ਬਰਤਾਨੀਆ ਦੀ ਸਿਆਸਤ ਵਿਚ ਖਾਲਿਸਤਾਨ 'ਤੇ ਬਹਿਸ

ਬਰਤਾਨੀਆ ਦੀ ਸਿਆਸਤ ਵਿਚ ਖਾਲਿਸਤਾਨ 'ਤੇ ਬਹਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਰਤਾਨੀਆ ਦੇ ਮੈਂਬਰ ਪਾਰਲੀਮੈਂਟਾਂ ਦਰਮਿਆਨ ਟਵਿੱਟਰ 'ਤੇ ਹੋਈ ਬਹਿਸ ਨੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਬਾਰੇ ਇਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਬਰਤਾਨੀਆ ਵਿਚ ਮੈਂਬਰ ਪਾਰਲੀਮੈਂਟ ਬਣਨ ਵਾਲੀ ਪਹਿਲੀ ਸਿੱਖ ਬੀਬੀ ਪ੍ਰੀਤ ਕੌਰ ਗਿੱਲ ਨੇ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਿਤ ਹਾਊਸ ਆਫ ਲੋਰਡਸ ਦੇ ਮੈਂਬਰ ਰਮੀ ਰੇਂਜਰ ਵੱਲੋਂ ਕੀਤੇ ਟਵੀਟ 'ਤੇ ਜਵਾਬ ਦਿੰਦਿਆਂ ਕਿਹਾ ਕਿ ਸਵੈ-ਨਿਰਣੇ ਦਾ ਸਿਧਾਂਤ ਸੰਯੁਕਤ ਰਾਂਟਸਰ ਦੇ ਚਾਰਟਰ ਵਿਚ ਪਹਿਲੇ ਆਰਟੀਕਲ ਵਿਚ ਦਰਜ ਹੈ ਅਤੇ ਕੋਈ ਵੀ ਅਹੁਦਾ ਕਾਨੂੰਨ ਤੋਂ ਉੱਤੇ ਨਹੀਂ ਹੋ ਸਕਦਾ।

ਦਰਅਸਲ ਭਾਰਤ ਦੀ ਹਿੰਦੁਤਵੀ ਰਾਜਨੀਤਕ ਧਾਰਾ ਦੇ ਸਮਰਥਕ ਵਜੋਂ ਜਾਣੇ ਜਾਂਦੇ ਲੋਰਡ ਰਮੀ ਰੇਂਜਰ ਨੇ 7 ਅਗਸਤ ਨੂੰ ਇਕ ਟਵੀਟ ਕਰਦਿਆਂ ਲਿਖਿਆ ਸੀ ਕਿ ਉਹਨਾਂ ਨੇ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨਾਲ ਗੱਲਬਾਤ ਕੀਤੀ, ਜਿਸ ਵਿਚ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਯਕੀਨ ਦੁਆਇਆ ਕਿ ਬਰਤਾਨੀਆ ਸਰਕਾਰ ਖਾਲਿਸਤਾਨ ਲਹਿਰ ਦਾ ਸਮਰਥਨ ਨਹੀਂ ਕਰੇਗੀ।

ਪ੍ਰੀਤ ਕੌਰ ਗਿੱਲ ਨੇ ਇਸ ਟਵੀਟ 'ਤੇ ਟਿੱਪਣੀ ਕਰਦਿਆਂ ਲਿਖਿਆ ਕਿ ਸਵੈ-ਨਿਰਣੇ ਦਾ ਹੱਕ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਆਰਟੀਕਲ-1 ਵਿਚ ਦਰਜ ਹੈ। ਇਸ ਨੂੰ ਮਨੁੱਖੀ ਹੱਕਾਂ ਦੇ ਦੋ ਸਭ ਤੋਂ ਅਹਿਮ ਸਮਝੌਤਿਆਂ ਵਿਚ ਇਸ ਨੂੰ ਪਹਿਲੇ ਹੱਕ ਵਜੋਂ ਮਾਨਤਾ ਦਿੱਤੀ ਗਈ ਹੈ। 

The principle of self-determination is prominently embodied in Article I of the Charter of the United Nations. It is positioned as the first right in the twin Human Rights Covenants (the International Covenant on Civil and Political Rights [ICCPR] and [ICESCR]. Most concerning!

— Preet Kaur Gill MP (@PreetKGillMP) August 6, 2020

ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਜੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਇਹ ਗੱਲ ਕਹੀ ਵੀ ਹੈ ਤਾਂ ਵੀ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਕਾਨੂੰਨ ਤੋਂ ਵੱਡਾ ਨਹੀਂ ਹੁੰਦਾ। ਉਹਨਾਂ ਰਮੀ ਰੇਂਜਰ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਪਸ਼ਟ ਹੈ ਕਿ ਉਹਨਾਂ ਨੂੰ ਮਨੁੱਖੀ ਹੱਕਾਂ ਜਾਂ ਸੰਯੁਕਤ ਰਾਸ਼ਟਰ ਐਲਾਨਨਾਮੇ ਦੀ ਕੋਈ ਸਮਝ ਨਹੀਂ ਹੈ।

ਬਰਤਾਨੀਆ ਦੇ ਸਿੱਖ ਭਾਈਚਾਰੇ ਵੱਲੋਂ ਰਮੀ ਰੇਂਜਰ ਦੀ ਇਸ ਟਿੱਪਣੀ ਖਿਲਾਫ ਵੱਡਾ ਰੋਹ ਪ੍ਰਗਟ ਕੀਤਾ ਜਾ ਰਿਹਾ ਹੈ। ਬਰਤਾਨੀਆ ਵਿਚ ਸਿੱਖਾਂ ਦੀ ਨੁਮਾਂਇੰਦਗੀ ਕਰਦੀ ਜਥੇਬੰਦੀ ਸਿੱਖ ਫੈਡਰੇਸ਼ਨ ਯੂਕੇ ਨੇ ਰਮੀ ਰੇਂਜਰ ਦੀ ਇਸ ਟਿੱਪਣੀ 'ਤੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਬੰਦਾ ਇਕ ਵੱਡਾ ਮਜ਼ਾਕ ਹੈ ਅਤੇ ਬਰਤਾਨੀਆ ਦੀ ਰਾਜਨੀਤੀ ਲਈ ਵੱਡੀ ਲਾਹਨਤ ਹੈ। ਉਹਨਾਂ ਰਮੀ ਰੇਂਜਰ ਨੂੰ ਭਾਰਤ ਸਰਕਾਰ ਦਾ ਚਮਚਾ ਦੱਸਿਆ। ਉਹਨਾਂ ਕਿਹਾ ਕਿ ਸਵੈ-ਨਿਰਣੇ ਦੇ ਹੱਕ ਨੂੰ ਕੌਮਾਂਤਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਵਿਚ ਮੂਲ ਮਨੁੱਖੀ ਹੱਕ ਮੰਨਿਆ ਗਿਆ ਹੈ। 

ਪ੍ਰੀਤ ਕੌਰ ਗਿੱਲ ਨੇ ਰਮੀ ਰੇਂਜਰ ਨੂੰ ਸਵਾਲ ਕੀਤਾ ਕਿ ਕੀ ਕਦੇ ਉਹਨਾਂ ਭਾਰਤ ਵਿਚ ਪੁਲਸ ਵੱਲੋਂ ਅਗਵਾ ਕੀਤੇ ਗਏ ਬਰਤਾਨਵੀ ਸਿੱਖ ਨੌਜਵਾਨ ਜਗਤਾਰ ਸਿੰਘ ਜੌਹਲ ਲਈ ਅਵਾਜ਼ ਚੁੱਕੀ ਹੈ।