ਸਿੱਖ ਨੂੰ ਕਿ੍ਪਾਨ  ਕਾਰਣ ਫਨਫੇਅਰ 'ਚੋਂ ਕੱਢਿਆ-ਪੁਲਿਸ ਨੇ ਲਗਾਈ ਹੱਥਕੜੀ

ਸਿੱਖ ਨੂੰ ਕਿ੍ਪਾਨ  ਕਾਰਣ ਫਨਫੇਅਰ 'ਚੋਂ ਕੱਢਿਆ-ਪੁਲਿਸ ਨੇ ਲਗਾਈ ਹੱਥਕੜੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਲੰਡਨ-ਡੇਲੀ ਮੇਲ ਯੂਕੇ ਅਖਬਾਰ ਅਨੁਸਾਰ ਅੰਮਿ੍ਤਧਾਰੀ ਸਿੱਖ ਪ੍ਰਭਜੋਤ ਸਿੰਘ ਨੂੰ ਨੌਰਥ ਵੇਲਜ਼ 'ਚ ਉਸ ਸਮੇਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਸ ਨੂੰ ਕਿ੍ਪਾਨ ਪਹਿਨਣ ਕਰਕੇ ਫਨ ਫੇਅਰ' ਚੋਂ ਬਾਹਰ ਕੱਢ ਦਿੱਤਾ ਗਿਆ ।  ਜਾਣਕਾਰੀ ਅਨੁਸਾਰ 30 ਜੁਲਾਈ ਨੂੰ ਬਰਮਿੰਘਮ ਤੋਂ ਨੌਰਥ ਵੇਲਜ਼ ਵਿਖੇ ਅੰਮਿ੍ਤਧਾਰੀ ਸਿੱਖ ਪ੍ਰਭਜੋਤ ਸਿੰਘ ਆਪਣੇ ਪਰਿਵਾਰ ਨਾਲ ਟੀਰ ਪਿ੍ੰਸ ਫਨ ਫੇਅਰ, ਟੌਇਨ ਕੌਂਵੀ ਵਿਖੇ ਗਏ ਸਨ । ਪ੍ਰਭਜੋਤ ਸਿੰਘ ਦੇ ਪਰਿਵਾਰਿਕ ਦੋਸਤ ਅਰਮਿੰਦਰ ਸਿੰਘ ਨੇ ਸਥਾਨਿਕ ਮੀਡੀਆ ਨੂੰ ਦੱਸਿਆ ਕਿ ਜਦੋਂ ਉਹ ਰਾਈਡ ਦੀ ਉਡੀਕ ਕਰ ਰਿਹਾ ਸੀ ਤਾਂ ਇਕ ਕਰਮਚਾਰੀ ਨੇ ਪ੍ਰਭਜੋਤ ਸਿੰਘ ਨੂੰ ਬਾਹਰ ਜਾਣ ਲਈ ਕਿਹਾ ਅਤੇ ਉਸ ਨੇ ਕਿ੍ਪਾਨ ਲਈ ਚਾਕੂ ਸ਼ਬਦ ਦੀ ਵਰਤੋਂ ਕਰਦਿਆਂ ਕਿਹਾ ਕਿ ਇਸ ਦੀ ਇਥੇ ਇਜਾਜ਼ਤ ਨਹੀਂ ਹੈ | ਉਨ੍ਹਾਂ ਦੱਸਿਆ ਕਿ ਅਸੀਂ ਯੂ.ਕੇ. ਕਾਨੂੰਨ ਤਹਿਤ ਕਿਰਪਾਨ ਪਹਿਨਣ ਦੀ ਆਗਿਆ ਹੋਣ ਬਾਰੇ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ।ਪਰ ਉਨ੍ਹਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਪ੍ਰਭਜੋਤ ਸਿੰਘ ਨੂੰ ਹੱਥਕੜੀਆਂ ਲਗਾ ਦਿੱਤੀਆਂ । ਇਸ ਮੌਕੇ ਲੋਕ ਸਾਨੂੰ ਇਕ ਅੱਤਵਾਦੀ ਹੋਣ ਵਾਂਗ ਵੇਖ ਰਹੇ ਸਨ | ਭਾਵੇਂ ਕਿ੍ਪਾਨ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਪ੍ਰਭਜੋਤ ਸਿੰਘ ਨੂੰ ਛੱਡ ਦਿੱਤਾ ਪਰ ਉਨ੍ਹਾਂ ਇਕ ਨਜ਼ਰਬੰਦੀ ਦੀ ਰਸੀਦ ਵੀ ਸੌਂਪ ਦਿੱਤੀ । ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਛੱਡੇ ਜਾਣ ਦੇ ਬਾਵਜੂਦ ਵੀ ਟੀਰ ਪਿ੍ੰਸ ਦੇ ਮਾਲਕ ਨੇ ਸਾਰੇ ਗਰੁੱਪ ਨੂੰ ਬਾਹਰ ਕੱਢਿਆ । ਅਮਰਿੰਦਰ ਸਿੰਘ ਨੇ ਦੱਸਿਆ ਕਿ ਟੀਰ ਪਿ੍ੰਸ ਦੇ ਮਾਲਕ ਨੇ ਮੁਆਫੀ ਮੰਗਦਿਆਂ ਉਨ੍ਹਾਂ ਦਾ ਭੁਗਤਾਨ ਤਾਂ ਵਾਪਸ ਕਰ ਦਿੱਤਾ ਪਰ ਨਾਲ ਹੀ ਅੱਗੋਂ ਕਿਸੇ ਅੰਮਿ੍ਤਧਾਰੀ ਨੂੰ ਫੰਨ ਫੇਅਰ 'ਚ ਨਾ ਦਾਖਲ ਹੋਣ ਦੇਣ ਦੀ ਗੱਲ ਵੀ ਕਹੀ । ਚੀਫ ਕਾਂਸਟੇਬਲ ਕਾਰਲ ਫੌਲਕਸ ਨੇ ਕਿਹਾ ਕਿ ਉਹ ਇਸ ਸੰਵੇਦਨਸ਼ੀਲਤਾ ਨੁੰ ਸਮਝਦੇ ਹਨ ਅਤੇ ਪ੍ਰਭਾਵਿਤ ਸੱਜਣਾਂ ਨਾਲ ਹਾਲਾਤ ਬਾਰੇ ਵਿਚਾਰ ਵਟਾਂਦਰੇ ਲਈ ਪਹੁੰਚ ਕਰ ਰਹੇ ਹਾਂ ।