ਟਰੰਪ ਦੀ ਫੇਰੀ: ਕਸ਼ਮੀਰ ਦੇ ਸਿੱਖਾਂ ਨੂੰ ਚੌਕਸ ਰਹਿਣ ਲਈ ਆਖਿਆ

ਟਰੰਪ ਦੀ ਫੇਰੀ: ਕਸ਼ਮੀਰ ਦੇ ਸਿੱਖਾਂ ਨੂੰ ਚੌਕਸ ਰਹਿਣ ਲਈ ਆਖਿਆ

ਸ਼੍ਰੀਨਗਰ: ਜੰਮੂ ਕਸ਼ਮੀਰ ਦੀ ਸਿੱਖ ਜਥੇਬੰਦੀ ਨੇ ਅੱਜ ਕਸ਼ਮੀਰ ਵਿਚਲੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ 2002 ਦੇ ਚਿੱਠੀਸਿੰਘਪੋਰਾ ਕਾਂਡ ਨੂੰ ਯਾਦ ਰੱਖਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਾਮੀ ਭਾਰਤ ਫੇਰੀ ਦੇ ਮੱਦੇਨਜ਼ਰ ਚੌਕਸ ਰਹਿਣ ਲਈ ਆਖਿਆ ਹੈ। ਜਥੇਬੰਦੀ ਨੇ ਕਿਹਾ ਹੈ ਕਿ ਸਿਖਰਲੇ ਆਗੂਆਂ ਦੀਆਂ ਫੇਰੀਆਂ 2002 ਦੇ ਚਿੱਠੀਸਿੰਘਪੋਰਾ ਕਾਂਡ ਦੀ ਯਾਦ ਦਿਵਾ ਦਿੰਦੀਆਂ ਹਨ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਚਿੱਠੀਸਿੰਘਪੋਰਾ ਪਿੰਡ ਵਿਚ 36 ਸਿੱਖਾਂ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਵਰ੍ਹਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਕਤਲੇਆਮ ਦਾ ਦੋਸ਼ ਭਾਰਤੀ ਫੌਜ ਦੇ ਸਿਰ 'ਤੇ ਵੀ ਲਗਦਾ ਹੈ ਜਦਕਿ ਭਾਰਤੀ ਮੀਡੀਆ ਵੱਲੋਂ ਇਸ ਘਟਨਾ ਨੂੰ ਕਸ਼ਮੀਰੀ ਖਾੜਕੂਆਂ ਦੀ ਕਾਰਵਾਈ ਵਜੋਂ ਪੇਸ਼ ਕੀਤਾ ਗਿਆ ਸੀ।

ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ (ਏਪੀਐੱਸਸੀਸੀ) ਦੇ ਚੇਅਰਮੈਨ ਜਗਮੋਹਨ ਸਿੰਘ ਰੈਣਾ ਨੇ ਇੱਥੇ ਜਾਰੀ ਬਿਆਨ ਰਾਹੀਂ ਕਿਹਾ, ‘‘ਸਿਖਰਲੇ ਵਿਦੇਸ਼ੀ ਆਗੂਆਂ ਖਾਸ ਕਰਕੇ ਅਮਰੀਕੀ ਸ਼ਖ਼ਸੀਅਤਾਂ ਦੀ ਫੇਰੀ ਦੌਰਾਨ ਵਾਦੀ ਵਿੱਚ ਵਸਦੇ ਸਿੱਖਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪੂਰਾ ਭਾਰਤ ਟਰੰਪ ਦੇ ਦੌਰੇ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ, ਪਰ ਕਸ਼ਮੀਰ ਦੇ ਸਿੱਖਾਂ ਲਈ ਇਹ ਫੇਰੀ ਡਰ ਦਾ ਕਾਰਨ ਬਣੀ ਹੋਈ ਹੈ ਕਿਉਂਕਿ ਇਸ ਭਾਈਚਾਰੇ ਦੇ ਮੈਂਬਰ ਫਿਰ ਰਡਾਰ ’ਤੇ ਹਨ।’’ ਰੈਣਾ ਨੇ ਅੱਗੇ ਕਿਹਾ, ‘‘ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਹੈ ਅਤੇ ਉਨ੍ਹਾਂ ਨੂੰ ਡਰ ਹੈ ਕਿ ਅਮਰੀਕੀ ਸਦਰ ਦੀ ਫੇਰੀ ਦੌਰਾਨ ਕਿਧਰੇ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ।’’ 

ਉਨ੍ਹਾਂ ਕਿਹਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਦੌਰਾਨ ਕਸ਼ਮੀਰ ਦੇ ਸਿੱਖਾਂ ’ਤੇ ਹੋਏ ਹਮਲੇ ਦੇ ਜ਼ਖ਼ਮ 20 ਵਰ੍ਹਿਆਂ ਬਾਅਦ ਅੱਜ ਵੀ ਅੱਲ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਚਿੱਠੀਸਿੰਘਪੋਰਾ ਕਾਂਡ ਦੇ ਦੋਸ਼ੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਰੈਣਾ ਨੇ ਮਾਮਲੇ ਦੀ ਨਿਰਪੱਖ ਅਤੇ ਪੂਰੀ ਜਾਂਚ ਦੀ ਮੰਗ ਕੀਤੀ ਹੈ।