ਪੀਜੀ ਵਿਚ ਅੱਗ ਲਗਣ ਨਾਲ ਤਿੰਨ ਵਿਦਿਆਰਥਣਾਂ ਦੀ ਮੌਤ; ਵਪਾਰ ਦੀ ਹੋੜ 'ਚ ਸੁਰੱਖਿਆ ਵੱਲ ਕੋਈ ਧਿਆਨ ਨਹੀਂ

ਪੀਜੀ ਵਿਚ ਅੱਗ ਲਗਣ ਨਾਲ ਤਿੰਨ ਵਿਦਿਆਰਥਣਾਂ ਦੀ ਮੌਤ; ਵਪਾਰ ਦੀ ਹੋੜ 'ਚ ਸੁਰੱਖਿਆ ਵੱਲ ਕੋਈ ਧਿਆਨ ਨਹੀਂ

ਚੰਡੀਗੜ੍ਹ: ਇੱਥੋਂ ਦੇ ਸੈਕਟਰ 32 ਡੀ ਵਿਚ ਸਥਿਤ ਇਕ ਇਮਾਰਤ ਅੰਦਰ ਅੱਗ ਲਗਣ ਨਾਲ ਤਿੰਨ ਵਿਦਿਆਰਥਣਾਂ ਦੀ ਮੌਤ ਹੋ ਗਈ ਜਦਕਿ ਦੋ ਵਿਦਿਆਰਥਣਾਂ ਗੰਭੀਰ ਜ਼ਖਮੀ ਹੋਈਆਂ ਹਨ। ਇਹਨਾਂ ਵਿਚੋਂ ਇਕ ਨੇ ਮਕਾਨ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਬਚਾਈ। ਮ੍ਰਿਤਕ ਵਿਦਿਆਰਥਣਾਂ ਦੀ ਪਛਾਣ ਰੀਯਾ ਵਾਸੀ ਕਪੂਰਥਲਾ, ਪਾਕਸ਼ੀ ਵਾਸੀ ਕੋਟਕਪੂਰਾ ਅਤੇ ਮੁਸਕਾਨ ਵਾਸੀ ਹਿਸਾਰ ਵਜੋਂ ਹੋਈ ਹੈ। ਜ਼ਖਮੀ ਵਿਦਿਆਰਥਣਾਂ ਦੀ ਪਛਾਣ ਫੈਮਿਨਾ ਅਤੇ ਜੈਸਮੀਨ ਵਜੋਂ ਹੋਈ ਹੈ। 

ਪ੍ਰਤੱਖ ਦਰਸ਼ੀਆਂ ਮੁਤਾਬਕ ਅੱਗ ਬੁਝਾਊ ਦਸਤੇ ਨੂੰ 3.50 'ਤੇ ਫੋਨ ਕਰ ਦਿੱਤਾ ਗਿਆ ਸੀ ਤੇ 20 ਮਿੰਟ ਬਾਅਦ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ। 4 ਗੱਡੀਆਂ ਵੱਲੋਂ ਇੱਕ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। 

ਥਾਣਾ ਸੈਕਟਰ 34 ਦੇ ਮੁਖੀ ਬਲਦੇਵ ਕੁਮਾਰ ਨੇ ਦੱਸਿਆ ਕਿ ਇਹ ਪੀ.ਜੀ ਰਜਿਸਟਰਡ ਨਹੀਂ ਸੀ ਅਤੇ ਘਰ ਦੇ ਮਾਲਕ ਤੇ ਪੀਜੀ ਚਲਾ ਰਹੇ ਨਿਤੇਸ਼ ਬਾਂਸਲ ਤੇ ਨਿਤੀਸ਼ ਪੋਪਲ ਖਿਲਾਫ ਭਾਰਤੀ ਸਜ਼ਾਵਲੀ ਦੀ ਧਾਰਾ 336, 304, 188 ਅਤੇ 34 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਹਲਾਂਕਿ ਹੁਣ ਤੱਕ ਅੱਗ ਲਗਣ ਦੀ ਪੁਖਤਾ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। 

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿਦਿਅਕ ਅਦਾਰਿਆਂ 'ਚ ਪੜ੍ਹਨ ਲਈ ਆਉਂਦੇ ਵਿਦਿਆਰਥੀਆਂ ਲਈ ਕਿਰਾਏ 'ਤੇ ਦਿੱਤੇ ਜਾਂਦੇ ਘਰਾਂ ਦੀ ਸੁਰੱਖਿਆ ਇਕ ਵਾਰ ਮੁੜ ਚਰਚਾ 'ਚ ਆ ਗਈ ਹੈ। ਮਹਿੰਗੇ ਕਿਰਾਏ ਦੇਣ ਦੇ ਬਾਵਜੂਦ ਵੀ ਇਹਨਾਂ ਘਰਾਂ 'ਚ ਸੁਰੱਖਿਆ ਦੇ ਪੱਖੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਹ ਇਕ ਵੱਡਾ ਵਪਾਰ ਬਣ ਚੁੱਕਿਆ ਹੈ। ਜਿਸ ਪੀਜੀ ਵਿਚ ਇਹ ਅੱਗ ਲੱਗੀ ਉਸ ਵਿਚ 30 ਦੇ ਕਰੀਬ ਵਿਦਿਆਰਥਣਾਂ ਰਹਿ ਰਹੀਆਂ ਸਨ।