਤ ਹੋਵੇ। (ਹਰਿੰਦਰ ਸਿੰਘ ਮਹਿਬੂਬ-ਸਹਿਜੇ ਰਚਿਓ ਖਾਲਸਾ)
ਬਿਪਰ ਸੰਸਕਾਰ ਦੀ ਇਸ ਕਿਸਮ ਦੀ ਬਿਰਤੀ ਨੂੰ ਕੁਝ ਹੱਦ ਤੱਕ ਹੈਨਰੀ ਕਸਿੰਗਰ ਨੇ ਵੀ ਫੜਿਆ ਹੈ। ਬੇਸ਼ੱਕ ਹੈਨਰੀ ਕਸਿੰਗਰ ਬਿਪਰ ਸੰਸਕਾਰ ਦੀ ਉਹ ਥਹੁ ਨਹੀ ਪਾ ਸਕਿਆ ਜੋ ਹਰਿੰਦਰ ਸਿੰਘ ਮਹਿਬੂਬ ਨੇ ਪਾਈ ਹੈ ਪਰ ਫਿਰ ਵੀ ਕੁਝ ਅਜਿਹੇ ਝਲਕਾਰੇ ਮਿਲਦੇ ਹਨ ਜੋ ਬਿਪਰ ਸੰਸਕਾਰ ਦੀ ਨਿਸ਼ੇਧ ਗਤੀ ਨੂੰ ਸਮਝਣ ਲਈ ਕਾਫੀ ਹਨ। ਕਸਿੰਗਰ ਨੇ ਹਿੰਦੂ ਵਿਦਵਾਨ ਕੌਟੱਲਿਆ ਦੇ ਨੀਤੀ ਗਰੰਥ, ਅਰਥਸ਼ਾਸ਼ਤਰ ਦਾ ਹਵਾਲਾ ਦੇਂਦਿਆਂ ਆਖਿਆ ਹੈ ਕਿ ਕੌਟੱਲਿਆ ਸੱਤਾ ਦੀ ਪ੍ਰਾਪਤੀ ਨੂੰ ਪ੍ਰਮੁੱਖ ਨਿਸ਼ਾਨਾ ਮੰਨਦਾ ਹੈ। ਉਹ ਸੱਤਾ ਦੀ ਪ੍ਰਾਪਤੀ ਅਤੇ ਉਸ ਸੱਤਾ ਨੂੰ ਕਾਇਮ ਰੱਖਣ ਲਈ ਆਪਣੇ ਵਿਰੋਧੀਆਂ ਅਤੇ ਦੁਸ਼ਮਣਾਂ ਨੂੰ ਤਬਾਹ ਕਰ ਦੇਣ ਦਾ ਗਿਆਨ ਦੱਸਦਾ ਹੈ। ਕੌਟੱਲਿਆ ਅਨੁਸਾਰ ਸੱਤਾ ਅਤੇ ਤਾਕਤ ਸਭ ਤੋਂ ਪ੍ਰਮੁੱਖ ਸਚਾਈ ਹੈ। ਇਸ ਲਈ ਸੱਤਾ ਨੂੰ ਚਲਾ ਰਹੇ ਲੀਡਰ ਦੀਆਂ ਇਛਾਵਾਂ ਨੂੰ ਪੂਰਾ ਕਰਨ ਲਈ, ਭੁਗੋਲ, ਫੌਜ, ਆਰਥਿਕਤਾ, ਡਿਪਲੋਮੇਸੀ, ਫੌਜੀ ਤਾਕਤ, ਜਸੂਸੀ, ਕਨੂੰਨ, ਖੇਤੀ, ਜਨਤਕ ਰਾਇ ਅਤੇ ਅਫਵਾਹਾਂ ਸਭ ਨੂੰ ਆਪਣੇ ਹਿੱਤ ਵਿੱਚ ਵਰਤ ਲੈਣਾਂ ਚਾਹੀਦਾ ਹੈ। ਹੈਨਰੀ ਕਸਿੰਗਰ ਆਖਦਾ ਹੈ ਕਿ ਜਿੱਥੇ ਯੂਰਪੀ ਸ਼ਕਤੀਆਂ ਆਪਣੇ ਨੀਤੀ-ਸ਼ਾਸ਼ਤਰ ਵਿੱਚ ਸ਼ਕਤੀਆਂ ਦੇ ਸਮਤੋਲ (Balance of Powers) ਦਾ ਸਿਧਾਂਤ ਲੈ ਕੇ ਚਲਦੀਆਂ ਹਨ ਉੱਥੇ ਕੌਟੱਲਿਆ ਆਪਣੇਂ ਗਵਾਂਢੀਆਂ ਨਾਲ ਹਮੇਸ਼ਾ ਦੁਸ਼ਮਣੀ ਬਣਾਈ ਰੱਖਣ ਦੀ ਸਿਖਆ ਦੇਂਦਾ ਹੈ। ਉਹ ਆਖਦਾ ਹੈ ਕਿ ਆਪਣੇ ਰਾਜ ਦੇ ਵਿਸਥਾਰ ਲਈ ਰਾਜੇ ਨੂੰ ਹਰ ਕਿਸਮ ਦੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਦਰ ਕਿਨਾਰ ਕਰ ਦੇਣਾਂ ਚਾਹੀਦਾ ਹੈ। ਕੌਟੱਲਿਆ ਆਖਦਾ ਹੈ ਕਿ, ਮੁਕਾਬਲੇ ਦੇ ਘਿਨਾਉਣੇ ਤਰਕ ਵਿੱਚ ਕੋਈ ਢਿਲਮੱਠ ਨਹੀ ਦਿਖਾਉਣੀ ਚਾਹੀਦੀ। ਜੇਤੂ ਹਾਕਮ ਨੂੰ ਹਰ ਵੇਲੇ ਆਪਣੀ ਤਾਕਤ ਅਤੇ ਆਪਣੀਆਂ ਨਿੱਜੀ ਖੁਸ਼ੀਆਂ ਵਧਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸਦਾ ਕਹਿਣਾ ਹੈ, ਹਾਕਮ ਨੂੰ ਜੇ ਕੋਈ ਗੱਠਜੋੜ ਵੀ ਕਰਨਾ ਪਵੇ ਤਾਂ ਉਹ ਬਰਾਬਰ ਦੀ ਧਿਰ ਬਣ ਕੇ ਨਹੀ ਬਲਕਿ ਆਪ ਸਭ ਤੋਂ ਉਚਾ ਹੋ ਕੇ ਅਤੇ ਬਾਕੀਆਂ ਨੂੰ ਆਪਣੇ ਮੰਤਵਾਂ ਦੀ ਪੂਰਤੀ ਲਈ ਆਪਣੇ ਸਹਾਇਕ ਬਣਾ ਕੇ ਹੀ ਗੱਠਜੋੜ ਕਰਨਾ ਚਾਹੀਦਾ ਹੈ। ਤਾਂ ਹੀ ਜੇਤੂ ਹਾਕਮ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰ ਸਕਦਾ ਹੈ। ਉਹ ਇਹ ਵੀ ਆਖਦਾ ਹੈ ਕਿ ਹਰ ਧਰਮੀ ਪੁਰਸ਼, ਫੌਜੀ, ਦੁਕਾਨਦਾਰਾਂ ਆਦਿ ਨੂੰ ਰਾਜੇ ਦੇ ਦੁਸ਼ਮਣਾਂ ਨੂੰ ਤਬਾਹ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ । (Henry Kissinger- World Order)
ਐਨਥਨੀ ਸਮਿੱਥ ਆਖਦਾ ਹੈ ਕਿ ਕਿਸੇ ਅੰਦਰੂਨੀ ਦੁਸ਼ਮਣ ਨਾਲ ਰਹਿਣ ਲਈ ਮਜਬੂਰ ਕੌਮ ਫਿਰ ਆਪਣੇ ਇਤਿਹਾਸ, ਧਰਮ ਗਰੰਥ, ਬੋਲੀ ਅਤੇ ਸ਼ਹੀਦਾਂ ਦੀ ਯਾਦ ਨੂੰ ਮਨ ਵਿੱਚ ਵਸਾ ਕੇ ਹੀ ਆਪਣਾ ਵਜੂਦ ਕਾਇਮ ਰੱਖ ਸਕਦੀ ਹੈ। ਉਹ ਆਖਦਾ ਹੈ ਕਿ ਘੱਟ-ਗਿਣਤੀ ਕੌਮਾਂ ਆਪਣੇ ਸਾਂਝੇ ਇਤਿਹਾਸਕ ਤਜਰਬਿਆਂ, ਸਾਂਝੇ ਸਦਾਚਾਰ ਅਤੇ ਇੱਕ ਸਾਂਝੇ ਪਿਤਾ ਦੀ ਸੰਤਾਨ ਹੋਣ ਦੇ ਮਾਣ ਨਾਲ ਆਪਣੇ ਆਪ ਨੂੰ ਬਚਾ ਲੈਂਦੀਆਂ ਹਨ। ਉਹ ਆਖਦਾ ਹੈ ਕਿ ਬਹੁਤੇ ਸਮਾਜਾਂ ਵਿੱਚ ਸਾਂਝੇ ਸਦਾਚਾਰ, ਵਿਲੱਖਣ ਨਿਸ਼ਾਨ-ਚਿੰਨ੍ਹ, ਮਿੱਥਾਂ, ਅਤੀਤ ਦੇ ਇਤਿਹਾਸ ਦੀਆਂ ਸਾਂਝੀਆਂ ਯਾਦਾਂ ਜਿੱਥੇ ਇੱਕ ਸਮੂਹ ਨੂੰ ਆਪਸ ਵਿੱਚ ਜੋੜ ਕੇ ਰੱਖਦੀਆਂ ਹਨ ਉੱਥੇ ਉਹ ਉਸ ਸਮੂਹ ਨੂੰ ਹੋਰਨਾਂ ਨਾਲੋਂ ਵਖਰਿਆਉਂਦੀਆਂ ਵੀ ਹਨ। ਸਾਂਝਾ ਧਰਮ ਗਰੰਥ, ਸਾਂਝੀ ਬੋਲੀ, ਸਾਂਝੇ ਸ਼ਹੀਦ, ਸਾਂਝੇ ਸੰਤ, ਨਿਆਰਾ ਕੈਲੰਡਰ, ਕੌਮ ਨੂੰ ਬਾਹਰੀ ਵਿਚਾਰਧਰਕ ਹਮਲੇ ਤੋਂ ਬਚਾ ਲੈਂਦਾ ਹੈ। ਇੱਕ ਕੌਮੀ ਸਮੂਹ ਵਿੱਚ ਰਹਿ ਰਹੇ ਲੋਕਾਂ ਵਿੱਚ ਇੱਕੋ ਪਿਤਾ ਦੀ ਸਾਂਝੀ ਔਲਾਦ ਹੋਣ ਅਤੇ ਸਾਂਝੇ ਪਰਿਵਾਰ ਦੇ ਮੈਂਬਰ ਹੋਣ ਦਾ ਅਹਿਸਾਸ ਇੱਕ ਜੁਟਤਾ ਦਾ ਅਹਿਸਾਸ ਪੈਦਾ ਕਰਦਾ ਹੈ। ਜੇ ਕਿਤੇ ਉਸਦਾ ਕੌਮੀ ਪਿਤਾ ਕੋਈ ਮਹਾਂਪੁਰਖ ਹੋਵੇ ਫਿਰ ਤਾਂ ਕੌਮ ਵਿੱਚ ਇੱਕਜੁਟਤਾ ਦੀ ਭਾਵਨਾ ਹੋਰ ਵੀ ਦੂਣ-ਸਵਾਈ ਹੋ ਜਾਂਦੀ ਹੈ।
ਸਮਿੱਥ ਆਖਦਾ ਹੈ ਕਿ ਕੋਈ ਕੌਮ ਮਹਿਜ਼ ਆਪਣੇ ਸਾਂਝੇ ਨਿਸ਼ਾਨ ਚਿੰਨ੍ਹਾਂ ਅਤੇ ਸਾਂਝੀਆਂ ਯਾਦਾਂ ਕਰਕੇ ਹੀ ਸੰਪੂਰਨ ਨਹੀ ਹੋ ਜਾਂਦੀ ਬਲਕਿ ਉਸਦੀ ਯਾਦ ਵਿੱਚ ਆਪਣੇ ਗਵਾਚੇ ਹੋਏ ਹੋਮਲੈਂਡ ਦੀ ਕਸਕ ਅਤੇ ਉਸ ਇਤਿਹਾਸਕ ਧਰਤੀ ਨਾਲ ਲਗਾਅ ਵੀ ਕੌਮੀ ਭਾਵਨਾ ਨੂੰ ਮਜਬੂਤ ਕਰਨ ਦਾ ਵੱਡਾ ਕਾਰਨ ਹੈ। ਇਹ ਸਾਂਝੀਆਂ ਯਾਦਾਂ ਅਤੇ ਸਾਂਝੇ ਦਰਦ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਦੇ ਨਾਅ ਇੱਕ ਅਜਿਹੀ ਬੰਨ੍ਹਵੀ ਵਿਰਾਸਤ ਕਰ ਦੇਂਦੀਆਂ ਹਨ ਜੋ ਉਨ੍ਹਾਂ ਨੂੰ ਔਕੜਾਂ ਵਿੱਚ ਰਾਹ ਦਿਖਾਉਂਦੀ ਰਹਿੰਦੀ ਹੈ।
ਸਮਿੱਥ ਆਖਦਾ ਹੈ ਕਿ ਆਪਣੇ ਪੁਰਖਿਆਂ ਦੀ ਪਵਿੱਤਰ ਧਰਤੀ ਨਾਲ ਗਹਿਰਾ ਲਗਾਅ ਕੌਮ ਨੂੰ ਉਹ ਧਰਤੀ ਮੁੜ ਹਾਸਲ ਕਰ ਲੈਣ ਦੀ ਰੀਝ ਨਾਲ ਓਤਪੋਤ ਕਰ ਦੇਂਦਾ ਹੈ ਜਿੱਥੇ ਕੌਮ ਦੇ ਵੱਡੇ ਵਡੇਰਿਆਂ ਨੇ ਸੁਨਹਿਰਾ ਇਤਿਹਾਸ ਸਿਰਜਿਆ ਹੁੰਦਾ ਹੈ। ਆਪਣੇ ਹੋਮਲੈਂਡ ਨੂੰ ਰੱਬ ਵੱਲੋਂ ਬਖਸ਼ੀ ਦਾਤ ਸਮਝ ਕੇ ਵਿਚਰਨ ਵਾਲੀ ਕੌਮ ਦੇ ਮਨ ਵਿੱਚ ਇਹ ਅਹਿਸਾਸ ਮਜਬੂਤ ਹੋ ਜਾਂਦਾ ਹੈ ਕਿ ਇਹ ਨਿਆਰੀ ਧਰਤੀ ਪ੍ਰਮਾਤਮਾ ਨੇ ਆਪਣੇ ਖਾਸ ਚੁਣੇ ਹੋਏ ਲੋਕਾਂ ਲਈ ਬਖਸ਼ੀ ਹੈ। ਰੁਹਾਨੀ ਧਰਤੀ ਅਤੇ ਪਵਿੱਤਰ ਮਿੱਟੀ ਹੀ ਪ੍ਰਮਾਤਮਾ ਵੱਲੋਂ ਸਾਜੇ ਵਿਸ਼ੇਸ਼ ਲੋਕਾਂ ਦੇ ਅਨੁਕੂਲ ਹੋ ਸਕਦੀ ਹੈ। ਪ੍ਰਮਾਤਮਾ ਦੀ ਵਿਸ਼ੇਸ਼ ਔਲਾਦ ਉਸ ਧਰਤੀ ਤੇ ਹੀ ਵਸ ਸਕਦੀ ਹੈ ਜਿੱਥੇ ਉਨ੍ਹਾਂ ਦੇ ਮਾਤਾ ਪਿਤਾ ਵਸਦੇ ਰਹੇ ਸਨ, ਜਿੱਥੇ ਉਨ੍ਹਾਂ ਦੇ ਬਹਾਦਰ ਸੂਰਮੇ ਸੰਘਰਸ਼ ਕਰਦੇ ਰਹੇ ਸਨ, ਜਿੱਥੇ ਉਨ੍ਹਾਂ ਦੇ ਸੰਤ ਅਰਦਾਸਾਂ ਕਰਦੇ ਰਹੇ ਸਨ। ਉਹ ਮੈਦਾਨ, ਉਹ ਪਰਬਤ ਅਤੇ ਉਹ ਖੇਤ ਜਿੱਥੇ ਸਾਡੇ ਪੁਰਖਿਆਂ ਦਾ ਲਹੂ ਡੁੱਲ੍ਹਿਆ ਹੈ ਉਸ ਪਵਿਤਰ ਧਰਤ ਤੇ ਵਸਣਾ ਵਿਸ਼ੇਸ਼ ਲੋਕਾਂ ਦਾ ਅਧਿਕਾਰ ਬਣ ਜਾਂਦਾ ਹੈ। (Anthony Smith- Myths and Memories of The Nations)
ਜਦੋਂ ਇੱਕ ਇਤਿਹਾਸਕ ਨਿਸ਼ੇਧ ਗਤੀ ਨਾਲ ਸਿੱਖ ਕੌਮ ਦਾ ਅਣਚਾਹਿਆ ਰਿਸ਼ਤਾ ਬਣ ਗਿਆ ਹੋਵੇ ਅਤੇ ਕੌਮ ਨੂੰ ਜਬਰਦਸਤੀ ਅਜਿਹੀ ਨਿਸ਼ੇਧ ਗਤੀ ਨਾਲ ਰਹਿਣ ਲਈ ਮਜਬੂਰ ਹੋਣਾ ਪਵੇ ਉਸ ਹਾਲਤ ਵਿੱਚ ਜਨ ਐਸਮਾਨ ਅਨੁਸਾਰ ਕੌਮ ਨੂੰ ਆਪਣੀ ਸੰਚਾਰਤ-ਯਾਦ (Communactive Memory) ਦੇ ਸਿਸਟਮ ਨੂੰ ਮਜਬੂਤ ਕਰਨਾ ਚਾਹੀਦਾ ਹੈ। ਐਸਮਾਨ ਕਹਿੰਦਾ ਹੈ ਕਿ ਸੰਚਾਰਤ-ਯਾਦ ਨਿੱਜੀ ਯਾਦ ਦਾ ਹੀ ਸਮਾਜਕ ਰੂਪ ਹੈ ਜਿਸ ਵਿੱਚ ਇੱਕ ਕੌਮੀ ਸਮੂਹ ਜਿੱਥੇ ਆਪਣੀ ਸਕਾਰਾਤਮਕ ਇਤਿਹਾਸਕ ਯਾਦ ਨੂੰ ਆਪਣੀ ਸਿਮਰਤੀ ਵਿੱਚ ਰੱਖਦਾ ਹੈ ਉੱਥੇ ਹੀ ਇਤਿਹਾਸਕ ਵਖਰੇਵੇਂ ਨੂੰ ਵਿਸਾਰਦਾ ਨਹੀ ਹੈ। ਐਸਮਾਨ ਅਨੁਸਾਰ ਸੰਚਾਰਤ ਯਾਦ ਦੇ ਕੁਝ ਤੱਤ ਹਨ- ਪਿਆਰ,ਬਦਿਲਚਸਪੀ, ਹਮਦਰਦੀ, ਲਗਾਅ ਦੀ ਭਾਵਨਾ, ਜੁੜਨ ਦਾ ਅਹਿਸਾਸ ਅਤੇ ਨਾਲ ਹੀ ਨਫਰਤ, ਵਖਰੇਵਾਂ, ਬੇਭਰੋਸਗੀ ਅਤੇ ਪੀੜ। ਇਹ ਤੱਤ ਸਾਡੀ ਸਮਾਜਕ ਯਾਦ ਨੂੰ ਮਜਬੂਤ ਕਰਦੇ ਹਨ ਅਤੇ ਸਾਨੂੰ ਆਪਣੇ ਬਾਰੇ ਸੋਚਣ-ਸਮਝਣ ਦਾ ਮੌਕਾ ਦੇਂਦੇ ਹਨ।
ਇਸ ਸੰਦਰਭ ਵਿੱਚ ਸਾਨੂੰ ਵਾਕਰ ਕੋਨਰ ਦਾ ਕਥਨ ਵੀ ਯਾਦ ਰੱਖਣ ਦੀ ਲੋੜ ਹੈ ਕਿ ਸਭ ਤੋਂ ਪਹਿਲਾਂ ਇਹ ਜਾਣੋ ਕਿ ਅਸੀਂ ਕੀ ਨਹੀ ਹਾਂ। ਸਮੇਂ ਦੇ ਹਾਕਮ ਜੋ ਸਾਨੂੰ ਬਣਾਉਣਾਂ ਜਾਂ ਪੇਸ਼ ਕਰਨਾ ਚਾਹੁੰਦੇ ਹਨ ਉਹ ਅਸੀਂ ਨਹੀ ਹਾਂ। ਅਤੇ ਦੂਜਾ ਕਿ ਆਪਣੇ ਕੌਮੀ ਸਰੂਪ ਨੂੰ ਆਪ ਪਰਿਭਾਸ਼ਤ ਕਰੋ। ਇਹ ਹੱਕ ਕਿਸੇ ਨੂੰ ਨਾ ਦਿਓ।
ਸਮਿੱਥ ਵੀ ਆਖਦਾ ਹੈ ਕਿ ਜੇ ਵੱਖਰੇ ਹੋਣਾਂ ਹੈ ਤਾਂ ਵੱਖਰੇ ਬਣ ਕੇ ਦਿਖਾਓ। ਪੈਰ ਪੈਰ ਤੇ ਆਪਣੇ ਕਿਰਦਾਰ, ਵਿਚਾਰ ਅਤੇ ਅਚਾਰ ਦੇ ਵਖਰੇਵੇਂ ਨੂੰ ਉਜਾਗਰ ਕਰੋ। ਆਪਣੇ ਗਵਾਂਢੀਆਂ ਨਾਲੋਂ ਆਪਣੇ ਨਿਆਰੇਪਣ ਨੂੰ ਹਮੇਸ਼ਾ ਯਾਦ ਰੱਖੋ ਅਤੇ ਉਸਦਾ ਚੇਤੰਨ ਪ੍ਰਗਟਾਵਾ ਕਰੋ। ਇਸ ਸਥਿਤੀ ਵਿੱਚ ਹੀ ਵਿਚਾਰਧਾਰਕ ਹਮਲੇ ਦੀਆਂ ਖਤਰਨਾਕ ਮਾਰ ਹੇਠ ਆਈਆਂ ਕੌਮਾਂ ਆਪਣੀ ਇਤਿਹਾਸਕ, ਨਿਆਰੀ ਯਾਦ ਦੇ ਬੰਨ੍ਹ ਮਾਰ ਸਕਣਗੀਆਂ ਤੇ ਖੁੰਖਾਰੂ ਸਮੁੰਦਰਾਂ ਦੇ ਦਰਮਿਆਨ ਖਿੜ ਰਹੀ ਆਪਣੀ ਪਹਿਚਾਣ ਦੇ ਟਾਪੂ ਨੂੰ ਬਚਾ ਸਕਣਗੀਆਂ।