ਕੈਲੀਫੋਰਨੀਆ ਵਿਚ ਗੱਡੀ 250 ਫੁੱਟ ਡੂੰਘੀ ਖੱਡ ਵਿਚ ਡਿੱਗੀ, ਸਾਰੇ 4 ਸਵਾਰ ਠੀਕ ਠਾਕ

ਕੈਲੀਫੋਰਨੀਆ ਵਿਚ ਗੱਡੀ 250 ਫੁੱਟ ਡੂੰਘੀ ਖੱਡ ਵਿਚ ਡਿੱਗੀ, ਸਾਰੇ 4 ਸਵਾਰ ਠੀਕ ਠਾਕ
ਕੈਪਸ਼ਨ: ਕੈਲੀਫੋਰਨੀਆ ਵਿਚ 250 ਫੁੱਟ ਡੂੰਘੀ ਖੱਡ ਵਿਚ ਡਿੱਗੀ ਕਾਰ ਤੇ ਨਾਲ ਦੀ ਤਸਵੀਰ ਵਿਚ ਮੱਦਦ ਲਈ ਪੁੱਜਾ ਹੈਲੀਕਾਪਟਰ ਨਜਰ ਆ ਰਿਹਾ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)   ਕੈਲੀਫੋਰਨੀਆ ਦੇ ਪੈਸਿਫਿਕ ਕੋਸਟ ਹਾਈਵੇਅ ਉਪਰ ਟੈਸਲਾ ਗੱਡੀ ਫਿਸਲ ਕੇ 250 ਫੁੱਟ ਡੂੰਘੀ ਖੱਡ ਵਿਚ ਜਾ ਡਿੱਗੀ। ਗੱਡੀ ਵਿਚ ਸਵਾਰ 4 ਵਿਅਕਤੀ ਠੀਕ ਠਾਕ ਹਨ ਹਾਲਾਂ ਕਿ ਉਨਾਂ  ਦੇ ਗੰਭੀਰ ਸੱਟਾਂ ਲੱਗੀਆਂ ਹਨ।

ਇਹ ਹਾਦਸਾ ਸਨ ਫਰਾਂਸਿਸਕੋ ਤੋਂ 20 ਮੀਲ ਦੂਰ  ਦੱਖਣ ਵਿਚ ਡੈਵਿਲ ਸਲਾਈਡ ਖੇਤਰ ਵਿਚ ਵਾਪਰਿਆ। ਕੈਲੀਫੋਰਨੀਆ ਫਾਇਰ ਦੇ ਕੋਸਟਸਾਈਡ ਫਾਇਰ ਪ੍ਰਟੈਕਸ਼ਨ ਡਿਸਟ੍ਰਿਕਟ ਦੇ ਬਟਾਲੀਅਨ ਮੁੱਖੀ ਬਰੀਅਨ ਪੋਟੈਨਜਰ ਨੇ ਕਿਹਾ ਹੈ ਕਿ ਸਾਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ  ਕਾਰ ਵਿਚ ਸਵਾਰ ਦੋ ਬੱਚੇ ਤੇ ਦੋ ਬਾਲਗ ਠੀਕ ਠਾਕ ਹਨ ਹਾਲਾਂ ਕਿ ਏਨੀ ਉਚਾਈ ਤੋਂ ਡਿੱਗਣ ਕਾਰਨ ਗੱਡੀ ਬੁਰੀ ਤਰਾਂ ਤਬਾਹ ਹੋ ਗਈ । ਉਨਾਂ ਕਿਹਾ ਕਿ ਇਸ ਸੜਕ ਉਪਰ ਹਾਦਸੇ ਹੋਣਾ ਆਮ ਗੱਲ ਹੈ। ਅਸੀਂ ਅਕਸਰ ਹਾਦਸਾ ਹੋਣ 'ਤੇ ਤੁਰੰਤ ਕਾਰਵਾਈ ਕਰਦੇ ਹਾਂ। ਇਸ ਹਾਦਸੇ ਵਿਚ ਖਾਸ ਗੱਲ ਇਹ ਰਹੀ ਕਿ ਏਨਾ ਭਿਆਨਕ ਹਾਦਸਾ ਹੋਣ ਦੇ ਬਾਵਜੂਦ ਸਾਰੇ 4 ਕਾਰ ਸਵਾਰ ਬਚ ਗਏ ਹਨ। ਉਨਾਂ ਕਿਹਾ ਕਿ 9 ਸਾਲ ਦਾ ਲੜਕਾ ਤੇ 4 ਸਾਲ ਦੀ ਬੱਚੀ ਆਪਣੀਆਂ ਕਾਰ ਸੀਟਾਂ ਉਪਰ ਸੁਰੱਖਿਅਤ ਬਚ ਗਏ। ਜਦੋਂ ਰਾਹਤ ਅਮਲਾ ਮੌਕੇ ਉਪਰ ਪੁੱਜਾ ਤਾਂ ਬੁਰੀ ਤਰਾਂ ਤਬਾਹ ਹੋਈ ਗੱਡੀ ਵਿਚ ਕਾਰ ਸਵਾਰ ਫੱਸੇ ਹੋਏ ਸਨ  ਹਾਲਾਂ ਕਿ ਉਹ ਸਾਰੇ ਹੋਸ਼ ਵਿਚ ਸਨ। ਬਾਅਦ ਵਿਚ ਹੈਲੀਕਾਪਟਰ ਰਾਹੀਂ ਉਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ।