ਗੰਨ ਕਲਚਰ ਪੰਜਾਬ ਲਈ ਖਤਰਨਾਕ

ਗੰਨ ਕਲਚਰ ਪੰਜਾਬ ਲਈ ਖਤਰਨਾਕ

'ਗੰਨ ਕਲਚਰ' (ਹਥਿਆਰ ਸੱਭਿਆਚਾਰ) ਦਾ ਵਧਦਾ ਪ੍ਰਭਾਵ

ਪੰਜਾਬ ਵਿਚ ਇਕ ਵੱਡੀ ਸਮੱਸਿਆ ਜੋ ਉੱਭਰ ਰਹੀ ਹੈ ਉਹ ਹੈ 'ਗੰਨ ਕਲਚਰ' (ਹਥਿਆਰ ਸੱਭਿਆਚਾਰ) ਦਾ ਵਧਦਾ ਪ੍ਰਭਾਵ। ਅੱਜ ਪੰਜਾਬੀ ਗਾਣਿਆਂ ਤੇ ਫ਼ਿਲਮਾਂ ਵਿਚ ਲਹਿਰਾਉਂਦੇ ਖ਼ਤਰਨਾਕ ਹਥਿਆਰ, ਕਤਲਾਂ ਦਾ ਫ਼ਿਲਮਾਂਕਣ, ਵੱਡਾ-ਟੁੱਕੀ ਦੇ ਸੀਨ ਆਮ ਵੇਖੇ ਜਾਂਦੇ ਹਨ, ਜੋ ਖ਼ਾਸਕਰ ਨੌਜਵਾਨਾਂ ਤੇ ਅੱਲੜਾਂ ਨੂੰ ਮਨੋਵਿਗਿਆਨਕ ਤੌਰ 'ਤੇ ਬਹੁਤ ਆਕਰਸ਼ਿਤ ਕਰਦੇ ਹਨ ਤੇ ਕਈ ਨੌਜਵਾਨ ਤੇ ਅੱਲ੍ਹੜ ਆਪਣੇ ਆਪ ਨੂੰ ਵੀ ਇਸ ਤਰ੍ਹਾਂ ਦੇ ਗੈਂਗਸਟਰਾਂ ਦੇ ਰੂਪ ਵਿਚ ਦੇਖਣ ਨੂੰ ਹੀ ਆਪਣਾ ਸੁਪਨਾ ਬਣਾ ਬੈਠਦੇ ਹਨ। ਇਸ ਤਰ੍ਹਾਂ ਦੀਆਂ ਉਦਾਹਰਨਾਂ ਵੀ ਮੌਜੂਦ ਹਨ ਜਿੱਥੇ ਚੰਗੇ ਤੇ ਖਾਂਦੇ-ਪੀਂਦੇ ਘਰਾਂ ਦੇ ਮੁੰਡੇ ਵੀ ਸ਼ੌਕ ਵਜੋਂ ਗੈਂਗਸਟਰ ਬਣ ਗਏ।  ਭਾਵੇਂ ਲੋਕਤੰਤਰ ਵਿਚ ਸਭ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦਾ ਅਧਿਕਾਰ ਹੈ ਪਰ ਅਜਿਹੀਆਂ ਕਿਰਤਾਂ, ਸੰਗੀਤ ਤੇ ਫ਼ਿਲਮਾਂ ਪ੍ਰਤੀ ਸਰਕਾਰ ਨੂੰ ਸਖ਼ਤ ਹੋਣ ਦੀ ਲੋੜ ਹੈ, ਜੋ ਕਿਸੇ ਨੂੰ ਗੈਂਗਸਟਰ ਬਣਾਉਣ ਲਈ ਪ੍ਰੇਰਦੀਆਂ ਹਨ।  ਪੰਜਾਬ ਵਿਚ ਹਥਿਆਰ ਰੱਖਣ ਦਾ ਵਧ ਰਿਹਾ ਰੁਝਾਨ ਬੇਹੱਦ ਚਿੰਤਾਜਨਕ ਹੈ। ਪੰਜਾਬ ਵਿਚ ਭਾਰਤ ਦੀ ਕੁੱਲ ਆਬਾਦੀ ਦਾ 2 ਪ੍ਰਤੀਸ਼ਤ ਹਿੱਸਾ ਰਹਿੰਦਾ ਹੈ ਪਰ ਭਾਰਤ ਦੇ ਹਥਿਆਰਾਂ ਦੇ ਜਾਰੀ ਕੀਤੇ ਗਏ ਕੁੱਲ ਲਾਇਸੈਂਸਾਂ ਵਿਚੋਂ 10 ਫ਼ੀਸਦੀ ਇਕੱਲੇ ਪੰਜਾਬ ਵਿਚ ਹੀ ਜਾਰੀ ਕੀਤੇ ਗਏ ਹਨ। ਹੋਰ ਸੌਖੇ ਸ਼ਬਦਾਂ ਵਿਚ ਕਹੀਏ ਤਾਂ ਪੰਜਾਬ ਵਿਚ 1000 ਵਿਅਕਤੀਆਂ ਪਿੱਛੇ 13 ਲੋਕਾਂ ਲੋਕ ਲਾਇਸੰਸੀ ਹਥਿਆਰ ਹਨ, ਜਦਕਿ 2017 ਦੀ ਇਕ ਰਿਪੋਰਟ ਮੁਤਾਬਿਕ 8900 ਲੋਕਾਂ ਪਿੱਛੇ ਸਿਰਫ ਇਕ ਡਾਕਟਰ ਹੀ ਹੈ। ਜਿੱਥੇ ਪੰਜਾਬ ਵਿਚ ਇਕ ਪਾਸੇ ਚਾਰ ਲੱਖ ਲਾਇਸੰਸੀ ਹਥਿਆਰ ਹਨ, ਉਥੇ ਦੂਜੇ ਪਾਸੇ ਗ਼ੈਰ-ਕਾਨੂੰਨੀ ਹਥਿਆਰਾਂ ਦੀ ਵੀ ਪੰਜਾਬ ਵਿਚ ਭਰਮਾਰ ਹੈ। ਪਿਛਲੇ ਕੁਝ ਸਾਲਾਂ ਵਿਚ ਹੀ ਪੁਲਿਸ ਨੇ 2000 ਤੋਂ ਵੱਧ ਗ਼ੈਰ-ਕਾਨੂੰਨੀ ਹਥਿਆਰ ਜੋ ਗੈਂਗਸਟਰਾਂ ਨੂੰ ਵੇਚੇ ਗਏ ਸਨ, ਬਰਾਮਦ ਕੀਤੇ ਸਨ। ਇਹ ਦੇਸੀ ਹਥਿਆਰ ਮੁੱਖ ਤੌਰ 'ਤੇ ਮੇਰਠ, ਸਹਾਰਨਪੁਰ ਵਰਗੇ ਥਾਵਾਂ ਤੋਂ ਆਉਂਦੇ ਹਨ। ਦੇਸੀ ਕੱਟੇ, 9 ਐਮ.ਐਮ. ਪਿਸਟਲ, ਪੁਆਇੰਟ 30 ਬੋਰ ਰਾਈਫਲ ਵਰਗੇ ਹਥਿਆਰ 5000 ਤੋਂ 1,50,000 ਰੁਪਏ ਤੱਕ ਪੰਜਾਬ ਵਿਚ ਮਿਲ ਜਾਂਦੇ ਹਨ। ਕੁਝ ਸਾਲ ਪਹਿਲਾਂ ਸੀ.ਬੀ.ਆਈ. ਨੇ ਹਥਿਆਰਾਂ ਦੇ 12000 ਜਾਅਲੀ ਲਾਇਸੈਂਸ ਫੜੇ ਸਨ ਤੇ ਇਹ ਸਾਰੇ ਦੇ ਸਾਰੇ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਜਾਰੀ ਕੀਤੇ ਹੋਏ ਸਨ। ਸਵਾਲ ਇਹ ਹੈ ਕਿ ਜੇਕਰ 12000 ਜਾਅਲੀ ਲਾਇਸੈਂਸ ਪੰਜਾਬ ਤੋਂ ਬਾਹਰ ਜਾਰੀ ਹੋਏ ਤਾਂ ਖ਼ੁਦ ਪੰਜਾਬ ਅੰਦਰ ਕਿੰਨੇ ਜਾਅਲੀ ਲਾਇਸੈਂਸ ਜਾਰੀ ਕੀਤੇ ਗਏ ਹੋਣਗੇ। ਸਰਕਾਰ ਵਲੋਂ ਹਥਿਆਰਾਂ ਦੇ ਵੱਡੇ ਪੱਧਰ 'ਤੇ ਲਾਇਸੈਂਸ ਜਾਰੀ ਕਰਨ ਦਾ ਰੁਝਾਨ ਪੰਜਾਬ ਵਿਚ ਲਗਭਗ 90 ਦੇ ਦੌਰ ਸ਼ੁਰੂ ਵਿਚ ਹੋਇਆ ਸੀ ਜਦੋਂ ਪੰਜਾਬ ਦੇ ਹਾਲਾਤ ਅਸਥਿਰ ਸਨ ਤੇ ਉਦੋਂ ਹੀ ਸੀਨੀਅਰ ਲੀਡਰਾਂ ਨੂੰ ਵੱਡੇ ਪੱਧਰ 'ਤੇ ਸੁਰੱਖਿਆ ਦਸਤੇ ਮੁਹੱਈਆ ਕਰਵਾਉਣ ਦਾ ਰੁਝਾਨ ਵੀ ਆਰੰਭ ਹੋਇਆ ਸੀ ਜੋ ਅੱਜ ਤੱਕ ਜਾਰੀ ਹੈ।

ਸਿਰਫ ਗਾਇਕਾਂ ਜਾਂ ਫ਼ਿਲਮਾਂ 'ਤੇ ਹੀ 'ਗੰਨ ਕਲਚਰ' ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਾਉਣਾ ਠੀਕ ਨਹੀਂ, ਕਿਉਂਕਿ ਰਾਜਨੀਤਕ ਲੋਕਾਂ ਨੇ ਵੀ ਇਸ 'ਗੰਨ ਕਲਚਰ' ਨੂੰ ਉਤਸ਼ਾਹਿਤ ਕੀਤਾ ਹੈ। ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਤੇ ਆਪਣੇ ਖ਼ਾਸਮ-ਖ਼ਾਸ ਲੋਕਾਂ ਦੇ ਹੱਥਾਂ ਵਿਚ ਹਥਿਆਰ ਫੜਾ ਕੇ ਲੋਕਾਂ ਵਿਚ ਆਪਣਾ ਦਬਦਬਾ ਵਧਾਉਣ ਲਈ ਵੀ ਰਾਜਨੀਤਕ ਲੋਕਾਂ ਵਲੋਂ ਲੰਮੇ ਸਮੇਂ ਤੋਂ ਲੋਕਾਂ ਨੂੰ ਧੜਾਧੜ ਲਾਇਸੈਂਸ ਮੁਹੱਈਆ ਕਰਵਾਉਣ ਸੰਬੰਧੀ ਐਸ.ਐਚ.ਓ. ਤੋਂ ਲੈ ਕੇ ਐਸ.ਐਸ.ਪੀਜ਼ ਤੱਕ ਸਿਫ਼ਾਰਸ਼ਾਂ ਆਮ ਹੁੰਦੀਆਂ ਰਹੀਆਂ ਹਨ। ਅੱਜ ਹਾਲ ਇਹ ਹੈ ਕਿ ਸਾਧਾਰਨ ਅਪਰਾਧੀ ਵੀ ਦੇਸੀ ਕੱਟੇ ਲੈ ਕੇ ਘੁੰਮ ਰਿਹਾ ਹੈ ਤੇ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਤਾਂ ਰੂਸ ਦੀ ਖ਼ਤਰਨਾਕ ਰਾਈਫਲਾਂ ਏ.ਐਨ-94 ਦੀ ਵਰਤੋਂ ਹੋਈ ਹੈ। ਇਥੇ ਪੰਜਾਬ ਦੀ ਭੂਗੋਲਿਕ ਸਥਿਤੀ ਵੀ ਅਹਿਮ ਰੋਲ ਅਦਾ ਕਰਦੀ ਹੈ। ਬੇਰੁਜ਼ਗਾਰ ਨੌਜਵਾਨ ਨਿਰਾਸ਼ ਹੋ ਕੇ ਪਹਿਲਾਂ ਨਸ਼ਿਆਂ ਵੱਲ ਤੇ ਫਿਰ ਕਿਸੇ ਗੈਂਗ ਵਿਚ ਸ਼ਾਮਿਲ ਹੋਣ ਦੇ ਰਾਹ ਪੈ ਜਾਂਦੇ ਹਨ। 'ਗੰਨ ਕਲਚਰ' ਦੀ ਸਮੱਸਿਆ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ, ਇਹ ਐਨੀ ਗੰਭੀਰ ਹੈ ਕਿ ਇਸ ਸਮੱਸਿਆ ਨੇ ਤਾਂ ਅਮਰੀਕਾ ਵਰਗੀ ਮਹਾਂਸ਼ਕਤੀ ਦੀਆਂ ਵੀ ਗੋਡਣੀਆਂ ਲਵਾ ਕੇ ਰੱਖ ਦਿੱਤੀਆਂ ਹਨ।  

 

ਖੁਸ਼ਵਿੰਦਰ ਸਿੰਘ