ਪੋਹ ਸੁਦੀ ਸਤਵੀਂ ਹੈ ਜੋਤ ਰੱਬ ਦੀ, ਪਟਨੇ ‘ਚ ਆ ਗਈ..

ਪੋਹ ਸੁਦੀ ਸਤਵੀਂ ਹੈ ਜੋਤ ਰੱਬ ਦੀ, ਪਟਨੇ ‘ਚ ਆ ਗਈ..

ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ‘ਚ ਰੰਗੀ ਬਿਹਾਰ ਦੀ ਰਾਜਧਾਨੀ
4 ਕਰੋੜ ਰੁਪਏ ਨਾਲ ਸਜਾਏ ਗਏ ਚਾਰ ਗੁਰਦੁਆਰੇ
ਤਖ਼ਤ ਸ੍ਰੀ ਹਰਿਮੰਦਿਰ ਸਾਹਿਬ ਵਿਚ ਸ਼ਰਧਾ ਦਾ ਸੈਲਾਬ
ਪਟਨਾ ਸਾਹਿਬ/ਬਿਊਰੋ ਨਿਊਜ਼ :
ਪਟਨਾ ਸ਼ਹਿਰ ਸਥਿਤ ਤਖ਼ਤ ਸ੍ਰੀ ਹਰਿਮੰਦਿਰ ਸਾਹਿਬ ਵਿਚ ਸ਼ਰਧਾ ਦਾ ਸੈਲਾਬ ਉਮੜ ਪਿਆ ਹੈ। ਦੇਸ਼-ਵਿਦੇਸ਼ ਤੋਂ ਸੰਗਤਾਂ ਆਪਣੇ ਗੁਰੂ ਨੂੰ ਨਮਨ ਕਰਨ ਲਈ ਪੁੱਜ ਰਹੀਆਂ ਹਨ। ਹਰ ਪਾਸੇ ਸਤਿਨਾਮ ਵਾਹਿਗੁਰੂ ਦੇ ਸਿਮਰਨ ਦੀ ਵਰਖਾ ਹੋ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਬੰਧ ਵਿਚ ਚਾਰ ਗੁਰਦੁਆਰਾ ਸਾਹਿਬਾਨ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਰੌਸ਼ਨੀਆਂ ਨਾਲ ਸਜਾਉਣ ‘ਤੇ ਚਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ਗੁਰਦੁਆਰਾ ਸਾਹਿਬਾਨ ਵਿਚ ਤਖਤ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਹਾਂਡੀ ਸਾਹਿਬ, ਗੁਰੂ ਕਾ ਬਾਗ ਅਤੇ ਗੁਰਦੁਆਰਾ ਕੰਗਨ ਘਾਟ ਸ਼ਾਮਲ ਹਨ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿਚ ਪੱਕੀਆਂ ਬਹੁਰੰਗੀ ਲਾਈਟਾਂ ਸਥਾਪਤ ਕਰ ਦਿੱਤੀਆਂ ਗਈਆਂ ਹਨ, ਜਿਹੜੀਆਂ ਹਮੇਸ਼ਾ ਲਈ ਇਥੇ ਹੀ ਰਹਿਣਗੀਆਂ। ਇਸ ਦੌਰਾਨ ਲੇਜ਼ਰ ਸ਼ੋਅ ਦਾ ਵੀ ਖਾਸ ਬੰਦੋਬਸਤ ਕੀਤਾ ਗਿਆ ਹੈ। ਇਸ ਸ਼ੋਅ ਵਿਚ ਗੁਰੂ ਸਾਹਿਬ ਨਾਲ ਸਬੰਧਤ ਇਤਿਹਾਸ ਦਰਸਾਇਆ ਜਾ ਰਿਹਾ ਹੈ। ਅਮਰੀਕਾ ਤੋਂ ਗੁਰੂ ਪੂਰਬ ਵਿਚ ਸ਼ਾਮਲ ਹੋਣ ਲਈ ਆਏ ਸ਼ਰਧਾਲੂਆਂ ਨੇ ਗੁਰਦੁਆਰੇ ਤੋਂ ਕੰਗਨ ਘਾਟ ਤਕ ਪ੍ਰਭਾਤ ਫੇਰੀ ਕੱਢੀ। ਸਫੇਦ ਪਹਿਰਾਵੇ ਵਿਚ 60 ਔਰਤਾਂ-ਮਰਦਾਂ ਦਾ ਇਹ ਜਥਾ ਨਾਮ ਜਪਦਾ ਹੋਇਆ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਰਿਹਾ ਹੈ।
ਪਾਟਲੀ ਪੁੱਤਰ ਦੀ ਧਰਤੀ ਨੂੰ 22 ਦਸੰਬਰ 1666 ਈਸਵੀ ਵਿਚ ਉਸ ਵੇਲੇ ਭਾਗ ਲੱਗੇ ਸਨ, ਜਦੋਂ ਮਾਤਾ ਗੁਜਰੀ ਜੀ ਦੀ ਕੁਖੋਂ, ਗੁਰੂ ਤੇਗ ਬਹਾਦਰ ਜੀ ਦੇ ਘਰ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ। ਅੱਜ ਇਸ ਧਰਤੀ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਨ। ਗਾਂਧੀ ਮੈਦਾਨ ਇਸ ਵੇਲੇ ਪੂਰੀ ਤਰ੍ਹਾਂ ਧਾਰਮਿਕ ਰੰਗ ਵਿਚ ਰੰਗਿਆ ਗਿਆ ਹੈ। 90 ਏਕੜ ਵਿਚ ਫੈਲੇ ਇਸ ਕੰਪਲੈਕਸ ਵਿਚ ਨਿੱਤ ਦਿਹਾੜੇ ਲੱਖਾਂ ਸੰਗਤਾਂ ਗੁਰਬਾਣੀ ਦੇ ਪ੍ਰਵਾਹ ਨਾਲ ਨਿਹਾਲ ਹੋ ਰਹੀਆਂ ਹਨ। ਇਨ੍ਹੀਂ ਦਿਨੀਂ ਇੱਥੇ ਇਕ ਤਰ੍ਹਾਂ ਨਾਲ ਮਿੰਨੀ ਪੰਜਾਬ ਵਸ ਗਿਆ ਹੈ। ਸੰਗਤ ਨੇ ਪਿਛਲੀਆਂ ਸਾਰੀਆਂ ਸ਼ਤਾਬਦੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਇਕ ਅੰਦਾਜ਼ੇ ਮੁਤਾਬਕ ਹੁਣ ਤੱਕ 10 ਲੱਖ ਸ਼ਰਧਾਲੂ ਮੱਥਾ ਟੇਕ ਚੁੱਕੇ ਹਨ।
ਸੰਗਤਾਂ ਵਿਚ ਵੱਡੀ ਗਿਣਤੀ ਬੀਬੀਆਂ ਅਤੇ ਬੱਚੇ ਸ਼ਾਮਲ ਹਨ। ਬੀਬੀਆਂ ਦੇ ਸਿਰਾਂ ‘ਤੇ ਪੀਲੀਆਂ ਚੁੰਨੀਆਂ ਤੇ ਬੱਚਿਆਂ ਦੇ ਪੀਲੇ ਪਟਕੇ ਫਬ ਰਹੇ ਹਨ। ਗਾਂਧੀ ਮੈਦਾਨ ਵਿਚ ਸਥਾਪਤ ਕੀਤੇ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਲਿਆਂਦੇ ਸ਼ਸਤਰ ਦੇਖਣ ਵਾਲਿਆਂ ਦੀ ਬਹੁਤ ਵੱਡੀ ਭੀੜ ਲੱਗੀ ਹੋਈ ਹੈ। ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਇਥੇ ਫੇਰੀ ਦੇ ਸੰਬੰਧ ਵਿਚ ਸੁਰੱਖਿਆ ਘੇਰਾ ਹੋਰ ਵੀ ਸਖਤ ਕਰ ਦਿੱਤਾ ਗਿਆ ਹੈ। ਦਿੱਲੀ ਤੋਂ ਆਏ ਵਿਸ਼ੇਸ਼ ਕਮਾਂਡੋ ਦਸਤਿਆਂ ਨੇ ਕਮਾਨ ਸੰਭਾਲ ਲਈ ਹੈ।
ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ, ਜਿਨ੍ਹਾਂ ਦੇ ਭੋਗ 5 ਜਨਵਰੀ ਨੂੰ ਪਾਏ ਜਾਣਗੇ। ਸ੍ਰੀ ਆਖੰਡ ਪਾਠ ਦੇ ਭੋਗ ਪਾਏ ਜਾਣ ਦੇ ਨਾਲ ਹੀ ਇਨ੍ਹਾਂ ਸਮਾਗਮਾਂ ਦੀ ਸੰਪੂਰਨਾ ਦਾ ਸਮਾਰੋਹ ਕੀਤਾ ਜਾਵੇਗਾ। ਅੰਤਿਮ ਅਰਦਾਸ ਪਿੱਛੋਂ ਜੈਕਾਰਿਆਂ ਨਾਲ ਸੰਗਤਾਂ ਨੂੰ ਵਿਦਾਇਗੀ ਦਿੱਤੀ ਜਾਵੇਗੀ ਅਤੇ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਸੰਗਤਾਂ ਦੇ ਨਾਂ ਸੰਦੇਸ਼ ਜਾਰੀ ਕਰਨਗੇ।
ਪੰਜਾਬ ਤੋਂ 150 ਬੱਸਾਂ ਤੇ 10 ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਕੋਲਕਾਤਾ ਤੋਂ 25 ਅਤੇ ਉੜੀਸਾ ਤੋਂ ਪੰਜ ਬੱਸਾਂ ਆਈਆਂ ਹਨ। ਪਟਨਾ ਸਰਕਾਰ ਵੱਲੋਂ ਬਣਾਈਆਂ ਤਿੰਨੇ ਟੈਂਟ ਸਿਟੀ ਨੱਕੋ-ਨੱਕ ਭਰ ਗਈਆਂ ਹਨ। ਯਾਤਰੂਆਂ ਲਈ ਵਾਧੂ ਆਰਜ਼ੀ ਪ੍ਰਬੰਧ ਕੀਤੇ ਜਾ ਰਹੇ ਹਨ। ਜਿਹੜੇ ਯਾਤਰੂਆਂ ਨੂੰ ਰਿਹਾਇਸ਼ ਨਹੀਂ ਮਿਲੀ, ਉਹ ਸਰਾਵਾਂ ਦੇ ਬਰਾਮਦਿਆਂ ਵਿੱਚ ਰਾਤਾਂ ਬਿਤਾਉਣ ਲਈ ਮਜਬੂਰ ਹਨ।  ਬਿਹਾਰ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਸੰਗਤਾਂ ਨੂੰ ਹਵਾਈ ਅੱਡਾ, ਰੇਲਵੇ ਸਟੇਸ਼ਨ ਤੋਂ ਇਲਾਵਾ ਗੁਰਧਾਮਾਂ ਸਮੇਤ ਗਾਂਧੀ ਮੈਦਾਨ ਤੱਕ ਆਉਣ-ਲਿਜਾਣ ਲਈ 200 ਦੇ ਕਰੀਬ ਆਧੁਨਿਕ ਸਹੂਲਤਾਂ ਨਾਲ ਭਰਪੂਰ ਬੱਸਾਂ ਅਤੇ ਈ-ਰਿਕਸ਼ਾ ਚਲਾਏ ਗਏ ਹਨ, ਜਿਨ੍ਹਾਂ ਦਾ ਬਾਕਾਇਦਾ ਰੂਟ ਤਿਆਰ ਕੀਤਾ ਗਿਆ ਹੈ ਅਤੇ ਬਹੁਤ ਛੋਟੇ ਵਕਫ਼ਿਆਂ ਤੋਂ ਬਾਅਦ ਬੱਸਾਂ ਨੂੰ ਇਕ ਤੋਂ ਦੂਜੀ ਜਗ੍ਹਾ ਜਾਣ ਲਈ ਰਵਾਨਾ ਕੀਤਾ ਜਾ ਰਿਹਾ ਹੈ। ਇਹ ਸੇਵਾ 25 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ ਜੋ ਕਿ 10 ਜਨਵਰੀ ਤੱਕ ਨਿਰੰਤਰ ਜਾਰੀ ਰਹੇਗੀ।
ਪਟਨਾ ਸਰਕਾਰ ਵਲੋਂ ਮੈਡੀਕਲ ਕੈਂਪ, ਵਾਹਨਾਂ ਨਾਲ ਸਬੰਧਤ ਕੈਂਪ, ਪੀਣ ਵਾਲੇ ਸ਼ੁੱਧ ਪਾਣੀ ਦੇ ਕੇਂਦਰ, ਗਲੀਆਂ, ਬਾਜ਼ਾਰਾਂ ਦੀ ਸਾਫ-ਸਫਾਈ ਨਾਲ ਸਬੰਧਤ ਕੈਂਪ ਲਾਏ ਗਏ ਹਨ।

ਮੁਤਵਾਜ਼ੀ ਜਥੇਦਾਰਾਂ ਨੂੰ ਨਿਤੀਸ਼ ਵਲੋਂ ਚਾਹ ਦਾ ਸੱਦਾ, ਹਾਕਮ ਧਿਰ ਖ਼ਫ਼ਾ
ਪਟਨਾ ਦੇ ਮੁੱਖ ਸਮਾਗਮ ‘ਚ ਜਥੇਦਾਰਾਂ ਨੂੰ ਦਿੱਤਾ ਜਾਵੇਗਾ ਸਨਮਾਨ
ਬਠਿੰਡਾ/ਬਿਊਰੋ ਨਿਊਜ਼ :
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੁਤਵਾਜ਼ੀ ਜਥੇਦਾਰਾਂ ਨੂੰ ‘ਚਾਹ ਪਾਰਟੀ’ ਦਾ ਸੱਦਾ ਦਿੱਤਾ ਹੈ, ਜਿਸ ਤੋਂ ਪੰਜਾਬ ਦੀ ਹਾਕਮ ਧਿਰ ਅੰਦਰੋਂ ਅੰਦਰੀ ਖਫ਼ਾ ਹੈ। ਨਿਤੀਸ਼ ਕੁਮਾਰ ਨੇ ਠੀਕ ਉਦੋਂ ਇਹ ਸੱਦਾ ਦਿੱਤਾ ਹੈ ਜਦੋਂ ਪੰਜਾਬ ਪੁਲੀਸ ਵੱਲੋਂ ਮੁਤਵਾਜ਼ੀ ਜਥੇਦਾਰਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਾਂ ਪੰਜਾਬ ਪੁਲੀਸ ਨੇ ਗ੍ਰਿਫ਼ਤਾਰ ਵੀ ਕਰ ਲਿਆ ਹੈ। ਉਨ੍ਹਾਂ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ। ਬਾਕੀ ਮੁਤਵਾਜ਼ੀ ਜਥੇਦਾਰਾਂ ਤੇ ਪੰਥਕ ਆਗੂਆਂ ਦੇ ਘਰਾਂ ‘ਤੇ ਛਾਪੇ ਮਾਰੇ ਗਏ ਹਨ। ਸੂਤਰਾਂ ਮੁਤਾਬਕ ਇਹ ਚਾਹ ਪਾਰਟੀ ਨਿਤੀਸ਼ ਕੁਮਾਰ ਦੀ ਮੁਤਵਾਜ਼ੀ ਜਥੇਦਾਰਾਂ ਦੀ ਮਾਨਤਾ ‘ਤੇ ਮੋਹਰ ਹੈ। ਉਨ੍ਹਾਂ ਨੇ ਮੁਤਵਾਜ਼ੀ ਜਥੇਦਾਰਾਂ ਨੂੰ 4 ਜਨਵਰੀ ਨੂੰ ਪਟਨਾ ਸਾਹਿਬ ਸਥਿਤ ਆਪਣੀ ਰਿਹਾਇਸ਼ ‘ਤੇ ‘ਚਾਹ ਪਾਰਟੀ’ ਲਈ ਸੱਦਿਆ ਹੈ। ਸ੍ਰੀ ਨਿਤੀਸ਼ ਵੱਲੋਂ 5 ਜਨਵਰੀ ਦੇ ਮੁੱਖ ਸਮਾਗਮਾਂ ਵਿਚ ਮੁਤਵਾਜ਼ੀ ਜਥੇਦਾਰਾਂ ਨੂੰ ਮਾਣ ਸਨਮਾਨ ਦਿੱਤਾ ਜਾਵੇਗਾ। ਦੂਜੇ ਪਾਸੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਅਕਾਲ ਤਖਤ ਸਾਹਿਬ ਤੇ ਬਾਕੀ ਜਥੇਦਾਰਾਂ ਨੂੰ ਪਟਨਾ ਸਾਹਿਬ ਦੇ ਸਮਾਗਮਾਂ ਵਿੱਚ ਸੁਰੱਖਿਆ ਦੀ ਨਜ਼ਰ ਤੋਂ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਹੈ। ਸੂਤਰਾਂ ਅਨੁਸਾਰ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਤੇ ਭਾਈ ਮੋਹਕਮ ਸਿੰਘ ਨੇ ਹਫ਼ਤਾ ਪਹਿਲਾਂ ਜਨਤਾ ਦਲ (ਯੂ) ਦੇ ਜਨਰਲ ਸਕੱਤਰ ਤੇ ਸੰਸਦ ਮੈਂਬਰ ਕੇ.ਸੀ. ਤਿਆਗੀ ਨਾਲ ਦਿੱਲੀ ਵਿਚ ਦੋ ਮੀਟਿੰਗਾਂ ਕੀਤੀਆਂ ਸਨ, ਜਿਨ੍ਹਾਂ ਦੇ ਨਤੀਜੇ ਵਜੋਂ ਹੁਣ ਬਿਹਾਰ ਦੇ ਮੁੱਖ ਮੰਤਰੀ ਵੱਲੋਂ ਮੁਤਵਾਜ਼ੀ ਜਥੇਦਾਰਾਂ ਨੂੰ 4 ਜਨਵਰੀ ਨੂੰ ਚਾਹ ਪਾਰਟੀ ਦਾ ਸੱਦਾ ਭੇਜਿਆ ਹੈ। ਭਾਈ ਗੁਰਦੀਪ ਸਿੰਘ ਬਠਿੰਡਾ ਨੇ 4 ਜਨਵਰੀ ਨੂੰ ਦਿੱਤੀ ਜਾ ਰਹੀ ਚਾਹ ਪਾਰਟੀ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਥਕ ਆਗੂਆਂ ਨੂੰ ਪਟਨਾ ਸਾਹਿਬ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਰੋਕ ਰਹੀ ਹੈ, ਜੋ ਨਿੰਦਣਯੋਗ ਹੈ। ਜਾਣਕਾਰੀ ਅਨੁਸਾਰ ਭਾਈ ਅਮਰੀਕ ਸਿੰਘ ਅਜਨਾਲਾ ਤੇ ਧਿਆਨ ਸਿੰਘ ਮੰਡ ਪੰਜਾਬ ਪੁਲੀਸ ਨੂੰ ਚਕਮਾ ਦੇ ਕੇ ਪੰਜਾਬ ਵਿਚੋਂ ਨਿਕਲਣ ਵਿਚ ਕਾਮਯਾਬ ਹੋ ਗਏ ਹਨ।

ਤਖ਼ਤਾਂ ਦੇ ਜਥੇਦਾਰਾਂ ਲਈ ਸ਼੍ਰੋਮਣੀ ਕਮੇਟੀ ਨੇ ਭੇਜੀ ਟਾਸਕ ਫੋਰਸ :
ਸ਼੍ਰੋਮਣੀ ਕਮੇਟੀ ਨੇ ਤਖ਼ਤਾਂ ਦੇ ਜਥੇਦਾਰਾਂ ਦੀ ਸੁਰੱਖਿਆ ਲਈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੀ ਚਾਰ ਸੌ ਮੈਂਬਰੀ ਟੀਮ ਪਟਨਾ ਸਾਹਿਬ ਭੇਜ ਦਿੱਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਿਹਾਰ ਦੇ ਮੁੱਖ ਮੰਤਰੀ ਵੱਲੋਂ ਧਾਰਮਿਕ ਸਮਾਗਮਾਂ ਦੀ ਪੂਰੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਗਈ ਹੈ ਅਤੇ ਉਨ੍ਹਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਟਾਸਕ ਫੋਰਸ ਦੇ 400 ਮੈਂਬਰ ਭੇਜੇ ਹਨ, ਜਿਨ੍ਹਾਂ ਵੱਲੋਂ ਬਿਹਾਰ ਪੁਲੀਸ ਨਾਲ ਤਾਲਮੇਲ ਕਰ ਲਿਆ ਹੈ।

ਗਿਆਨੀ ਇਕਬਾਲ ਸਿੰਘ ਦੀ ਅਪੀਲ ਦੇ ਬਾਵਜੂਦ ਗਿਆਨੀ ਗੁਰਬਚਨ ਸਿੰਘ ਨੇ ਟੇਕਿਆ ਮੱਥਾ
ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਦੇ ਵੀ ਆਉਣ ਦੀ ਉਮੀਦ
ਪਟਨਾ ਸਾਹਿਬ/ਬਿਊਰੋ ਨਿਊਜ਼ :
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਗਾਂਧੀ ਮੈਦਾਨ ਤੋਂ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਤੋਂ ਪਹਿਲਾਂ ਸੰਗਤਾਂ ਨੂੰ ਗੁਰ ਸ਼ਬਦ ਵਿਚਾਰ ਦੇ ਵਿਖਿਆਨ ਨਾਲ ਨਿਹਾਲ ਕਰਨਗੇ। ਇਸ ਮੌਕੇ ਸ. ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ, ਸ. ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸੁਰਜੀਤ ਸਿੰਘ ਭਿੱਟੇਵੱਢ ਅੰਤ੍ਰਿੰਗ ਕਮੇਟੀ ਮੈਂਬਰ, ਬੀਬੀ ਕਿਰਨਜੋਤ ਕੌਰ, ਅਜਾਇਬ ਸਿੰਘ, ਡਾ. ਰੂਪ ਸਿੰਘ ਸਕੱਤਰ, ਹਰਭਜਨ ਸਿੰਘ ਮਨਾਵਾ, ਸਕੱਤਰ ਸਿੰਘ ਮਨਜਿੰਦਰ ਸਿੰਘ ਸਿਰਸਾ, ਭਾਈ ਤਰਸੇਮ ਸਿੰਘ ਮੋਰਾਂਵਾਲੀ ਢਾਡੀ ਹਾਜ਼ਰ ਸਨ। ਸੂਤਰਾਂ ਅਨੁਸਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੀ 350 ਸਾਲਾ ਪ੍ਰਕਾਸ਼ ਪੁਰਬ ਪਟਨਾ ਸਾਹਿਬ ਵਿਖੇ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਪੰਜਾਬ ਨਾਲ ਸੰਬੰਧਤ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਪਟਨਾ ਸਾਹਿਬ ਤੋਂ ਦੂਰ ਰਹਿਣ ਲਈ ਲਿਖਤੀ ਚਿੱਠੀ ਭੇਜੀ ਸੀ।

ਲਾਲੂ ਪ੍ਰਸਾਦ ਯਾਦਵ ਨੇ ਟੇਕਿਆ ਮੱਥਾ
ਪਟਨਾ ਸਾਹਿਬ/ਬਿਊਰੋ ਨਿਊਜ਼ :
ਸਾਬਕਾ ਕੇਂਦਰੀ ਮੰਤਰੀ ਸ੍ਰੀ ਲਾਲੂ ਪ੍ਰਸਾਦ ਯਾਦਵ ਨੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਲਾਲੂ ਪ੍ਰਸਾਦ ਯਾਦਵ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਯਾਦਵ ਨੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਬਿਹਾਰ ਪਟਨਾ ਸਾਹਿਬ ਵਿਖੇ ਪਹੁੰਚੀਆਂ ਸੰਗਤਾਂ ਨੂੰ ਜੀ ਆਇਆਂ ਕਿਹਾ।

ਗੁਰੂ ਗੋਬਿੰਦ ਸਿੰਘ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ : ਕੇਜਰੀਵਾਲ
ਪਟਨਾ ਸਾਹਿਬ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਸੁੰਦਰ ਰੁਮਾਲਾ ਵੀ ਭੇਟ ਕੀਤਾ। ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੇਜਰੀਵਾਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਕੇਜਰੀਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਦੀ ਸਮੁੱਚੀ ਮਾਨਵਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਏਕਤਾ, ਸਮਾਜਿਕ ਬਰਾਬਰੀ ਅਤੇ ਧਰਮ ਨਿਰਪੱਖਤਾ ਸਿੱਖ ਫਲਸਫੇ ਦਾ ਆਧਾਰ ਹਨ ਅਤੇ ਇਸੇ ਭਾਵਨਾ ਨੂੰ ਸਮਰਪਿਤ ਹੋ ਕੇ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਲਈ ਦੇਸ਼ ਦੀ ਏਕਤਾ ਅਤੇ ਖੁਸ਼ਹਾਲੀ ਲਈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਇਆ ਰਾਹ ਅੱਜ ਵੀ ਪੂਰੀ ਤਰ੍ਹਾਂ ਸਾਰਥਿਕ ਹੈ ਅਤੇ ਸਾਨੂੰ ਉਸ ਉੱਪਰ ਚੱਲਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਅਰਦਾਸ ਕੀਤੀ ਹੈ ਕਿ ਉਹ ਜੋ ਸਮਾਜਿਕ ਬੁਰਾਈਆਂ ਦੇ ਖਾਤਮੇ ਦਾ ਪ੍ਰਣ ਕਰਕੇ ਚੱਲੇ ਹਨ, ਪਰਮਾਤਮਾ ਆਪ ਸਹਾਈ ਹੋ ਕੇ ਬਲ ਅਤੇ ਦ੍ਰਿੜ੍ਹਤਾ ਬਖਸ਼ਣ ਤਾਂ ਜੋ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾਵੇ। ਇਸ ਦੌਰਾਨ ਕੇਜਰੀਵਾਲ ਨੇ ਗੁਰਦੁਆਰਾ ਬਾਲ ਲੀਲ੍ਹਾ ਸਾਹਿਬ ਵਿਖੇ ਵੀ ਮੱਥਾ ਟੇਕਿਆ, ਜਿਥੇ ਬਾਬਾ ਕਸ਼ਮੀਰਾ ਸਿੰਘ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿਥੇ ਉਨ੍ਹਾਂ ਨੇ ਗੁਰਦੁਆਰਾ ਬਾਲ ਲੀਲ੍ਹਾ ਵਿਖੇ ਚੱਲ ਰਹੇ ਲੰਗਰ ਵਿਚ ਸੇਵਾ ਕੀਤੀ, ਉਥੇ ਹੀ ਉਨ੍ਹਾਂ ਪ੍ਰਸ਼ਾਦਾ ਵੀ ਛਕਿਆ। ਇਸ ਤੋਂ ਬਾਅਦ ਕੇਜਰੀਵਾਲ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਮੁਲਾਕਾਤ ਕੀਤੀ ਜਿਥੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਵਾਗਤ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਹੋਏ ਨਤਮਸਤਕ, ਨਿਤੀਸ਼ ਦੀ ਕੀਤੀ ਪ੍ਰਸੰਸਾ
ਪਟਨਾ/ਬਿਊਰੋ ਨਿਊਜ਼ :
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਭਾਗ ਲੈਣ ਲਈ ਪੁੱਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਚ ਪੂਰੀ ਸ਼ਰਧਾ ਨਾਲ ਨਤਮਸਤਕ ਹੋਏ। ਇਸ ਮੌਕੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਪੰਜਾਬ ਕਾਂਗਰਸ ਦੀ ਸੱਕਤਰ ਆਸ਼ਾ ਕੁਮਾਰੀ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ, ਬਿਹਾਰ ਦੇ ਸਿੱਖਿਆ ਮੰਤਰੀ ਅਸ਼ੋਕ ਚੌਧਰੀ, ਬਿਹਾਰ ਦੇ ਮਾਲ ਮੰਤਰੀ ਮਦਨ ਮੋਹਨ, ਕਾਂਗਰਸ ਆਗੂ ਸ. ਦਿਲਬਾਗ ਸਿੰਘ, ਕੈਪਟਨ ਦੇ ਮੀਡੀਆ ਸਲਾਹਕਾਰ ਭਰਤਇੰਦਰ ਚਾਹਲ ਵੀ ਮੌਜੂਦ ਸਨ। ਤਖਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਕੈਪਟਨ ਅਮਰਿੰਦਰ ਅਤੇ ਹੋਰ ਸ਼ਖਸੀਅਤਾਂ ਨੂੰ ਸਿਰੋਪਾਓ ਭੇਟ ਕੀਤੇ। ਜਦੋਂ ਕੈਪਟਨ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਚ ਨਤਮਸਤਕ ਹੋਣ ਆ ਰਹੇ ਸਨ ਤਾਂ ਰਸਤੇ ਵਿਚ ਸੰਗਤਾਂ ਦੀ ਵੱਡੀ ਭੀੜ ਨੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਜੈਕਾਰੇ ਵੀ ਲਾਏ। ਕੈਪਟਨ ਅਮਰਿੰਦਰ ਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਆਏ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਮੈਦਾਨ ਵਿਖੇ ਮੁੱਖ ਪੰਡਾਲ ਵਿਚ ਸੁਭਾਏਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਜਦਾ ਕੀਤਾ ਅਤੇ ਚਲ ਰਹੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਉਪਰੰਤ ਬਿਹਾਰ ਦੀ ਪ੍ਰਿੰਸੀਪਲ ਸਕੱਤਰ ਸ੍ਰੀਮਤੀ ਹਰਜੋਤ ਕੌਰ ਨੇ ਕੈਪਟਨ ਸਮੇਤ ਹਾਜ਼ਰੀ ਭਰਨ ਪਹੁੰਚੀਆਂ ਹੋਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੰਦੇ ਹੋਏ ਜੀ ਆਇਆਂ ਕਿਹਾ ਤੇ 350 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਪੰਡਾਲ ਵਿਚ ਸੰਗਤਾਂ ਨੂੰ ਸੰਬੋਧਨ ਦੌਰਾਨ ਸਮੁੱਚੀ ਮਾਨਵਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਗੁਰੂ ਗੋਬਿੰਦ ਸਿੰਘ ਨਾਲ ਬੜੇ ਗੂੜ੍ਹਤਾ ਵਾਲੇ ਸਬੰਧ ਸਨ, ਜਿਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਉਨ੍ਹਾਂ ਦੇ ਬਜ਼ੁਰਗਾਂ ਨੂੰ ਹੁਕਮਨਾਮਾ ਸਮੇਤ ਨਿਸ਼ਾਨ ਸਾਹਿਬ ਅਤੇ ਜੰਗੀ ਸ਼ਸਤਰ ਭੇਜੇ ਸਨ ਉਸ ਤੋਂ ਬਾਅਦ ਦੱਖਣ ਦੀ ਯਾਤਰਾ ਕਰਨ ਤੋਂ ਪਹਿਲਾਂ ਦਸਮੇਸ਼ ਪਿਤਾ ਨੇ 1705 ਈ: ਵਿਚ ਉਨ੍ਹਾਂ ਦੇ ਪੁਰਖੇ ਚੌਧਰੀ ਰਾਮ ਸਿੰਘ ਸਮੇਤ ਹੋਰਨਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਬਠਿੰਡਾ ਵਿਖੇ ਖੰਡੇ-ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ਅਸ਼ੀਰਵਾਦ ਵਜੋਂ ਜੰਗੀ ਸ਼ਸਤਰ ਅਤੇ ਨਿਸ਼ਾਨ ਸਾਹਿਬ ਦੀ ਬਖਸ਼ਿਸ਼ ਕੀਤੀ, ਜੋ ਉਨ੍ਹਾਂ ਦੇ ਪਰਿਵਾਰ ਕੋਲ ਅੱਜ ਵੀ ਪਟਿਆਲਾ ਵਿਖੇ ਸੁਸ਼ੋਭਿਤ ਹਨ। ਕੈਪਟਨ ਨੇ ਪ੍ਰਕਾਸ਼ ਪੁਰਬ ਸਮਾਗਮ ਲਈ ਨਿਤਿਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ਸਰਕਾਰ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਦੀ ਜੰਮ ਕੇ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਵਿਚ ਅਜਿਹੇ ਪ੍ਰਬੰਧ ਕਦੇ ਨਹੀਂ ਵੇਖੇ ਜਿਸ ਵਿਚ ਖਾਸ ਤੌਰ ‘ਤੇ ਪਟਨਾ ਸਾਹਿਬ ਵਿਖੇ ਸਥਿਤ ਗੁਰਧਾਮਾਂ ਤੋਂ ਇਲਾਵਾ ਸਮੁੱਚੇ ਸ਼ਹਿਰ ਨੂੰ ਜਿਨ੍ਹਾਂ ਵਿਚ ਸਰਕਾਰੀ ਇਮਾਰਤਾਂ ਵੀ ਸ਼ਾਮਲ ਹਨ, ਨੂੰ ਖੂਬਸੂਰਤ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਚਮਕਾਇਆ ਗਿਆ ਹੈ, ਜਿਸ ਨੂੰ ਦੇਖ ਦਿਲ ਅਸ਼-ਅਸ਼ ਕਰ ਉੱਠਦਾ ਹੈ। ਕੈਪਟਨ ਨੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਬਿਹਾਰ ਸਰਕਾਰ ਤੋਂ ਸ. ਬਾਦਲ ਨੂੰ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਗਾਂਧੀ ਮੈਦਾਨ ਵਿਚ ਲਗਾਏ ਗਏ ਲੰਗਰਾਂ ਵਿਚ ਉਨ੍ਹਾਂ ਨੇ ਸੇਵਾ ਕੀਤੀ ਅਤੇ ਪੰਡਾਲ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ। ਉਪਰੰਤ ਉਨ੍ਹਾਂ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਜਾ ਰਹੇ 350 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੀਤੇ ਪ੍ਰਬੰਧਾਂ ਲਈ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।

ਗੁਰਧਾਮਾਂ ਦੇ ਦਰਸ਼ਨਾਂ ਲਈ ਪਾਣੀ ਵਾਲੇ ਤਿੰਨ ਜਹਾਜ਼ ਗੰਗਾ ਵਿੱਚ ਚਲਾਏ
ਪਟਨਾ ਸਾਹਿਬ/ਬਿਊਰੋ ਨਿਊਜ਼ :
‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਵਿਚਕਾਰ ਬਿਹਾਰ ਸਰਕਾਰ ਨੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਣੀ ਵਾਲੇ ਤਿੰਨ ਜਹਾਜ਼ ਗੰਗਾ ਵਿੱਚ ਚਲਾ ਦਿੱਤੇ ਹਨ। ਫੁੱਲਾਂ ਨਾਲ ਸਜਾਏ ਇਹ ਜਹਾਜ਼ ਸੰਗਤ ਨੂੰ ਗੰਗਾ ਕੰਢੇ ਪੈਂਦੇ ਦੋ ਗੁਰਧਾਮਾਂ ਕੰਗਣ ਘਾਟ ਅਤੇ ਗਊ ਘਾਟ ਦੇ ਦਰਸ਼ਨ ਕਰਵਾਉਣਗੇ। ਗੁਰੂ ਗੋਬਿੰਦ ਸਿੰਘ ਦੇ  350ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਬਿਹਾਰ ਸਰਕਾਰ ਦੇ ਸੈਰ ਸਪਾਟਾ ਵਿਭਾਗ ਨੇ ਇਹ ਉਪਰਾਲਾ ਕੀਤਾ ਹੈ। ਇਹ ਜਹਾਜ਼ 6 ਜਨਵਰੀ ਤਕ ਗੁਰਦੁਆਰਾ ਕੰਗਣ ਘਾਟ ਤੋਂ ਗਾਂਧੀ ਘਾਟ ਤਕ ਚੱਲਣਗੇ, ਜਿਥੇ 5 ਜਨਵਰੀ ਨੂੰ ਮੁੱਖ ਸਮਾਗਮ ਹੋਣੇ ਹਨ। ਜਥਿਆਂ ਵਿੱਚ ਇੰਗਲੈਂਡ ਦਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ, ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਦਇਆ ਸਿੰਘ ਦੇ ਜਥੇ  ਸ਼ਾਮਲ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਵਿੱਚ ਸਫ਼ਰ ਕਰਨ ਵਾਲੇ ਕਿਸੇ ਵੀ ਸ਼ਰਧਾਲੂ ਕੋਲੋਂ ਪੈਸੇ ਨਹੀਂ ਵਸੂਲੇ ਜਾਣਗੇ। ਗੰਗਾ ਵਿੱਚ ਚਲਦੀਆਂ ਨਿੱਜੀ ਕਿਸ਼ਤੀਆਂ ‘ਤੇ 6 ਜਨਵਰੀ ਤਕ ਪਾਬੰਦੀ ਲਾ ਦਿੱਤੀ ਗਈ ਹੈ। ਕਸਤੂਰਬਾ, ਵੀ ਵੀ ਗਿਰੀ ਅਤੇ ਗੰਗੋਤਰੀ ਨਾਂ ਦੇ ਜਹਾਜ਼ਾਂ ਨਾਲ ਸਫ਼ਰ ਸਿਰਫ਼ ਅੱਧੇ ਘੰਟੇ ਦਾ ਰਹਿ ਜਾਵੇਗਾ ਜਦਕਿ ਸੜਕ ਰਾਹੀਂ ਡੇਢ ਘੰਟੇ ਲਗਦੇ ਹਨ।

ਭਾਫ ਦੇ ਇੰਜਣ ਨਾਲ ਤਿਆਰ ਹੋ ਰਿਹਾ ਲੰਗਰ
ਪਟਨਾ ਸਾਹਿਬ : ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਚਲ ਰਹੇ ਸਮਾਗਮਾਂ ਦੌਰਾਨ ਸੰਗਤਾਂ ਨੂੰ ਛਕਾਇਆ ਜਾਣ ਵਾਲਾ ਲੰਗਰ ਭਾਫ਼ ਦੇ ਇੰਜਣ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਖਾਣੇ ਵਿੱਚੋਂ ਜਿਥੇ ਪੌਸ਼ਟਿਕ ਤੱਤ ਨਹੀਂ ਮਰਦੇ, ਉਥੇ ਲੰਗਰ ਤਿਆਰ ਕਰਨ ਵਾਲੇ ਵੀ ਧੂੰਏਂ ਤੋਂ ਰਹਿਤ ਰਸੋਈ ਵਿੱਚ ਭੋਜਨ ਤਿਆਰ ਕਰ ਰਹੇ ਹਨ। ਰਾੜਾ ਸਾਹਿਬ ਵਾਲਿਆਂ ਵੱਲੋਂ ਸਾਰਾ ਲੰਗਰ ਭਾਫ਼ ਦੇ ਇੰਜਣ ਨਾਲ ਤਿਆਰ ਕੀਤਾ ਜਾ ਰਿਹਾ ਹੈ।