ਬੇਅਦਬੀ ਕਾਂਡ : ਸਿੱਟ ਨੇ ਰਿੜਕਿਆ ਸਾਬਕਾ ਡੀਜੀਪੀ ਸੈਣੀ

ਬੇਅਦਬੀ ਕਾਂਡ : ਸਿੱਟ ਨੇ ਰਿੜਕਿਆ ਸਾਬਕਾ ਡੀਜੀਪੀ ਸੈਣੀ

ਤਿੰਨ ਹੋਰ ਪੁਲੀਸ ਅਫ਼ਸਰ ਵੀ ਜਾਂਚ ਦੇ ਘੇਰੇ 'ਚ
ਸੈਣੀ ਤੋਂ ਬਾਅਦ ਬਾਦਲਾਂ ਦੀ ਵਾਰੀ ਦੀਆਂ ਸਰਗੋਸ਼ੀਆਂ
ਸੀਸੀਟੀਵੀ ਫੁਟੇਜ ਨਾਲ ਹੋਈ ਛੇੜਛਾੜ—ਸਿੱਟ ਨੇ ਕੀਤਾ ਦਾਅਵਾ


ਚੰਡੀਗੜ੍ਹ/ਏਟੀ ਨਿਊਜ਼ :
ਪੰਜਾਬ ਸਰਕਾਰ ਵੱਲੋਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਅਤੇ ਇਸ ਦੇ ਨਾਲ ਹੀ ਜੁੜੇ ਕੋਟਕਪੂਰਾ ਅਤੇ ਬਹਿਬਲ ਕਲਾਂ ਪੁਲੀਸ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਵੱਲੋਂ ਵਿਵਾਦਾਂ 'ਚ ਘਿਰੇ ਰਹਿਣ ਵਾਲੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਤਿੰਨ ਹੋਰਨਾਂ ਸੀਨੀਅਰ ਪੁਲੀਸ ਅਧਿਕਾਰੀਆਂ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ, ਆਈਜੀ ਅਮਰ ਸਿੰਘ ਚਾਹਲ ਅਤੇ ਡੀਆਈਜੀ ਰਣਬੀਰ ਸਿੰਘ ਖੱਟੜਾ ਤੋਂ ਪੁੱਛਗਿੱਛ ਕੀਤੀ ਗਈ। ਸੂਤਰਾਂ ਦਾ ਦੱਸਣਾ ਹੈ ਕਿ ਸਿੱਟ ਨਾਲ ਸਬੰਧਤ ਪੁਲੀਸ ਅਧਿਕਾਰੀਆਂ ਵਧੀਕ ਡੀਜੀਪੀ ਪ੍ਰਬੋਧ ਕੁਮਾਰ, ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਪੁੱਛਗਿੱਛ ਕੀਤੀ। ਪਤਾ ਲੱਗਾ ਹੈ ਕਿ ਸਿੱਟ ਵੱਲੋ ਸੈਣੀ ਤੋਂ ਕੋਟਕਪੂਰਾ ਪੁਲੀਸ ਗੋਲੀ ਕਾਂਡ ਨਾਲ ਸਬੰਧਿਤ ਸਵਾਲ ਪੁੱਛੇ ਗਏ ਪਰ ਸੈਣੀ ਨੇ ਪੁੱਛਗਿੱਛ ਦੌਰਾਨ ਕੋਈ ਵੱਡਾ ਖੁਲਾਸਾ ਨਹੀਂ ਕੀਤਾ।
ਬੁੱਚੜ ਵੱਜੋਂ ਮਸ਼ਹੂਰ ਕੇਪੀ ਗਿੱਲ ਦਾ ਚਹੇਤਾ ਰਿਹਾ ਸੁਮੇਧ ਸੈਣੀ : ਪੰਜਾਬ ਪੁਲਿਸ ਦਾ ਸਾਬਕਾ ਮੁਖੀ ਸੁਮੇਧ ਸੈਣੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਦਾ ਖਾਸ ਚਹੇਤਾ ਰਿਹਾ ਹੈ। ਅਗਸਤ 1991 ਵਿਚ ਸੈਣੀ ਚੰਡੀਗੜ੍ਹ ਦਾ ਐੱਸਐੱਸਪੀ ਸੀ, ਉਸ ਦੌਰਾਨ ਉਨ੍ਹਾਂ ਉੱਤੇ ਖਾੜਕੂਆਂ ਨੇ ਜਾਨਲੇਵਾ ਹਮਲਾ ਕੀਤਾ ਸੀ। ਇਸ ਹਮਲੇ ਵਿਚ ਸੁਮੇਧ ਤਾਂ ਬਚ ਗਿਆ ਪਰ ਤਿੰਨ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਸੀ।
ਸੈਣੀ ਉੱਪਰ ਲੁਧਿਆਣਾ ਦੇ ਕਾਰੋਬਾਰੀ ਨੂੰ ਦੋ ਹੋਰ ਵਿਅਕਤੀਆਂ ਸਮੇਤ ਅਗਵਾ ਕਰਕੇ ਖੁਰਦ-ਬੁਰਦ ਕਰਨ ਦਾ ਸੀਬੀਆਈ ਕੇਸ ਵੀ ਲੰਬਾ ਸਮਾਂ ਚੱਲਿਆ। ਵਿਨੋਦ ਦੀ ਮਾਂ ਨੇ ਸੁਮੇਧ ਖਿਲਾਫ 24 ਸਾਲ ਅਦਾਲਤੀ ਮੁਕੱਦਮਾ ਲੜਿਆ ਅਤੇ 100 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ। ਸਾਲ 1994 ਤੋਂ ਜਾਰੀ ਅਦਾਲਤੀ ਕਾਰਵਾਈ ਅਜੇ ਵੀ ਜਾਰੀ ਹੈ। ਅਕਾਲੀ-ਭਾਜਪਾ ਸਰਕਾਰ ਦੇ ਦੂਸਰੇ ਕਾਰਜਕਾਲ ਤੋਂ ਬਾਅਦ ਸੁਮੇਧ ਤੇ ਕੈਪਟਨ ਦੇ ਰਿਸ਼ਤਿਆਂ ਦੀ ਵਿਚ ਖਟਾਸ ਲਗਾਤਾਰ ਵਧਦੀ ਹੀ ਗਈ। ਚੰਡੀਗੜ੍ਹ ਵਿਚ ਉਹ ਫੌਜ ਦੇ ਲੈਫਟੀਨੈਂਟ ਕਰਨਲ ਦੇ ਥੱਪੜ ਮਾਰਨ ਤੇ ਬਠਿੰਡਾ ਵਿਚ ਐੱਸਐੱਸਪੀ ਰਹਿੰਦਿਆਂ ਡਿਪਟੀ ਕਮਿਸ਼ਨਰ ਦੀ ਪਾਰਟੀ ਵਿਚ ਇਕ ਇੰਜਨੀਅਰ ਨਾਲ ਖਿੱਚਧੂਹ ਕਰਨ ਕਰਕੇ ਵੀ ਵਿਵਾਦਾਂ ਵਿਚ ਰਿਹਾ। ਰਵੀ ਸਿੱਧੂ ਮਾਮਲੇ ਸਣੇ ਕਈ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਵਾਲੇ ਕੇਸਾਂ ਦੀ ਜਾਂਚ ਲਈ ਸੈਣੀ ਨੂੰ ਵਾਹ-ਵਾਹੀ ਵੀ ਮਿਲੀ। ਸਾਬਕਾ ਪੁਲੀਸ ਮੁਖੀ ਗਿੱਲ ਅਤੇ ਸੁਮੇਧ ਸੈਣੀ ਸਰਕਾਰ ਦੀ ਗੋਲੀ ਬਦਲੇ ਗੋਲੀ ਦੀ ਨੀਤੀ ਨੂੰ ਲਾਗੂ ਕਰਨ ਵਾਲੇ ਪੰਜਾਬ ਪੁਲਿਸ ਦੇ ਮੋਹਰੀ ਅਫ਼ਸਰਾਂ ਵਿੱਚੋਂ ਸਨ। 
ਬੇਅਦਬੀ ਮਾਮਲਿਆਂ ਦੀ ਜਾਂਚ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੀਤੀ। ਉਨ੍ਹਾਂ ਵੱਲੋਂ ਆਪਣੀ ਵਿਸਤਰਿਤ ਰਿਪੋਰਟ ਸਰਕਾਰ ਨੂੰ ਜਮ੍ਹਾਂ ਕਰਵਾਉਣ ਤੋਂ ਬਾਅਦ ਕੈਪਟਨ ਸਰਕਾਰ ਨੇ ਮਾਮਲਾ ਐੱਸਆਈਟੀ ਦੇ ਹਵਾਲੇ ਕਰ ਦਿੱਤਾ।
ਸੰਨ 2007 ਤੋਂ ਬਆਦ ਉਹ ਅਕਾਲੀ ਦਲ ਦੀ 10 ਸਾਲ ਦੀ ਸੱਤਾ ਦੌਰਾਨ ਅਹਿਮ ਭੂਮਿਕਾ ਵਿਚ ਰਿਹਾ। ਅਕਾਲੀ ਭਾਜਪਾ ਸਰਕਾਰ ਦੌਰਾਨ ਹੀ ਉਹ ਸਾਲ 2012 ਤੋਂ 2015 ਤੱਕ ਪੰਜਾਬ ਪੁਲਿਸ ਦਾ ਮੁਖੀ ਰਿਹਾ। ਸੰਨ 2009 ਵਿਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਟੀਐੱਸ ਠਾਕੁਰ ਨੇ ਸੈਣੀ 'ਤੇ ਪੰਜਾਬ ਹਾਈਕੋਰਟ ਦੇ ਜੱਜਾਂ ਦੇ ਫੋਨ ਟੈਪ ਕਰਨ ਦਾ ਇਲਜ਼ਾਮ ਲਾਇਆ। ਸੈਣੀ, ਕੈਪਟਨ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਭਰੋਸੇਯੋਗ ਅਫ਼ਸਰ ਸਨ। ਅਕਾਲੀ ਸਰਕਾਰ ਦੌਰਾਨ ਕੈਪਟਨ 'ਤੇ ਲੁਧਿਆਣਾ ਦੇ ਸਿਟੀ ਸੈਂਟਰ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਘੁਟਾਲੇ ਵਿਚ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ। ਇਸ ਮਗਰੋਂ ਇਹ ਰਿਸ਼ਤੇ ਨਿੱਘਰਦੇ ਹੀ ਚਲੇ ਗਏ। ਇਹ ਇਲਜ਼ਾਮ ਲਾਏ ਜਾਣ ਸਮੇਂ ਸੈਣੀ ਪੰਜਾਬ ਵਿਜੀਲੈਂਸ ਵਿਭਾਗ ਦਾ ਮੁਖੀ (2007-12) ਸੀ। ਕੈਪਟਨ ਸਰਕਾਰ ਆਉਣ ਤੋਂ ਬਾਅਦ ਸਿਟੀ ਸੈਂਟਰ ਘੋਟਾਲਾ ਮਾਮਲੇ ਵਿਚ ਕਲੋਜ਼ਰ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਗਈ। ਇਸ ਖਿਲਾਫ਼ ਸੈਣੀ ਨੇ ਲੁਧਿਆਣਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਵਿਚ ਮੁੱਖ ਮੰਤਰੀ ਕੈਪਟਨ ਸਿੰਘ ਖਿਲਾਫ਼ ਅਰਜ਼ੀ ਦਾਇਰ ਕਰ ਦਿੱਤੀ।
14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿਚ ਦੋ ਸਿੱਖ ਨੌਜਵਾਨ ਸ਼ਹੀਦ ਹੋਣ ਤੋਂ ਬਾਅਦ ਸਰਕਾਰ ਨੇ ਸੈਣੀ ਦੀ ਥਾਂ ਸੁਰੇਸ਼ ਅਰੋੜਾ ਨੂੰ ਪੁਲਿਸ ਮੁਖੀ ਨਿਯੁਕਤ ਕਰ ਦਿੱਤਾ ਸੀ।
ਸੈਣੀ ਨੂੰ ਘੇਰਨ ਤੋਂ ਬਾਅਦ ਇਹ ਸਰਗੋਸ਼ੀਆਂ ਹਨ ਕਿ ਹੁਣ ਬਾਦਲਾਂ ਦੀ ਵਾਰੀ ਹੈ। ਸੁਮੇਧ ਸੈਣੀ ਇਸ ਮਾਮਲੇ ਵਿਚ ਫਸਿਆ ਸਭ ਤੋਂ ਉਚ ਅਧਿਕਾਰੀ ਹੈ। ਇਸ ਤੋਂ ਪਹਿਲਾਂ ਐਸ.ਆਈ.ਟੀ. ਵੱਲੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਤੇ ਮੌਜੂਦਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗੋਲੀਕਾਂਡਾਂ ਸਬੰਧੀ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਚਰਨਜੀਤ ਨੂੰ 7 ਮਾਰਚ ਤਕ ਜੇਲ੍ਹ ਭੇਜਿਆ : ਮੈਜਿਸਟ੍ਰੇਟ ਚੇਤਨ ਸ਼ਰਮਾ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੋਲੀ ਕਾਂਡ ਦੇ ਕਥਿਤ ਦੋਸ਼ੀ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਦੀ ਨਿਆਇਕ ਹਿਰਾਸਤ 'ਚ 7 ਮਾਰਚ ਤਕ ਵਾਧਾ ਕੀਤਾ ਗਿਆ ਹੈ। 
ਜਾਂਚ ਟੀਮ ਵੱਲੋਂ ਸੁਖਬੀਰ ਦੇ ਦੋਸਤ ਦੇ ਘਰ ਛਾਪਾ : ਬਹਿਬਲ ਕਾਂਡ ਵਿਚ ਪੁਲੀਸ ਵੱਲੋਂ ਕਥਿਤ ਵਰਤੇ ਗਏ ਨਿੱਜੀ ਹਥਿਆਰ ਦੀ ਵਿਸ਼ੇਸ਼ ਜਾਂਚ ਟੀਮ ਨੇ ਸ਼ਨਾਖਤ ਕਰ ਲਈ ਹੈ। ਪੁਲੀਸ ਨੇ ਸਿੱਖ ਸੰਗਤ ਉੱਪਰ ਗੋਲੀਆਂ ਚਲਾਉਣ ਤੋਂ ਬਾਅਦ ਸਵੈ-ਰੱਖਿਆ ਲਈ ਆਪਣੀਆਂ ਹੀ ਜਿਪਸੀਆਂ ਉੱਪਰ ਗੋਲੀਆਂ ਚਲਾ ਕੇ 200 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਸੀ ਪਰ ਹੁਣ ਜਾਂਚ ਦੌਰਾਨ ਸਪੱਸ਼ਟ ਹੋਇਆ ਹੈ ਕਿ ਪੁਲੀਸ ਦੀ ਜਿਪਸੀ ਉੱਪਰ ਜੋ ਗੋਲੀਆਂ ਵੱਜੀਆਂ ਸਨ, ਉਹ ਦੋਨਾਲੀ ਰਾਈਫ਼ਲ ਨਾਲ ਪੁਲੀਸ ਅਧਿਕਾਰੀਆਂ ਵੱਲੋਂ ਖੁਦ ਹੀ ਮਾਰੀਆਂ ਗਈਆਂ ਸਨ। ਫਰੀਦਕੋਟ ਦੇ ਵਸਨੀਕ ਇੱਕ ਨੌਜਵਾਨ ਐਡਵੋਕੇਟ ਨੂੰ ਜਾਂਚ ਟੀਮ ਨੇ ਪੁੱਛਗਿੱਛ ਲਈ ਕਪੂਰਥਲੇ ਬੁਲਾਇਆ ਸੀ। ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਇਸ ਵਕੀਲ ਨੇ ਹੀ ਐੱਸ.ਪੀ. ਬਿਕਰਮ ਸਿੰਘ ਨੂੰ ਆਪਣੀ ਦੋਨਾਲੀ ਰਾਈਫ਼ਲ ਵਰਤਣ ਲਈ ਦਿੱਤੀ ਸੀ। ਜਿਸ ਵਕੀਲ ਦਾ ਹਥਿਆਰ ਬਹਿਬਲ ਕਾਂਡ ਵਿੱਚ ਵਰਤਿਆ ਗਿਆ ਹੈ, ਉਸ ਪਰਿਵਾਰ ਨਾਲ ਸੁਖਬੀਰ ਬਾਦਲ ਦੀ ਕਰੀਬੀ ਦੋਸਤੀ ਹੈ। ਜਾਂਚ ਟੀਮ ਨੇ ਇਸ ਵਕੀਲ ਦੇ ਘਰ ਛਾਪਾ ਮਾਰਿਆ ਪਰ ਛਾਪੇਮਾਰੀ ਦੌਰਾਨ ਘਰ ਵਿਚ ਵਕੀਲ ਨਹੀਂ ਮਿਲਿਆ। ਫਰੀਦਕੋਟ ਜ਼ਿਲ੍ਹੇ ਦਾ ਇਕ ਸਾਬਕਾ ਅਕਾਲੀ ਵਿਧਾਇਕ ਵੀ ਰੂਪੋਸ਼ ਹੋ ਗਿਆ ਹੈ। 

ਕੋਟਕਪੂਰਾ ਕਾਂਡ ਦੀ ਸੀਸੀਟੀਵੀ ਫੁਟੇਜ ਨਾਲ ਛੇੜਛਾੜ : ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੇ ਪੁਲੀਸ ਰਿਮਾਂਡ ਵਿਚ ਵਾਧੇ ਦੀ ਮੰਗ ਸਮੇਂ ਸਿੱਟ ਨੇ ਫ਼ਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਮੂਹਰੇ ਭੇਤ ਖੋਲ੍ਹਿਆ ਕਿ ਸ਼ਾਂਤੀ ਪੂਰਵਕ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ 'ਤੇ ਬਿਨਾ ਭੜਕਾਹਟ ਦੇ ਗੋਲੀ ਚਲਾਉਣ ਦੀ ਘਟਨਾ ਨੂੰ ਛਿਪਾਉਣ ਲਈ ਮੁਲਜ਼ਮ ਪੁਲੀਸ ਅਧਿਕਾਰੀਆਂ ਦੇ ਇਸ਼ਾਰੇ 'ਤੇ ਸੀਸੀਟੀਵੀ ਫੁਟੇਜ ਨੂੰ ਨੁਕਸਾਨ ਪਹੁੰਚਾਇਆ ਗਿਆ। ਕੋਟਕਪੂਰਾ ਦੇ ਮੁੱਖ ਚੌਕ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ 14 ਅਕਤੂਬਰ 2015 ਨੂੰ ਵਾਪਰੀ ਗੋਲੀਬਾਰੀ ਦੀ ਘਟਨਾ ਕੈਦ ਹੋ ਗਈ ਸੀ। ਸਿੱਟ ਨੇ ਅਦਾਲਤ ਵਿਚ ਕੁਝ ਵੀਡੀਓ ਸਬੂਤ ਵਜੋਂ ਪੇਸ਼ ਕੀਤੇ। ਸਿੱਟ ਦੇ ਦਾਅਵੇ ਦਾ ਵਿਰੋਧ ਕਰਦਿਆਂ ਉਮਰਾਨੰਗਲ ਦੇ ਵਕੀਲ ਨੇ ਵੀ ਅਦਾਲਤ ਵਿਚ ਇਕ ਹੋਰ ਵੀਡੀਓ ਚਲਾਈ। ਉਸ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਸਵੈ-ਰੱਖਿਆ ਵਿਚ ਗੋਲੀਆਂ ਚਲਾਈਆਂ ਸਨ। ਵੀਡੀਓ ਦੇ ਆਧਾਰ 'ਤੇ ਵਕੀਲਾਂ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਕੋਲ ਤੇਜ਼ਧਾਰ ਹਥਿਆਰ ਸਨ।
ਮੁਲਜ਼ਮ ਦੀ ਇਸ ਕਹਾਣੀ ਦਾ ਵਿਰੋਧ ਕਰਦਿਆਂ ਸਿੱਟ ਨੇ ਦਾਅਵਾ ਕੀਤਾ ਕਿ ਗੋਲੀਆਂ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟਰੇਟ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ। ਸਿੱਟ ਨੇ ਕਿਹਾ ਕਿ ਗੋਲੀਆਂ ਚਲਾਉਣ ਮਗਰੋਂ ਪੁਲੀਸ ਨੇ ਡਿਊਟੀ ਮੈਜਿਸਟਰੇਟ ਤੋਂ ਇਸ ਸਬੰਧੀ ਜਬਰੀ ਇਜਾਜ਼ਤ ਲਈ। 

ਉਮਰਾਨੰਗਲ ਬੁਰੀ ਤਰ੍ਹਾਂ ਫਸਿਆ : ਪਰਮਰਾਜ ਸਿੰਘ ਉਮਰਾਨੰਗਲ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ। ਹੁਣ ਉਨ੍ਹਾਂ ਨੂੰ ਅਕਤੂਬਰ 2015 ਦੌਰਾਨ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਨੇ ਉਨ੍ਹਾਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। 
ਪਰਮਰਾਜ ਸਿੰਘ ਆਪਣੇ ਸਮੇਂ ਦੇ ਖ਼ਾਲਿਸਤਾਨ-ਵਿਰੋਧੀ ਅਕਾਲੀ ਆਗੂ ਸਵਰਗੀ ਜੀਵਨ ਸਿੰਘ ਉਮਰਾਨੰਗਲ ਦੇ ਪੋਤਰੇ ਹਨ। ਸੰਨ 1987 ਵਿਚ ਜਦੋਂ ਖਾੜਕੂਆਂ ਨੇ ਉਸ ਦੇ ਪਿਤਾ ਸੁਖਦੇਵ ਸਿੰਘ ਨੂੰ ਕਤਲ ਕਰ ਦਿੱਤਾ ਸੀ, ਤਦ ਪੰਜਾਬ ਸਰਕਾਰ ਨੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਿੱਧਾ ਡੀਐੱਸਪੀ ਭਰਤੀ ਕੀਤਾ ਸੀ। ਉਮਰਾਨੰਗਲ ਅਪਰਾਧੀ ਕਿਸਮ ਦਾ ਅਫ਼ਸਰ ਗਿਣਿਆਂ ਜਾਂਦਾ ਹੈ। ਕੇਪੀਐਸ ਗਿੱਲ ਨਾਲ ਨੇੜਤਾ ਕਾਰਨ ਇਸ ਸਭ ਦੇ ਬਾਵਜੂਦ ਉਹ ਆਪਣੇ ਕਰੀਅਰ ੱਿਚ ਤਰੱਕੀ ਹੀ ਕਰਦਾ ਚਲਾ ਗਿਆ। ਸਾਲ 2015 ਦੌਰਾਨ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਨਸ਼ਿਆਂ ਦੇ ਕੌਮਾਂਤਰੀ ਸਮੱਗਲਰ ਰਾਜਾ ਕੰਦੋਲਾ ਨਾਲ ਉਸ ਦੇ ਕਥਿਤ ਸਬੰਧਾਂ ਦੀ ਜਾਂਚ ਕੀਤੀ ਸੀ ਪਰ ਬਾਅਦ ਵਿਚ ਉਸ ਨੂੰ ਬਾਦਲ ਦੇ ਰਾਜ ਦੌਰਾਨ ਸਾਫ਼ ਬਰੀ ਕਰ ਦਿੱਤਾ ਗਿਆ । ਉਮਰਾਨੰਗਲ ਦੀ ਨੇੜਤਾ ਜਿੱਥੇ ਬਾਦਲ ਦਲ ਨਾਲ ਰਹੀ ਹੈ, ਉੱਥੇ ਕਾਂਗਰਸੀਆਂ ਨਾਲ ਵੀ ਰਹੀ ਹੈ। ਜਦੋਂ ਕੈਪਟਨ ਸਾਲ 2003 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ, ਤਦ ਉਸ ਨੂੰ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਸੀ।
ਦਸੰਬਰ 2012 ਵਿਚ ਜਦੋਂ ਉਮਰਾਨੰਗਲ ਡੀਆਈਜੀ (ਅੰਮ੍ਰਿਤਸਰ ਬਾਰਡਰ ਰੇਂਜ) ਨਿਯੁਕਤ ਹੋਇਆ, ਤਦ ਇਕ ਅਕਾਲੀ ਵਰਕਰ ਵੱਲੋਂ ਕੀਤੇ ਇੱਕ ਏਐੱਸਆਈ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚ ਕਾਰਵਾਈ ਕਰਦਿਆਂ ਉਦੋਂ ਦੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਨੇ ਉਮਰਾਨੰਗਲ ਨੂੰ ਮੁਅੱਤਲ ਕਰ ਦਿੱਤਾ ਸੀ। ਉਹ ਫ਼ਰਵਰੀ 2013 ਵਿਚ ਮੁੜ ਬਹਾਲ ਹੋ ਗਿਆ। ਅਕਤੂਬਰ 2012 ਵਿਚ ਉਹ ਡੀਆਈਜੀ (ਫ਼ਿਰੋਜ਼ਪੁਰ ਰੇਂਜ) ਨਿਯੁਕਤ ਸੀ, ਤਦ ਉਸ ਦੀ ਅਗਵਾਈ ਹੇਠ ਇੱਕ ਪੁਲਿਸ ਟੀਮ ਨੇ ਫ਼ਰੀਦਕੋਟ ਅਗ਼ਵਾ ਕਾਂਡ ਵਿਚ ਪੀੜਤ ਲੜਕੀ ਦੀਆਂ ਤਸਵੀਰਾਂ ਜੱਗ ਜ਼ਾਹਿਰ ਕਰ ਕੇ ਬਹੁਤ ਭਾਰੀ ਗ਼ਲਤੀ ਕੀਤੀ ਸੀ। ਦਰਅਸਲ, ਪੁਲਿਸ ਉਦੋਂ ਮੀਡੀਆ ਸਾਹਵੇਂ ਇਹ ਪੁਸ਼ਟੀ ਕਰਨਾ ਚਾਹੁੰਦੀ ਸੀ ਕਿ ਲੜਕੀ ਨੂੰ ਮੁੱਖ ਮੁਲਜ਼ਮ ਗੈਂਗਸਟਰ ਨਿਸ਼ਾਨ ਤੇ ਉਸ ਦੇ ਦੋਸਤਾਂ ਨੇ ਅਗ਼ਵਾ ਨਹੀਂ ਕੀਤਾ ਸੀ, ਸਗੋਂ ਉਸ ਨੇ ਆਪਣੀ ਮਰਜ਼ੀ ਨਾਲ ਉਸ ਗੈਂਗਸਟਰ ਨਾਲ ਵਿਆਹ ਰਚਾਇਆ ਸੀ। ਉਸ ਘਟਨਾ ਤੋਂ ਬਾਅਦ ਉਮਰਾਨੰਗਲ ਨੂੰ ਡੀਆਈਜੀ (ਬਾਰਡਰ ਰੇਂਜ) ਲਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ 1994 ਵਿਚ ਜਦੋਂ ਉਹ ਰੋਪੜ ਦਾ ਡੀਐੱਸਪੀ ਸੀ, ਤਦ ਉਸ ਉੱਤੇ ਇੱਕ ਝੂਠੇ ਪੁਲਿਸ ਮੁਕਾਬਲੇ ਦੌਰਾਨ ਸੁਖਪਾਲ ਸਿੰਘ ਨੂੰ ਮਾਰਨ ਦੇ ਇਲਜ਼ਾਮ ਲੱਗੇ ਸਨ। ਸੁਖਪਾਲ ਸਿੰਘ ਦੀ ਵਿਧਵਾ ਦਲਬੀਰ ਕੌਰ ਗੁਰਦਾਸਪੁਰ ਦੀ ਵਸਨੀਕ ਹੈ। ਉਹ ਜੂਨ 2013 ਦੌਰਾਨ ਅਦਾਲਤ ਵਿਚ ਚਲੀ ਗਈ ਸੀ ਤੇ ਉਸ ਨੇ ਝੂਠੇ ਮੁਕਾਬਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। 
ਉਮਰਾਨੰਗਲ ਦਾ ਰਾਹ ਦਸੇਰਾ ਸੈਣੀ : ਸੈਣੀ ਦੇ ਚਹੇਤੇ ਉਮਰਾਨੰਗਲ ਨੇ 14 ਅਕਤੂਬਰ, 2015 ਨੂੰ, ਜਿਸ ਦਿਨ ਪੁਲਿਸ ਨੇ ਕੋਟਕਪੂਰਾ ਵਿਚ ਸ਼ਾਂਤਮਈ ਸਿੱਖਾਂ ਉੱਤੇ ਗੋਲੀਆਂ ਚਲਾਈਆਂ ਸਨ; ਤਦ ਉਮਰਾਨੰਗਲ ਨੂੰ ਹਾਲਾਤ ਨਾਲ ਨਿਪਟਣ ਲਈ ਕੋਟਕਪੂਰਾ ਭੇਜਿਆ ਗਿਆ ਸੀ। ਤਦ ਉਹ ਲੁਧਿਆਣਾ ਦੇ ਕਮਿਸ਼ਨਰ ਸਨ ਤੇ ਉਸੇ ਦਿਨ ਪੁਲਿਸ ਨੇ ਸਿੱਖਾਂ ਉੱਤੇ ਲਾਠੀਚਾਰਜ ਕੀਤਾ ਸੀ। ਭਾਵੇਂ ਵਿਸ਼ੇਸ਼ ਜਾਂਚ ਟੀਮ ਦਾ ਦਾਅਵਾ ਹੈ ਕਿ ਉਸ ਦਿਨ ਕੋਟਕਪੂਰਾ ਵਿਖੇ ਪੁਲਿਸ ਦੀ ਕਮਾਂਡ ਉਮਰਾਨੰਗਲ ਕੋਲ ਸੀ ਤੇ ਉਨ੍ਹਾਂ ਨੇ ਹੀ ਸ਼ਾਂਤੀਪੂਰਨ ਰੋਸ ਮੁਜ਼ਾਹਰਾਕਾਰੀਆਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਸਨ।