ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਦਾ ਗੈਂਗਸਟਰਾਂ ਵਲੋਂ ਕਤਲ   

ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਦਾ ਗੈਂਗਸਟਰਾਂ ਵਲੋਂ ਕਤਲ   

ਅੰਮ੍ਰਿਤਸਰ ਟਾਈਮਜ਼

ਮੱਲੀਆਂ ਕਲਾਂ : ਬੀਤੇ ਦਿਨੀਂ ਪਿੰਡ ਮੱਲੀਆਂ ਖੁਰਦ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਤੁਰੰਤ ਛਾਬੜਾ ਹਸਪਤਾਲ ਨਕੋਦਰ ਵਿਖੇ ਲਿਜਾਇਆ ਗਿਆ ਜਿੱਥੇ ਇਸ ਖਿਡਾਰੀ ਦੀ ਮੌਤ ਹੋ ਗਈ ।  ਇਸ ਕਤਲ ਪਿਛੇ ਬਿਸ਼ਨੋਈ ਗੈਂਗ ਦਾ ਹਥ ਦਸਿਆ ਜਾ ਰਿਹਾ ਹੈ।

 ਜਾਣਕਾਰੀ ਅਨੁਸਾਰ ਪਿੰਡ ਮੱਲੀਆਂ ਖੁਰਦ ਵਿਖੇ ਕਬੱਡੀ ਦਾ ਟੂਰਨਾਮੈਂਟ ਚੱਲ ਰਿਹਾ ਸੀ ਇਸ ਦੌਰਾਨ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਜੋ ਆਪਣੀ ਟੀਮ ਲੈ ਕੇ ਇੱਥੇ ਪੁੱਜਾ ਹੋਇਆ ਸੀ ਅਤੇ ਆਪਣਾ ਸਟੇਜ ਤੋਂ ਸਨਮਾਨ ਲੈ ਕੇ ਜਦੋਂ ਆਪਣੇ ਸਾਥੀਆਂ ਨਾਲ ਸੜਕ 'ਤੇ ਪੁੱਜਾ ਤਾਂ ਪਹਿਲਾਂ ਤੋਂ ਹੀ ਮੌਜੂਦ ਖੜ੍ਹੇ ਚਾਰ ਅਣਪਛਾਤੇ ਵਿਅਕਤੀਆਂ ਨੇ ਪਿਸਤੌਲਾਂ ਨਾਲ ਗੋਲੀਆਂ ਦੀ ਵਾਛੜ ਕਰ ਦਿੱਤੀ ਜੋ ਕਿ ਕਬੱਡੀ ਖਿਡਾਰੀ ਸੰਦੀਪ ਦੇ ਸਿਰ ਵਿੱਚ ਲੱਗੀਆਂ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਇਸ ਦੇ ਨਾਲ ਹੀ ਇਕ ਵਿਅਕਤੀ ਜਤਿਨ  ਮੱਲ੍ਹੀਆਂ ਖੁਰਦ ਉਸ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਕਮਲ ਹਸਪਤਾਲ ਨਕੋਦਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ ਤੇ ਇਕ ਹੋਰ ਵਿਅਕਤੀ ਪ੍ਰਤਾਪ ਸਿੰਘ ਵਾਸੀ ਹੁੰਦਲ ਢੱਡਾ ਦੇ ਵੀ ਛਾਤੀ ਦੇ ਕੋਲ ਸ਼ਰਾ ਲੱਗ ਕੇ ਨਿਕਲ ਗਿਆ ਜੋ ਮਾਮੂਲੀ ਫੱਟੜ ਹੋਇਆ ।

 

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਹਫੜਾ ਦਫੜੀ ਵਿੱਚ ਸਟੈਂਡ ਤੇ ਬੈਠੇ ਵਿਅਕਤੀ ਥੱਲੇ ਡਿੱਗਣ ਨਾਲ ਜ਼ਖ਼ਮੀ ਹੋ ਗਏ । ਗੋਲੀਆਂ ਚਲਾਉਣ ਉਪਰੰਤ ਹਮਲਾਵਰ ਜੋ ਕਿ ਚਿੱਟੀ ਸਵਿਫਟ ਕਾਰ ਦੇ ਵਿਚ ਆਏ ਸਨ ਪਿੰਡ ਗਿੱਲਾਂ ਵੱਲ ਨੂੰ ਗੱਡੀ ਵਿੱਚ ਬੈਠ ਕੇ ਫ਼ਰਾਰ ਹੋ ਗਏ । ਐੱਸਐੱਚਓ ਪਰਮਿੰਦਰ ਸਿੰਘ ਨੇ ਕਿਹਾ ਕਿ ਹਮਲਾਵਰਾਂ ਨੂੰ ਜਲਦੀ ਟਰੇਸ ਕਰ ਲਿਆ ਜਾਵੇਗਾ। ਘਟਨਾ ਸਥਾਨ ਤੋਂ ਪੁਲੀਸ ਨੇ ਦਸ ਬਾਰਾਂ ਦੇ ਕਰੀਬ ਰਿਵਾਲਵਰ ਚੋਂ ਚਲੇ ਖਾਲੀ ਰੌਂਦ ਬਰਾਮਦ ਕੀਤੇ ਹਨ ।  ਇਸ ਉਪਰੰਤ ਪ੍ਰਬੰਧਕਾਂ ਨੂੰ ਆਪਣਾ ਟੂਰਨਾਮੈਂਟ ਵੀ ਸਮਾਪਤ ਕਰਨਾ ਪਿਆ। ਟੂਰਨਾਮੈਂਟ ਦੇ ਪ੍ਰਬੰਧਕਾਂ ਅਤੇ ਨਗਰ ਨਿਵਾਸੀਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।

ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਸਾਰੇ ਕਬੱਡੀ ਟੂਰਨਾਮੈਂਟ ਕੀਤੇ ਰੱਦ

 ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮੌਤ ਤੋਂ ਬਾਅਦ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਆਉਣ ਵਾਲੇ ਦਿਨਾਂ ਲਈ ਸਾਰੇ ਕਬੱਡੀ ਟੂਰਨਾਮੈਂਟ ਰੱਦ ਕਰ ਦਿੱਤੇ ਹਨ।  ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਸੰਦੀਪ ਨੰਗਲ ਅੰਬੀਆਂ ਦੀ ਮੌਤ ਨਾਲ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸੰਦੀਪ ਦਾ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ੍ਹਿਆ ਜਾਵੇ।