ਰਾਸ਼ਟਰਪਤੀ ਲਈ ਚਣੌਤੀ ਭਰਪੂਰ ਹੋਵੇਗਾ ਕਾਰਜਕਾਲ ਦਾ ਬਚਿਆ ਆਖਰੀ ਹਫਤਾ

ਰਾਸ਼ਟਰਪਤੀ ਲਈ ਚਣੌਤੀ ਭਰਪੂਰ ਹੋਵੇਗਾ ਕਾਰਜਕਾਲ ਦਾ ਬਚਿਆ ਆਖਰੀ ਹਫਤਾ

ਰਿਪਬਲੀਕਨ ਉਸ ਦੇ ਵਿਰੁੱਧ ਨਿੱਤਰੇ ਮਹਾਂਦੋਸ਼ ਉਪਰ ਮੰਗਲਵਾਰ ਪੈ ਸਕਦੀਆਂ ਹਨ ਵੋਟਾਂ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਰਾਸ਼ਟਰਪਤੀ ਡੋਨਾਲਡ ਟਰੰਪ ਲਈ ਕਾਰਜਕਾਲ ਦਾ ਬਚਿਆ ਤਕਰੀਬਨ ਇਕ ਹਫਤਾ ਬਹੁਤ ਚੁਣੌਤੀ ਭਰਪੂਰ ਹੋਵੇਗਾ। ਉਸ ਦਾ ਵਿਰੋਧ ਕਰਨ ਵਾਲੇ ਆਪਣੀ ਹੀ ਰਿਪਬਲੀਕਨ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਇਹ ਸੰਸਦ ਮੈਂਬਰ 6 ਜਨਵਰੀ ਨੂੰ ਸੰਸਦ ਵਿਚ ਵਾਪਰੀ ਹਿੰਸਾ ਦੇ ਮਾਮਲੇ ਨੂੰ ਲੈ ਕੇ ਟਰੰਪ ਨੂੰ 20 ਜਨਵਰੀ ਤੋਂ ਪਹਿਲਾਂ ਹੀ ਅਹੁੱਦੇ ਤੋਂ ਫਾਰਗ ਕਰ ਦੇਣ ਦੇ ਹੱਕ ਵਿਚ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਡੈਮੋਕਰੈਟਸ ਨਾਲ ਹੱਥ ਮਿਲਾ ਲਏ ਹਨ। ਡੈਮੋਕਰੈਟਸ ਪਹਿਲਾਂ ਹੀ ਉਸ ਵਿਰੁੱਧ ਮਹਾਂਦੋਸ਼ ਲਾਉਣ ਦੀ ਤਿਆਰੀ ਵਿਚ ਹਨ। ਡੈਮੋਕਰੈਟਸ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਮਹਾਂਦੋਸ਼ ਮਤੇ ਉਪਰ ਵੋਟਾਂ ਪੈਣਗੀਆਂ। ਇਸ ਦੀ ਤਿਆਰੀ ਕਰ ਲਈ ਗਈ ਹੈ। ਰਿਪਬਲੀਕਨ ਸੈਨੇਟਰ ਪੈਟ ਟੂਮੀ ਨੇ ਖੁਲ੍ਹ ਕੇ ਰਾਸ਼ਟਰਪਤੀ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਅਸਤੀਫਾ ਦੇ ਕੇ ‘ਅਪਰਾਧਕ ਜਵਾਬਦੇਹੀ’ ਦਾ ਸਾਹਮਣਾ ਕਰਨਾ ਚਾਹੀਦਾ ਹੈ। ਪੈਟ ਤੋਂ ਇਲਾਵਾ ਲੰਬੇ ਸਮੇਂ ਤੋਂ ਰਾਸ਼ਟਰਪਤੀ ਨਾਲ ਜੁੜੇ ਰਿਪਬਲੀਕਨ ਆਗੂ ਨਿੳੂ ਜਰਸੀ ਦੇ ਸਾਬਕਾ ਗਵਰਨਰ ਸਿਟੀ ਨੇ ਕਿਹਾ ਹੈ ਕਿ ਉਹ ਮਹਾਂਦੋਸ਼ ਮਤੇ ਦਾ ਸਮਰਥਨ ਕਰਨਗੇ।

ਉਨ੍ਹਾਂ ਕਿਹਾ, "ਦੇਸ਼ ਦੀ ਸੰਸਦ ਵਿਚ ਹਿੰਸਾ ਹੋਈ ਹੈ ਤੇ ਲੋਕ ਮਾਰੇ ਗਏ ਹਨ ਤੇ ਜੇਕਰ ਮਹਾਂਦੋਸ਼ ਦੀ ਕਾਰਵਾਈ ਨਹੀਂ ਹੁੰਦੀ ਤਾਂ ਮਾਮਲਾ ਮੇਰੀ ਸਮਝ ਤੋਂ ਬਾਹਰ ਹੋ ਜਾਵੇਗਾ।’’ 

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦਾ ਅਪਰਾਧ ਮਹਾਂਦੋਸ਼ ਦੀ ਕਾਰਵਾਈ ਲਈ ਉਚਿੱਤ ਹੈ। ਸਿਟੀ ਪਿਛਲੇ 20 ਸਾਲਾਂ ਤੋਂ ਟਰੰਪ ਨਾਲ ਜੁੜੇ ਹੋਏ ਹਨ। 2016 ਵਿਚ ਉਹ ਪਹਿਲੇ ਗਵਰਨਰ ਸਨ ਜਿਨ੍ਹਾਂ ਨੇ ਉਨ੍ਹਾਂ ਦੀ ਚੋਣ ਮੁਹਿੰਮ ਦਾ ਸਮਰਥਨ ਕੀਤਾ ਸੀ।

ਇਕ ਹੋਰ ਰਿਪਬਲੀਕਨ ਸੈਨੇਟਰ ਲੀਸਾ ਮੁਰਕੋਵਸਕੀ (ਅਲਾਸਕਾ) ਨੇ ਟਰੰਪ ਕੋਲੋਂ ਅਸਤੀਫੇ ਦੀ ਮੰਗ ਕੀਤੀ ਹੈ। ਹਾਲਾਂ ਕਿ ਉਨ੍ਹਾਂ ਨੇ ਕਿਹਾ ਹੈ ਕਿ ਟਰੰਪ ਵੱਲੋਂ ਅਸਤੀਫਾ ਦੇਣ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਟਰੰਪ ਵਿਰੁੱਧ ਹਿੰਸਾ ਉਕਸਾਉਣ ਵਿਚ ਨਿਭਾਈ ਭੂਮਿਕਾ ਲਈ ਫੌਜਦਾਰੀ ਦੋਸ਼ਾਂ ਤਹਿਤ ਕੇਸ ਚਲਣਾ ਚਾਹੀਦਾ ਹੈ। ਰਾਜਸੀ ਵਿਸ਼ਲੇਸ਼ਣਕਾਰਾਂ ਦਾ ਮੰਨਣਾ ਹੈ ਕਿ ਟਰੰਪ ਲਈ 2024 ਵਿਚ ਪਾਰਟੀ ਉਮੀਦਵਾਰ ਬਣਨ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗ ਸਕਦਾ ਹੈ। ਜੇਕਰ ਉਨ੍ਹਾਂ ਨੂੰ ਮਹਾਂਦੋਸ਼ ਲਾ ਕੇ ਅਹੁੱਦੇ ਤੋਂ ਲਾਹ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਲਈ ਰਿਪਬਲੀਕਨ ਪਾਰਟੀ ਵੱਲੋਂ ਦੁਬਾਰਾ ਰਾਸ਼ਟਰਪਤੀ ਦੀ ਚੋਣ ਲੜਨ ਦਾ ਮੌਕਾ ਤਕਰੀਬਨ ਖਤਮ ਹੋ ਜਾਵੇਗਾ।

25 ਵਿਅਕਤੀਆਂ ਵਿਰੁੱਧ ਅੱਤਵਾਦ ਦੇ ਦੋਸ਼ਾਂ ਤਹਿਤ ਚੱਲੇਗਾ ਮੁਕੱਦਮਾ
ਸੰਸਦ ਵਿਚ ਹਿੰਸਾ ਦੇ ਮਾਮਲੇ ਨੂੰ ਲੈ ਕੇ 25 ਵਿਅਕਤੀਆਂ ਵਿਰੁੱਧ ਜਾਂਚ ਚੱਲ ਰਹੀ ਹੈ ਜਿਨ੍ਹਾਂ ਖਿਲਾਫ ਘਰੇਲੂ ਅੱਤਵਾਦ ਦੇ ਦੋਸ਼ਾਂ ਤਹਿਤ ਕੇਸ ਦਾਇਰ ਕੀਤਾ ਜਾਵੇਗਾ। ਇਹ ਖੁਲਾਸਾ ਇਕ ਰੱਖਿਆ ਅਧਿਕਾਰੀ ਤੇ ਕਾਂਗਰਸ ਮੈਂਬਰ ਨੇ ਕੀਤਾ ਹੈ। ਡੈਮੋਕਰੈਟਿਕ ਆਗੂ ਜੈਸਨ ਕਰੌਅ ਤੇ ਇਕ ਸਾਬਕਾ ਆਰਮੀ ਰੇਂਜਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਫੌਜ ਦੇ ਸਕੱਤਰ ਰਿਆਨ ਮੈਕਰਥੀ ਨਾਲ ਗੱਲਬਾਤ ਕੀਤੀ ਹੈ ਤੇ ਉਨ੍ਹਾਂ ਨੂੰ ਦਸਿਆ ਹੈ ਕਿ ਸੰਸਦ ਉਪਰ ਹਮਲੇ ਦੇ ਮਾਮਲੇ ਵਿਚ ਘਟੋ ਘੱਟ 25 ਵਿਅਕਤੀਆਂ ਵਿਰੁੱਧ ਅੱਤਵਾਦੀ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਤੱਕ 24 ਰਾਜਾਂ ਦੇ 58 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸੇ ਦੌਰਾਨ ਇਕ ਰਖਿਆ ਅਧਿਕਾਰੀ ਨੇ ਕਿਹਾ ਹੈ ਕਿ ਕੁਝ ਫੌਜੀ 6 ਜਨਵਰੀ ਦੀ ਹਿੰਸਾ ਵਿਚ ਸ਼ਾਮਿਲ ਹੋ ਸਕਦੇ ਹਨ। ਇਸ ਸਬੰਧ ਵਿਚ ਫੌਜ ਜਾਂਚ ਕਰੇਗੀ। ਉਨ੍ਹਾਂ ਕਿਹਾ ਕਿ ਫੌਜੀਆਂ ਦਾ ਹਿੰਸਾ ਵਿਚ ਸ਼ਾਮਲ ਹੋਣਾ ਬਹੁਤ ਚਿੰਤਾ ਵਾਲੀ ਗੱਲ ਹੈ। ਨਿਆਂ ਵਿਭਾਗ ਦੇ ਬੁਲਾਰੇ ਮਾਰਕ ਰੇਮੌਂਡੀ ਨੇ ਕਿਹਾ ਹੈ ਕਿ ਅਸੀਂ ਉਨ੍ਹਾਂ ਸਾਰੇ ਲੋਕਾਂ ਦੀ ਪਛਾਣ ਦੇ ਕੰਮ ਵਿਚ ਲੱਗੇ ਹੋਏ ਹਾਂ ਜਿਨ੍ਹਾਂ ਨੇ ਸੰਸਦ ਵਿਚ ਹਿੰਸਾ ਕੀਤੀ। ਅਜਿਹਾ ਕਰਦਿਆਂ ਇਹ ਪਰਵਾਹ ਨਹੀਂ ਕੀਤੀ ਜਾਵੇਗੀ ਕਿ ਦੰਗਾਕਾਰੀ ਕੌਣ ਹੈ ਜਾਂ ਉਸ ਦਾ ਕਿਸ ਪਾਰਟੀ ਜਾਂ ਸੰਸਥਾ ਨਾਲ ਸਬੰਧ ਹੈ। 

ਉਨ੍ਹਾਂ ਇਹ ਵੀ ਕਿਹਾ ਕਿ 20 ਜਨਵਰੀ ਦੇ ਸਹੁੰ ਚੁੱਕ ਸਮਾਗਮ ਸਬੰਧੀ ਪੈਂਟਾਗਨ ਨੂੰ ਕਿਹਾ ਗਿਆ ਹੈ ਕਿ ਉਹ ਇਸ ਮੌਕੇ ਤਾਇਨਾਤ ਕੀਤੇ ਜਾਣ ਵਾਲੇ ਸੁਰੱਖਿਆ ਜਵਾਨਾਂ ਦੀ ਸਮੀਖਿਆ ਕਰੇ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਇਸ ਮੌਕੇ ਕੋਈ ਵੀ ਘਰੇਲੂ ਅੱਤਵਾਦੀਆਂ ਦਾ ਸਮਰਥਕ ਸ਼ਾਮਿਲ ਨਾ ਹੋਵੇ।