ਅਮਰੀਕੀ ਹਾਊਸ ਨੇ ਚੀਨ ਖਿਲਾਫ ਇਕ ਹੋਰ ਕਾਨੂੰਨ ਪਾਸ ਕੀਤਾ

ਅਮਰੀਕੀ ਹਾਊਸ ਨੇ ਚੀਨ ਖਿਲਾਫ ਇਕ ਹੋਰ ਕਾਨੂੰਨ ਪਾਸ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਮਰੀਕਾ ਦੇ ਹਾਊਸ ਆਫ ਰਿਪਰਸੈਂਟੇਟਿਵਸ ਨੇ ਚੀਨੀ ਅਫਸਰਾਂ 'ਤੇ ਪਾਬੰਦੀਆਂ ਲਾਉਣ ਦੇ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪਾਬੰਦੀਆਂ ਚੀਨ ਵਿਚ ਊਈਗਰ ਮੁਸਲਮਾਨਾਂ 'ਤੇ ਹੁੰਦੇ ਜ਼ੁਲਮ ਨੂੰ ਅਧਾਰ ਬਣਾ ਕੇ ਲਾਈਆਂ ਜਾ ਰਹੀਆਂ ਹਨ। ਇਸ ਕਾਨੂੰਨ ਮੁਤਾਬਕ ਜਿਹੜੇ ਚੀਨੀ ਅਫਸਰ ਊਈਗਰ ਮੁਸਲਮਾਨ ਘੱਟਗਿਣਤੀ 'ਤੇ ਜ਼ੁਲਮ ਕਰਨ ਵਿਚ ਸ਼ਾਮਲ ਹਨ ਉਹਨਾਂ 'ਤੇ ਪਾਬੰਦੀਆਂ ਲਾਈਆਂ ਜਾਣਗੀਆਂ। 

ਦੱਸ ਦਈਏ ਕਿ ਅਮਰੀਕਾ ਅਤੇ ਚੀਨ ਦਰਮਿਆਨ ਹਾਲਾਤ ਬਹੁਤ ਤਲਖ ਹੋ ਗਏ ਹਨ ਤੇ ਇਸ ਬਿੱਲ ਨੂੰ ਅਮਰੀਕਾ ਦੇ ਚੀਨ ਵਿਰੋਧੀ ਸਖਤ ਕਦਮਾਂ ਵਿਚੋਂ ਇਕ ਵਜੋਂ ਦੇਖਿਆ ਜਾ ਰਿਹਾ ਹੈ। ਬੀਤੇ ਕੱਲ੍ਹ ਹੀ ਹਾਂਗ ਕਾਂਗ ਦੇ ਮਾਮਲੇ ਵਿਚ ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੋਂਪੀਓ ਨੇ ਕਿਹਾ ਸੀ ਕਿ ਅਮਰੀਕਾ ਸਰਕਾਰ ਮੰਨਦੀ ਹੈ ਕਿ ਹੁਣ ਹਾਂਗ ਕਾਂਗ ਚੀਨ ਤੋਂ ਖੁਦਮੁਖਤਿਆਰ ਨਹੀਂ ਰਿਹਾ। 

ਊਈਗਰ ਮਨੁੱਖੀ ਹੱਕ ਕਾਨੂੰਨ ਨਾਂ ਦੇ ਇਸ ਬਿਲ ਨੂੰ ਹਾਊਸ ਆਫ ਰਿਪਰਸੈਂਟੇਟਿਵਸ ਵਿਚ 413-1 ਵੋਟਾਂ ਨਾਲ ਭਾਰੀ ਸਹਿਮਤੀ ਮਿਲੀ ਹੈ। ਚੀਨ ਖਿਲਾਫ ਊਈਗਰ ਮੁਸਲਿਮ ਘੱਟਗਿਣਤੀ ਦੇ ਲੋਕਾਂ ਨੂੰ ਕੈਂਪਾਂ ਵਿਚ ਨਜ਼ਰਬੰਦ ਕਰਕੇ ਰੱਖਣ ਦੇ ਦੋਸ਼ ਹਨ। ਸੰਯੁਕਤ ਰਾਸ਼ਟਰ ਮੁਤਾਬਕ 10 ਲੱਖ ਤੋਂ ਵੱਧ ਮੁਸਲਿਮ ਲੋਕਾਂ ਨੂੰ ਚੀਨ ਨੇ ਇਹਨਾਂ ਕੈਂਪਾਂ ਵਿਚ ਬੰਦ ਕੀਤਾ ਹੋਇਆ ਹੈ। ਚੀਨ 'ਤੇ ਇਹਨਾਂ ਲੋਕਾਂ ਦੀ ਨਸਲਕੁਸ਼ੀ ਦਾ ਦੋਸ਼ ਹੈ।

ਹੁਣ ਇਸ ਬਿੱਲ 'ਤੇ ਅਮਰੀਕੀ ਰਾਸ਼ਟਰਪਤੀ ਦੇ ਦਸਤਖਤ ਹੋਣੇ ਬਾਕੀ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤਾਂ ਨਾਲ ਇਹ ਬਿਲ ਪੂਰਨ ਕਾਨੂੰਨ ਦਾ ਰੂਪ ਲੈ ਲਵੇਗਾ ਅਤੇ ਚੀਨ ਦੀ ਰਾਜਸੱਤਾ 'ਤੇ ਕਾਬਜ਼ ਕਮਿਊਨਿਸਟ ਪਾਰਟੀ ਦੇ ਕਈ ਅਹਿਮ ਆਗੂਆਂ 'ਤੇ ਇਸਦਾ ਅਸਰ ਪੈ ਸਕਦਾ ਹੈ। ਇਸ ਕਾਨੂੰਨ ਨੂੰ ਚੀਨ 'ਤੇ ਇਕ ਹੋਰ ਅਮਰੀਕੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਊਈਗਰ ਮੁਸਲਿਮ ਭਾਈਚਾਰੇ ਦੇ ਨੁਮਾਂਇੰਦਿਆਂ ਨੇ ਅਮਰੀਕਾ ਦੇ ਇਸ ਕਾਨੂੰਨ ਦਾ ਸਵਾਗਤ ਕੀਤਾ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।