ਨਕਸਲੀਆਂ ਵਲੋਂ ਘਾਤਕ ਹਮਲੇ ਦੌਰਾਨ ਸਿੱਖ ਜਵਾਨ ਨੇ ਪੱਗ ਨਾਲ ਬਚਾਈ ਜ਼ਖ਼ਮੀ ਸਾਥੀ ਦੀ ਜਾਨ

ਨਕਸਲੀਆਂ ਵਲੋਂ ਘਾਤਕ ਹਮਲੇ ਦੌਰਾਨ ਸਿੱਖ ਜਵਾਨ ਨੇ ਪੱਗ ਨਾਲ ਬਚਾਈ ਜ਼ਖ਼ਮੀ ਸਾਥੀ ਦੀ ਜਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬਸਤਰ 'ਚ ਨਕਸਲੀਆਂ ਵਲੋਂ ਘਾਤਕ ਹਮਲੇ ਦੌਰਾਨ ਸੁਰੱਖਿਆ ਬਲਾਂ ਦੇ  22 ਜਵਾਨ ਮਾਰੇ ਗਏ       

ਰਾਏਪੁਰ-ਛੱਤੀਸਗੜ੍ਹ ਦੇ ਬਸਤਰ 'ਚ ਨਕਸਲੀਆਂ ਵਲੋਂ ਸੁਰੱਖਿਆ ਬਲਾਂ 'ਤੇ ਬੀਤੇ ਕੁਝ ਦਿਨ ਪਹਿਲਾਂ ਕੀਤੇ ਘਾਤਕ ਹਮਲੇ, ਜਿਸ 'ਚ 22 ਜਵਾਨ ਸ਼ਹੀਦ ਤੇ 31 ਜ਼ਖ਼ਮੀ ਹੋ ਗਏ ਸਨ, ਦੌਰਾਨ ਇਕ ਸਿੱਖ ਜਵਾਨ ਨੇ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਜ਼ਖ਼ਮੀ ਹੋਏ ਆਪਣੇ ਸਾਥੀ ਦੀ ਪੱਗ ਬੰਨ੍ਹ ਕੇ ਜਾਨ ਬਚਾਈ, ਜਦੋਂਕਿ ਬਾਅਦ 'ਚ ਉਹ ਖ਼ੁਦ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ । ਬਲਰਾਜ ਸਿੰਘ, ਜੋ ਸੀਆਰਪੀਐਫ. ਦੇ ਵਿਸ਼ੇਸ਼ ਵਿੰਗ ਕੋਬਰਾ ਕਮਾਂਡੋ ਦੀ 210 ਬਟਾਲੀਅਨ ਨਾਲ ਸਬੰਧਿਤ ਹੈ, ਦੇ ਪੇਟ 'ਚ ਗੋਲੀ ਲੱਗੀ ਹੈ ਤੇ ਉਹ ਰਾਏਪੁਰ ਦੇ ਇਕ ਹਸਪਤਾਲ 'ਚ ਜ਼ੇਰੇ ਇਲਾਜ ਹੈ ।

ਸਿੱਖ ਜਵਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੁਕਾਬਲੇ ਦੌਰਾਨ ਦੋਹਾਂ ਪਾਸਿਆਂ ਤੋਂ ਭਾਰੀ ਗੋਲੀਬਾਰੀ ਹੋ ਰਹੀ ਸੀ ਤੇ ਨਕਸਲੀ ਸਵੈ-ਚਾਲਿਤ ਹਥਿਆਰਾਂ ਦੇ ਨਾਲ-ਨਾਲ ਮੋਰਟਾਰ, ਲਾਈਟ ਮਸ਼ੀਨ ਗੰਨ (ਐਲਐਮ.ਜੀ.) ਤੇ ਯੂਬੀਜੀਐਲ ਦੀ ਵਰਤੋਂ ਵੀ ਕਰ ਰਹੇ ਸਨ । ਉਸ ਨੇ ਦੇਖਿਆ ਕਿ ਇਕ ਹੱਥ ਗੋਲਾ ਸਬ ਇੰਸਪੈਕਟਰ ਅਭਿਸ਼ੇਕ ਪਾਂਡੇ ਦੇ ਨਜ਼ਦੀਕ ਆ ਕੇ ਫਟਿਆ, ਜਿਸ ਦੇ ਛਰੇ ਅਭਿਸ਼ੇਕ ਦੀ ਲੱਤ 'ਚ ਆ ਕੇ ਲੱਗੇ ਤੇ ਖੂਨ ਬਹੁਤ ਤੇਜ਼ੀ ਨਾਲ ਬਾਹਰ ਵਹਿਣ ਲੱਗਾ । ਬਲਰਾਜ ਨੇ ਦੱਸਿਆ ਕਿ ਉਸ ਨੇ ਦੇਖਿਆ ਕਿ ਸਾਡੀ ਟੀਮ ਨੂੰ ਮੁਢਲੀ ਸਹਾਇਤਾ ਦੇਣ ਵਾਲਾ ਜਵਾਨ ਸਪੈਸ਼ਲ ਟਾਸਕ ਫੋਰਸ  ਦੇ ਜ਼ਖ਼ਮੀ ਜਵਾਨਾਂ ਦੀ ਮੱਲ੍ਹਮ ਪੱਟੀ ਕਰ ਰਿਹਾ ਸੀ ਤਾਂ ਉਸ ਨੇ ਜਲਦੀ ਨਾਲ ਆਪਣੀ ਪੱਗ ਉਤਾਰ ਕੇ ਅਭਿਸ਼ੇਕ ਦੀ ਲੱਤ 'ਤੇ ਕੱਸ ਕੇ ਬੰਨ੍ਹ ਦਿੱਤੀ, ਜੋ ਕਿ ਉਸ ਦੀ ਜਾਨ ਬਚਾਉਣ 'ਚ ਬਹੁਤ ਸਹਾਈ ਸਿੱਧ ਹੋਈ । ਬਲਰਾਜ ਨੇ ਦੱਸਿਆ ਕਿ ਨਕਸਲੀ ਸਾਡੇ 'ਤੇ ਤਿੰਨਾਂ ਪਾਸਿਆਂ ਤੋਂ 'ਯੂ ਸ਼ੇਪ' ਬਣਾ ਕੇ ਭਾਰੀ ਗੋਲੀਬਾਰੀ ਕਰ ਰਹੇ ਸਨ ਤੇ ਸਾਡੀ ਟੀਮ ਨੇ ਦੋਹਾਂ ਪਾਸਿਆਂ ਤੋਂ 'ਬਾਕਸ ਸ਼ੇਪ' ਬਣਾ ਕੇ ਨਕਸਲੀਆਂ ਦੇ ਜਾਲ ਨੂੰ ਤੋੜ ਕੇ ਮੂੰਹਤੋੜ ਜਵਾਬੀ ਹਮਲਾ ਕੀਤਾ । ਉਸ ਨੇ ਦੱਸਿਆ ਕਿ ਮੁੱਠਭੇੜ 'ਚ 20 ਦੇ ਕਰੀਬ ਨਕਸਲੀ ਵੀ ਮਾਰੇ ਗਏ ਹਨ, ਜਿਨ੍ਹਾਂ 'ਚੋਂ ਕਈਆਂ ਨੂੰ ਜਵਾਨਾਂ ਨੇ ਪਿੱਛਾ ਕਰਕੇ ਮਾਰਿਆ ਹੈ । ਬਲਰਾਜ ਨੇ ਦੱਸਿਆ ਕਿ ਬਾਅਦ 'ਚ ਉਹ ਵੀ ਪੇਟ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ । ਨਕਸਲ ਅਪਰੇਸ਼ਨ ਦੇ ਡੀਜੀ ਅਸ਼ੋਕ ਜੁਨੇਜਾ ਨੇ   ਇਸ ਹਮਲੇੇ ਦੀ ਪੁਸ਼ਟੀ ਕੀਤੀ ਹੈ। ਜਦਕਿ ਇੱਕ ਜਵਾਨ ਮੁਕਾਬਲੇ ਤੋਂ ਬਾਅਦ ਲਾਪਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੌਜੂਦਾ ਹਾਲਾਤ ਦੀ ਦਿੱਲੀ ਵਿੱਚ ਸੀਨੀਅਰ ਅਫ਼ਸਰਾਂ ਨਾਲ ਸਮੀਖਿਆ ਕੀਤੀ। ਕੁਝ ਵੱਡੇ ਮਾਓਵਾਦੀ ਹਮਲਿਆਂ ਵਿੱਚੋਂ ਇੱਕ ਪਿਛਲੇ ਕੁਝ ਸਾਲਾਂ ਵਿੱਚ ਛੱਤੀਸਗੜ੍ਹ ਵਿੱਚ ਇਹ ਮਾਓਵਾਦੀਆਂ ਦਾ ਸਭ ਤੋਂ ਵੱਡਾ ਹਮਲਾ ਕਿਹਾ ਜਾ ਰਿਹਾ ਹੈ।ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਮਾਓਵਾਦੀਆਂ ਨਾਲ ਮੁਕਾਬਲੇ ਵਿੱਚ ਜਵਾਨਾਂ ਦੀ ਮੌਤ ਉੱਪਰ ਅਫ਼ਸੋਸ ਜ਼ਾਹਰ ਕੀਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੋਂ ਬਾਅਦ ਟਵੀਟ ਵਿੱਚ ਲਿਖਿਆ,"ਛੱਤੀਸਗੜ੍ਹ ਵਿੱਚ ਮਾਓਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਵੀਰ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਜ਼ਖ਼ਮੀਆਂ ਦੇ ਜਲਦੀ ਤੋਂ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਾ ਹਾਂ।"

ਜਾਣਕਾਰੀ ਮੁਤਾਬਕ,ਬੀਤੇ ਸ਼ੁੱਕਰਵਾਰ ਨੂੰ ਸੁਕਾਮਾ ਅਤੇ ਬੀਜਾਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਸੀਆਰਪੀਐੱਫ਼, ਡਿਸਟਰਿਕਟ ਰਿਜ਼ਰਵ ਗਾਰਡ, ਸਪੈਸ਼ਲ ਟਾਸਕ ਫ਼ੋਰਸ ਅਤੇ ਕੋਬਰਾ ਬਟਾਲੀਅਨ ਦੇ 2059 ਜਵਾਨ ਅਪਰੇਸ਼ਨ ਲਈ ਨਿਕਲੇ ਸਨ।

ਇਸ ਵਿੱਚ ਨਰਸਾਪੁਰ ਕੈਂਪ ਵਿੱਚ 420 ਜਵਾਨ, ਮਿਨਪਾ ਕੈਂਪ ਤੋਂ 483, ਉਸੁਰ ਕੈਂਪ ਤੋਂ 200 ਜਵਾਨ, ਪਾਮੇੜ ਕੈਂਪ ਵਿੱਚੋਂ 195 ਜਵਾਨ ਅਤੇ ਤਰੇਮ ਕੈਂਪ ਤੋਂ 760 ਜਵਾਨ ਸ਼ਾਮਲ ਸਨ।ਸ਼ਨਿੱਚਰਵਾਰ ਨੂੰ ਅਪਰੇਸ਼ਨ ਤੋਂ ਬਾਅਦ ਵਾਪਸੀ ਦੌਰਾਨ ਤਰੇਮ ਥਾਣੇ ਦੇ ਸਿਗਲੇਰ ਨਾਲ ਲਗਦੇ ਜੋਨਾਗੁੰਡਾ ਦੇ ਜੰਗਲਾਂ ਵਿੱਚ ਮਾਓਵਾਦੀਆਂ ਨੇ ਸੁਰੱਖਿਆ ਦਸਤਿਆਂ ਉੱਪਰ ਹਮਲਾ ਕਰ ਦਿੱਤਾ ਸੀ।ਮੁਠਭੇੜ ਵਿੱਚ ਜ਼ਖ਼ਮੀ ਹੋਏ 37 ਜਵਾਨਾਂ ਨੂੰ ਬੀਜਾਪੁਰ ਅਤੇ ਰਾਏਪੁਰ ਦੇ ਹਸਪਤਾਲਾਂ ਵਿੱਚ ਭਰਤੀ ਕੀਤਾ ਗਿਆ ਹੈ।