ਅਮਰੀਕਾ ਨਾਲ ਗੱਲਬਾਤ ਦੇ ਨਾਲ ਤਾਲਿਬਾਨ ਦੇ ਹਮਲੇ ਵੀ ਜਾਰੀ; ਸਰਕਾਰੀ ਇਮਾਰਤ 'ਤੇ ਹਮਲੇ 'ਚ 19 ਦੀ ਮੌਤ

ਅਮਰੀਕਾ ਨਾਲ ਗੱਲਬਾਤ ਦੇ ਨਾਲ ਤਾਲਿਬਾਨ ਦੇ ਹਮਲੇ ਵੀ ਜਾਰੀ; ਸਰਕਾਰੀ ਇਮਾਰਤ 'ਤੇ ਹਮਲੇ 'ਚ 19 ਦੀ ਮੌਤ
ਗੱਲਬਾਤ ਵਿੱਚ ਸ਼ਾਮਿਲ ਤਾਲਿਬਾਨ ਲਹਿਰ ਦੇ ਆਗੂ

ਕਾਬੁਲ: ਅਫਗਾਨਿਸਤਾਨ ਵਿੱਚ ਅੱਜ ਤਾਲਿਬਾਨ ਨੇ ਸਰਕਾਰ 'ਤੇ ਇੱਕ ਵੱਡਾ ਹਮਲਾ ਕੀਤਾ ਜਿਸ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਇਹ ਇੱਕ ਆਤਮਘਾਤੀ ਹਮਲਾ ਸੀ ਜੋ ਮਾਰੂਫ ਜ਼ਿਲ੍ਹੇ ਦੀ ਸਰਕਾਰੀ ਇਮਾਰਤ ਵਿੱਚ ਕੀਤਾ ਗਿਆ ਜਿੱਥੇ ਸਤੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਤਿਆਰੀਆਂ ਚੱਲ ਰਹੀਆਂ ਸੀ। ਇਸ ਹਮਲੇ ਵਿੱਚ ਜਿੱਥੇ 11 ਪੁਲਿਸ ਵਾਲਿਆਂ ਦੀ ਮੌਤ ਹੋਈ ਹੈ ਉੱਥੇ ਚੋਣ ਅਮਲੇ ਦੇ 8 ਅਫਸਰ ਵੀ ਮਾਰੇ ਗਏ ਹਨ। 27 ਪੁਲਿਸ ਵਾਲੇ ਇਸ ਹਮਲੇ ਵਿੱਚ ਜ਼ਖਮੀ ਦੱਸੇ ਜਾ ਰਹੇ ਹਨ।

ਪੁਲਿਸ ਅਫਸਰਾਂ ਨੇ ਦੱਸਿਆ ਕਿ ਤਾਲਿਬਾਨ ਨਾਲ ਸਬੰਧਿਤ ਲੜਾਕਿਆਂ ਵੱਲੋਂ ਵਿਸਫੋਟਕਾਂ ਨਾਲ ਭਰੀਆਂ ਚਾਰ ਗੱਡੀਆਂ ਸਰਕਾਰੀ ਇਮਾਰਤ ਵਿੱਚ ਮਾਰੀਆਂ ਗਈਆਂ।

ਦੱਸ ਦਈਏ ਕਿ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਕਤਰ ਦੇ ਦੋਹਾ ਸ਼ਹਿਰ ਵਿੱਚ ਗੱਲਬਾਤ ਜਾਰੀ ਹੈ। ਅਮਰੀਕਾ ਨੇ ਤਾਲਿਬਾਨ ਨੂੰ ਮੇਜ਼ 'ਤੇ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ। ਇਸ ਗੱਲਬਾਤ ਦੇ ਨਾਲ-ਨਾਲ ਤਾਲਿਬਾਨ ਅਫਗਾਨਿਸਤਾਨ ਸਰਕਾਰ ਖਿਲਾਫ ਹਮਲੇ ਲਗਾਤਾਰ ਜਾਰੀ ਰੱਖ ਰਿਹਾ ਹੈ। ਇਸ ਤੋਂ ਪਹਿਲਾਂ ਦੋ ਵਾਰ ਅਫਗਾਨਿਸਤਾਨ ਵਿੱਚ ਰਾਸ਼ਟਰਪਤੀ ਚੋਣਾਂ ਮੁਲਤਵੀ ਹੋ ਚੁੱਕੀਆਂ ਹਨ ਤੇ ਹੁਣ 28 ਸਤੰਬਰ ਨੂੰ ਚੋਣਾਂ ਦਾ ਦਿਨ ਮਿਥਿਆ ਗਿਆ ਹੈ। ਇਸ ਹਮਲੇ ਨੂੰ ਤਾਲਿਬਾਨ ਵੱਲੋਂ ਚੋਣਾਂ ਦੇ ਖਿਲਾਫ ਰਾਜਨੀਤਕ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ।


ਹਮਲੇ ਵਿੱਚ ਜ਼ਖਮੀ ਲੋਕ

ਤਾਲਿਬਾਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤੇ ਤਾਲਿਬਾਨ ਦੇ ਬੁਲਾਰੇ ਨੇ ਟਵੀਟ ਕਰਕੇ ਕਿਹਾ ਕਿ ਉਹਨਾਂ ਦੇ ਲੜਾਕਿਆਂ ਨੇ ਜ਼ਿਲ੍ਹਾ ਕੇਂਦਰ 'ਤੇ ਕਬਜ਼ਾ ਕਰਕੇ ਸੁਰੱਖਿਆ ਫੋਰਸਾਂ ਦੇ 57 ਮੁਲਾਜ਼ਮਾਂ ਨੂੰ ਮਾਰ ਦਿੱਤਾ ਹੈ।

ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਤਾਲਿਬਾਨ ਲੜਾਕਿਆਂ ਨੇ ਉੱਤਰੀ ਅਫਗਾਨਿਸਤਾਨ ਵਿੱਚ ਹਮਲਾ ਕਰਕੇ 26 ਸਰਕਾਰੀ ਫੌਜੀਆਂ ਨੂੰ ਮਾਰ ਦਿੱਤਾ ਸੀ। 

ਦੋਹਾ ਵਿੱਚ ਚੱਲ ਰਹੀ ਗੱਲਬਾਤ ਸਬੰਧੀ ਮੀਡੀਆ ਨੂੰ ਦਸਦਿਆਂ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ 2001 ਤੋਂ ਜੰਗ ਲੜ ਰਹੇ ਅਮਰੀਕਾ ਅਤੇ ਤਾਲਿਬਾਨ ਦੀ ਗੱਲਬਾਤ ਅਹਿਮ ਦੌਰ ਵਿੱਚ ਹੈ। 

ਇਹ ਅਮਰੀਕਾ ਤਾਲਿਬਾਨ ਦੀ ਗੱਲਬਾਤ ਦਾ ਸੱਤਵਾਂ ਦੌਰ ਹੈ ਜਿਸ ਵਿੱਚ ਅਫਗਾਨਿਸਤਾਨ ਤੋਂ ਅਮਰੀਕਾ ਅਤੇ ਨਾਟੋ ਫੌਜਾਂ ਦੇ 20,000 ਫੌਜੀਆਂ ਨੂੰ ਵਾਪਿਸ ਬੁਲਾਉਣ ਸਬੰਧੀ ਸੰਧੀ ਬਾਰੇ ਗੱਲਬਾਤ ਚੱਲ ਰਹੀ ਹੈ। ਰਿਪੋਰਟਾਂ ਮੁਤਾਬਿਕ ਇਸ ਸੰਧੀ ਵਿੱਚ ਅਮਰੀਕਾ ਇਹ ਸੁਰੱਖਿਅਤ ਕਰਨਾ ਚਾਹੁੰਦਾ ਹੈ ਕਿ ਦੁਬਾਰਾ ਅਫਗਾਨਿਸਤਾਨ ਦੀ ਧਰਤੀ ਨੂੰ ਦੁਨੀਆ ਵਿੱਚ 'ਅੱਤਵਾਦੀ ਹਮਲੇ' ਕਰਨ ਲਈ ਨਾ ਵਰਤਿਆ ਜਾਵੇ।

ਰਿਊਟਰ ਨਿਊਜ਼ ਅਜੈਂਸੀ ਨੇ ਤਾਲਿਬਾਨ ਦੇ ਬੁਲਾਰੇ ਦਾ ਬਿਆਨ ਛਾਪਿਆ ਹੈ ਜਿਸ ਵਿਚ ਉਹਨਾਂ ਕਿਹਾ, "ਜਦੋਂ ਤੱਕ ਸ਼ਾਂਤੀ ਸੰਧੀ 'ਤੇ ਹਸਤਾਖਰ ਨਹੀਂ ਹੁੰਦੇ ਅਸੀਂ ਵਿਦੇਸ਼ੀ ਅਤੇ ਅਫਗਾਨ ਫੌਜਾਂ ਨਾਲ ਲੜਾਈ ਜਾਰੀ ਰੱਖਾਂਗੇ"।

ਦੱਸ ਦਈਏ ਕਿ ਤਾਲਿਬਾਨ ਨੇ ਹੁਣ ਤੱਕ ਦੀ ਗੱਲਬਾਤ ਵਿੱਚ ਅਫਗਾਨਿਸਤਾਨ ਸਰਕਾਰ ਨੂੰ ਧਿਰ ਮੰਨਣ ਤੋਂ ਇਨਕਾਰ ਕੀਤਾ ਹੈ। ਸ਼ਨੀਵਾਰ ਨੂੰ ਇਸ ਗੱਲਬਾਤ ਦੇ ਦੌਰ ਦੀ ਸ਼ੁਰੂਆਤ ਤੋਂ ਕੁੱਝ ਸਮਾਂ ਪਹਿਲਾਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਮਿਨੀਸਟਰੀ ਆਫ ਪੀਸ ਦਾ ਗਠਨ ਕਰਕੇ ਤਾਲਿਬਾਨ ਨਾਲ ਸਿੱਧੀ ਗੱਲਬਾਤ ਲਈ ਕੋਸ਼ਿਸ਼ ਅਰੰਭੀ ਹੈ।


 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ