ਪੰਜਾਬ ਸਰਕਾਰੀ ਅਫਸਰਸ਼ਾਹੀ ਨੂੰ ਕੋਰੋਨਾ ਦੀ ਵੱਡੀ ਮਾਰ; ਕਈ ਉੱਚ ਅਫਸਰਾਂ ਨੂੰ ਲੱਗੀ ਲਾਗ

ਪੰਜਾਬ ਸਰਕਾਰੀ ਅਫਸਰਸ਼ਾਹੀ ਨੂੰ ਕੋਰੋਨਾ ਦੀ ਵੱਡੀ ਮਾਰ; ਕਈ ਉੱਚ ਅਫਸਰਾਂ ਨੂੰ ਲੱਗੀ ਲਾਗ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਅੱਜ ਪੰਜਾਬ ਸਰਕਾਰ ਦੇ ਆਮ ਪ੍ਰਸ਼ਾਸਨ ਵਿਭਾਗ ਨੇ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿੱਚ ਆਮ ਜਨਤਾ ਦੇ ਦਾਖਲੇ ’ਤੇ ਪਾਬੰਦੀ ਲਾ ਦਿੱਤੀ ਹੈ। 

ਪ੍ਰਾਪਤ ਜਾਣਕਾਰੀ ਮੁਤਾਬਕ ਸਕੱਤਰੇਤ ਦੇ ਕਈ ਮੁਲਾਜ਼ਮ ਵਾਇਰਸ ਦੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਚੰਡੀਗੜ੍ਹ ’ਚ ਤੈਨਾਤ ਇੱਕ ਸੀਨੀਅਰ ਆਈਏਐਸ ਅਫਸਰ ਵੀ ਕੋਰੋਨਾ ਵਾਇਰਸ ਲਾਗ ਦਾ ਸ਼ਿਕਾਰ ਹੋਇਆ ਹੈ। ਉਸਦੇ ਸੰਪਰਕ ’ਚ ਆਏ ਮੁਲਾਜ਼ਮ ਤੇ ਅਫਸਰਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ। ਸਕੱਤਰੇਤ ਵਿੱਚ ਮੁਲਾਜ਼ਮਾਂ ਦੀ ਗਿਣਤੀ ਘਟਾਉਣ ਦੀਆਂ ਹਦਾਇਆਂ ਵੀ ਜਾਰੀ ਕੀਤੀਆਂ ਗਈਆਂ ਹਨ।

13 ਉੱਚ ਅਫਸਰ ਕੋਰੋਨਾ ਨਾਲ ਪੀੜਤ ਹੋਏ
ਪੰਜਾਬ ’ਚ ਕਰੋਨਾਵਾਇਰਸ ਦੇ ਫੈਲਾਅ ਦੌਰਾਨ ਸਿਵਲ ਤੇ ਪੁਲੀਸ ਅਫਸਰ ਵੀ ਵੱਡੇ ਪੱਧਰ ’ਤੇ ਲਾਗ ਦਾ ਸ਼ਿਕਾਰ ਹੋਏ ਹਨ। ਸਿਹਤ ਵਿਭਾਗ ਮੁਤਾਬਕ 13 ਪੀਸੀਐੱਸ ਅਫ਼ਸਰ, ਇੱਕ ਜ਼ਿਲ੍ਹਾ ਪੁਲੀਸ ਮੁਖੀ ਸਮੇਤ ਅੱਧੀ ਦਰਜ਼ਨ ਪੁਲੀਸ ਮੁਲਾਜ਼ਮ ਅਤੇ 2 ਸਿਵਲ ਸਰਜਨਾਂ ਸਮੇਤ ਸੱਤ ਸਿਹਤ ਕਾਮੇ ਲਾਗ ਦਾ ਸ਼ਿਕਾਰ ਹੋਏ ਹਨ। 

ਸਿਹਤ ਵਿਭਾਗ ਦੇ ਸੀਨੀਅਰ ਅਫਸਰ ਦੇ ਹਵਾਲੇ ਨਾਲ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਿਵਲ ਤੇ ਪੁਲੀਸ ਅਫਸਰਾਂ ’ਚ ਵਧਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਸਮੂਹ ਅਫਸਰਾਂ ਨੂੰ ਦਫ਼ਤਰਾਂ ’ਚ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਹਨ। ਸਿਹਤ ਵਿਭਾਗ ਦੇ ਅਫਸਰਾਂ ਦਾ ਦੱਸਣਾ ਹੈ ਕਿ ਸਿਵਲ ਤੇ ਪੁਲੀਸ ਅਫਸਰਾਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਮੀਟਿੰਗਾਂ ਦਾ ਸਿਲਸਿਲਾ ਵਧਾਇਆ ਹੋਇਆ ਸੀ। ਪੀਸੀਐੱਸ ਅਫਸਰਾਂ ’ਚ ਵੀ 3 ਜੁਲਾਈ ਨੂੰ ਚੰਡੀਗੜ੍ਹ ’ਚ ਇੱਕ ਮੀਟਿੰਗ ਮਗਰੋਂ ਲਾਗ ਫੈਲੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਪੁਲੀਸ ਅਫਸਰਾਂ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਲੋੜੀਂਦੀਆਂ ਸਾਵਧਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਹੁਣ ਤੱਕ ਸੂਬੇ ਵਿੱਚ ਵੱਖ-ਵੱਖ ਥਾਈਂ ਤੈਨਾਤ 8 ਐੱਸ.ਡੀ.ਐੱਮਜ਼ ਸਮੇਤ ਕੁੱਲ 13 ਪੀਸੀਐੱਸ ਅਫ਼ਸਰ ਕਰੋਨਾ ਦੀ ਲਪੇਟ ਵਿੱਚ ਆਏ ਹਨ। ਨਗਰ ਨਿਗਮਾਂ ’ਚ ਤਾਇਨਾਤ ਅਫ਼ਸਰਾਂ ’ਚ ਲਾਗ ਦੇ ਲੱਛਣ ਸਾਹਮਣੇ ਆਉਣ ਮਗਰੋਂ ਸਥਾਨਕ ਸਰਕਾਰਾਂ ਵਿਭਾਗ ਦੇ ਕਈ ਦਫ਼ਤਰ ਬੰਦ ਕੀਤੇ ਗਏ ਹਨ। 

ਜਲੰਧਰ (ਦਿਹਾਤੀ) ਜ਼ਿਲ੍ਹੇ ਦੇ ਪੁਲੀਸ ਮੁਖੀ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲੀਸ ਅਫ਼ਸਰਾਂ ਨੂੰ ਵੀ ਸਾਵਧਾਨੀਆਂ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸੰਗਰੂਰ ਅਤੇ ਪਠਾਨਕੋਟ ਦੇ ਸਿਵਲ ਸਰਜਨ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਸਿਹਤ ਵਿਭਾਗ ਮੁਤਾਬਕ ਹੁਣ ਤੱਕ 100 ਤੋਂ ਵੱਧ ਸਿਹਤ ਕਾਮੇ ਲਾਗ ਦਾ ਸ਼ਿਕਾਰ ਤਾਂ ਹੋਏ ਪਰ ਇਨ੍ਹਾਂ ’ਚੋਂ ਜ਼ਿਆਦਾਤਰ ਸਿਹਤਯਾਬ ਹੋ ਚੁੱਕੇ ਹਨ।