ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ 'ਅੱਤਵਾਦੀ ਟ੍ਰੇਨਿੰਗ ਕੈਂਪ' ਕਹਿਣ ਵਾਲੇ ਬਿਆਨ 'ਤੇ ਸਫਾਈਆਂ ਦੇ ਰਿਹਾ ਡੀਜੀਪੀ

ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ 'ਅੱਤਵਾਦੀ ਟ੍ਰੇਨਿੰਗ ਕੈਂਪ' ਕਹਿਣ ਵਾਲੇ ਬਿਆਨ 'ਤੇ ਸਫਾਈਆਂ ਦੇ ਰਿਹਾ ਡੀਜੀਪੀ

ਚੰਡੀਗੜ੍ਹ: ਪੰਜਾਬ ਦੇ ਪੁਲਸ ਮੁਖੀ ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ 'ਅੱਤਵਾਦੀ ਟ੍ਰੇਨਿੰਗ ਕੈਂਪ' ਕਹਿਣ ਦੇ ਵਿਵਾਦਤ ਬਿਆਨ ਨਾਲ ਪੰਜਾਬ ਦੀ ਸਿਆਸਤ ਵਿਚ ਸੱਤਾਧਾਰੀ ਧਿਰ ਕਾਂਗਰਸ ਬੁਰੀ ਫਸਦੀ ਨਜ਼ਰ ਆ ਰਹੀ ਹੈ। ਉਪਰੋਂ ਵਿਧਾਨ ਸਭਾ ਦਾ ਇਜਲਾਸ ਚਲ ਰਿਹਾ ਹੈ ਤੇ ਸੋਮਵਾਰ ਨੂੰ ਵਿਧਾਨ ਸਭਾ ਵਿਚ ਇਹ ਮਸਲਾ ਵੱਡੇ ਪੱਧਰ 'ਤੇ ਗੂੰਜਣ ਦੇ ਅਸਾਰ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਡੀਜੀਪੀ ਦੇ ਇਸ ਬਿਆਨ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਗਈ ਹੈ। 

ਦੱਸ ਦਈਏ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇੰਡੀਅਨ ਐਕਸਪ੍ਰੈੱਸ ਨਾਲ ਸ਼ੁੱਕਰਵਾਰ (21 ਫਰਵਰੀ) ਨੂੰ ਗੱਲਬਾਤ ਕਰਦਿਆਂ ਕਿਹਾ ਸੀ ਕਿ ਕਰਤਾਰਪੁਰ ਦਾ ਇਹ ਖਤਰਾ ਹੈ ਕਿ ਜੇਕਰ ਤੁਸੀਂ ਸਵੇਰੇ ਕਿਸੇ ਆਮ ਬੰਦੇ ਨੂੰ ਉੱਥੇ ਭੇਜੋ ਤਾਂ ਸ਼ਾਮ ਨੂੰ ਉਹ ਇੱਕ ਸਿਖਲਾਈ ਹਾਸਲ ਦਹਿਸ਼ਤਗਰਦ ਬਣ ਕੇ ਵਾਪਸ ਆ ਸਕਦਾ ਹੈ। ਉਸ ਨੇ ਅੱਗੇ ਕਿਹਾ ਸੀ ਕਿ ਤੁਸੀਂ ਉੱਥੇ ਛੇ ਘੰਟੇ ਲਈ ਹੁੰਦੇ ਹੋ ਅਤੇ ਤੁਹਾਨੂੰ ਹਥਿਆਰ ਚਲਾਉਣੇ ਸਿਖਾਏ ਜਾ ਸਕਦੇ ਹਨ ਅਤੇ ਬੰਬ ਬਣਾਉਣੇ ਸਿਖਾਏ ਜਾ ਸਕਦੇ ਹਨ।

ਵਿਦਿਆਰਥੀ ਜਥੇਬੰਦੀਆਂ ਤੋਂ ਲੈ ਕੇ ਸਿਆਸੀ ਤੇ ਧਾਰਮਕ ਜਥੇਬੰਦੀਆਂ ਤੱਕ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਗਈ ਤੇ ਡੀਜੀਪੀ ਨੂੰ ਬਰਖਾਸਤ ਕਰਕੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ। ਇਸ ਵਿਰੋਧ ਨੂੰ ਦੇਖਦਿਆਂ ਵੀ ਡੀਜੀਪੀ ਨੇ ਮੁਆਫੀ ਮੰਗਣ ਦੀ ਬਜਾਏ ਆਪਣੇ ਬਿਆਨ ਦੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਡੀਜੀਪੀ ਨੇ ਬੀਤੇ ਕੱਲ੍ਹ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਸਮਝਿਆ ਗਿਆ ਹੈ ਜਾਂ ਜਾਣ-ਬੁਝ ਕੇ ਗਲਤ ਪੇਸ਼ ਕੀਤਾ ਜਾ ਰਿਹਾ ਹੈ। ਗੁਪਤਾ ਨੇ ਬਿਆਨ ਜਾਰੀ ਕਰਦਿਆਂ ਕਿਹਾ, "ਮੈਂ ਕੇਵਲ ਭਾਰਤ ਨਾਲ ਦੁਸ਼ਮਣੀ ਦੇ ਮੱਦੇਨਜ਼ਰ ਸ਼ਰਾਰਤੀ ਅਨਸਰਾਂ ਵੱਲੋਂ ਦੇਸ਼ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਢਾਹ ਲਾਉਣ ਲਈ ਹਰ ਮੌਕੇ ਦੀ ਦੁਰਵਰਤੋਂ ਕਰ ਸਕਣ ਦੀ ਸੰਭਾਵੀ ਸਮਰੱਥਾ ਬਾਰੇ ਚਿਤਾਵਨੀ ਦਿੱਤੀ ਸੀ। ਇਥੋਂ ਤਕ ਕਿ ਉਹ (ਸ਼ਰਾਰਤੀ ਅਨਸਰ) ਸੱਚੇ-ਸੁੱਚੇ ਅਤੇ ਪਵਿੱਤਰ ਮੌਕਿਆਂ ਨੂੰ ਵੀ ਆਪਣੇ ਹੱਕ ਵਿਚ ਭੁਗਤਾਉਣ ਲਈ ਵਰਤਦੇ ਹਨ।" 

ਜੇ ਗੁਰਦੁਆਰਾ ਸਾਹਿਬ ਜਾਣ ਵਾਲਾ ਅੱਤਵਾਦੀ ਹੁੰਦਾ ਹੈ ਤਾਂ ਅਸੀਂ ਅੱਤਵਾਦੀ ਕਹਾ ਕੇ ਖੁਸ਼ ਹਾਂ: ਜਥੇਦਾਰ ਹਰਪ੍ਰੀਤ ਸਿੰਘ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੀਜੀਪੀ ਦੇ ਬਿਆਨ ਨੂੰ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰਨ ਵਾਲਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਡੀਜੀਪੀ ਖਿਲਾਫ ਕਾਰਵਾਈ ਕਰਨ ਲਈ ਆਖਿਆ ਹੈ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੱਕੇ ਦੇ ਦਰਸ਼ਨ ਕਰਨ ਮਗਰੋਂ ਮੁਸਲਮਾਨ, ਕਟਾਸ ਰਾਜ ਦੀ ਯਾਤਰਾ ਮਗਰੋਂ ਹਿੰਦੂ ਅਤੇ ਯੇਰੂਸ਼ਲਮ ਦੀ ਯਾਤਰਾ ਮਗਰੋਂ ਕੋਈ ਇਸਾਈ ਅਤਿਵਾਦੀ ਨਹੀਂ ਬਣਦਾ ਤਾਂ ਕਰਤਾਰਪੁਰ ਦੇ ਦਰਸ਼ਨ ਕਰਨ ਮਗਰੋਂ ਕੋਈ ਸਿੱਖ ਕਿਵੇਂ ਅੱਤਵਾਦੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਸਿੱਖਾਂ ਲਈ ਅਹਿਮ ਸਥਾਨ ਹੈ ਅਤੇ ਜੇਕਰ ਇਸ ਦੇ ਦਰਸ਼ਨਾਂ ਵਾਸਤੇ ਅਤਿਵਾਦੀ ਕਹਾਉਣਾ ਪਵੇਗਾ ਤਾਂ ਸਿੱਖ ਇਸ ਵਾਸਤੇ ਵੀ ਤਿਆਰ ਹਨ।

ਸੰਗਤਾਂ ਵਿਚ ਰੋਸ 
ਡੀਜੀਪੀ ਦੇ ਬਿਆਨ ਤੋਂ ਬਾਅਦ ਸਿੱਖ ਸੰਗਤਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਪਾਕਿਸਤਾਨ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਸਿੱਖ ਸੰਗਤ ਦੇ ਜਥੇ ਵਿਚ ਸ਼ਾਮਲ ਸਿੱਖ ਨੌਜਵਾਨ ਪਰਦੀਪ ਸਿੰਘ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਵਿਚ ਬਹੁਤ ਪਿਆਰ ਤੇ ਸਤਿਕਾਰ ਮਿਲਿਆ ਪਰ ਡੀਜੀਪੀ ਦਾ ਬਿਆਨ ਸੁਣ ਕੇ ਉਹਨਾਂ ਦਾ ਮਨ ਦੁਖੀ ਹੋਇਆ ਹੈ।  

ਫਿਰਕਾਪ੍ਰਸਤ ਜਹਿਨੀਅਤ ਵਾਲੇ ਦਿਨਕਰ ਗੁਪਤਾ ਦਾ ਪੁਲਿਸ ਮੁਖੀ ਬਣੇ ਰਹਿਣਾ ਖਤਰਨਾਕ: ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ
ਬਰਤਾਨੀਆ ਵਿਚਲੀਆਂ ਸਿੱਖ ਜੱਥੇਬੰਦੀਆਂ ਦੇ ਇੱਕ ਸਾਂਝੇ ਮੰਚ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਦਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਦਿੱਤਾ ਹਾਲੀਆ ਬਿਆਨ ਉਸ ਦੀ ਫਿਰਕੂ ਜਹਿਨੀਅਤ ਨੂੰ ਦਰਸਾਉਂਦਾ ਹੈ।

ਜਥੇਬੰਦੀ ਦੇ ਆਗੂਆਂ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਡੀਜੀਪੀ ਦਿਨਕਰ ਗੁਪਤਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਡੀਜੀਪੀ ਦੇ ਬਿਆਨ ਨੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀਆਂ ਸੰਵੇਦਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਵਿਅਕਤੀ ਦਾ ਪੁਲਿਸ ਮੁਖੀ ਬਣਿਆ ਰਹਿਣਾ ਖਤਰਨਾਕ ਹੈ।

ਡੀਜੀਪੀ ਦਿਨਕਰ ਗੁਪਤਾ ਨੂੰ ਬਰਖਾਸਤ ਕਰਕੇ ਧਾਰਮਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਜਾਵੇ: ਸੱਥ
ਚੰਡੀਗੜ੍ਹ: ਪੰਜਾਬ ਪੁਲਸ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਗਏ ਵਿਵਾਦਪੂਰਣ ਬਿਆਨ 'ਤੇ ਸਖਤ ਪ੍ਰਤੀਕਰਮ ਦਿੰਦਿਆਂ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਡੀਜੀਪੀ ਦਿਨਕਰ ਗੁਪਤਾ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ। ਡੀਜੀਪੀ ਦਿਨਕਰ ਗੁਪਤਾ ਨੇ ਸ਼ੁਰਕਵਾਰ ਨੂੰ ਇਕ ਸਮਾਗਮ ਵਿਚ ਬੋਲਦਿਆਂ ਕਿਹਾ ਸੀ ਕਿ ਸਵੇਰੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲਾ ਸਿੱਖ ਸ਼ਾਮ ਨੂੰ ਵਾਪਸ ਪਰਤਣ ਤਕ ਅੱਤਵਾਦੀ ਬਣ ਸਕਦਾ ਹੈ। 

ਸੱਥ ਦੇ ਆਗੂ ਸੁਖਮਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਦਾ ਇਹ ਬਿਆਨ ਸਿੱਖਾਂ ਦੇ ਧਾਰਮਕ ਸਥਾਨਾਂ ਨੂੰ ਅੱਤਵਾਦੀ ਅੱਡੇ ਕਰਾਰ ਦੇਣ ਵਾਲਾ ਹੈ ਤੇ ਇਹ ਸਿੱਖਾਂ ਨੂੰ ਦੁਨੀਆ ਵਿਚ ਬਦਨਾਮ ਕਰਨ ਦੀ ਕਿਸੇ ਵੱਡੀ ਸਾਜਸ਼ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਸਿੱਖ ਵਿਰੋਧੀ ਭਾਵਨਾਵਾਂ ਨਾਲ ਭਰੇ ਹੋਏ ਹਨ ਤੇ ਅਜਿਹੇ ਬੰਦੇ ਦਾ ਪੁਲਸ ਮੁਖੀ ਅਹੁਦੇ 'ਤੇ ਰਹਿਣਾ ਬਹੁਤ ਖਤਰਨਾਕ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਇਸ ਡੀਜੀਪੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। 

ਸੱਥ ਦੇ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਡੀਜੀਪੀ ਦਿਨਕਰ ਗੁਪਤਾ ਖਿਲਾਫ ਧਾਰਮਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕਰਾਉਣਾ ਚਾਹੀਦਾ ਹੈ ਕਿਉਂਕਿ ਡੀਜੀਪੀ ਦੇ ਬਿਆਨ ਨੇ ਸਮੁੱਚੀ ਦੁਨੀਆ ਵਿਚ ਵਸਦੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰੀ ਹੈ।

ਪੰਜਾਬ ਦੇ ਡੀਜੀਪੀ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਅੱਤਵਾਦ ਨਾਲ ਜੋੜਨਾ ਮੰਦਭਾਗਾ: ਸ਼੍ਰੋ.ਗੁ.ਪ੍ਰ.ਕ.
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਜਾਬ ਪੁਲਿਸ ਮੁਖੀ ਦੇ ਬਿਆਨ ਨੂੰ ਮੰਦਭਾਗਾ ਕਰਾਰ ਦੇੰਦਿਆਂ ਕਿਹਾ ਹੈ ਕਿ ਜਦੋਂ ਯੂਨਾਈਟਿਡ ਨੇਸ਼ਨਜ਼ ਦੇ ਮੁਖੀ ਐਨਟੋਨੀਓ ਗੁਟਰੇਜ਼ ਨੇ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਇਸ ਲਾਂਘੇ ਨੂੰ ਵਿਸ਼ਵ ਸ਼ਾਂਤੀ ਦਾ ਸੋਮਾ ਕਰਾਰ ਦਿੱਤਾ ਹੈ ਤਾਂ ਅਜਿਹੇ ਮੌਕੇ ਪੰਜਾਬ ਪੁਲੀਸ ਮੁਖੀ ਸਿਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਅਜਿਹੀ ਮੰਦਭਾਗੀ ਬਿਆਨਬਾਜੀ ਕਿਉਂ ਕਰ ਰਿਹਾ ਹੈ। ਸ਼੍ਰੋ.ਗੁ.ਪ੍ਰ.ਕ. ਪ੍ਰਧਾਨ ਨੇ ਕਿਹਾ ਕਿ ਪੁਲਿਸ ਮੁਖੀ ਦੇ ਬਿਆਨ ਨਾਲ ਪੰਜਾਬ ਵਿਚਲੀ ਕਾਂਗਰਸ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

ਪੰਜਾਬ ਦੀ ਅਫਸਰਸ਼ਾਹੀ ਦਿਨਕਰ ਗੁਪਤੇ ਦੇ ਬਿਆਨ ਤੋਂ ਨਿਖੇੜਾ ਕਰੇ: ਪੰ.ਮ.ਅ.ਸੰ.
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਦੇ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦੀ ਕਰੜੀ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਸਿੱਖਾਂ ਪ੍ਰਤੀ ਨਫਰਤ ਭਰੇ ਬਿਆਨ ਤੋਂ ਨਿਖੇੜਾ ਕਰੇ।

ਕਰਤਾਰਪੁਰ ਸਾਹਿਬ ਦੀ ਮਹਾਨਤਾ ਵਿਰੁੱਧ ਪੁਲਿਸ ਮੁਖੀ ਦਾ ਬਿਆਨ ਸਿੱਖਾਂ ਲਈ ਚੁਣੌਤੀ: ਭਾਈ ਹਵਾਰਾ ਕਮੇਟੀ
ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਇੱਕੀ ਮੈਂਬਰੀ ਕਮੇਟੀ ਦੇ ਆਗੂਆਂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਸਬੰਧੀ ਦਿੱਤੇ ਇਤਰਾਜਯੋਗ ਬਿਆਨ ਨੂੰ ਸਿੱਖ ਜਗਤ ਲਈ ਵੱਡੀ ਚੁਣੌਤੀ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਯੁਨਾਇਟਡ ਨੇਸ਼ਨਜ਼ ਦੇ ਸਕੱਤਰ ਜਨਰਲ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਗਏ ਸਨ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਦੌਰਾ ਕੀਤਾ ਗਿਆ ਸੀ। ਜਿਸ ਮੌਕੇ ਯੁ.ਨੇ. ਮੁਖੀ ਵੱਲੋਂ ਪਾਕਿਸਤਾਨ ਸਰਕਾਰ ਅਤੇ ਸਿੱਖ ਜਗਤ ਦੀ ਪ੍ਰਸ਼ੰਸਾ ਕੀਤੀ ਗਈ ਸੀ ਜੋ ਕਿ ਦਿੱਲੀ ਸਲਤਨਤ ਨੂੰ ਬਰਦਾਸ਼ਤ ਨਹੀਂ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਨੇ ਕੇਂਦਰ ਦੀ ਸਾਜ਼ਿਸ਼ ਤਹਿਤ ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਕਹਿ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਕਿ ਸਿੱਖ ਜਗਤ ਡਟਵਾਂ ਵਿਰੋਧ ਕਰੇਗਾ।

ਪੁਲਿਸ ਮੁਖੀ ਦਾ ਬਿਆਨ ਸਿੱਖ ਵਿਰੋਧੀ ਨਫਰਤ ਦਾ ਮੁਜ਼ਾਹਰਾ: ਸਿੱਖ ਬੁੱਧੀਜੀਵੀ
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਇਕੱਤਰ ਹੋਏ ਸਿੱਖ ਬੁੱਧੀਜੀਵੀਆਂ ਜਿਨ੍ਹਾਂ ਵੁਚ ਭਾਈ ਅਸ਼ੋਕ ਸਿੰਘ ਬਾਗੜੀਆ, ਗੁਰਪ੍ਰੀਤ ਸਿੰਘ, ਪ੍ਰੋ. ਮਨਜੀਤ ਸਿੰਘ, ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਿੰਦਰ ਸਿੰਘ, ਸਾਬਕਾ ਆਈਏਐਸ ਗੁਰਤੇਜ ਸਿੰਘ, ਇਤਿਹਾਸਕਾਰ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਸ਼੍ਰੋਮਣੀ ਖਾਲਸਾ ਪੰਚਾਇਤ ਦੇ ਆਗੂ ਭਾਈ ਰਾਜਿੰਦਰ ਸਿੰਘ ਖਾਲਸਾ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਕਰਮਜੀਤ ਸਿੰਘ ਅਤੇ ਗੁਰਬਚਨ ਸਿੰਘ ਜਲੰਧਰ ਸ਼ਾਮਿਲ ਸਨ, ਨੇ ਪੰਜਾਬ ਪੁਲਿਸ ਮੁਖੀ ਦੇ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਬਿਆਨ ਦੀ ਕਰੜੀ ਨਿਖੇਧੀ ਕੀਤੀ ਹੈ।

ਸਿੱਖ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਪੁਲਿਸ ਮੁਖੀ ਦੇ ਨਫਰਤ ਭਰੇ ਹਿੰਦੂਤਵੀ ਬਿਆਨ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਅਤੇ ਸਰਕਾਰ ਹੁਣ ਹਊਆ ਖੜ੍ਹਾ ਕਰਕੇ ਸਿੱਖ ਸ਼ਰਧਾਲੂਆਂ ਦੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਵਿੱਚ ਅੜਿੱਕਾ ਪਾਉਣ ਉੱਤੇ ਉਤਾਰੂ ਹੋ ਗਈ ਹੈ।

ਦਿਨਕਰ ਗੁਪਤਾ ਰ.ਸ.ਸ. ਦੀ ਬੋਲੀ ਬੋਲ ਰਿਹਾ ਹੈ: ਆਮ ਆਦਮੀ ਪਾਰਟੀ
ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਖਿਲਾਫ ਕੀਤੀ ਗਈ ਬਿਆਨਬਾਜੀ ਦੀ ਕਰੜੀ ਨਿਖੇਧੀ ਕੀਤੀ ਗਈ ਹੈ।

ਆਗੂਆਂ ਨੇ ਪੁਲਿਸ ਮੁਖੀ ਦੇ ਬਿਆਨ ਨੂੰ ਗੁਰੂ ਨਾਨਕ ਨਾਮਲੇਵਾ ਸੰਗਤ ਦਾ ਅਕਸ ਕੌਮਾਂਤਰੀ ਪੱਧਰ ਉੱਤੇ ਖਰਾਬ ਕਰਨ ਦੀ ਸਾਜਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਪੁਲਿਸ ਮੁਖੀ ਰਾਸ਼ਟਰੀ ਸਵੈਸੇਵਕ ਸੰਘ (ਰ.ਸ.ਸ.) ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਖੀ ਨੂੰ ਬਰਖਾਸਤ ਕਰਕੇ ਉਸ ਉੱਪਰ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।