ਜੁਰਮਾਂ ਦਾ ਮਿਊਜ਼ੀਅਮ, ਯੂ ਪੀ

ਜੁਰਮਾਂ ਦਾ ਮਿਊਜ਼ੀਅਮ, ਯੂ ਪੀ

ਐਡਵੋਕੇਟ ਗੁਰਮੀਤ ਸਿੰਘ ‘ਸ਼ੁਗਲੀ’

ਘਰਦਿਆਂ ਦੀ ਪ੍ਰਵਾਨਗੀ ਤੋਂ ਬਿਨਾਂ ਜਦ ਯੋਗੀ ਦੀ ਲਾਡਲੀ ਪੁਲਿਸ ਨੇ ਹਦਾਇਤਾਂ ਮੁਤਾਬਕ ਅੱਧੀ ਰਾਤ ਤੋਂ ਬਾਅਦ ਕੋਈ ਢਾਈ ਤਿੰਨ ਵਜੇ ਹਾਥਰਸ ਦੀ ਨਿਰਭੈਆ ਨੂੰ ਬਿਨਾਂ ਘਰਦਿਆਂ ਦੀ ਆਗਿਆ ਤੇ ਹਾਜ਼ਰੀ ਦੇ ਜਲਦੀ-ਜਲਦੀ ਅਗਨੀਭੇਂਟ ਕਰ ਦਿੱਤਾ ਤਾਂ ਉਸ ਵਕਤ ਪੀੜਤਾਂ ਦੀ ਮਾਂ, ਭੈਣਾਂ, ਪਿਓ ਅਤੇ ਭਰਾ ’ਤੇ ਕੀ ਬੀਤੀ ਹੋਵੇਗੀ, ਇਹ ਤਾਂ ਕੋਈ ਪਰਿਵਾਰਕ ਮੁਖੀ, ਉਹ ਵੀ ਜੋ ਔਲਾਦ ਵਾਲਾ ਹੋਵੇ, ਉਹ ਹੀ ਜਾਣ ਸਕਦਾ ਹੈ, ਨਾ ਕਿ ਕੋਈ ਸੂਬੇ ਦਾ ਬੇ-ਔਲਾਦ ਮੁਖੀ ਅਨੁਭਵ ਕਰ ਸਕਦਾ ਹੈ। ਪੀੜਤਾਂ ਦੇ ਪਰਿਵਾਰ ਤੋਂ ਉਹ ਅਧਿਕਾਰ ਵੀ ਖੋਹ ਲਏ, ਜੋ ਮੌਤ ਦੇ ਬਾਅਦ ਦੇ ਹੁੰਦੇ ਹਨ।

ਹਾਥਰਸ ਨਿਰਭੈਆ ਕੇਸ ਵਿੱਚ ਜਿੰਨੀ ਜਲਦੀ ਬਾਲੜੀ ਨੂੰ ਅਗਨੀਭੇਂਟ ਕਰਨ ਵਿੱਚ ਦਿਖਾਈ ਗਈ, ਉੰਨੀ ਦੇਰੀ ਬਾਲੜੀ ਦਾ ਕੇਸ ਦਰਜ ਕਰਨ ਵਿੱਚ ਦਿਖਾਈ ਗਈ। ਘਟਨਾ ਤਕਰੀਬਨ ਚੌਦਾਂ ਸਤੰਬਰ ਦੀ ਹੈ, ਪਰ ਐੱਫ਼ ਆਈ ਆਰ ਤਕਰੀਬਨ ਇੱਕ ਹਫ਼ਤੇ ਬਾਅਦ ਲਿਖੀ ਗਈ, ਉਹ ਵੀ ਅਧੂਰੀ। ਰੋਜ਼-ਰੋਜ਼ ਪਰਚਾ ਦਰਜ ਕਰਨ ਦਾ, ਦੋਸ਼ੀਆਂ ਨੂੰ ਫੜਨ ਦਾ ਡਰਾਮਾ ਹੁੰਦਾ ਰਿਹਾ। ਕਦੇ ਇੱਕ ਦੋਸ਼ੀ ਨੂੰ ਫੜਦੇ, ਛੱਡਦੇ, ਫਿਰ ਦੂਜੇ ਨੂੰ ਫੜਦੇ ਛੱਡਦੇ, ਜਦ ਕਿ ਕੁਲ ਦੋਸ਼ੀ ਇਸ ਕੇਸ ਵਿੱਚ ਚਾਰ ਹਨ। ਚੌਹਾਂ ਨੇ ਹੀ ਰਲ ਕੇ ਗੈਂਗਰੇਪ ਕੀਤਾ ਹੈ। ਅਗਰ ਪਹਿਲਾਂ ਹੀ ਸਮੇਂ ਸਿਰ ਪਰਚਾ ਦਰਜ ਕਰਕੇ ਦੋਸ਼ੀ ਫੜ ਲਏ ਜਾਂਦੇ ਅਤੇ ਬਾਲੜੀ ਨੂੰ ਉਸ ਦੀ ਮਾੜੀ ਹਾਲਤ ਮੁਤਾਬਕ ਪਹਿਲਾਂ ਹੀ ਏਮਜ਼ ਵਰਗੇ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਜਾਂਦਾ ਤਾਂ ਸ਼ਾਇਦ ਬਾਲੜੀ ਦਾ ਬਚਾਅ ਹੋ ਜਾਂਦਾ ਅਤੇ ਪੁਲਿਸ ਵੀ ਰਾਤਰੀ ਨਾਟਕ ਕਰਨ ਤੋਂ ਬਚ ਜਾਂਦੀ।

ਹੁਣ ਸੁਣੋ ਜੋ ਉਸ ਬਾਲੜੀ ਨਾਲ ਬੀਤੀ। ਉਹ ਆਪਣੀ ਮਾਤਾ ਨਾਲ ਖੇਤਾਂ ਵਿੱਚ ਘਾਹ ਵਗੈਰਾ ਕੱਟਣ ਗਈ ਸੀ। ਘਾਹ ਕੱਟਦੇ-ਕੱਟਦੇ ਦੋਹਾਂ ਦੀ ਆਪਸੀ ਦੂਰੀ ਵਧ ਗਈ। ਦਰਿੰਦੇ ਕਿਤੇ ਨੇੜੇ-ਤੇੜੇ ਸਨ। ਉਨ੍ਹਾਂ ਉਸ ਨੂੰ ਫੜ ਲਿਆ। ਚੌਹਾਂ ਜਣਿਆਂ ਰਲ ਕੇ ਉਸ ਨਾਲ ਗੈਂਗਰੇਪ ਕੀਤਾ। ਫਿਰ ਗਵਾਹੀ ਖ਼ਤਮ ਕਰਨ ਦੀ ਨੀਯਤ ਨਾਲ ਉਸ ਦੇ ਗੱਲ ਵਿੱਚ ਚੁੰਨੀ ਪਾ ਕੇ ਗਲਾ ਘੁੱਟਿਆ ਗਿਆ, ਜਿਸ ਕਰਕੇ ਉਸ ਦੀ ਜੀਭ ਬਾਹਰ ਆ ਗਈ ਜੋ ਕੱਟੀ ਗਈ। ਫਿਰ ਚੁੰਨੀ ਤੋਂ ਫੜ ਕੇ ਘਸੀਟਿਆ ਗਿਆ, ਜਿਸ ਕਰਕੇ ਬੱਚੀ ਦੀ ਰੀੜ੍ਹ ਦੀ ਹੱਡੀ ਨੁਕਸਾਨੀ ਗਈ, ਜਿਸ ਕਰਕੇ ਉਸ ਦੇ ਇੱਕ ਹਿੱਸੇ ਨੂੰ ਪੈਰਾਲਾਈਜ਼ ਹੋ ਗਿਆ। ਪੁਲਿਸ ਉਸ ਨੂੰ ਉਨ੍ਹਾਂ ਹਸਪਤਾਲਾਂ ਵਿੱਚ ਘੁਮਾਉਂਦੀ ਰਹੀ, ਜਿਨ੍ਹਾਂ ਹਸਪਤਾਲਾਂ ਵਿੱਚ ਉਸ ਦਾ ਇਲਾਜ ਨਹੀਂ ਸੀ, ਜਿਸ ਕਰਕੇ ਉਹ ਬਚ ਨਹੀਂ ਸਕੀ।

ਇਸ ਕੇਸ ਵਿੱਚ ਘਿਨਾਉਣੀ ਅਤੇ ਗਿਰੀ ਹੋਈ ਗੱਲ ਇਹ ਹੈ ਕਿ ਚਾਰ ਦੋਸ਼ੀ ਹਨ, ਜੋ ਉੱਚੀਆਂ ਜਾਤੀਆਂ ਨਾਲ ਸੰਬੰਧਤ ਹਨ। ਰਾਮੂ ਅਰਥਾਤ ਰਾਮ, ਲਵਕੁਸ਼, ਸੰਦੀਪ ਅਤੇ ਰਵੀ। ਜਿਨ੍ਹਾਂ ਨਾਵਾਂ ਤੋਂ ਰਾਮ-ਲਵਕੁਸ਼ ਹਨ ਅਤੇ ਇਨ੍ਹਾਂ ਚੌਹਾਂ ਵਿੱਚੋਂ ਦੋ ਆਪਸ ਵਿੱਚ ਚਾਚਾ ਭਤੀਜਾ ਵੀ ਲੱਗਦੇ ਹਨ। ਯਾਨੀ ਚਾਚਾ ਭਤੀਜਾ, ਪਿਉ-ਪੁੱਤ ਬਰਾਬਰ ਹੁੰਦੇ ਹਨ, ਪਰ ਇਸ ਗੈਂਗਰੇਪ ਵਿੱਚ ਉਹ ਭਾਈਵਾਲ ਸਨ। ਇਹ ਕਹਾਣੀ ਉਸ ਦੇਸ਼ ਦੇ ਲੋਕਾਂ ਦੀ ਹੈ, ਜੋ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ। ਜੋ ਵਿਸ਼ਵ ਗੁਰੂ ਬਣਨ ਲਈ ਦਿਨ ਰਾਤ ਡੀਂਗਾਂ ਮਾਰ ਰਿਹਾ ਹੈ।

ਹੁਣ ਜਦ ਸਭ ਕੁਝ ਵਾਪਰ ਚੁੱਕਿਆ ਹੈ ਤਾਂ ਕੋਈ ਅਜਿਹੇ ਸਿਰ ਫਿਰਿਆਂ ਨੂੰ ਗੋਲੀ ਮਾਰਨ ਦੀ ਗੱਲ ਆਖ ਰਿਹਾ ਹੈ। ਕੋਈ ਆਖ ਰਿਹਾ ਹੈ ਕਿ ਅਜਿਹੇ ਕੁੱਤਿਆਂ ਨੂੰ ਗੋਲੀ ਹੀ ਮਾਰਨੀ ਚਾਹੀਦੀ ਹੈ। ਕੋਈ ਉਨ੍ਹਾਂ ਨੂੰ ਪੁੱਛੇ ਕਿ ਕੀ ਕੁੱਤੇ ਰੇਪ ਕਰਦੇ ਹਨ? ਉਹ ਅਜਿਹੇ ਭੜਕਾਊ ਬਿਆਨ ਇਸ ਕਰਕੇ ਦੇ ਰਹੇ ਹਨ ਤਾਂ ਕਿ ਬਕਾਇਦਾ ਕੋਈ ਤਫ਼ਤੀਸ਼ ਹੋਂਦ ਵਿੱਚ ਨਾ ਆਵੇ ਅਤੇ ਨਾ ਹੀ ਲਾਅ ਐਂਡ ਆਰਡਰ ਦੀ ਕੋਈ ਗੱਲ ਕਰੇ। ਨਾ ਹੀ ਤਫਤੀਸ਼ ਰਾਹੀਂ ਰਾਜ ਕਰਦੀ ਪਾਰਟੀ ਅਤੇ ਉਸ ਦੀ ਲਾਡਲੀ ਪੁਲਿਸ ਦੀ ਕੋਈ ਕੁਤਾਹੀ ਸਾਹਮਣੇ ਆਵੇ। ਦੋਸ਼ੀਆਂ ਨੂੰ ਪੁਲਿਸ ਵੱਲੋਂ ਲਗਾਤਾਰ ਨਾ ਫੜਨ ਅਤੇ ਉਨ੍ਹਾਂ ਵਿੱਚ ਆਪਸੀ ਗਾਂਢ-ਸਾਂਢ ਦਾ ਪਤਾ ਨਾ ਲੱਗ ਸਕੇ। ਕੁਝ ਜਾਣ-ਬੁੱਝ ਕੇ ਅਤੇ ਕੁਝ ਅਣਜਾਣਤਾ ਵਿੱਚ ਹੈਦਰਾਬਾਦ ਦੇ ਐਨਕਾਊਂਟਰ ਵਾਂਗ ਇਨ੍ਹਾਂ ਦੋਸ਼ੀਆਂ ਦਾ ਐਨਕਾਊਟਰ ਹੀ ਚਾਹੁੰਦੇ ਹਨ, ਜਿਸ ਬਾਅਦ ਉਹੀ ਪੁਲਿਸ ਜੋ ਪਹਿਲਾਂ ਪਰਚਾ ਦਰਜ ਨਹੀਂ ਕਰਦੀ, ਫਿਰ ਦੋਸ਼ੀਆਂ ਨੂੰ ਫੜਦੀ ਨਹੀਂ, ਫਿਰ ਅਜਿਹੀ ਪੁਲਿਸ ਐਨਕਾਊਂਟਰ ਤੋਂ ਬਾਅਦ ਜਨਤਾ ਵਿੱਚ ਹੀਰੋ ਬਣ ਜਾਂਦੀ ਹੈ। ਅਜਿਹੀਆਂ ਸਜ਼ਾਵਾਂ ਦੇਣ ਨਾਲ ਲੋਕਾਂ ਦਾ ਅਦਾਲਤਾਂ ਤੋਂ ਯਕੀਨ ਉੱਠਣ ਲੱਗਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਯੂ ਪੀ ਵਿੱਚ ਐਨਕਾਊਂਟਰਾਂ ਦੀ ਭਰਮਾਰ ਹੈ। ਫਿਰ ਵੀ ਲਾਅ ਐਂਡ ਆਰਡਰ ਕੰਟਰੋਲ ਵਿੱਚ ਨਹੀਂ ਹੈ। ਉਪਰੋਕਤ ਕੇਸ ਤੋਂ ਬਾਅਦ ਤਿੰਨ ਹੋਰ ਗੈਂਗਰੇਪ ਹੋ ਚੁੱਕੇ ਹਨ, ਨਾਲ ਹੀ ਮਜ਼ਲੂਮਾਂ ਦੀ ਹੱਤਿਆ ਵੀ ਕਰ ਦਿੱਤੀ ਗਈ।

ਇਸ ਸਮੇਂ ਚੋਰੀਆਂ, ਡਾਕਿਆਂ ਦੀ ਸਭ ਤੋਂ ਜ਼ਿਆਦਾ ਭਰਮਾਰ ਯੂ ਪੀ ਵਿੱਚ ਹੈ। ਸਭ ਤੋਂ ਜ਼ਿਆਦਾ ਪੁਲਿਸ ਵੱਲੋਂ ਅਤੇ ਕੁਝ ਮੁਜਰਮਾਂ ਵੱਲੋਂ ਐਨਕਾਊਂਟਰ ਹੋ ਰਹੇ ਹਨ। ਰੇਪ ਅਤੇ ਗੈਂਗਰੇਪ ਵਿੱਚ ਵੀ ਸਭ ਤੋਂ ਮੋਹਰੀ ਸੂਬਾ ਯੂ ਪੀ ਹੀ ਹੈ। ਆਨ ਡਿਊਟੀ ਅਫਸਰ ਸ਼ਰੇਆਮ ਰੰਗਦਾਰੀ ਮੰਗ ਰਹੇ ਹਨ। ਨਾ ਮਿਲਣ ’ਤੇ ਐਲਾਨੀਆ ਗੋਲੀਆਂ ਮਰਵਾ ਰਹੇ ਹਨ। ਅਜਿਹੇ ਅਫਸਰ ਵੀ ਸ਼ਰੇਆਮ ਘੁੰਮ ਰਹੇ ਹਨ, ਜਿਸ ਕਰਕੇ ਜਨਤਾ ਵਿੱਚ ਇਸ ਸੰਬੰਧੀ ਸੁਨੇਹਾ ਬੜਾ ਮਾੜਾ ਜਾ ਰਿਹਾ ਹੈ। ਯੋਗੀ ਸਾਹਿਬ ਨਿੱਤ ਨਵੇਂ-ਨਵੇਂ ਅਤੇ ਸਖ਼ਤ ਕਾਨੂੰਨ ਬਣਾ ਕੇ ਅੰਗਰੇਜ਼ਾਂ ਨੂੰ ਵੀ ਮਾਤ ਪਾ ਰਹੇ ਹਨ, ਪਰ ਅਮਲ ਵਿੱਚ ਅਮਨ-ਕਾਨੂੰਨ ਦੀ ਹਾਲਤ ਸੁਧਰਦੀ ਦਿਖਾਈ ਨਹੀਂ ਦਿੰਦੀ। ਵਿੱਦਿਆ ਦੇ ਖੇਤਰ ਵਿੱਚ ਸਭ ਤੋਂ ਜ਼ਿਆਦਾ ਨਕਲ ਕਰਨ ਵਿੱਚ ਯੂ ਪੀ ਹੀ ਮੋਹਰੀ ਹੈ। ਅਜਿਹੇ ਹੀ ਦਰਜਨਾਂ ਕੇਸ ਹਨ ਕਿ ਡਿਗਰੀ ਕਿਸੇ ਟੀਚਰ ਨੇ ਪਾਸ ਕੀਤੀ ਅਤੇ ਨੌਕਰੀ ਕੋਈ ਭਲਾਮਾਣਸ ਕਰ ਰਿਹਾ ਹੈ। ਯੂ ਪੀ ਸੂਬਾ ਵੀ ਇੱਕ ਅਜਿਹਾ ਸੂਬਾ ਹੈ, ਜਿੱਥੇ ਜਾਤ-ਪਾਤ ’ਤੇ ਅਧਾਰਤ ਸਰਕਾਰੀ ਫੈਸਲੇ ਕੀਤੇ ਜਾਂਦੇ ਹਨ। ਇਸ ਸੂਬੇ ਵਿੱਚ ਜਾਤ-ਪਾਤ ਦਾ ਬਹੁਤ ਬੋਲਬਾਲਾ ਹੈ। ਯੋਗੀ ਸਾਹਿਬ ਦੀ ਸਖ਼ਤੀ ਵੀ ਇਕ ਪਾਸੜ ਹੀ ਹੈ। ਸਾਨੂੰ ਖੁਦਾ ਦਾ ਸ਼ੁਕਰ ਹੀ ਕਰਨਾ ਚਾਹੀਦਾ ਹੈ ਕਿ ਹਾਥਰਸ ਕਾਂਡ ਵਿੱਚ ਚਾਰੇ ਦੋਸ਼ੀ ਇੱਕ ਅਜਿਹੇ ਫਿਰਕੇ ਨਾਲ ਸੰਬੰਧਤ ਹਨ। ਜਿਸ ਕਰਕੇ ਅੱਗ ਨਾਲ ਨਹੀਂ ਖੇਡਿਆ ਜਾ ਸਕਿਆ। ਜੇਕਰ ਘੱਟ ਗਿਣਤੀ ਨਾਲ ਸੰਬੰਧਤ ਹੁੰਦੇ ਤਾਂ ਫਿਰ ਦੱਸਦੇ ਕਿ ਕੀ ਕੁਝ ਹੋ ਰਿਹਾ ਹੁੰਦਾ।

2014 ਵਿੱਚ ਸੁਪਰੀਮ ਕੋਰਟ ਨੇ ਕੁਝ ਗਾਈਡ ਲਾਈਨਾਂ ਬਣਾਈਆਂ ਸਨ, ਜਿਸ ਮੁਤਾਬਕ ਸਪੈਸ਼ਲ ਕੋਰਟਾਂ ਬਣਾ ਕੇ ਇੱਕ ਮਿੱਥੇ ਸਮੇਂ ਵਿੱਚ ਉਸ ਦਾ ਫੈਸਲਾ ਕਰਨਾ ਹੁੰਦਾ ਹੈ। ਉਸ ਮੁਤਾਬਕ ਸਭ ਤੋਂ ਜ਼ਿਆਦਾ ਸਪੈਸ਼ਲ ਕੋਰਟਾਂ ਯੂ ਪੀ ਵਿੱਚ ਹੀ ਸਥਾਪਤ ਕੀਤੀਆਂ ਗਈਆਂ ਹਨ। ਅਦਾਲਤਾਂ ਰਾਹੀਂ ਹੀ ਸਭ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਦੋਸ਼ੀ ਖ਼ਿਲਾਫ਼ ਚਲਾਣ ਦੇਣ ਤੋਂ ਪਹਿਲਾਂ ਸਾਰੀਆਂ ਖਾਮੀਆਂ ਅਤੇ ਬਾਰੀਕੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਮੁੱਕਰਣ ਵਾਲੇ ਸਰਕਾਰੀ ਅਤੇ ਪ੍ਰਾਈਵੇਟ ਗਵਾਹਾਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਗਵਾਹਾਂ ਨੂੰ ਮੁਕੱਦਮੇ ਦੌਰਾਨ ਸਿਕਿਉਰਿਟੀ ਸਮੇਤ ਆਉਣ-ਜਾਣ ਦੇ ਖਰਚੇ ਦਾ ਪ੍ਰਬੰਧ ਸਰਕਾਰੀ ਤੌਰ ’ਤੇ ਕਰਨਾ ਚਾਹੀਦਾ ਤਾਂ ਕਿ ਇਨਸਾਫ਼ ਦੇ ਹੱਕਦਾਰਾਂ ਨੂੰ ਹੱਕ ਮਿਲ ਸਕੇ। ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਚੌਵੀ ਘੰਟਿਆਂ ਵਿੱਚ ਪੀੜਤਾਂ ਦਾ ਬਿਆਨ ਲਿਖ ਕੇ ਐੱਫ਼ ਆਰ ਆਈ ਦਰਜ ਹੋਵੇ। ਉਸੇ ਸਮੇਂ ਉਹ ਸਭ ਚੀਜ਼ਾਂ ਪੁਲਿਸ ਨੂੰ ਸਣੇ ਪੀੜਤਾਂ ਦੇ ਉਹ ਕੱਪੜੇ ਆਦਿ ਆਪਣੇ ਕਬਜ਼ੇ ਵਿੱਚ ਲੈਣੇ ਚਾਹੀਦੇ ਹਨ, ਜਿਹੜੇ ਉਸ ਨੇ ਰੇਪ ਵੇਲੇ ਪਹਿਨੇ ਹੋਏ ਹੋਣ। ਪੁਲਿਸ ਤਫ਼ਤੀਸ਼ ਦੌਰਾਨ ਨਵੇਂ ਤੱਥਾਂ ਮੁਤਾਬਕ ਵਾਧਾ-ਘਾਟਾ ਕਰ ਸਕਦੀ ਹੈ, ਪਰ ਪਹਿਲਾ ਬਿਆਨ ਲਿਖਣ ਵੇਲੇ ਉਹ ਸਭ ਦਰਜ ਕਰਨਾ ਹੁੰਦਾ ਹੈ, ਜੋ ਪੀੜਤਾ ਬਿਆਨ ਕਰਦੀ ਹੈ।

ਮੌਜੂਦਾ ਕੇਸ ਵਿੱਚ ਭਾਵੇਂ ਸਰਕਾਰ ਨੇ ਇੱਕ ਤਫ਼ਤੀਸ਼ੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜਿਸ ਵਿੱਚ ਲੇਡੀ ਪੁਲਿਸ ਅਤੇ ਪਛੜੀਆਂ ਜਾਤੀ ਨਾਲ ਸੰਬੰਧਤ ਮੈਂਬਰ ਵੀ ਲਿਆ ਹੈ, ਜਿਸ ਦੀ ਸਿਫਾਰਸ਼ ’ਤੇ ਐੱਸ ਪੀ ਤੇ ਬਾਕੀ ਚਾਰ ਪੁਲਿਸ ਅਫਸਰ ਸਸਪੈਂਡ ਕਰ ਦਿੱਤੇ ਹਨ, ਪਰ ਅਜੇ ਤਕ ਐੱਸ ਡੀ ਐੱਮ ਤੇ ਡੀ ਸੀ ਤਕ ਉਵੇਂ ਹੀ ਬਿਰਾਜਮਾਨ ਹਨ, ਜਿਨ੍ਹਾਂ ਦੇ ਹੁਕਮਾਂ ’ਤੇ ਸਭ ਕੁਝ ਹੋਇਆ ਅਤੇ ਹੋ ਰਿਹਾ ਹੈ। ਫਿਰ ਵੀ ਅਸੀਂ ਇਸ ਕੇਸ ਵਿੱਚ ਸੀ ਬੀ ਆਈ ਤੋਂ ਤਫ਼ਤੀਸ਼ ਕਰਾਉਣ ਦੀ ਮੰਗ ਕਰਦੇ ਹਾਂ ਤਾਂ ਕਿ ਸਭ ਸਵਾਲਾਂ ਦਾ ਉੱਤਰ ਮਿਲ ਸਕੇ ਕਿ ਕਿਹੜੇ ਹਾਲਾਤ ਵਿੱਚ ਐੱਫ਼ ਆਈ ਆਰ ਲੇਟ ਦਰਜ ਹੋਈ? ਕਿਹੜੇ ਕਾਰਨਾਂ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲੇਟ ਹੋਈ? ਕਿਹੜੇ ਕਾਰਨਾਂ ਕਰਕੇ ਪੀੜਤਾਂ ਨੂੰ ਇੰਨੀਆਂ ਗੰਭੀਰ ਸੱਟਾਂ ਦੇ ਬਾਵਜੂਦ, ਉਨ੍ਹਾਂ ਹਸਪਤਾਲਾਂ ਵਿੱਚ ਘੁਮਾਉਂਦੇ ਤੇ ਦਾਖ਼ਲ ਕਰਾਉਂਦੇ ਰਹੇ, ਜਿੱਥੇ ਪੀੜਤਾਂ ਦਾ ਯੋਗ ਇਲਾਜ ਹੋ ਹੀ ਨਹੀਂ ਸੀ ਸਕਦਾ? ਉਹ ਕਿਹੜੇ ਹਾਲਾਤ ਸਨ, ਜਿਨ੍ਹਾਂ ਕਰਕੇ ਪੀੜਤਾਂ ਦੀ ਮ੍ਰਿਤਕ ਦੇਹ ਉਸ ਦੇ ਘਰਦਿਆਂ ਨੂੰ ਨਹੀਂ ਸੌਂਪੀ ਗਈ? ਕਿਹੜੇ ਕਾਰਨ ਸਨ ਜਿਨ੍ਹਾਂ ਨੇ ਦੇਹ ਘਰ ਤਕ ਲਿਜਾਣ ਲਈ ਮੰਗਣ ’ਤੇ ਵੀ ਨਹੀਂ ਜਾਣ ਦਿੱਤੀ ਅਤੇ ਉਹ ਕਿਹੜੇ ਕਾਰਨ ਸਨ, ਜਿਹਨਾਂ ਕਾਰਨਾਂ ਕਰਕੇ ਮ੍ਰਿਤਕ ਦੇਹ ਨੂੰ ਅੱਧੀ ਰਾਤ ਅਗਨ ਭੇਂਟ ਕੀਤਾ ਗਿਆ? ਜਦ ਕਿ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਮ੍ਰਿਤਕ ਦਾ ਰਾਤ ਨੂੰ ਸਸਕਾਰ ਨਹੀਂ ਕੀਤਾ ਜਾਂਦਾ। ਇਨ੍ਹਾਂ ਸਭ ਸਵਾਲਾਂ ਦੇ ਜਵਾਬ ਸੀ ਬੀ ਆਈ ਦੀ ਜਾਂਚ ਰਾਹੀਂ ਹੀ ਮਿਲ ਸਕਦੇ ਹਨ। ਨਾਲ ਹੀ ਅਸੀਂ ਪੀੜਤ ਪਰਿਵਾਰ ਲਈ ਪੰਜਾਹ ਲੱਖ ਦੀ ਮਾਲੀ ਮਦਦ ਦੀ ਮੰਗ ਕਰਦੇ ਹਾਂ। ਪਰਿਵਾਰ ਅਤੇ ਗਵਾਹਾਂ ਨੂੰ, ਜਦ ਤਕ ਕੇਸ ਖ਼ਤਮ ਨਹੀਂ ਹੋ ਜਾਂਦਾ, ਉਦੋਂ ਤਕ ਸਿਕਿਉਰਟੀ ਪ੍ਰਦਾਨ ਕੀਤੀ ਜਾਵੇ। ਜੇਕਰ ਅਜਿਹਾ ਨਹੀਂ ਕਰੋਗੇ ਤਾਂ ਫਿਰ ਐੱਮ ਐੱਲ ਏ ਸੇਂਗਰ ਅਤੇ ਸਟੇਟ ਹੋਮ ਮਨਿਸਟਰ ਚਿਨਮਈਆ ਨੰਦ ਵਰਗੇ ਫੌਰਨ ਪੈਦਾ ਹੋ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਜਾਣਗੇ। ਰਾਤ ਨੂੰ ਹਾਥਰਸ ਦੀ ਨਿਰਭੈਆ ਨੂੰ ਅਗਨ ਭੇਟ ਕੀਤਾ ਗਿਆ, ਜੇਕਰ ਇਸ ਬਾਲੜੀ ਦੀ ਜਗ੍ਹਾ ਕੋਈ ਗਊ ਹੁੰਦੀ ਤਾਂ ਅੰਧਭਗਤਾਂ ਨੇ ਦੇਸ਼ ਨੂੰ ਅੱਗ ਦੇ ਹਵਾਲੇ ਕਰ ਦੇਣਾ ਸੀ।

“ਦੀਦੀ, ਤੁਹਾਡੇ ਆਉਣ ਤੋਂ ਬਾਅਦ ਕੁਝ ਵੀ ਤਾਂ ਨਹੀਂ ਬਦਲਿਆ। ਪ੍ਰਧਾਨ ਮੰਤਰੀ ਨੇ ਜੋ ਨਾਹਰਾ ‘ਬੇਟੀ ਪੜ੍ਹਾਓ ਬੇਟੀ ਬਚਾਓ’ ਦਾ ਦਿੱਤਾ ਸੀ, ਅਸਲ ਵਿੱਚ ਬੀ ਜੇ ਪੀ ਰਾਜ ਵਿੱਚ ‘ਬੇਟੀ ਘਟਾਓ ਬੇਟੀ ਮੁਕਾਓ’ ਵਿੱਚ ਤਬਦੀਲ ਹੋ ਚੁੱਕਾ ਹੈ। ਸਾਰੇ ਰਾਜਾਂ ਵਿੱਚ ਇਹੋ ਕੁਝ ਹੋ ਰਿਹਾ ਹੈ। ਉੱਨੀ, ਇੱਕੀ ਦਾ ਫਰਕ ਹੈ। ਪਰ ਮੈਰਿਟ ਦੇ ਆਧਾਰ ’ਤੇ ਮੁੱਖ ਮੰਤਰੀ ਯੋਗੀ ਇਸਦਾ ਚੈਂਪੀਅਨ ਬਣ ਚੁੱਕਾ ਹੈ।” ਇਹ ਜਵਾਬ 2020 ਹਾਥਰਸ ਦੀ ਨਿਰਭਅ ਨੇ 2012 ਦੀ ਨਿਰਭਅ ਦੇ ਪੁੱਛਣ ’ਤੇ ਲੰਮਾ ਹਉਕਾ ਲੈ ਕੇ ਦਿੱਤਾ ਹੋਵੇਗਾ।