ਪ੍ਰਧਾਨ ਮੰਤਰੀ ਮੋਦੀ ਦੀ ਮਕਬੂਲੀਅਤ ਘਟੀ

 ਪ੍ਰਧਾਨ ਮੰਤਰੀ ਮੋਦੀ ਦੀ ਮਕਬੂਲੀਅਤ ਘਟੀ

*ਬੀ.ਬੀ.ਸੀ. 'ਤੇ ਪ੍ਰਸਾਰਿਤ ਹੋਈ ਰਿਪੋਰਟ ਅਨੁਸਾਰ  ਵਧੇਰੇ ਮੌਤਾਂ ਸਮੇਂ ਸਿਰ ਸਹੀ ਇਲਾਜ ਨਾ ਹੋਣ ਕਾਰਨ ਹੋਈਆਂ               

        * ਕਾਰਗੁਜ਼ਾਰੀ 65 ਫ਼ੀਸਦੀ ਤੋਂ ਡਿਗ ਕੇ 37 ਫ਼ੀਸਦੀ 'ਤੇ ਆਈ   

                                                                                ਭੱਖਦਾ ਮਸਲਾ                                     

ਬੀਤੇ ਸਾਲਾਂ ਦੌਰਾਨ ਜਦੋਂ ਵੀ ਵਿਸ਼ਵ ਦੀਆਂ ਸਿਆਸੀ ਸ਼ਖ਼ਸੀਅਤਾਂ ਦੀ ਦਰਜਾਬੰਦੀ ਹੁੰਦੀ ਜਾਂ ਭਾਰਤ ਪੱਧਰ 'ਤੇ ਰਾਜਨੀਤਕ ਨੇਤਾਵਾਂ ਦੀ ਸ਼ੁਹਰਤ ਮਾਪੀ ਜਾਂਦੀ ਤਾਂ ਭਾਰਤੀ ਮੀਡੀਆ ਦਾ ਇਕ ਹਿੱਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਬੰਧਿਤ ਇਸ ਖ਼ਬਰ ਨੂੰ ਬਹੁਤ ਉਛਾਲਦਾ। ਤਾਜ਼ਾ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਦੀ ਮਕਬੂਲੀਅਤ ਅਤੇ ਕਾਰਗੁਜ਼ਾਰੀ 65 ਫ਼ੀਸਦੀ ਤੋਂ ਡਿਗ ਕੇ 37 ਫ਼ੀਸਦੀ 'ਤੇ ਆ ਗਈ ਹੈ। ਪ੍ਰੰਤੂ ਮੀਡੀਆ ਦਾ ਉਹੀ ਹਿੱਸਾ ਹੁਣ ਖ਼ਾਮੋਸ਼ ਹੈ।ਸਾਖ਼ ਡਿਗਣ ਪਿੱਛੇ ਸਮੇਂ ਸਮੇਂ ਲਏ ਗਏ ਫ਼ੈਸਲਿਆਂ ਦੀ ਭੂਮਿਕਾ ਵੀ ਹੋ ਸਕਦੀ ਹੈ ਪ੍ਰੰਤੂ ਤਾਜ਼ਾ ਸਰਵੇਖਣ ਕੋਰੋਨਾ ਸੰਕਟ ਨਾਲ ਨਜਿੱਠਣ ਸਮੇਂ ਕੀਤੀਆਂ ਕੁਤਾਹੀਆਂ ਤੇ ਅਣਗਹਿਲੀਆਂ ਦੇ ਪ੍ਰਸੰਗ ਵਿਚ ਕੀਤਾ ਗਿਆ ਹੈ। ਇਹ ਸਰਵੇਖਣ ਅਮਰੀਕੀ ਡੇਟਾ ਇੰਟੈਲੀਜੈਂਸ ਕੰਪਨੀ 'ਮੌਰਨਿੰਗ ਕੰਸਲਟ' ਅਤੇ ਭਾਰਤੀ ਪੋਲਿੰਗ ਏਜੰਸੀ 'ਸੀ-ਵੋਟਰ' ਦੁਆਰਾ ਕੀਤਾ ਗਿਆ ਹੈ। ਦੇਸ਼ ਵਿਚ ਸਿਹਤ ਵਿਵਸਥਾ ਚਰਮਰਾ ਗਈ ਹੈ। ਗੰਭੀਰ ਮਰੀਜ਼ਾਂ ਲਈ ਹਸਪਤਾਲਾਂ ਵਿਚ ਬੈੱਡ ਨਹੀਂ ਹਨ। ਆਕਸੀਜਨ ਨਹੀਂ ਮਿਲ ਰਹੀ। ਵੈਕਸੀਨ ਉਪਲਬਧ ਨਹੀਂ ਹੈ। ਦੂਸਰੀ ਵੈਕਸੀਨ ਦਾ ਸਮਾਂ ਵਾਰ-ਵਾਰ ਵਧਾਇਆ ਜਾ ਰਿਹਾ ਹੈ। ਭਾਰਤੀ ਸਿਹਤ ਸੇਵਾਵਾਂ ਦੀ ਤਰਸਯੋਗ ਹਾਲਤ ਦੁਨੀਆ ਦੇਖ ਰਹੀ ਹੈ।

ਭਾਰਤ ਦੀ ਵੈਕਸੀਨ ਨੀਤੀ ਸਪੱਸ਼ਟ ਨਹੀਂ ਹੈ। ਕੋਰੋਨਾ ਦੀ ਪਹਿਲੀ ਲਹਿਰ ਉਪਰੰਤ ਘੋਸ਼ਣਾ ਕਰ ਦਿੱਤੀ ਗਈ ਕਿ ਅਸੀਂ ਕੋਰੋਨਾ 'ਤੇ ਜਿੱਤ ਹਾਸਲ ਕਰ ਲਈ ਹੈ। ਨਤੀਜੇ ਵਜੋਂ ਜਨਵਰੀ, ਫਰਵਰੀ, ਮਾਰਚ ਮਹੀਨਿਆਂ ਵਿਚ 70 ਤੋਂ ਵੱਧ ਦੇਸ਼ਾਂ ਨੂੰ 5.84 ਕਰੋੜ ਵੈਕਸੀਨ ਵੇਚੀ ਗਈ ਜਾਂ ਮੁਫ਼ਤ ਮੁਹੱਈਆ ਕੀਤੀ ਗਈ। ਇਹ ਜਾਣਕਾਰੀ 16 ਮਾਰਚ, 2021 ਨੂੰ ਜੂਨੀਅਰ ਹੈਲਥ ਮਨਿਸਟਰ ਅਸ਼ਵਨੀ ਕੁਮਾਰ ਦੁੱਬੇ ਨੇ ਰਾਜ ਸਭਾ ਵਿਚ ਦਿੱਤੀ। ਐਨ ਇਸੇ ਸਮੇਂ ਵੱਖ-ਵੱਖ ਰਾਜਾਂ ਵਿਚ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਸੀ। ਮਾਹਿਰ ਸੁਝਾਅ ਦੇ ਰਹੇ ਸਨ, ਚੇਤਾਵਨੀਆਂ ਦੇ ਰਹੇ ਸਨ ਪ੍ਰੰਤੂ ਨਾ ਸਿਹਤ ਮਹਿਕਮੇ ਨੇ ਅਤੇ ਨਾ ਪ੍ਰਧਾਨ ਮੰਤਰੀ ਨੇ ਉਨ੍ਹਾਂ 'ਤੇ ਕੋਈ ਗ਼ੌਰ ਕੀਤੀ।ਬੀ.ਬੀ.ਸੀ. 'ਤੇ ਪ੍ਰਸਾਰਿਤ ਹੋਈ ਰਿਪੋਰਟ ਵਿਚ ਕਿਹਾ ਗਿਆ ਕਿ ਵਧੇਰੇ ਮੌਤਾਂ ਸਮੇਂ ਸਿਰ ਸਹੀ ਇਲਾਜ ਨਾ ਹੋਣ ਕਾਰਨ ਹੋ ਰਹੀਆਂ ਹਨ। ਸਰਕਾਰੀ ਅੰਕੜਿਆਂ ਅਤੇ ਮੌਤਾਂ ਦੀ ਅਸਲ ਗਿਣਤੀ ਵਿਚਾਲੇ ਵੱਡਾ ਅੰਤਰ ਹੈ। ਹਸਪਤਾਲ ਕੁਝ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ। ਕਿਧਰੇ ਵੈਂਟੀਲੇਟਰ ਦੀ ਅਣਹੋਂਦ ਹੈ, ਕਿਧਰੇ ਵੈਂਟੀਲੇਟਰ ਚਲਾਉਣ ਵਾਲੇ ਮਾਹਿਰ ਡਾਕਟਰ ਨਹੀਂ ਹਨ। ਵਿਸ਼ਵ ਪੱਧਰ 'ਤੇ ਸਿਹਤ ਸੇਵਾਵਾਂ ਪੱਖੋਂ ਭਾਰਤ 145ਵੇਂ ਨੰਬਰ 'ਤੇ ਹੈ। ਛੋਟੇ-ਛੋਟੇ ਗ਼ਰੀਬ ਮੁਲਕਾਂ ਵਿਚ ਇਸ ਤੋਂ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ।ਵੈਕਸੀਨ ਲਗਾਉਣ ਲਈ ਕੋਈ ਫਾਰਮੂਲਾ ਨਹੀਂ ਅਪਣਾਇਆ ਜਾ ਰਿਹਾ। ਜਦੋਂ ਕੋਵੀਸ਼ੀਲਡ ਸਬੰਧੀ ਆਕਸਫੋਰਡ ਯੂਨੀਵਰਸਿਟੀ ਨੇ ਕਿਹਾ ਕਿ 3 ਮਹੀਨੇ ਬਾਅਦ ਦੂਸਰਾ ਟੀਕਾ ਲਗਵਾਉਣ ਨਾਲ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ ਤਾਂ ਭਾਰਤ ਸਰਕਾਰ ਨੇ 28 ਦਿਨ ਤੋਂ ਵਧਾ ਕੇ 4-6 ਹਫ਼ਤੇ ਕਰਦਿਆਂ ਕਿਹਾ, 'ਅਸੀਂ ਜਨਤਾ ਨੂੰ ਇਕ ਟੀਕੇ ਦੇ ਭਰੋਸੇ ਤਿੰਨ ਮਹੀਨੇ ਤੱਕ ਅਸੁਰੱਖਿਅਤ ਨਹੀਂ ਛੱਡ ਸਕਦੇ। ਹੁਣ ਜਦ ਭਾਰਤ ਕੋਲ ਵੈਕਸੀਨ ਦੀ ਵੱਡੀ ਘਾਟ ਹੈ ਤਾਂ ਦੂਸਰੀ ਡੋਜ਼ ਲਈ ਸਮਾਂ ਕਦੇ 84 ਦਿਨ, ਕਦੇ 6 ਮਹੀਨੇ ਕੀਤਾ ਜਾ ਰਿਹਾ ਹੈ।

ਮਾਹਿਰ ਵਾਰ-ਵਾਰ ਕਹਿ ਰਹੇ ਹਨ ਕਿ ਕੇਂਦਰ ਸਰਕਾਰ ਨੇ ਬਹੁਤ ਸਮਾਂ ਬਰਬਾਦ ਕਰ ਦਿੱਤਾ ਹੈ। ਹੁਣ ਲੋੜ ਤਟਫਟ ਫ਼ੈਸਲੇ ਲੈਣ ਦੀ ਹੈ। ਕਾਰਵਾਈ ਕਰਨ ਦੀ ਹੈ। ਸਾਬਕਾ ਕੇਂਦਰੀ ਸਿਹਤ ਸਕੱਤਰ ਸੁਜਾਤਾ ਰਾਵ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਕੰਪਨੀਆਂ ਨੂੰ ਵੈਕਸੀਨ ਬਣਾਉਣ ਦਾ ਲਾਇਸੈਂਸ ਦਿੱਤਾ ਜਾਵੇ ਅਤੇ ਥੋਕ ਵਿਚ ਟੀਕਾ ਖ਼ਰੀਦਣ ਦੇ ਆਰਡਰ ਦਿੱਤੇ ਜਾਣ। ਦੇਸ਼ ਵਿਚ 16 ਕੰਪਨੀਆਂ ਅਜਿਹੀਆਂ ਹਨ ਜਿਹੜੀਆਂ ਹਰੇਕ ਮਹੀਨੇ 25 ਕਰੋੜ ਵੈਕਸੀਨ ਬਣਾ ਸਕਦੀਆਂ ਹਨ। ਮਾਹਿਰ ਮੰਨਦੇ ਹਨ ਕਿ ਜੇ ਸਰਕਾਰ ਚਾਹੇ ਤਾਂ ਲਾਇਸੈਂਸ ਇਕ ਦਿਨ ਵਿਚ ਦਿੱਤਾ ਜਾ ਸਕਦਾ ਹੈ ਅਤੇ ਵੈਕਸੀਨ ਦਾ ਮਸਲਾ ਕੁਝ ਮਹੀਨਿਆਂ ਵਿਚ ਹੱਲ ਹੋ ਸਕਦਾ ਹੈ। ਇਹੀ ਰਾਏ ਨਾਰਾਇਣ ਹੈਲਥ ਦੇ ਚੇਅਰਮੈਨ ਡਾਕਟਰ ਦੇਵੀ ਸ਼ੈਟੀ ਅਤੇ ਐਸੋਸੀਏਸ਼ਨ ਆਫ਼ ਹੈਲਥ ਕੇਅਰ ਪ੍ਰੋਵਾਈਡਰਜ਼ ਦੇ ਮਹਾਂਨਿਰਦੇਸ਼ਕ ਡਾਕਟਰ ਗਿਰਧਰ ਦੀ ਹੈ।ਮਾਰਚ ਮਹੀਨੇ ਕੇਂਦਰ ਸਰਕਾਰ ਦੇ ਮੰਤਰੀ ਮਾਣ ਨਾਲ ਕਹਿ ਰਹੇ ਸਨ ਕਿ ਅਸੀਂ 150 ਦੇਸ਼ਾਂ ਦੀ ਮਦਦ ਕੀਤੀ ਹੈ ਪਰ ਅੱਜ ਦਾ ਕਰੂਰ ਸੱਚ ਵੇਖਦਿਆਂ ਕਿਹਾ ਜਾ ਸਕਦਾ ਹੈ ਕਿ ਆਪਣੇ ਦੇਸ਼ ਵਾਸੀਆਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ।ਦੇਸ਼ ਦੀ ਜਨਤਾ ਹਸਪਤਾਲਾਂ ਲਈ, ਆਕਸੀਜਨ ਲਈ, ਸਿਹਤ ਸਹੂਲਤਾਂ ਲਈ ਤਰਸ ਰਹੀ ਹੈ। ਪ੍ਰੰਤੂ ਦੇਸ਼ ਵਾਸੀਆਂ ਨੇ ਹਸਪਤਾਲਾਂ ਲਈ, ਸਿਹਤ ਸੇਵਾਵਾਂ ਲਈ, ਸਕੂਲਾਂ, ਕਾਲਜਾਂ ਲਈ ਵੋਟਾਂ ਕਦ ਪਾਈਆਂ ਹਨ? ਵੋਟਾਂ ਤਾਂ ਮੰਦਰ-ਮਸਜਿਦ ਲਈ, ਹਿੰਦੂ-ਮੁਸਲਮਾਨ ਲਈ ਪਾਈਆਂ ਜਾਂਦੀਆਂ ਹਨ।ਚੀਨ, ਰੂਸ, ਅਮਰੀਕਾ, ਇੰਗਲੈਂਡ ਜਿਹੇ ਦੇਸ਼ ਵੀ ਦੂਸਰੇ ਦੇਸ਼ਾਂ ਨੂੰ ਵੈਕਸੀਨ ਭੇਜ ਰਹੇ ਹਨ ਪਰ ਉਦੋਂ ਜਦੋਂ ਉਨ੍ਹਾਂ ਨੇ ਆਪਣੇ ਮੁਲਕ ਦੇ ਹਾਲਾਤ ਕਾਬੂ ਕਰ ਲਏ ਹਨ।ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵਿਚ ਕਿਹਾ ਗਿਆ ਹੈ ਕਿ ਦੋ ਪ੍ਰਸਥਿਤੀਆਂ ਵਿਚ ਕਿਸੇ ਮੁਲਕ ਦਾ ਚਰਿੱਤਰ ਉੱਘੜ ਕੇ ਸਾਹਮਣੇ ਆਉਂਦਾ ਹੈ। ਇਕ ਉਦੋਂ ਜਦੋਂ ਬਹੁਤ ਪੈਸਾ, ਬਹੁਤ ਦੌਲਤ ਹੋ ਜਾਵੇ ਅਤੇ ਦੂਸਰਾ ਉਦੋਂ ਜਦੋਂ ਬਹੁਤ ਵੱਡੇ ਸੰਕਟ ਵਿਚ ਘਿਰ ਜਾਵੇ।

ਵੀਡੀਓ ਵਿਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਵਿਚ ਇਸ ਸੰਕਟ ਸਮੇਂ ਹਰ ਜਗ੍ਹਾ ਬੇਈਮਾਨੀ, ਕਾਲਾ ਬਾਜ਼ਾਰੀ, ਚਰਿੱਤਰਹੀਣਤਾ, ਸਰਕਾਰੀ ਅਸੰਵੇਦਨਸ਼ੀਲਤਾ ਨਜ਼ਰ ਆ ਰਹੀ ਹੈ। ਚੰਦ ਲੋਕ ਹਨ ਜਿਹੜੇ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਜ਼ਿੰਮੇਵਾਰੀ ਨਿਭਾਅ ਰਹੇ ਹਨ। ਬਹੁ-ਗਿਣਤੀ ਲੋਕ ਪੈਸੇ ਲਈ ਕੁਝ ਵੀ ਕਰ ਸਕਦੇ ਹਨ। ਕਿੰਨੇ ਵੀ ਗਿਰ ਸਕਦੇ ਹਨ। ਨੇਤਾ ਅਸੰਵੇਦਨਸ਼ੀਲ ਤਾਂ ਸਨ ਪਰ ਇਸ ਹੱਦ ਤੱਕ ਹੋ ਸਕਦੇ ਹਨ ਕਦੇ ਸੋਚਿਆ ਨਹੀਂ ਸੀ। ਭਾਰਤ ਵਿਚ ਇਸ ਵੇਲੇ ਝੂਠ, ਅਡੰਬਰ, ਪਖੰਡ ਬੇਈਮਾਨੀ, ਰਾਜਨੀਤਕ, ਨਾਕਾਬਲੀਅਤ ਚਰਮਸੀਮਾ 'ਤੇ ਹੈ।ਸਿਹਤ ਐਮਰਜੈਂਸੀ ਵਕਤ ਜਿਹੜਾ ਮੁਲਕ ਆਪਣੇ ਬੱਚਿਆਂ, ਬਜ਼ੁਰਗਾਂ ਨੂੰ ਹਸਪਤਾਲ, ਬੈੱਡ, ਆਕਸੀਜਨ, ਇਲਾਜ ਤੇ ਹੋਰ ਸਿਹਤ ਸਹੂਲਤਾਂ ਮੁਹੱਈਆ ਨਹੀਂ ਕਰ ਸਕਦਾ ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਵੀਡੀਓ ਖ਼ਤਮ ਕਰਨ ਤੋਂ ਪਹਿਲਾਂ ਮਨ ਦੀ ਵੇਦਨਾ ਇਨ੍ਹਾਂ ਸ਼ਬਦਾਂ ਵਿਚ ਵਿਅਕਤ ਕੀਤੀ ਗਈ ਹੈ, 'ਮੇਰਾ ਦੇਸ਼ ਬੇਸ਼ਰਮੀ, ਬੇਹਯਾ, ਬੇਹੂਦਗੀ, ਚਰਿੱਤਹੀਣਤਾ, ਅਸੰਵੇਦਨਸ਼ੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਪਾਣੀ ਵਿਚ ਲਾਸ਼ਾਂ ਤੈਰ ਰਹੀਆਂ ਹਨ। ਮੌਤਾਂ ਦੀ ਗਿਣਤੀ ਛੁਪਾਈ ਜਾ ਰਹੀ ਹੈ। ਇਸ ਤੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ?

 ਪ੍ਰੋਫੈਸਰ ਕੁਲਬੀਰ ਸਿੰਘ