ਬੇਅਦਬੀ ਕਾਂਡ ਦੇ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਖ਼ਾਰਜ: ਐੱਸ ਐੱਸ ਪੀ ਸੋਹਲ

ਬੇਅਦਬੀ ਕਾਂਡ ਦੇ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਖ਼ਾਰਜ: ਐੱਸ ਐੱਸ ਪੀ ਸੋਹਲ
ਗੁਰਮੀਤ ਰਾਮ ਰਹੀਮ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬਹੁਚਰਚਿਤ ਬਰਗਾੜੀ ਬੇਅਦਬੀ ਕਾਂਡ ਤਹਿਤ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ ਦੇ ਸ਼ਿਕੰਜੇ ਵਿਚ ਆਏ ਡੇਰਾ ਸੱਚਾ ਸੌਦਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸੇ ਦੋ ਸਮਰਥਕਾਂ ਦੀਆਂ ਪੇਸ਼ਗੀ ਜ਼ਮਾਨਤ ਅਰਜ਼ੀਆਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਰੀਦਕੋਟ ਐੱਚ ਐੱਸ ਲੇਖਕ ਨੇ ਖਾਰਿਓ ਕਰ ਦਿੱਤਾ। ਇਹ ਜਾਣਕਾਰੀ ਐਸ.ਆਈ.ਟੀ ਦੇ ਪ੍ਰਮੁੱਖ ਮੈਂਬਰ ਐੱਸ ਐੱਸ ਪੀ ਗੁਰਦਾਸਪੁਰ ਡਾ. ਰਜਿੰਦਰ ਸਿੰਘ ਸੋਹਲ ਨੇ ਦਿੰਦਿਆਂ ਕਿਹਾ ਕਿ ਜਿਨ੍ਹਾਂ ਦੋ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਖ਼ਾਰਜ ਹੋਈਆਂ ਹਨ, ਉਨ੍ਹਾਂ ਵਿਚ ਸੁਖਜਿੰਦਰ ਸਿੰਘ ਉਰਫ਼ ਸੰਨ੍ਹੀ ਕੰਡਾ ਅਤੇ ਸ਼ਕਤੀ ਸਿੰਘ ਸ਼ਾਮਿਲ ਹਨ।

ਡਾ. ਸੋਹਲ ਨੇ ਦੱਸਿਆ ਕਿ ਹੁਣ ਉਕਤ ਦੋਵਾਂ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਦਾ ਰਾਹ ਪੱਧਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਸੀ.ਬੀ.ਆਈ ਨੇ ਕਲੀਨ ਚਿੱਟ ਦੇ ਦਿੱਤੀ ਸੀ ਅਤੇ ਨਿਰਧਾਰਿਤ ਸਮੇਂ ਦੇ ਅੰਦਰ ਅਦਾਲਤ ਵਿਚ ਚਲਾਨ ਪੇਸ਼ ਨਾ ਕਰਨ ਕਰਕੇ ਉਕਤ ਮੁਲਜ਼ਮਾਂ ਨੂੰ ਜ਼ਮਾਨਤ ਵੀ ਮਿਲ ਗਈ ਸੀ। ਜਦੋਂ ਉਨ੍ਹਾਂ ਦੀ ਐਸ.ਆਈ.ਟੀ ਨੇ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਇਸ ਬੇਅਦਬੀ ਕਾਂਡ ਦੀ ਜਾਂਚ ਆਰੰਭੀ ਤਾਂ ਸੱਚ ਦੀਆਂ ਕਈ ਪਰਤਾਂ ਸਾਹਮਣੇ ਆਈਆਂ।

ਡੇਰਾ ਸੱਚਾ ਸੌਦਾ ਵੀ ਪੂਰੀ ਤਰ੍ਹਾਂ ਬੇਨਕਾਬ ਹੋਇਆ। ਉਕਤ ਮੁਲਜ਼ਮਾਂ ਨੇ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਕੀਤੇ, ਬਾਜਾ ਖਾਨਾ ਵਿਚ ਪੋਸਟਰ ਲਗਾਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਿਖਰੇ ਸਨ। ਐੱਸ.ਆਈ.ਟੀ ਨੇ ਜਾਂਚ ਉਪਰੰਤ ਮੁਲਜ਼ਮਾਂ ਖ਼ਿਲਾਫ਼ ਐਫ਼.ਆਈ.ਆਰ ਵਿਚ ਪਹਿਲਾਂ ਤੋਂ ਲੱਗੀਆਂ ਧਾਰਾਵਾਂ ਵਿਚ ਆਈ.ਪੀ.ਸੀ ਦੀਆਂ ਕਈ ਹੋਰ ਧਾਰਾਵਾਂ 414, 120 ਬੀ, 511 ਆਦਿ ਨੂੰ ਵੀ ਸ਼ਾਮਿਲ ਕੀਤਾ। ਇਨ੍ਹਾਂ ਨਵੀਆਂ ਧਾਰਾਵਾਂ ਕਰਕੇ ਇੰਨਾ ਦੀ ਕਿਸੇ ਵੇਲੇ ਵੀ ਗ੍ਰਿਫ਼ਤਾਰੀ ਸੰਭਵ ਸੀ ਪਰ ਉਹ ਪੇਸ਼ਗੀ ਜ਼ਮਾਨਤ ਲਈ ਅਦਾਲਤ ਚਲੇ ਗਏ। ਮੁਲਜ਼ਮਾਂ ਦੇ ਸੰਗੀਨ ਅਪਰਾਧ ਨੂੰ ਵੇਖਦਿਆਂ ਅਦਾਲਤ ਨੇ ਜ਼ਮਾਨਤ ਅਰਜ਼ੀ ਨਾਮਨਜ਼ੂਰ ਕਰ ਦਿੱਤੀ।

ਡਾ. ਸੋਹਲ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਪ੍ਰਕਿਰਿਆ ਠੋਸ ਰੂਪ ਵਿਚ ਅਤੇ ਸਹੀ ਦਿਸ਼ਾ ਵਿਚ ਅੱਗੇ ਵਧ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਡਾ. ਸੋਹਲ ਨੇ ਦੱਸਿਆ ਕਿ ਹੁਣ ਤਕ 11 ਮੁਲਜ਼ਮ ਨਾਮਜ਼ਦ ਕੀਤੇ ਹਨ ਜਿਨ੍ਹਾਂ ਵਿਚੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਓਨਾ ਖ਼ਿਲਾਫ਼ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ। ਗੁਰਮੀਤ ਰਾਮ ਰਹੀਮ ਤੋਂ ਇਲਾਵਾ 3 ਹੋਰ ਮੁਲਜ਼ਮ ਵੀ ਨਾਮਜ਼ਦ ਨੇ। 

ਐੱਸ.ਐੱਸ.ਪੀ ਸੋਹਲ ਨੇ ਅੱਗੇ ਦੱਸਿਆ ਕਿ ਜਾਂਚ ਟੀਮ ਦੇ ਬਾਕੀ ਮੈਂਬਰ  ਡੀ.ਐਸ.ਪੀ ਸੁਲੱਖਣ ਸਿੰਘ, ਡੀ.ਐਸ.ਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀ ਸਿੰਘ ਜਾਂਚ ਵਿਚ ਰੁੱਝੇ ਹੋਏ ਹਨ।