ਅਮਰੀਕਾ ਵਿਚ ਕੋਵਿਡ ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਨਾਲ ਭਰ ਰਹੇ ਹਨ ਹਸਪਤਾਲ

ਅਮਰੀਕਾ ਵਿਚ ਕੋਵਿਡ ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਨਾਲ ਭਰ ਰਹੇ ਹਨ ਹਸਪਤਾਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਅਮਰੀਕਾ ਦੇ ਲੁਇਸੀਆਨਾ ਤੇ ਜਾਰਜੀਆ ਰਾਜਾਂ ਵਿਚ ਕੋਵਿਡ ਵੈਕਸੀਨ ਲਵਾਉਣ ਦੀ ਦਰ ਘੱਟ ਹੈ ਜਿਸ ਕਾਰਨ ਦੇਸ਼ ਦੇ ਕੁਲ ਮਰੀਜ਼ਾਂ ਵਿਚੋਂ ਤਕਰੀਬਨ 40% ਮਰੀਜ਼ ਇਨਾਂ ਦੋ ਰਾਜਾਂ ਵਿਚ ਹਨ। ਡੈਲਟਾ ਵਾਇਰਸ ਜਿਆਦਾਤਰ ਉਨਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਜਿਨਾਂ ਨੇ ਟੀਕਾਕਰਣ ਨਹੀਂ ਕਰਵਾਇਆ ਹੈ। ਜਾਰਜੀਆ ਵਿਚ 25 ਮੈਡੀਕਲ ਸੈਂਟਰ ਅਜਿਹੇ ਹਨ ਜਿਥੇ ਮਰੀਜ਼ਾਂ ਨੂੰ ਦਾਖਲ ਕਰਨ ਲਈ ਜਗਾ ਨਹੀਂ ਬਚੀ ਹੈ ਬਾਵਜੂਦ ਇਸ ਦੇ ਕਿ ਕਾਨਫਰੰਸ ਕਮਰਿਆਂ ਤੇ ਆਡੀਟੋਰੀਅਮ ਵਿਚ ਵੀ ਬੈੱਡ ਲਵਾ ਦਿੱਤੇ ਗਏ ਹਨ। ਇਸ ਵੇਲੇ ਰਾਜ ਦੇ ਮੈਡੀਕਲ ਸੈਂਟਰਾਂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ ਵਧ ਕੇ 2600 ਹੋ ਗਈ ਹੈ। ਲੁਇਸਆਨਾ ਦੇ ਹਸਪਤਾਲਾਂ ਵਿਚ 2350 ਕੋਵਿਡ ਮਰੀਜ਼ ਦਾਖਲ ਹਨ। ਫਲੋਰੀਡਾ ਵਿਚ ਕੁਲ 12000 ਤੋਂ ਵਧ ਮਰੀਜ਼ਾਂ ਵਿਚੋਂ ਤਕਰੀਬਨ 2500 ਇੰਟੈਨਸਿਵ ਕੇਅਰ ਯੁਨਿਟਾਂ ਵਿਚ ਰਖੇ ਗਏ ਹਨ। ਰਾਜ ਵਿਚ ਹੋਰ ਮਰੀਜ਼ਾਂ ਦੀਆਂ ਸਰਜਰੀਆਂ ਨੂੰ ਅੱਗੇ ਪਾ ਦਿੱਤਾ ਗਿਆ ਹੈ। ਲੁਇਸਆਨਾ ਤੇ ਜਾਰਜੀਆ ਵਿਚ ਵੈਕਸੀਨੇਸ਼ਨ ਦੀ ਦਰ 38% ਦੇ ਆਸ ਪਾਸ ਹੈ ਜਦ ਕਿ ਫਲੋਰੀਡਾ ਵਿਚ ਇਹ ਦਰ 49% ਹੈ। ਰਾਸ਼ਟਰਪਤੀ ਜੋ ਬਾਇਡਨ ਨੇ ਵਧ ਰਹੇ ਕੋਵਿਡ ਮਾਮਲਿਆਂ ਨੂੰ ਟੀਕਾਕਰਣ ਨਾ ਕਰਵਾਉਣ ਵਾਲੇ ਲੋਕਾਂ ਦੀ ਮਹਾਮਾਰੀ ਦਾ ਨਾਂ ਦਿੱਤਾ ਹੈ।