ਮਾਮਲਾ ਸਕੂਲ ਫੀਸਾਂ ਦਾ: ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਨਾਹ ਕੀਤੀ

ਮਾਮਲਾ ਸਕੂਲ ਫੀਸਾਂ ਦਾ: ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਨਾਹ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਕੂਲ ਫੀਸਾਂ ਵਿਚ ਛੋਟ ਦੇਣ ਦੀ ਮੰਗ ਕਰਦਿਆਂ ਮਾਪਿਆਂ ਵੱਲੋਂ ਪਾਈ ਗਈ ਅਪੀਲ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਨਾਹ ਕਰ ਦਿੱਤੀ ਹੈ। ਅੱਜ ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨਰ ਰਾਹਤ ਲਈ ਹਾਈ ਕੋਰਟ ਜਾਣ। 

ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਐੱਸਏ ਬੋਬਡੇ, ਜਸਟਿਸ ਆਰ ਸੁਭਾਸ਼ ਰੈੱਡੀ ਅਤੇ ਜਸਟਿਸ ਏਐੱਸ ਬੋਪੰਨਾ ਦੇ ਬੈਂਚ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਦਿਆਂ ਕਿਹਾ, "ਫੀਸਾਂ ਵਧਾਉਣ ਦਾ ਮਾਮਲਾ ਰਾਜ ਦੀਆਂ ਉੱਚ ਅਦਾਲਤਾਂ ਵਿੱਚ ਰੱਖਿਆ ਜਾਣਾ ਚਾਹੀਦਾ ਸੀ। ਇਹ ਸੁਪਰੀਮ ਕੋਰਟ ਵਿਚ ਕਿਉਂ ਆਇਆ ਹੈ?" 

ਬੈਂਚ ਨੇ ਕਿਹਾ ਕਿ ਇਸ ਬਾਰੇ ਹਰੇਕ ਰਾਜ ਅਤੇ ਇੱਥੋਂ ਤਕ ਕਿ ਹਰੇਕ ਜ਼ਿਲ੍ਹੇ ਦੀਆਂ ਵੱਖਰੀਆਂ ਸਮੱਸਿਆਵਾਂ ਹਨ। ਵੱਖ ਵੱਖ ਰਾਜਾਂ ਵਿੱਚ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪਿਆਂ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਰਜ ਕੀਤੀ ਸੀ, ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਸਮੇਂ ਦੀਆਂ ਸਕੂਲ ਫੀਸਾਂ ਦੀ ਅਦਾਇਗੀ ਵਿੱਚ ਛੋਟ ਦਿੱਤੀ ਜਾਵੇ ਜਾਂ ਮੁਲਤਵੀ ਕਰਨ ਦੇ ਹੁਕਮ ਦਿੱਤੇ ਜਾਣ। 

ਅਪੀਲਕਰਤਾਵਾਂ ਵੱਲੋਂ ਵਕੀਲ ਬਾਲਾਜੀ ਸ੍ਰੀਨਿਵਾਸਨ ਅਤੇ ਮਯੰਕ ਕਸ਼ੀਰਸਾਗਰ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਕੂਲਾਂ ਨੂੰ ਫੀਸਾਂ ਵਸੂਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ’ਤੇ ਬੈਂਚ ਨੇ ਕਿਹਾ ਕਿ ਇਸ ਸਥਿਤੀ ਵਿੱਚ ਅਪੀਲਕਰਤਾ ਹਾਈ ਕੋਰਟ ਦੇ ਹੁਕਮ ਖ਼ਿਲਾਫ਼ ਪਟੀਸ਼ਨ ਪਾ ਸਕਦੇ ਹਨ।