ਸਾਬਕਾ ਏ.ਆਈ.ਜੀ. ਜਗਦੀਪ ਸਿੰਘ ਨੂੰ ਸੀ.ਬੀ.ਆਈ. ਅਦਾਲਤ ਵਲੋਂ ਭਗੌੜਾ ਕਰਾਰ ਦਿਤਾ
ਮਾਮਲਾ ਪੰਜਵੜ ਦੀ ਮਾਤਾ ਨੂੰ ਲਾਪਤਾ ਕਰਨ ਦਾ
ਐਡਵੋਕੇਟ ਵੇਰਕਾ ਅਨੁਸਾਰ ਕੇਂਦਰੀ ਏਜੰਸੀਆਂ ਦੀ ਲਾਪ੍ਰਵਾਹੀ ਕਾਰਣ ਦੋਸ਼ੀ ਵਿਦੇਸ਼ ਫਰਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਤਰਨ ਤਾਰਨ-ਖਾੜਕੂਵਾਦ ਦੇ ਦੌਰ ਵਿਚ ਸਾਲ 1992 ਵਿਚ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਖਾੜਕੂ ਪਰਮਜੀਤ ਸਿੰਘ ਪੰਜਵੜ੍ਹ ਦੀ ਮਾਤਾ ਮਹਿੰਦਰ ਕੌਰ ਨੂੰ ਘਰੋਂ ਚੁੱਕ ਕੇ ਕਰੀਬ ਢਾਈ ਮਹੀਨੇ ਹਿਰਾਸਤ ਵਿਚ ਰੱਖਣ ਤੋਂ ਬਾਅਦ ਲਾਪਤਾ ਕੀਤੇ ਜਾਣ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਅਦਾਲਤ ਵਿਚ ਚੱਲ ਰਹੇ ਕੇਸ ਵਿਚੋਂ ਲਗਾਤਾਰ ਗੈਰ-ਹਾਜ਼ਰ ਰਹਿਣ 'ਤੇ ਸੀ. ਬੀ. ਆਈ. ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਦੀਪ ਕੰਬੋਜ ਨੇ .ਏ ਆਈ. ਜੀ. ਜਗਦੀਪ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਹੈ । ਇਸ ਦੇ ਨਾਲ ਹੀ ਅਦਾਲਤ ਨੇ ਸੀ. ਬੀ. ਆਈ. ਨੂੰ ਹੁਕਮ ਜਾਰੀ ਕੀਤੇ ਹਨ ਕਿ ਉਸ ਦੀ ਚੱਲ ਅਤੇ ਅਚੱਲ ਜਾਇਦਾਦ ਬਾਰੇ ਪਤਾ ਕੀਤਾ ਜਾਵੇ ਅਤੇ ਉਸ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ ।ਪਿੰਡ ਪੰਜਵੜ੍ਹ ਨਿਵਾਸੀ ਸੇਵਾ ਮੁਕਤ ਫ਼ੌਜੀ ਬਲਦੇਵ ਸਿੰਘ ਨੇ ਦੱਸਿਆ ਕਿ ਖਾੜਕੂਵਾਦ ਦੇ ਦੌਰ ਵਿਚ 1992 ਵਿਚ ਜ਼ਿਲ੍ਹਾ ਤਰਨ ਤਾਰਨ ਵਿਚ ਉਸ ਸਮੇਂ ਦੇ ਡੀ. ਐਸ. ਪੀ. ਹੈੱਡਕੁਆਰਟਰ ਰਹੇ ਅਸ਼ੋਕ ਕੁਮਾਰ ਅਤੇ ਥਾਣਾ ਝਬਾਲ ਦੇ ਤਤਕਾਲੀ ਐੱਸ.ਐੱਚ.ਓ. ਜਗਦੀਪ ਸਿੰਘ ਨੇ ਉਨ੍ਹਾਂ ਦੇ ਪੰਜਵੜ੍ਹ ਪਿੰਡ ਸਥਿਤ ਘਰ ਵਿਚ ਛਾਪਾ ਮਾਰਿਆ ਅਤੇ ਘਰ ਵਿਚ ਮੌਜੂਦ ਉਸ ਦੀ ਇਕੱਲੀ ਮਾਤਾ ਮਹਿੰਦਰ ਕੌਰ ਨੂੰ ਘਰੋਂ ਚੁੱਕ ਕੇ ਲੈ ਗਏ ਅਤੇ ਕਰੀਬ ਢਾਈ ਮਹੀਨੇ ਪੁਲਿਸ ਹਿਰਾਸਤ ਵਿਚ ਰੱਖਿਆ ਅਤੇ ਬਾਅਦ ਵਿਚ ਲਾਪਤਾ ਕਰ ਦਿੱਤਾ । ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਨੁਮਾਇੰਦੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਦੇ ਚੇਅਰਮੈਨ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਵਲੋਂ 1994 ਵਿਚ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁੱਕਿਆ ਸੀ, ਜਿਸ ਤੋਂ ਬਾਅਦ 13 ਸਤੰਬਰ 1994 ਨੂੰ ਹਾਈਕੋਰਟ ਵਲੋਂ ਸੀ.ਬੀ.ਆਈ. ਨੂੰ ਇਸ ਮਾਮਲੇ ਵਿਚ ਐੱਫ.ਆਈ.ਆਰ. ਜਾਰੀ ਕਰਕੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ ।ਸੀ.ਬੀ.ਆਈ. ਵਲੋਂ 4 ਨਵੰਬਰ 1994 ਨੂੰ ਸਾਬਕਾ ਡੀ.ਐਸ.ਪੀ. ਅਸ਼ੋਕ ਕੁਮਾਰ ਅਤੇ ਹੁਣ ਏ.ਆਈ.ਜੀ. ਵਜੋਂ ਸੇਵਾ ਮੁਕਤ ਹੋਏ ਜਗਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ 1997 ਨੂੰ ਚਲਾਨ ਅਦਾਲਤ ਵਿਚ ਜਮ੍ਹਾਂ ਕਰਵਾ ਦਿੱਤਾ ਸੀ । ਕਈ ਸਾਲ ਇਹ ਮਾਮਲਾ ਅਦਾਲਤਾਂ ਵਿਚ ਸਟੇਅ ਰਿਹਾ ਅਤੇ ਹੁਣ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਣ ਦੌਰਾਨ ਡੀ.ਐਸ.ਪੀ. ਅਸ਼ੋਕ ਕੁਮਾਰ ਦੀ ਮੌਤ ਹੋ ਚੁੱਕੀ ਹੈ, ਜਦਕਿ ਉਸ ਸਮੇਂ ਦੇ ਐੱਸ.ਐੱਚ.ਓ. ਅਤੇ ਹੁਣ ਸੇਵਾ ਮੁਕਤ ਏ.ਆਈ.ਜੀ. ਜਗਦੀਪ ਸਿੰਘ ਪਿਛਲੀਆਂ ਕੁਝ ਤਰੀਕਾਂ ਤੋਂ ਗੈਰ ਹਾਜ਼ਰ ਹੈ ।ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਤੋਂ ਇਲਾਵਾ 1992 ਵਿਚ ਸ਼ੋ੍ਮਣੀ ਕਮੇਟੀ ਦੇ ਮੁਲਾਜ਼ਮ ਅਰੂੜ ਸਿੰਘ ਵਾਸੀ ਮਾਣੋਚਾਹਲ ਸਮੇਤ ਚਾਰ ਨੌਜਵਾਨਾਂ ਨੂੰ ਪੁਲਿਸ ਮੁਕਾਬਲਾ ਦਿਖਾ ਕੇ ਮਾਰੇ ਜਾਣ ਦੇ ਮਾਮਲੇ ਵਿਚ ਵੀ ਸੀ.ਬੀ.ਆਈ. ਦੀ ਅਦਾਲਤ ਦੇ ਚੱਲ ਰਹੇ ਕੇਸਾਂ ਵਿਚ ਲਗਾਤਾਰ ਗੈਰ ਹਾਜ਼ਰ ਹੋਣ 'ਤੇ ਉਕਤ ਸਾਬਕਾ ਪੁਲਿਸ ਅਧਿਕਾਰੀ ਜਗਦੀਪ ਸਿੰਘ ਖ਼ਿਲਾਫ਼ ਭਗੌੜਾ ਕਰਾਰ ਦੇਣ ਦੀ ਕਾਰਵਾਈ ਚੱਲ ਰਹੀ ਹੈ । ਐਡਵੋਕੇਟ ਸਰਬਜੀਤ ਸਿੰਘ ਵੇਰਕਾ ਦਾ ਕਹਿਣਾ ਹੈ ਕਿ ਇਹ ਕੇਂਦਰੀ ਏਜੰਸੀਆਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ ਕਿ ਸੀ.ਬੀ.ਆਈ. ਦੇ ਮਾਮਲੇ ਵਿਚ ਨਾਮਜ਼ਦ ਇਕ ਪੁਲਿਸ ਅਧਿਕਾਰੀ ਕਿਵੇਂ ਆਪਣੀਆਂ ਜਾਇਦਾਦਾਂ ਵੇਚ ਕੇ ਵਿਦੇਸ਼ ਭੱਜ ਗਿਆ ਸੀ।
Comments (0)