ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਦੱਸ ਕੇ ਦਿੱਲੀ ਪੁਲਸ ਨੇ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ

ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਦੱਸ ਕੇ ਦਿੱਲੀ ਪੁਲਸ ਨੇ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ
ਮੋਹਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਤੇਜ ਸਿੰਘ (ਸਰੋਤ: ਸੀਐਨਐਨ18)

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ ਪੁਲਸ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧ ਦਸਦਿਆਂ ਤਿੰਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੀ ਪਛਾਣ 29 ਸਾਲਾ ਮੋਹਿੰਦਰ ਸਿੰਘ (ਦਿੱਲੀ), 41 ਸਾਲਾ ਗੁਰਤੇਜ ਸਿੰਘ (ਮਾਨਸਾ) ਅਤੇ 21 ਸਾਲਾ ਲਵਪ੍ਰੀਤ ਸਿੰਘ (ਕੈਥਲ) ਵਜੋਂ ਹੋਈ ਹੈ। 

ਪੁਲਸ ਨੇ ਇਹਨਾਂ ਕੋਲੋਂ ਤਿੰਨ ਪਿਸਤੋਲ ਅਤੇ ਸੱਤ ਜ਼ਿੰਦਾ ਕਾਰਤੂਸ ਫੜ੍ਹਨ ਦਾ ਦਾਅਵਾ ਕੀਤਾ ਹੈ। 

ਪੁਲਸ ਨੇ ਅੱਜ ਇਹਨਾਂ ਗ੍ਰਿਫਤਾਰੀਆਂ ਦਾ ਐਲਾਨ ਕੀਤਾ ਹੈ। ਪੁਲਸ ਦੇ ਦਾਅਵੇ ਮੁਤਾਬਕ ਇਹ ਸਿੱਖ ਖਾਲਿਸਤਾਨ ਦੇ ਸਮਰਥਕ ਹਨ। ਪੁਲਸ ਨੇ ਦੋਸ਼ ਲਾਇਆ ਹੈ ਕਿ ਇਹਨਾਂ ਵੱਲੋਂ ਵਿਦੇਸ਼ ਵਿਚ ਰਹਿੰਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂਆਂ ਨਾਲ ਮਿਲ ਕੇ ਹਥਿਆਰਬੰਦ ਕਾਰਵਾਈਆਂ ਦੀ ਤਿਆਰੀ ਕੀਤੀ ਜਾ ਰਹੀ ਸੀ। 

ਪੁਲਸ ਨੇ ਸਬੂਤ ਵਜੋਂ ਇਹਨਾਂ ਸਿੱਖਾਂ ਦੇ ਮੋਬਾਈਲ ਫੋਨਾਂ ਵਿਚ ਖਾਲਿਸਤਾਨ ਲਹਿਰ ਨਾਲ ਸਬੰਧਿਤ ਤਸਵੀਰਾਂ ਅਤੇ ਹੋਰ ਸਮਗਰੀ ਮਿਲਣ ਦਾ ਦਾਅਵਾ ਕੀਤਾ ਹੈ। 

ਦਿੱਲੀ ਪੁਲਸ ਦੇ ਸਪੈਸ਼ਲ ਸੈਲ ਦੇ ਡਿਪਟੀ ਕਮਿਸ਼ਨਰ ਸੰਜੀਵ ਕੁਮਾਰ ਯਾਦਵ ਨੇ ਦੱਸਿਆ ਕਿ ਮੋਹਿੰਦਰ ਸਿੰਘ ਨੂੰ ਫੜ੍ਹਨ ਲਈ ਪੁਲਸ ਨੇ 15 ਜੂਨ ਨੂੰ ਹਸਤਸਾਲ ਵਿਚ ਜਾਲ ਵਿਛਾਇਆ ਸੀ ਜਿੱਥੇ ਉਸ ਦੀ ਗ੍ਰਿਫਤਾਰੀ ਹੋਈ।

ਮੋਹਿੰਦਰ ਸਿੰਘ ਦੀ ਹਿਰਾਸਤ ਵਿਚ ਕੀਤੀ ਗਈ ਪੁੱਛਗਿੱਛ ਦੇ ਅਧਾਰ 'ਤੇ ਪੁਲਸ ਨੇ ਪੰਜਾਬ ਦੇ ਮਾਨਸਾ ਤੋਂ ਗੁਰਤੇਜ ਸਿੰਘ ਅਤੇ ਹਰਿਆਣਾ ਦੇ ਕੈਥਲ ਤੋਂ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। 

ਪੁਲਸ ਦੇ ਬਿਆਨ ਮੁਤਾਬਕ ਇਹ ਸਿੱਖ ਖਾਲਿਸਤਾਨ ਦੇ ਸਮਰਥਕ ਹਨ ਜਦਕਿ 6 ਜੂਨ ਨੂੰ ਸਿੱਖਾਂ ਦੀ ਸਰਬਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖਾਂ ਦੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਐਲਾਨ ਕੀਤਾ ਜਾ ਚੁੱਕਾ ਹੈ ਕਿ ਹਰ ਸਿੱਖ ਖਾਲਿਸਤਾਨ ਦਾ ਸਮਰਥਕ ਹੈ। 

ਪੁਲਸ ਦਾਅਵੇ ਵਿਚ ਸਿੱਖਾਂ ਦੇ ਮੋਬਾਈਲਾਂ 'ਚ ਖਾਲਿਸਤਾਨ ਨਾਲ ਸਬੰਧਿਤ ਤਸਵੀਰਾਂ ਜਾਂ ਹੋਰ ਸਮਗਰੀ ਮਿਲਣ ਨੂੰ ਵੀ ਦੋਸ਼ ਬਣਾਇਆ ਗਿਆ ਹੈ ਜਦਕਿ ਭਾਰਤੀ ਕਾਨੂੰਨ ਮੁਤਾਬਕ ਵੀ ਖਾਲਿਸਤਾਨ ਸਬੰਧੀ ਪ੍ਰਚਾਰ ਸਮਗਰੀ ਭਾਰਤੀ ਸੰਵਿਧਾਨ ਵੱਲੋਂ ਦਿੱਤੇ ਵਿਚਾਰਾਂ ਦੀ ਅਜ਼ਾਦੀ ਅਧੀਨ ਆਉਂਦੇ ਹਨ। 

ਪੁਲਸ ਵੱਲੋਂ ਪਾਏ ਗਏ ਅਸਲੇ ਦੀ ਸੱਚਾਈ ਅੱਗੇ ਕਾਨੂੰਨੀ ਕਾਰਵਾਈ ਵਿਚ ਸਾਹਮਣੇ ਆ ਸਕਦੀ ਹੈ।