ਲੰਮੀ ਉਡੀਕ ਮਗਰੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਾ. ਯੋਗਰਾਜ ਦੇ ਰੂਪ ਵਿਚ ਮਿਲਿਆ ਪੱਕਾ ਚੇਅਰਮੈਨ

ਲੰਮੀ ਉਡੀਕ ਮਗਰੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਡਾ. ਯੋਗਰਾਜ ਦੇ ਰੂਪ ਵਿਚ ਮਿਲਿਆ ਪੱਕਾ ਚੇਅਰਮੈਨ
ਡਾ. ਯੋਗਰਾਜ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਵਿਚ ਸਕੂਲੀ ਸਿੱਖਿਆ ਲਈ ਜ਼ਿੰਮੇਵਾਰ ਵਿਭਾਗ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਲੰਮੀ ਉਡੀਕ ਮਗਰੋਂ ਅਖੀਰ ਹੁਣ ਪੱਕਾ ਚੇਅਰਮੈਨ ਮਿਲ ਗਿਆ ਹੈ। ਸੂਬਾ ਸਰਕਾਰ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਡਾ. ਯੋਗਰਾਜ (59) ਨੂੰ ਸਕੂਲ ਬੋਰਡ ਦਾ ਚੇਅਰਮੈਨ ਲਗਾਇਆ ਗਿਆ ਹੈ।

ਪੰਜਾਬ ਦੇ ਰਾਜਪਾਲ ਵੱਲੋਂ 29 ਜੁਲਾਈ ਨੂੰ ਅਧਿਸੂਚਨਾ ਜਾਰੀ ਕਰਦਿਆਂ ਡਾ. ਯੋਗਰਾਜ ਨੂੰ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦੇ ਹੁਕਮ ਜਾਰੀ ਕੀਤੇ ਗਏ। 

ਡਾਕਟਰ ਯੋਗਰਾਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਨੇੜੇ ਮੰਨਿਆ ਜਾਂਦਾ ਹੈ। ਡਾ. ਯੋਗਰਾਜ ਆਪਣੇ ਵਿਦਿਆਰਥੀ ਜੀਵਨ ਵਿਚ ਵਿਦਿਆਰਥੀ ਰਾਜਨੀਤੀ ਦਾ ਵੀ ਸਰਗਰਮ ਹਿੱਸਾ ਰਹੇ ਹਨ ਤੇ ਉਹਨਾਂ ਆਪਣੀ ਦਸਵੀਂ ਜਮਾਤ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕੀਤੀ ਹੈ। 

ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚਡੀ ਕੀਤੀ। ਇੱਥੋਂ ਹੀ ਐਮਏ ਪੰਜਾਬੀ/ਹਿੰਦੀ ਕੀਤੀ। ਉੱਚ ਸਿੱਖਿਆ ਹਾਸਲ ਕਰਨ ਉਪਰੰਤ ਉਹ ਗਾਂਧੀ ਮੈਮੋਰੀਅਲ ਨੈਸ਼ਨਲ ਕਾਲਜ ਅੰਬਾਲਾ ਕੈਂਟ ਵਿੱਚ 08-09-1987 ਤੋਂ 31-03-1988 ਤੱਕ ਲੈਕਚਰਾਰ ਰਹੇ। 25-07-1989 ਤੋਂ 11-05-1994 (4 ਸਾਲ 10 ਮਹੀਨੇ) ਤੱਕ ਵਾਈਪੀਐਸ ਪਟਿਆਲਾ ਵਿੱਚ ਅਧਿਆਪਕ ਰਹੇ। ਕਰੀਬ 30 ਸਾਲ ਦਾ ਤਜਰਬਾ ਰੱਖਣ ਵਾਲੇ ਡਾਕਟਰ ਯੋਗਰਾਜ ਸਾਢੇ 18 ਸਾਲ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਅਤੇ ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ। 

ਪੰਜਾਬ ਦੇ ਤਤਕਾਲੀ ਮੁੱਖ ਸਕੱਤਰ ਦੀ ਅਗਵਾਈ ਵਾਲੀ ਵਿਸ਼ੇਸ਼ ਕਮੇਟੀ ਨੇ ਜੁਲਾਈ ਦੇ ਪਹਿਲੇ ਹਫ਼ਤੇ ਚੇਅਰਮੈਨ ਦੀ ਨਿਯੁਕਤੀ ਲਈ ਪੰਜ ਉਮੀਦਵਾਰ ਸ਼ਾਟ ਲਿਸਟ ਕੀਤੇ ਸਨ, ਜਿਨ੍ਹਾਂ ਵਿੱਚ ਡਾ. ਯੋਗਰਾਜ ਦਾ ਨਾਮ ਸਭ ਤੋਂ ਉੱਤੇ ਸੀ। ਪਿਛਲੇ ਸਾਲ ਤੋਂ ਬੋਰਡ ਦਾ ਕੰਮ ਰੱਬ ਆਸਰੇ ਚੱਲ ਰਿਹਾ ਸੀ। ਬੀਤੀ 25 ਨਵੰਬਰ 2019 ਨੂੰ ਬੋਰਡ ਦੇ ਤਤਕਾਲੀ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਉਮਰ 66 ਸਾਲ ਦੀ ਹੋਣ ਕਾਰਨ ਉਹ ਇਕ ਦਿਨ ਪਹਿਲਾਂ 24 ਨਵੰਬਰ ਨੂੰ ਛੁੱਟੀ ’ਤੇ ਚਲੇ ਗਏ ਸੀ। ਇਸ ਮਗਰੋਂ ਸਰਕਾਰ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਬੋਰਡ ਦਾ ਦਫ਼ਤਰੀ ਕੰਮ ਚਲਾਉਣ ਲਈ ਚੇਅਰਮੈਨ ਦਾ ਵਾਧੂ ਚਾਰਜ ਦਿੱਤਾ ਗਿਆ ਸੀ।