ਸ਼੍ਰੋਮਣੀ ਕਮੇਟੀ ਹੀ ਕਰੇਗੀ ਪ੍ਰਕਾਸ਼ ਗੁਰਪੁਰਬ ਦੀਆਂ ਸਟੇਜਾਂ ਦਾ ਪ੍ਰਬੰਧ; ਕੈਪਟਨ ਦੀ ਸਲਾਹ ਨਾ ਹੋਈ ਪ੍ਰਵਾਨ

ਸ਼੍ਰੋਮਣੀ ਕਮੇਟੀ ਹੀ ਕਰੇਗੀ ਪ੍ਰਕਾਸ਼ ਗੁਰਪੁਰਬ ਦੀਆਂ ਸਟੇਜਾਂ ਦਾ ਪ੍ਰਬੰਧ; ਕੈਪਟਨ ਦੀ ਸਲਾਹ ਨਾ ਹੋਈ ਪ੍ਰਵਾਨ
ਬੈਠਕ ਤੋਂ ਬਾਅਦ ਤਸਵੀਰ ਕਰਵਾਉਂਦੇ ਹੋਏ ਆਗੂ

ਅੰਮ੍ਰਿਤਸਰ: ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦਰਮਿਆਨ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਾਂਝੇ ਤੌਰ 'ਤੇ ਮਨਾਉਣ ਦੀ ਸਹਿਮਤੀ ਨਾ ਬਣ ਸਕੀ। ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਦਰਮਿਆਨ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਚੱਲ ਰਹੇ ਟਕਰਾਅ ਨੂੰ ਦੂਰ ਕਰਨ ਲਈ 11 ਅਤੇ 12 ਨਵੰਬਰ ਨੂੰ ਕ੍ਰਮਵਾਰ ਇੱਕ-ਇੱਕ ਦਿਨ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਸਟੇਜਾਂ ਲਾਉਣ ਦੀ ਸਲਾਹ ਦਿੱਤੀ ਸੀ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਰੱਦ ਕਰ ਦਿੱਤਾ ਹੈ। 

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੋਂਗੋਵਾਲ ਨੇ ਕਿਹਾ ਕਿ ਦੋਵੇਂ ਦਿਨ ਦੀਆਂ ਪ੍ਰਮੁੱਖ ਸਟੇਜਾਂ ਸ਼੍ਰੋਮਣੀ ਕਮੇਟੀ ਵੱਲੋਂ ਹੀ ਲਗਾਈਆਂ ਜਾਣਗੀਆਂ ਜਿਹਨਾਂ ਦੀ ਅਗਵਾਈ ਪੰਜ ਸਿੰਘ ਸਾਹਿਬਾਨ ਕਰਨਗੇ। 

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਹੋਈ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਦੋਵੇਂ 11 ਅਤੇ 12 ਨਵੰਬਰ ਨੂੰ ਇੱਕ-ਇੱਕ ਦਿਨ ਸਮਾਗਮ ਕਰਨ। ਉਹਨਾਂ ਕਿਹਾ ਸੀ ਕਿ 11 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਸਮਾਗਮ ਕਰੇ ਜਿਸ ਵਿਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣ। ਉਸ ਤੋਂ ਅਗਲੇ ਦਿਨ 12 ਨਵੰਬਰ ਨੂੰ ਪੰਜਾਬ ਸਰਕਾਰ ਸਮਾਗਮ ਕਰੇ ਜਿਸ ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਸੱਦਾ ਦਿੱਤਾ ਜਾਵੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।