ਪੰਜਾਬ, ਸਿਆਸਤ ਅਤੇ ਲੋਕ ਵਿਸ਼ਵਾਸ਼

ਪੰਜਾਬ, ਸਿਆਸਤ ਅਤੇ ਲੋਕ ਵਿਸ਼ਵਾਸ਼

*ਵਿਕਰਮਜੀਤ ਸਿੰਘ ਤਿਹਾੜਾ
+91-98555-34961

ਪੰਜਾਬ ਮੁੱਢ ਤੋਂ ਹੀ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦਾ ਆਇਆ ਹੈ। ਇੱਥੋਂ ਦੇ ਵਸਨੀਕਾਂ ਨੇ ਬਹੁਤ ਕੁਝ ਹੰਢਾਇਆ। ਪੰਜਾਬ ਕਦੇ ਵਿਦੇਸ਼ੀ ਅਤੇ ਕਦੇ ਦੇਸੀ ਹਮਲਾਵਰਾਂ ਦੀ ਮਾਰ ਸਹਿਣ ਕਰਦਾ ਰਿਹਾ। ਜਿਸ ਨੇ ਇਥੋਂ ਦੇ ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਧਾਰਮਿਕ ਪ੍ਰਬੰਧ ਨੂੰ ਬਹੁਤ ਪ੍ਰਭਾਵਿਤ ਕੀਤਾ। ਪੰਜਾਬ ਵਾਸੀਆਂ ਨੇ ਆਪਣੀ ਬਹਾਦਰੀ ਦਾ ਪ੍ਰਣਾਮ ਦਿੱਤਾ। ਪੰਜਾਬ ਦੀ ਧਰਤੀ ਜਿਸ ਨੂੰ ਗੁਰੂ ਸਾਹਿਬਾਨ ਦੀ ਛੁਹ ਨੇ ਪ੍ਰਾਣ ਬਖ਼ਸ਼ੇ। ਗੁਰਬਾਣੀ ਦੇ ਆਵਾਜ਼ੇ ਨੇ ਨਵੀਂ ਰੂਹ ਦੀ ਸਿਰਜਣਾ ਕੀਤਾ। ਪੰਜਾਬ ਦੀ ਹਵਾ ਮਹਿਕਣ ਲੱਗੀ। ਇੱਥੋਂ ਦੇ ਵਾਸੀ ਆਪਣੇ ਹੱਕ ਅਤੇ ਸੱਚ ਲਈ ਲੜ੍ਹਨ ਅਤੇ ਖੜ੍ਹਨ ਦਾ ਵੱਲ ਸਿਖ ਗਏ। ਸਿੱਖੀ ਦੇ ਸਿਧਾਂਤਾਂ ਨੇ ਸਭ ਨੂੰ ਇਕ ਲੜੀ ਵਿੱਚ ਪਰੋ ਦਿੱਤਾ। ਸਾਂਝੇ ਮਕਸਦ ਲਈ ਜੂਝਣਾ ਹਰ ਸਿੱਖ ਦਾ ਫਰਜ਼ ਬਣ ਗਿਆ। ਅਜਿਹੇ ਮਾਹੌਲ ਅਤੇ ਪ੍ਰਬੰਧ ਨੇ ਪੰਜਾਬ ਨੂੰ ਮਜ਼ਬੂਤ ਬਣਾ ਦਿੱਤਾ। ਇਹੀ ਵਜ਼ਾ ਹੈ ਕਿ ਪੰਜਾਬ ਨੂੰ ਖ਼ਤਮ ਕਰਨ ਦੀ ਹਰ ਚਾਲ ਨਾਕਾਮ ਰਹੀ।

ਆਪਣੇ ਇਤਿਹਾਸ ਵਿੱਚ ਜੋ ਮਹਾਨ ਕਾਰਮਾਨੇ ਪੰਜਾਬੀਆਂ ਨੇ ਕੀਤੇ, ਉਸ ਪਿਛੇ ਕਈ ਕਾਰਕ ਕਾਰਜ਼ਸ਼ੀਲ ਸਨ। ਜਿੰਨ੍ਹਾਂ ਦੀ ਸ਼ਕਤੀ ਨਾਲ ਪੰਜਾਬੀਆਂ ਨੇ ਹਰ ਅਸੰਭਵ ਕਾਰਜ ਨੂੰ ਸੰਭਵ ਬਣਾ ਦਿੱਤਾ। ਇਕ ਅਕਾਲ ਪੁਰਖ ਵਿੱਚ ਵਿਸ਼ਵਾਸ਼, ਸਿੱਖ ਇਤਿਹਾਸ ਦੀ ਪ੍ਰੇਰਣਾ, ਆਪਸੀ ਮਜ਼ਬੂਤ ਸਾਂਝ ਅਤੇ ਸਾਂਝਾ ਉਦੇਸ਼ ਹੀ ਸਫਲਤਾ ਦਾ ਰਾਜ ਸੀ। ਅਜੋਕੇ ਸਮੇਂ ਵਿੱਚ ਪੰਜਾਬ ਅਤੇ ਪੰਜਾਬੀਆਂ ਦੀ ਜੋ ਸਥਿਤੀ ਸਾਡੇ ਸਾਹਮਣੇ ਹੈ, ਉਸ ਨੂੰ ਸਮਝਣ ਲਈ ਸਾਨੂੰ ਆਪਣੇ ਇਤਿਹਾਸ ਨਾਲ ਆਪਣੇ ਅਜੋਕੇ ਵਰਤਮਾਨ ਦੀ ਤੁਲਨਾ ਕਰਨ ਦੀ ਮਹੱਤਵਪੂਰਨ ਲੋੜ ਹੈ।

ਪੰਜਾਬ ਅੱਜ ਖਿੱਲਰਿਆ ਪਿਆ ਹੈ। ਇਹ ਖਿਲਾਰ ਹਰ ਪੱਖ ਤੋਂ ਹੈ। ਪੰਜਾਬੀ ਆਪਣੇ ਹਰ ਮੁੱਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ‘ਤੇ ਫੁੱਟ ਦਾ ਸ਼ਿਕਾਰ ਹੈ। ਇੱਥੇ ਹੀ ਬਸ ਨਹੀਂ ਪੰਜਾਬੀ ਬਹੁਤ ਹੀ ਨਾਜ਼ੁਕ ਮਾਨਸਿਕ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ, ਜਿਸ ਵਿੱਚ ਉਹਨਾਂ ਨੂੰ ਆਪਣਾ ਭੱਵਿਖ ਧੁੰਦਲਾ ਅਤੇ ਅਨੇਕਾਂ ਚੁਣੌਤੀਆਂ ਭਰਪੂਰ ਦਿਖਾਈ ਦੇ ਰਿਹਾ ਹੈ। ਅਜਿਹੇ ਵਿੱਚ ਹਰ ਕਿਸੇ ਦਾ ਜ਼ੋਰ ਪੰਜਾਬ ਨੂੰ ਤਿਲਾਂਜਲੀ ਦੇ ਵਿਦੇਸ਼ ਵਿੱਚ ਜਲਦੀ ਆਪਣੀ ਸਥਾਪਤੀ ਕਰਨ ‘ਤੇ ਲੱਗਾ ਹੋਇਆ ਹੈ। ਪੰਜਾਬ ਦੇ ਅਜੋਕੇ ਮਸਲਿਆਂ ਲਈ ਜਿਸ ਚਿੰਤਨ ਅਤੇ ਸੁਚੇਤਤਾ ਦੀ ਲੋੜ ਹੈ, ਉਸ ਦੀ ਅੱਜ ਮੱਹਤਵਪੂਰਨ ਘਾਟ ਹੈ। ਰਾਜਨੀਤਿਕ ਪੱਧਰ ‘ਤੇ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੇ ਪੈਰ ਖ਼ੁਦ ਕੁਹਾੜਾ ਚਲਾ ਰਹੀ ਹੈ। ਪੰਜਾਬ ਦੇ ਹਿਤ ਵਿੱਚ ਕੋਈ ਵੀ ਕਦਮ ਉਠਦਾ ਦਿਖਾਈ ਨਹੀਂ ਦੇ ਰਿਹਾ। ਧਾਰਮਿਕ ਮਸਲਿਆਂ ਨੂੰ ਸਿਆਸਤ ਆਪਣੇ ਹਿਤਾਂ ਵਿੱਚ ਵਰਤਣ ਲਈ ਦਿਲਚਸਪੀ ਲੈ ਰਹੀ ਹੈ। ਕੇਂਦਰ ਦਾ ਦਬਾਅ ਵੱਧਦਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੇ ਸਾਹ ਸੂਤੇ ਪਏ ਹਨ।

ਅਜਿਹੇ ਵਿੱਚ ਲੋਕ ਸ਼ਕਤੀ ਕੀ ਭੂਮਿਕਾ ਨਿਭਾ ਰਹੀ ਹੈ, ਅਤੇ ਕਿੱਥੇ ਖੜ੍ਹੀ ਹੈ ਇਹ ਜਾਣਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਪੰਜਾਬ ਦੇ ਲੋਕ ਇੱਥੋਂ ਦੀ ਸਿਆਸਤ ਦੀਆਂ ਚਾਲਬਾਜ਼ੀਆਂ ਤੋਂ ਤੰਗ ਆ ਗਏ ਹਨ। ਉਹਨਾਂ ਦਾ ਵਿਸ਼ਵਾਸ਼ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਇਸ ਲਈ ਉਹਨਾਂ ਹਰ ਧਿਰ ਨੂੰ ਲੋਟੂ ਜਾਣਦਿਆਂ, ਆਪਣੇ ਭੱਵਿਖ ਨੂੰ ਹੋਣੀ ਅੱਗੇ ਸਮਰਪਿਤ ਕਰ ਦਿੱਤਾ ਹੈ। ਸਟੇਟ ਦੀ ਗਲਤ ਨੀਤੀਆਂ ਦੇ ਵਿਰੁੱਧ ਵੀ ਪੰਜਾਬ ਵਿੱਚ ਕੋਈ ਮਜ਼ਬੂਤ ਲਹਿਰ ਨਹੀਂ ਉੱਠ ਰਹੀ, ਇਸ ਦੀ ਵਜ੍ਹਾ ਇਹ ਹੀ ਹੈ ਕਿ ਲੋਕ ਵਰਗ ਦਾ ਵਿਸ਼ਵਾਸ ਇਸ ਕਦਰ ਟੁੱਟ ਚੁੱਕਿਆ ਹੈ, ਉਹ ਦੁਬਾਰਾ ਵਿਸ਼ਵਾਸ ਨਹੀਂ ਬਣਾ ਪਾ ਰਹੇ। ਸਿਆਸੀ ਚਾਲਾਂ ਤੋਂ ਉਹ ਪੂਰੀ ਤਰ੍ਹਾਂ ਡਰੇ ਹੋਏ ਹਨ। ਇਸ ਦੀ ਵਜ੍ਹਾ ਕਿਸੇ ਭਰੋਸੇਯੋਗ ਚਿਹਰੇ ਦੀ ਘਾਟ ਹੋਣਾ ਹੈ।

ਵਿਸ਼ਵਾਸ਼ ਦੀ ਪੁਨਰ ਸਥਾਪਤੀ ਹੀ ਪੰਜਾਬ ਦੇ ਮਸਲਿਆਂ ਦਾ ਹੱਲ ਹੈ। ਇਸ ਲਈ ਲੋੜ ਹੈ ਕਿ ਅਜਿਹੀ ਸ਼ਖ਼ਸੀਅਤ ਦੀ ਜਿਸ ‘ਤੇ ਪੰਜਾਬੀ ਪੂਰੀ ਤਰ੍ਹਾਂ ਵਿਸ਼ਵਾਸ਼ ਕਾਇਮ ਕਰ ਸੱਕਣ। ਉਹ ਜੋ ਪੰਜਾਬ ਦੇ ਹਿਤਾਂ ਨੂੰ ਹੀ ਮੁੱਖ ਰੱਖ ਕੇ ਕਾਰਜ਼ਸ਼ੀਲ ਹੋਵੇ। ਜਿਸ ਦਾ ਨਿਸ਼ਾਨਾਂ ਪੰਜਾਬੀਆਂ ਦੇ ਭੱਵਿਖ ਦੀ ਸਲਾਮਤੀ ਹੋਵੇ ਅਤੇ ਆਪਣੇ ਉਦੇਸ਼ ਅਤੇ ਸੰਕਲਪ ‘ਤੇ ਦ੍ਰਿੜਤਾ ਨਾਲ ਟਿਕਿਆ ਰਹਿ ਸਕੇ। ਸਿਆਸੀ ਕਲਾਬਾਜ਼ੀਆਂ ਵਿੱਚ ਉਹ ਆਪਣੇ ਸਟੈਂਡ ਅਤੇ ਪੱਖ ‘ਤੇ ਕਾਇਮ ਰਹੇ ਅਤੇ ਆਪਣੇ ਤਵਾਜ਼ਨ ਨੂੰ ਨਾ ਗਵਾਏ। ਇਸ ਤਰ੍ਹਾਂ ਲੰਮਾ ਸਮਾਂ ਟਿਕੇ ਰਹਿਣ ਸਦਕਾ ਹੀ ਵਿਸ਼ਵਾਸ਼ ਦੀ ਪੁਨਰ ਸਥਾਪਤੀ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਦੀ ਮੁੰਹਿਮ ਆਰੰਭ ਕਰਨ ਦੀ ਲੋੜ ਹੈ, ਜਿਸ ਵਿੱਚ ਆਮ ਲੋਕਾਂ ਨੂੰ ਸਟੇਟ ਦੀ ਨੀਤੀਆਂ ਦੇ ਸੱਚ ਤੋਂ ਜਾਣੂ ਕਰਵਾਇਆ ਜਾਵੇ। ਆਪਸੀ ਵਿਸ਼ਵਾਸ਼ ਦੀ ਕਾਇਮੀ ਲਈ ਮੇਲ-ਜੋਲ ਵਧਾਉਣ ਦੀ ਮਹੱਤਵਪੂਰਨ ਲੋੜ ਹੈ।

ਵਿਸ਼ਵਾਸ਼ ਦੀ ਸਥਾਪਤੀ ਲਈ ਕਿਸੇ ਸਾਂਝੇ ਆਧਾਰ ਦੀ ਵੱਡੀ ਲੋੜ ਹੁੰਦੀ ਹੈ। ਇਸ ਲਈ ਸਾਡੇ ਪਾਸ ਪੰਜਾਬ ਦੀ ਸਲਾਮਤੀ ਲਈ ਸਾਂਝੇ ਹਿਤ ਹਨ। ਇਸ ਤੋਂ ਇਲਾਵਾ ਸੱਭਿਆਚਾਰ, ਭਾਸ਼ਾ ਅਤੇ ਇਤਿਹਾਸ ਆਦਿ ਦੀ ਸਾਂਝ ਪੰਜਾਬੀਆਂ ਦੀ ਇਕਜੁੱਟਤਾ ਦਾ ਮਜ਼ਬੂਤ ਆਧਾਰ ਬਣ ਸਕਦੀ ਹੈ। ਇਸ ਲਈ ਇਹਨਾਂ ਪ੍ਰਤੀ ਜਾਗਰੁਕਤਾ ਲਹਿਰ ਚਲਾਈ ਜਾਵੇ। ਤਾਂ ਜੋ ਪੰਜਾਬੀ ਇਹਨਾਂ ਆਧਾਰਾਂ ਦੀ ਆਪਸੀ ਸਾਂਝ ਸਦਕਾ ਇਕ ਦੂਜੇ ‘ਤੇ ਵਿਸ਼ਵਾਸ਼ ਕਾਇਮ ਕਰਨ ਵੱਲ ਕਦਮ ਉਠਾਉਣ।

ਸਾਡੀ ਮਜ਼ਬੂਤ ਸਾਂਝ ਅਤੇ ਵਿਸ਼ਵਾਸ ਵਿੱਚ ਹੀ ਪੰਜਾਬ ਦੀ ਜਿੱਤ ਹੈ।

*(ਲੇਖਕ ਧਰਮ ਅਧਿਐਨ ਵਿਭਾਗ ਦਾ ਵਿਦਿਆਰਥੀ ਹੈ।)