ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਦੀ ਦਾਅਵੇਦਾਰ ਕਮਲਾ ਹੈਰਿਸ ਤੋਂ ਸਿੱਖਾਂ ਨੇ ਮੁਆਫੀ ਦੀ ਮੰਗ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਦੀ ਦਾਅਵੇਦਾਰ ਕਮਲਾ ਹੈਰਿਸ ਤੋਂ ਸਿੱਖਾਂ ਨੇ ਮੁਆਫੀ ਦੀ ਮੰਗ ਕੀਤੀ
ਕਮਲਾ ਹੈਰਿਸ

ਵਾਸ਼ਿੰਗਟਨ: ਅਮਰੀਕਾ ਵਿੱਚ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਉਮੀਦਵਾਰ ਦੀ ਦੌੜ ਵਿੱਚ ਸ਼ਾਮਿਲ ਭਾਰਤੀ ਮੂਲ ਦੀ ਅਮਰੀਕਨ ਬੀਬੀ ਕਮਲਾ ਹੈਰਿਸ ਲਈ ਉਨ੍ਹਾਂ ਵੱਲੋਂ ਬੀਤੇ ਸਮੇਂ ਦੌਰਾਨ ਲਿਆ ਇੱਕ ਫੈਂਸਲਾ ਉਹਨਾਂ ਦੀ ਮੁਹਿੰਮ ਲਈ ਮੁਸੀਬਤ ਬਣ ਸਕਦਾ ਹੈ। ਅਮਰੀਕਾ ਦੀ ਇੱਕ ਸਿੱਖ ਜਥੇਬੰਦੀ ਨੇ ਕਮਲਾ ਹੈਰਿਸ ਨੂੰ 2011 ਵਿੱਚ ਬਤੌਰ ਐਟੋਰਨੀ ਜਨਰਲ ਕੈਲੀਫੋਰਨੀਆ ਹੁੰਦੇ ਹੋਏ ਸਟੇਟ ਪਰਿਜ਼ਨ ਗਾਰਡਸ ਨੂੰ ਧਾਰਮਿਕ ਅਧਾਰ 'ਤੇ ਦਾਹੜੀ ਰੱਖਣ ਦੇ ਫੈਂਸਲੇ ਦੇ ਖਿਲਾਫ ਖੜੇ ਹੋਣ ਲਈ ਮੁਆਫੀ ਮੰਗਣ ਲਈ ਕਿਹਾ ਹੈ। 

ਸਿੱਖਾਂ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਨੇ ਉਸ ਸਮੇਂ ਵਿਤਕਰੇ ਵਾਲੀ ਇਸ ਨੀਤੀ ਦਾ ਸਮਰਥਨ ਕੀਤਾ ਸੀ ਜਿਸ ਲਈ ਉਹਨਾਂ ਨੂੰ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਕਮਲਾ ਹੈਰਿਸ ਨੇ ਧਾਰਮਿਕ ਅਧਾਰ 'ਤੇ ਦਾਹੜੀ ਰੱਖਣ ਦਾ ਵਿਰੋਧ ਕੀਤਾ ਸੀ ਜਦਕਿ ਮੈਡੀਕਲ ਅਧਾਰ 'ਤੇ ਦਾਹੜੀ ਰੱਖਣ ਦੀ ਖੁੱਲ੍ਹ ਸੀ।

ਵਾਸ਼ਿੰਗਟਨ ਡੀਸੀ ਵਿੱਚ ਵਕੀਲ ਅਤੇ ਰਾਜਨੀਤਕ ਸਲਾਹਕਾਰ ਰਾਜਦੀਪ ਸਿੰਘ ਜੌਲੀ ਨੇ ਕਿਹਾ ਕਿ ਕਮਲਾ ਹੈਰਿਸ ਆਪਣੇ ਵਿਰੋਧੀਆਂ ਨੂੰ ਨਾਗਰਿਕ ਹੱਕਾਂ ਬਾਰੇ ਭਾਸ਼ਣ ਦੇ ਰਹੇ ਹਨ, ਪਰ ਉਹਨਾਂ ਨੂੰ ਬਤੌਰ ਕੈਲੀਫੋਰਨੀਆ ਐਟੋਰਨੀ ਜਨਰਲ ਅਮਰੀਕਨ ਸਿੱਖਾਂ ਦੇ ਨਾਗਰਿਕ ਹੱਕਾਂ ਦੇ ਘਾਣ ਲਈ ਮੁਆਫੀ ਮੰਗਣੀ ਚਾਹੀਦੀ ਹੈ। 

ਉਹਨਾਂ ਕਿਹਾ ਕਿ ਕਮਲਾ ਹੈਰਿਸ ਨੇ ਅਮਰੀਕਨ ਸਿੱਖਾਂ ਦੇ ਧਾਰਮਿਕ ਅਜ਼ਾਦੀ ਦੇ ਹੱਕ ਦਾ ਘਾਣ ਕੀਤਾ ਸੀ ਜਦਕਿ ਉਸ ਸਮੇਂ ਅਮਰੀਕਾ ਦੀ ਫੈਡਰਲ ਓਬਾਮਾ ਸਰਕਾਰ ਸਿੱਖਾਂ ਨੂੰ ਧਾਰਮਿਕ ਅਜ਼ਾਦੀ ਨਾਲ ਫੌਜ ਵਿੱਚ ਨੌਕਰੀ ਕਰਨ ਸਬੰਧੀ ਇਤਿਹਾਸਕ ਫੈਂਸਲੇ ਕਰ ਰਹੀ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ