ਨਿਊਯਾਰਕ ਅੱਗ ਬੁਝਾਊ ਵਿਭਾਗ ਦੇ 6 ਮੁਲਾਜ਼ਮ 4 ਹਫਤਿਆਂ ਲਈ ਮੁਅੱਤਲ

ਨਿਊਯਾਰਕ ਅੱਗ ਬੁਝਾਊ ਵਿਭਾਗ ਦੇ 6 ਮੁਲਾਜ਼ਮ 4 ਹਫਤਿਆਂ ਲਈ ਮੁਅੱਤਲ
ਕੈਪਸ਼ਨ : ਨਿਊਯਾਰਕ ਦੇ ਅੱਗ ਬੁਝਾਊ ਵਿਭਾਗ ਦੀ ਗੱਡੀ

ਕੋਵਿਡ-19 ਵੈਕਸੀਨ ਦਾ ਮਾਮਲਾ-

* ਮੁਅੱਤਲੀ ਦੌਰਾਨ ਨਹੀਂ ਮਿਲੇਗੀ ਤਨਖਾਹ

* ਗਲਤ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਕਮਿਸ਼ਨਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)ਡਿਊਟੀ ਦੌਰਾਨ ਅੱਗ ਬੁਝਾਊ ਅਮਲੇ ਦੇ ਮੁਲਾਜ਼ਮਾਂ ਵੱਲੋਂ ਇਕ ਚੁਣੇ ਹੋਏ ਅਧਿਕਾਰੀ ਨਾਲ ਗਲਤ ਵਿਵਹਾਰ ਕਰਨ ਦੀ  ਵਾਪਰੀ ਘਟਨਾ ਉਪਰੰਤ 6 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮੁਅੱਤਲੀ 4 ਹਫਤਿਆਂ ਲਈ ਹੋਵੇਗੀ ਜਿਸ ਦੌਰਾਨ ਮੁਲਾਜ਼ਮਾਂ ਨੂੰ ਕੋਈ ਤਨਖਾਹ ਨਹੀਂ ਦਿੱਤੀ ਜਾਵੇਗੀ। ਇਹ ਜਾਣਕਾਰੀ ਨਿਊਯਾਰਕ ਫਾਇਰ ਵਿਭਾਗ ਦੇ ਇਕ ਬੁਲਾਰੇ ਨੇ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਵਾਪਰੀ ਘਟਨਾ ਵਿਚ ਕੋਵਿਡ ਵੈਕਸੀਨ ਦੇ ਵਿਰੋਧ ਵਿਚ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮ ਡਿਊਟੀ ਦੌਰਾਨ ਇਕ ਅੱਗ ਬੁਝਾਉਣ ਵਾਲੀ ਗੱਡੀ ਨੂੰ ਨਿਊਯਾਰਕ ਸਟੇਟ ਸੈਨੇਟਰ ਜੈਲਨੌਰ ਮਇਰੀ ਦੇ ਬਰੁਕਲਿਨ ਸਥਿੱਤ ਦਫਤਰ ਵਿਚ ਲੈ ਗਏ ਜਿਥੇ ਉਨਾਂ ਨੇ ਕੋਵਿਡ ਵੈਕਸੀਨ ਦੇ ਵਿਰੋਧ ਵਿਚ ਨਾਅਰੇ ਲਾਏ। ਮੇਅਰ ਬਿੱਲ ਡੀ ਬਲਾਸੀਓ ਨੇ ਕਿਹਾ ਹੈ ਕਿ ''ਮੰਗਲਵਾਰ ਵਾਪਰੀ ਇਸ ਘਟਨਾ  ਕਾਰਨ ਉਹ ਨਿਰਾਸ਼ ਹੋਏ ਹਨ। ਅੱਗ ਬੁਝਾਊ ਅਮਲੇ ਦੇ ਮੈਂਬਰਾਂ ਨੇ ਵਿਭਾਗ ਦੀ ਵਰਦੀ ਵਿਚ ਸਟੇਟ ਸੈਨੇਟਰ ਦਾ ਅਪਮਾਨ ਕੀਤਾ ਹੈ। ਆਪਣੇ ਹੀ ਰਾਜਸੀ ਵਿਸ਼ਵਾਸ਼ ਦੇ ਆਧਾਰ 'ਤੇ ਕੀਤੀ ਗਈ ਮੁਲਾਜ਼ਮਾਂ ਦੀ ਇਹ ਕਾਰਵਾਈ ਨਿੰਦਣਯੋਗ ਹੈ।'' ਅੱਗ ਬੁਝਾਊ ਵਿਭਾਗ ਨਿਊਯਾਰਕ ਦੇ ਕਮਿਸ਼ਨਰ ਡੈਨੀਅਲ ਏ  ਨਿਗਰੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਵਿਵਹਾਰ ਨੂੰ ਬਰਦਾਰਸ਼ਤ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਕਾਰਨ ਨੈਤਿਕ ਤੌਰ 'ਤੇ ਜੋ ਨੁਕਸਾਨ ਪੁੱਜਾ ਹੈ, ਉਸ ਦੀ ਭਰਪਾਈ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਇਸ ਘਟਨਾ  ਲਈ ਜਿੰਮੇਵਾਰ ਮੁਲਾਜ਼ਮਾਂ ਨੂੰ ਨਿਯਮਾਂ ਤਹਿਤ ਵਧ ਤੋਂ ਵਧ 28 ਦਿਨਾਂ ਲਈ ਮੁਅੱਤਲ ਕੀਤਾ ਗਿਆ ਹੈ। ਉਨਾਂ ਇਹ ਵੀ ਕਿਹਾ ਕਿ ਘਟਨਾ ਦੀ ਮੁਕੰਮਲ ਜਾਂਚ ਹੋਣ ਤੋਂ ਪਹਿਲਾਂ ਮੁਅੱਤਲ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਜਾਂ ਜੁਰਮਾਨਾ ਲਾਉਣ ਬਾਰੇ ਉਹ ਕੁਝ ਨਹੀਂ ਕਹਿ ਸਕਦੇ। ਇਥੇ ਜ਼ਿਕਰਯੋਗ ਹੈ ਕਿ ਲੰਘੇ ਸੋਮਵਾਰ ਵੈਕਸੀਨ ਲਵਾਉਣੀ ਜਰੂਰੀ ਹੋ ਜਾਣ ਉਪਰੰਤ ਸਥਾਨਕ ਅੱਗ ਬੁਝਾਊ ਵਿਭਾਗ, ਪੁਲਿਸ ਵਿਭਾਗ ਤੇ ਹੋਰ ਕਈ ਵਿਭਾਗਾਂ ਦੇ ਮੁਲਾਜ਼ਮ ਛੁੱਟੀ ਉਪਰ ਚਲੇ ਗਏ ਹਨ ਜਿਸ ਕਾਰਨ ਵਿਭਾਗਾਂ ਨੂੰ ਮੁਲਾਜ਼ਮਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੇਲੇ ਵੱਖ ਵੱਖ ਵਿਭਾਗਾਂ ਦੇ 9000 ਮੁਲਾਜ਼ਮ ਬਿਨਾਂ ਤਨਖਾਹ ਛੁੱਟੀ ਉਪਰ ਹਨ। 

92% ਮੁਲਾਜ਼ਮਾਂ ਦੇ ਵੈਕਸੀਨ ਲੱਗੀ-

ਨਿਊਯਾਰਕ ਦੇ ਮੇਅਰ ਬਿੱਲ ਡੀ ਬਲਾਸੀਓ ਨੇ ਕਿਹਾ ਹੈ ਕਿ ਮਿਊਂਸਪਿਲ ਵਰਕਫੋਰਸ ਵਿਚ ਸ਼ਾਮਿਲ 92% ਮੁਲਾਜ਼ਮਾਂ ਨੂੰ ਕੋਵਿਡ-19 ਤੋਂ ਬਚਾਅ ਲਈ ਘੱਟੋ ਘੱਟ ਇਕ ਟੀਕਾ ਲੱਗ ਚੁੱਕਾ ਹੈ। ਉਨਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 2000 ਮੁਲਾਜ਼ਮਾਂ ਨੂੰ ਟੀਕੇ ਲਾਏ ਗਏ ਹਨ।  ਮੇਅਰ ਨੇ ਦੱਸਿਆ ਕਿ ਕੁੱਲ ਮਿਊਂਸਪਿਲ ਮੁਲਾਜ਼ਮਾਂ ਵਿਚੋਂ 3% ਤੋਂ ਘੱਟ ਮੁਲਾਜ਼ਮ ਛੁੱਟੀ ਉਪਰ ਹਨ ਜਦ ਕਿ 12000 ਮੁਲਾਜ਼ਮਾਂ ਨੇ ਧਾਰਮਿਕ ਤੇ ਡਾਕਟਰੀ ਆਧਾਰ ਉਪਰ ਛੁੱਟੀ ਮੰਗੀ ਹੈ। ਇਹ ਮੁਲਾਜ਼ਮ ਛੁੱਟੀ ਸਬੰਧੀ ਫੈਸਲਾ ਹੋਣ ਤੱਕ ਕੰਮ ਉਪਰ ਰਹਿਣਗੇ। ਮੇਅਰ ਨੇ ਕਿਹਾ ਕਿ ਅੱਗ ਬੁਝਾਊ ਵਿਭਾਗ, ਪੁਲਿਸ ਤੇ ਸਾਫ-ਸਫਾਈ ਵਿਭਾਗ ਵਿਚ ਮੁਲਾਜ਼ਮਾਂ ਦੇ ਛੁੱਟੀ ਉਪਰ ਚਲੇ ਜਾਣ ਕਾਰਨ ਕੰਮ ਪ੍ਰਭਾਵਿਤ ਨਹੀਂ ਹੋਇਆ ਹੈ।