ਸੈਂਕੜੇ ਮੌਤਾਂ ਬਾਅਦ ਜਾਗੇ ਆਬਕਾਰੀ ਵਿਭਾਗ ਨੇ 27600 ਲੀਟਰ ਰਸਾਇਣਕ ਸਪਿਰਟ ਫੜ੍ਹੀ

ਸੈਂਕੜੇ ਮੌਤਾਂ ਬਾਅਦ ਜਾਗੇ ਆਬਕਾਰੀ ਵਿਭਾਗ ਨੇ 27600 ਲੀਟਰ ਰਸਾਇਣਕ ਸਪਿਰਟ ਫੜ੍ਹੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਦਿਨਾਂ ਦੌਰਾਨ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਸੈਂਕੜੇ ਤੋਂ ਵੱਧ ਮੌਤਾਂ ਹੋਣ ਨਾਲ ਹਰਕਤ ਵਿਚ ਆਏ ਪੰਜਾਬ ਦੇ ਆਬਕਾਰੀ ਵਿਭਾਗ ਨੇ ਡੇਰਾਬਸੀ ਨੇੜੇ ਮੁਬਾਰਿਕਪੁਰ ਦੇ ਫੋਕਲ ਪੁਆਇੰਟ ਵਿਚ ਸਥਿਤ ਇਕ ਕੈਮੀਕਲ ਫੈਕਟਰੀ ਅਤੇ ਤਿੰਨ  ਗੁਦਾਮਾਂ ਵਿੱਚੋਂ 27600 ਲਿਟਰ ਰਸਾਇਣ ਯੁਕਤ ਸਪਿਰਟ ਬਰਾਮਦ ਕੀਤਾ ਹੈ।

ਜਾਣਕਾਰੀ  ਦਿੰਦਿਆਂ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਨੇ ਦੱਸਿਆ ਕਿ ਇਕ ਵਿਸ਼ੇਸ਼ ਟੀਮ ਜਿਸ ’ਚ ਸਿਟ  ਦੇ ਡੀਐੱਸਪੀ ਬਿਕਰਮ ਬਰਾੜ ਵੀ ਸ਼ਾਮਲ ਸਨ, ਨੇ ਤਿੰਨ ਥਾਵਾਂ ਤੋਂ 27600 ਲਿਟਰ ਰਸਾਇਣ  ਯੁਕਤ ਗ਼ੈਰ-ਕਾਨੂੰਨੀ ਸਪਿਰਟ ਦੀ ਖੇਪ ਫੜੀ ਹੈ। ਇਸ ਨੂੰ 200 ਲਿਟਰ ਦੀ ਸਮਰੱਥਾ ਵਾਲੇ 138 ਡਰੰਮਾਂ ’ਚ ਸਟੋਰ ਕੀਤਾ ਗਿਆ ਸੀ। ਕਾਰਵਾਈ ਦੌਰਾਨ ਮੈੱਸਰਜ਼ ਐਲੀਕੈਮ ਕੈਮੀਕਲਜ਼ ਗੁਦਾਮ ਜੋ ਕਿ ਈ-68/69, ਫੋਕਲ ਪੁਆਇੰਟ ’ਚ ਸਥਿਤ ਹੈ, ’ਚੋਂ 82 ਡਰੰਮ, ਡੀ-11, ਫੋਕਲ ਪੁਆਇੰਟ ’ਚ ਮੈੱਸਰਜ਼ ਓਮ ਸੋਲਵੀ ਟਰੇਡਿੰਗ ’ਚੋਂ 49 ਡਰੰਮ ਅਤੇ ਮੈੱਸਰਜ਼  ਪਿਓਰ ਸਲਿਊਸ਼ਨਜ਼  ਦੇ ਐਫ-28, ਫੋਕਲ ਪੁਆਇੰਟ ਵਿਚਲੇ ਗੁਦਾਮ ’ਚੋਂ 7 ਡਰੰਮ ਬਰਾਮਦ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਉਪਰੋਕਤ ਫਰਮਾਂ ਦੇ ਮਾਲਕਾਂ ਸਮੇਤ ਏਕੇ ਚੌਧਰੀ, ਕੇਪੀ ਸਿੰਘ, ਜਗਮੋਹਣ ਸਿੰਘ,  ਗੌਰਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਬਕਾਰੀ ਵਿਭਾਗ ਵੱਲੋਂ 23 ਜੁਲਾਈ ਨੂੰ ਪਿੰਡ ਜਵਾਹਰਪੁਰ ’ਚ ਮੈੱਸਰਜ਼ ਬਿੰਨੀ ਕੈਮੀਕਲਜ਼ ਦੇ  ਗੁਦਾਮ ਮਾਰੇ ਗਏ ਛਾਪੇ ਦੌਰਾਨ 5300 ਲਿਟਰ ਰਸਾਇਣ ਤੇ ਸਪਿਰਟ ਦੀ ਖੇਪ ਤੋਂ ਬਰਾਮਦ ਕੀਤੀ ਗਈ ਸੀ ਅਤੇ ਅੱਜ ਜਿਨ੍ਹਾਂ ਫਰਮਾਂ ’ਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਦੇ ਤਾਰ ਉਸ ਛਾਪੇ ਨਾਲ ਜੁੜਦੇ ਹਨ। ਆਬਕਾਰੀ ਵਿਭਾਗ ਨੂੰ ਸ਼ੱਕ ਹੈ ਕਿ ਇਹ ਫਰਮਾਂ ਮੈੱਸਰਜ਼ ਬਿੰਨੀ ਕੈਮੀਕਲਜ਼ ਨੂੰ ਸਾਮਾਨ ਸਪਲਾਈ ਕਰਦੀਆਂ ਸਨ ਜਿਸ ਨੂੰ ਬਿੰਨੀ ਕੈਮੀਕਲਜ਼ ਵੱਲੋਂ ਅੱਗੇ ਬਾਜ਼ਾਰ ਵਿੱਚ ਵੇਚ ਦਿੱਤਾ  ਜਾਂਦਾ ਸੀ।

ਅਫਸਰਾਂ ਦੇ ਬਿਆਨਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ  ਫਾਰਮਾਸਿਊਟੀਕਲ ਕੰਪਨੀਆਂ ਤੋਂ ਨਿਕਲਣ ਵਾਲੇ ਵੇਸਟ ਨੂੰ ਵੱਖ ਵੱਖ ਟਰੀਟ ਕਰਦੇ  ਸਨ ਪਰ ਉਨ੍ਹਾਂ ਬਣਾਏ ਜਾ ਰਹੇ ਉਤਪਾਦ ਤੇ ਆਪਣੇ ਗਾਹਕਾਂ ਬਾਰੇ  ਕੁਝ ਨਹੀਂ ਦੱਸਿਆ। ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਨੇ ਦੱਸਿਆ ਕਿ ਮੁੱਖ  ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। 

ਇਸ ਮਾਮਲੇ ਵਿੱਚ ਰਿਕਾਰਡ ਦੀ ਜਾਂਚ ਕਰਨ ਅਤੇ ਮੁਲਜ਼ਮਾਂ ਦੇ ਅਗਲੇਰੇ ਸਬੰਧਾਂ ਦੀ ਜਾਂਚ ਜਾਰੀ ਹੈ ਤੇ ਆਬਕਾਰੀ ਵਿਭਾਗ ਵੱਲੋਂ ਫੋਰੈਂਸਿਕ ਸਾਇੰਸ ਲੈਬਾਰਟਰੀ ਦੇ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਉੱਧਰ ਪੁਲੀਸ ਨੇ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਦੋ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।