ਅਮਰੀਕਾ ਤੋਂ ਕੈਨੇਡਾ ਨਸ਼ਾ ਲਿਆਉਣ ਦੇ ਮਾਮਲੇ 'ਚ ਪੰਜਾਬੀ ਡਰਾਈਵਰ ਦੀ ਬੇਗੁਨਾਹੀ ਸਾਬਤ ਹੋਈ; ਦੋਸ਼ ਰੱਦ ਕੀਤੇ

ਅਮਰੀਕਾ ਤੋਂ ਕੈਨੇਡਾ ਨਸ਼ਾ ਲਿਆਉਣ ਦੇ ਮਾਮਲੇ 'ਚ ਪੰਜਾਬੀ ਡਰਾਈਵਰ ਦੀ ਬੇਗੁਨਾਹੀ ਸਾਬਤ ਹੋਈ; ਦੋਸ਼ ਰੱਦ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦੋ ਦਿਨ ਪਹਿਲਾਂ ਅਮਰੀਕਾ ਤੋਂ ਸਾਮਾਨ ਲੱਦ ਕੇ ਸਰੀ ਦੀ ਹੱਦ ’ਚ ਪੈਂਦੇ ਪੈਸੇਫਿਕ ਕਰਾਸਿੰਗ ਰਾਹੀਂ ਕੈਨੇਡਾ ਆ ਰਹੇ ਟਰੱਕ ਟਰੇਲਰ ਵਿੱਚੋਂ ਅਮਰੀਕਨ ਕਸਟਮ ਅਫਸਰਾਂ ਨੇ ਤਲਾਸ਼ੀ ਦੌਰਾਨ 30 ਲੱਖ ਅਮਰੀਕੀ ਡਾਲਰ ਕੀਮਤ ਵਾਲੇ ਨਸ਼ੇ ਦੇ 50 ਥੈਲੇ ਫੜੇ ਸਨ ਜਿਸ ਮਗਰੋਂ ਪੰਜਾਬੀ ਡਰਾਈਵਰ ਅਜੀਤਪਾਲ ਸਿੰਘ ਸੰਘੇੜਾ (41) ਨੂੰ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਸੀ।  ਪਰ ਹੁਣ ਅਗਲੇਰੀ ਜਾਂਚ ਵਿਚ ਸਾਬਤ ਹੋ ਗਿਆ ਹੈ ਕਿ ਤਲਾਸ਼ੀ ਤੋਂ ਪਹਿਲਾਂ ਟਰਾਲੇ ਨੂੰ ਲੱਗੀ ਸੀਲ ਕਾਇਮ ਸੀ ਅਤੇ ਇਹ ਉਸੇ ਕੰਪਨੀ ਵੱਲੋਂ ਲਾਈ ਗਈ ਸੀ ਜਿਸ ਦਾ ਟਰਾਲਾ ਡਰਾਈਵਰ ਲੈ ਕੇ ਆ ਰਿਹਾ ਸੀ। 

ਜਾਂਚ ਵਿਚ ਡਰਾਈਵਰ ਖ਼ਿਲਾਫ਼ ਲਾਏ ਗਏ ਦੋਸ਼ ਪੁਲੀਸ ਬਲੇਨ ਸ਼ੈਰਿਫ (ਪੁਲੀਸ) ਨੇ ਵਾਪਸ ਲੈ ਲਏ ਹਨ। ਨਸ਼ੇ ਦੀ ਵੱਡੀ ਮਾਤਰਾ ਫੜੇ ਜਾਣ ਕਾਰਨ ਪੁਲੀਸ ਨੇ ਵਾਹ-ਵਾਹ ਦੇ ਚੱਕਰ ਵਿਚ ਡਰਾਈਵਰ ’ਤੇ ਦੋਸ਼ ਵੀ ਲਾ ਦਿੱਤੇ, ਜੋ ਜਾਂਚ ਦੌਰਾਨ ਖ਼ਾਰਜ ਕਰਨੇ ਪਏ ਹਨ।

ਪੁਲਿਸ ਵੱਲੋਂ ਲਾਏ ਗਏ ਦੋਸ਼ਾਂ ਦੀ ਬਦਨਾਮੀ ਨੂੰ ਨਾ ਸਹਾਰਦਿਆਂ ਅਜੀਤਪਾਲ ਸਿੰਘ ਸੰਘੇੜਾ ਬੇਹੋਸ਼ ਹੋ ਗਿਆ ਸੀ ਤੇ ਪ੍ਰਾਪਤ ਜਾਣਕਾਰੀ ਮੁਤਾਬਕ ਉਹ ਕੋਮਾ ਵਿਚ ਚਲਾ ਗਿਆ ਹੈ।

ਅਜੀਤਪਾਲ ਸਿੰਘ ਸੰਘੇੜਾ ਪੰਜਾਬ ਵਿਚ ਗੁਰੂਸਰ ਲਾਗਲੇ ਪਿੰਡ ਸਹੌਲੀ ਨਾਲ ਸਬੰਧਿਤ ਹੈ। ਅਜੀਤਪਾਲ ਸਿੰਘ ਸੰਘੇੜਾ (41) ਨੂੰ ਫੜੇ ਜਾਣ ਦੀ ਖ਼ਬਰ ਜਿਵੇਂ ਹੀ ਪਿੰਡ ਪਹੁੰਚੀ ਤਾਂ ਲੋਕਾਂ ਨੂੰ ਇਸ ਦਾ ਯਕੀਨ ਨਹੀਂ ਹੋਇਆ। ਨੌਜਵਾਨ ਦੇ ਪਿਤਾ ਤੇਜਪਾਲ ਸਿੰਘ ਸੰਘੇੜਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਂ ਗੁਰਦੇਵ ਕੌਰ (ਸੇਵਾਮੁਕਤ ਅਧਿਆਪਕਾ) ਵੀ ਅਜੀਤਪਾਲ ਦੇ ਨਾਲ ਹੀ ਕੈਨੇਡਾ ਵਿਚ ਰਹਿ ਰਹੀ ਸੀ। ਅਜੀਤਪਾਲ ਸੰਘੇੜਾ ਖ਼ੁਦ 2004 ਵਿਚ ਕੈਨੇਡਾ ਗਿਆ ਸੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।