ਸਿੱਖ ਖਾਲਿਸਤਾਨੀ ਵਿਚਾਰਧਾਰਾ ਛੱਡ ਕੇ ਸੀਏਏ ਦਾ ਸਮਰਥਨ ਕਰਨ: ਆਰ.ਐਸ.ਐਸ

ਸਿੱਖ ਖਾਲਿਸਤਾਨੀ ਵਿਚਾਰਧਾਰਾ ਛੱਡ ਕੇ ਸੀਏਏ ਦਾ ਸਮਰਥਨ ਕਰਨ: ਆਰ.ਐਸ.ਐਸ

ਚੰਡੀਗੜ੍ਹ: ਆਰ.ਐਸ.ਐਸ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਇੰਦਰੇਸ਼ ਕੁਮਾਰ ਨੇ ਚੰਡੀਗੜ੍ਹ ਵਿਚ ਇਕ ਸਮਾਗਮ ਦੌਰਾਨ ਬੋਲਦਿਆਂ ਮੰਨਿਆ ਕਿ ਸਿੱਖ ਅੱਜ ਵੀ ਖਾਲਿਸਤਾਨ ਚਾਹੁੰਦੇ ਹਨ ਅਤੇ ਉਹਨਾਂ ਸਿੱਖਾਂ ਨੂੰ ਖਾਲਿਸਤਾਨ ਦੀ ਮੰਗ ਛੱਡਣ ਦੀ ਅਪੀਲ ਕੀਤੀ। 

ਸੈਕਟਰ-37 ਦੇ ਲਾਅ ਭਵਨ ਵਿੱਚ ਜੋਸ਼ੀ ਫਾਊਂਡੇਸ਼ਨ ਵੱਲੋਂ ਭਾਰਤ-ਤਿੱਬਤ ਸਹਿਯੋਗ ਨਾਲ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਇੰਦਰੇਸ਼ ਕੁਮਾਰ ਨੇ ਸਿੱਖਾਂ ਨੂੰ ਵਿਵਾਦਿਤ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ। 

ਇੰਦਰੇਸ਼ ਕੁਮਾਰ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਖਾਲਿਸਤਾਨ ਦੀ ਵਿਚਾਰਧਾਰਾ ਛੱਡ ਕੇ ਸੀਏਏ ਦਾ ਸਮਰਥਨ ਕਰਨ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਅਤੇ ਦਿੱਲੀ ਤੋਂ ਮੁਸਲਿਮ ਆਗੂਆਂ ਦੇ ਵਫਦ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਭਾਰਤ ਵਿਚ ਉਹਨਾਂ 'ਤੇ ਹੋ ਰਹੇ ਜ਼ੁਲਮਾਂ ਤੋਂ ਬਚਾਉਣ ਦੀ ਅਪੀਲ ਕਰ ਚੁੱਕੇ ਹਨ। ਇਹਨਾਂ ਵਫਦਾਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਤੇ ਐਨਆਰਸੀ ਰਾਹੀਂ ਕੀਤੇ ਜਾ ਰਹੇ ਧੱਕੇ ਨੂੰ ਰੋਕਣ ਲਈ ਅਕਾਲ ਤਖਤ ਸਾਹਿਬ ਨੂੰ ਸੰਘਰਸ਼ ਦੀ ਅਗਵਾਈ ਕਰਨ ਦੀ ਅਪੀਲ ਕੀਤੀ ਗਈ ਹੈ। 

ਇਸ ਮੌਕੇ ਸਾਬਕਾ ਜਸਟਿਸ ਐੱਸ.ਐਨ ਅਗਰਵਾਲ, ਜੋਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ, ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ, ਆਰਐੱਸਐੱਸ ਆਗੂ ਤ੍ਰਿਲੋਕੀ ਨਾਥ, ਸਾਬਕਾ ਆਈਏਐੱਸ ਅਧਿਕਾਰੀ ਸਵਰਣ ਸਿੰਘ ਚੰਨੀ, ਡਾ. ਐਚ.ਕੇ. ਬਾਲੀ, ਬਾਰ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਐਡਵੋਕੇਟ ਹਰਪ੍ਰੀਤ ਸਿੰਘ ਬਰਾੜ, ਐਡਵੋਕੇਟ ਲੇਖਰਾਜ ਸ਼ਰਮਾ, ਫੈਨਜ਼ ਕਲੱਬ ਦੇ ਐਲਐਮ ਗੋਇਲ ਅਤੇ ਜੋਸ਼ੀ ਫਾਊਂਡੇਸ਼ਨ ਦੇ ਪ੍ਰਧਾਨ ਸੌਰਭ ਜੋਸ਼ੀ ਹਾਜ਼ਰ ਸਨ।