ਹਰਿਆਣੇ ਵਿਚ ਕਿਸਾਨਾਂ ਨੇ ਸਰਕਾਰ ਖੂੰਝੇ ਲਾਈ

ਹਰਿਆਣੇ ਵਿਚ ਕਿਸਾਨਾਂ ਨੇ ਸਰਕਾਰ ਖੂੰਝੇ ਲਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਹਰਿਆਣੇ ਵਿਚ ਕਿਸਾਨ ਸੰਘਰਸ਼ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਜਿਸਦੀ ਪ੍ਰਤੱਖ ਮਿਸਾਲ ਕਰਨਾਲ ਵਿਚ ਦੇਖਣ ਨੂੰ ਮਿਲੀ। ਇੱਥੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕੈਮਲਾ ਪਿੰਡ ਵਿਚ ਖੇਤੀ ਕਾਨੂੰਨਾਂ ਦੇ ਹੱਕ 'ਚ ਰੈਲੀ ਕੀਤੀ ਜਾਣੀ ਸੀ। ਕਿਸਾਨਾਂ ਵੱਲੋਂ ਇਸ ਰੈਲੀ ਦੇ ਵਿਰੋਧ ਦਾ ਐਲਾਨ ਕੀਤਾ ਗਿਆ ਸੀ ਅਤੇ ਪ੍ਰਸ਼ਾਸਨ ਨੂੰ ਰੈਲੀ ਨਾ ਕਰਨ ਦੀ ਅਪੀਲ ਵੀ ਕੀਤੀ ਸੀ। ਪਰ ਮੁੱਖ ਮੰਤਰੀ ਖੱਟਰ ਦੀ ਰੈਲੀ ਲਈ ਭਾਰੀ ਸੁਰੱਖਿਆ ਹੇਠ ਬੰਦੋਬਸਤ ਕਰ ਲਏ ਗਏ ਸੀ ਤਾਂ ਕਿਸਾਨਾਂ ਨੇ ਰੈਲੀ ਵਾਲੀ ਸਟੇਜ 'ਤੇ ਪੁਲਿਸ ਨਾਲ ਝੜਪ ਤੋਂ ਬਾਅਦ ਕਬਜ਼ਾ ਕਰਕੇ ਸਟੇਜ ਪੁੱਟ ਦਿੱਤੀ। ਕਿਸਾਨਾਂ ਨੇ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਣ ਲਈ ਬਣਾਏ ਹੈਲੀਪੈਡ ਨੂੰ ਵੀ ਪੁੱਟ ਦਿੱਤਾ। 

ਕਿਸਾਨਾਂ ਦੇ ਵਿਰੋਧ ਦੇ ਚਲਦਿਆਂ ਮੁੱਖ ਮੰਤਰੀ ਨੂੰ ਇਹ ਰੈਲੀ ਰੱਦ ਕਰਨੀ ਪਈ। ਭਾਵੇਂਕਿ ਕਿਸਾਨਾਂ ਨੇ ਰੈਲੀ ਵਾਲੇ ਪੰਡਾਲ ਵਿਚ ਕੁੱਝ ਵੀ ਨਹੀਂ ਸੀ ਛੱਡਿਆ ਪਰ ਸਰਕਾਰ ਨੇ ਬੜੀ ਬੇਸ਼ਰਮੀ ਨਾਲ ਰੈਲੀ ਨਾ ਕਰਨ ਦਾ ਇਹ ਬਹਾਨਾ ਦੱਸਿਆ ਕਿ ਖਰਾਬ ਮੌਸਮ ਕਾਰਨ ਮੁੱਖ ਮੰਤਰੀ ਉੱਥੇ ਨਹੀਂ ਪਹੁੰਚ ਸਕੇ। 

ਇਸ ਘਟਨਾ ਤੋਂ ਬਾਅਦ ਦੇਰ ਰਾਤ ਪੁਲਸ ਨੇ ਕਿਹਾ ਕਿ ਹੰਗਾਮੇ ਦੇ ਦੋਸ਼ ’ਚ 71 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਰਿਆਣਾ ਪੁਲੀਸ ਨੇ ਪਿੰਡ ਕੈਮਲਾ ਵੱਲ ਵੱਧ ਰਹੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਦੀ ਵਰਤੋਂ ਕੀਤੀ ਤੇ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਚਾਰ ਐੱਸਪੀ ਅਤੇ 12 ਤੋਂ ਵੱਧ ਡੀਐੱਸਪੀ ਦੀ ਅਗਵਾਈ ਵਿੱਚ ਆਸ ਪਾਸ ਦੇ ਜ਼ਿਲ੍ਹਿਆਂ ਦੀ ਪੁਲੀਸ ਵੱਖ-ਵੱਖ ਐਂਟਰੀ ਪੁਆਇੰਟਾਂ ’ਤੇ ਤਾਇਨਾਤ ਕੀਤੀ ਗਈ ਸੀ। ਪੁਲੀਸ ਨੇ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਕੈਮਲਾ ਰੋਡ ’ਤੇ ਟਰੱਕ ਵੀ ਖੜ੍ਹੇ ਕੀਤੇ। ਹਾਲਾਂਕਿ ਕਿਸਾਨ ਇਹਨਾਂ ਹਮਲਿਆਂ ਦਾ ਸਾਹਮਣਾ ਕਰਦੇ ਸਰਕਾਰ ਦੀ ਕਿਸਾਨ ਮਹਾਪੰਚਾਇਤ ਵਾਲੀ ਥਾਂ ਪੁੱਜ ਗਏ।

ਭਾਜਪਾ ਆਗੂ ਰਮਨ ਮਲਿਕ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੇ ਫੁਰਮਾਨ ’ਤੇ ਕਿਸਾਨਾਂ ਵੱਲੋਂ ਕੀਤੇ ਹੁੜਦੰਗ ਕਰਕੇ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ। ਚੇਤੇ ਰਹੇ ਕਿ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਬੈਨਰ ਹੇਠ ਕਿਸਾਨਾਂ ਨੇ ਖੱਟਰ ਦੀ ਮਹਾਪੰਚਾਇਤ ਦਾ ਵਿਰੋਧ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਘਟਨਾ ਲਈ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਜ਼ਿੰਮੇਵਾਰ ਦੱਸਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨਗੇ ਪਰ ਪ੍ਰਦਰਸ਼ਨ ਹਿੰਸਕ ਹੋ ਗਿਆ।