ਨਾਗਾਲੈਂਡ ਤੇ ਭਾਰਤ ਸਰਕਾਰ ਦਰਮਿਆਨ ਬੈਠਕ ਰਹੀ ਬੇਸਿੱਟਾ; ਨਾਗੇ ਵੱਖਰੇ ਝੰਡੇ ਅਤੇ ਵੱਖਰੇ ਸੰਵਿਧਾਨ 'ਤੇ ਅੜੇ

ਨਾਗਾਲੈਂਡ ਤੇ ਭਾਰਤ ਸਰਕਾਰ ਦਰਮਿਆਨ ਬੈਠਕ ਰਹੀ ਬੇਸਿੱਟਾ; ਨਾਗੇ ਵੱਖਰੇ ਝੰਡੇ ਅਤੇ ਵੱਖਰੇ ਸੰਵਿਧਾਨ 'ਤੇ ਅੜੇ
ਨਾਗਾ ਆਗੂ ਮੂਈਵਾਹ ਨਾਗਾ ਫੌਜੀਆਂ (ਬਾਗੀਆਂ) ਦੀ ਸੁਰੱਖਿਆ ਛਤਰੀ ਹੇਠ ਇੱਕ ਸਮਾਗਮ ਦੌਰਾਨ

ਨਵੀਂ ਦਿੱਲੀ: ਨਾਗਾਲੈਂਡ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ਼ ਧਿਰ ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ (ਆਈ-ਐਮ) ਅਤੇ ਭਾਰਤ ਸਰਕਾਰ ਦਰਮਿਆਨ ਬੀਤੇ ਕੱਲ੍ਹ ਨਵੀਂ ਦਿੱਲੀ ਵਿੱਚ ਇਕ ਅਹਿਮ ਬੈਠਕ ਹੋਈ, ਜਿਸ ਵਿੱਚ ਨਾਗਾਲੈਂਡ ਬਾਰੇ ਹੋਣ ਵਾਲੇ ਸਮਝੌਤੇ ਦੀਆਂ ਸ਼ਰਤਾਂ ਨੂੰ ਵਿਚਾਰਿਆ ਗਿਆ ਪਰ ਇਹ ਬੈਠਕ ਬਿਨ੍ਹਾਂ ਕਿਸੇ ਸਿੱਟੇ ਦੇ ਖਤਮ ਹੋ ਗਈ। 

ਭਾਰਤ ਸਰਕਾਰ ਵੱਲੋਂ ਇਸ ਮਸਲੇ ਵਿਚ ਅਗਵਾਈ ਕਰ ਰਹੇ ਗਵਰਨਰ ਆਰ.ਐੱਨ ਰਵੀ ਅਤੇ ਐਨਐਸਸੀਐਨ (ਆਈ-ਐਮ) ਦੇ ਆਗੂ ਮੂਈਵਾਹ ਦੀ ਅਗਵਾਈ ਵਿੱਚ 15 ਮੈਂਬਰੀ ਵਫਦ ਦਰਮਿਆਨ ਇਹ ਬੈਠਕ ਹੋਈ। ਨਾਗਾਲੈਂਡ ਦੇ ਅਜ਼ਾਦੀ ਸੰਘਰਸ਼ ਦੀ ਸਭ ਤੋਂ ਵੱਡੀ ਇਹ ਧਿਰ ਭਾਰਤ ਸਰਕਾਰ ਨਾਲ ਸਮਝੌਤੇ 'ਤੇ ਦਸਤਖਤ ਕਰਨ ਲਈ ਸ਼ਰਤ ਰੱਖ ਰਹੀ ਹੈ ਕਿ ਨਾਗਾਲੈਂਡ ਨੂੰ ਆਪਣਾ ਵੱਖਰਾ ਝੰਡਾ ਅਤੇ ਵੱਖਰਾ ਸੰਵਿਧਾਨ ਬਣਾਉਣ ਦੀ ਅਜ਼ਾਦੀ ਦਿੱਤੀ ਜਾਵੇ ਪਰ ਭਾਰਤ ਸਰਕਾਰ ਇਸ ਸ਼ਰਤ ਨੂੰ ਨਹੀਂ ਮੰਨ ਰਹੀ। ਸਮਝੌਤੇ ਵਿਚ ਸਭ ਤੋਂ ਵੱਡਾ ਮਸਲਾ ਇਨ੍ਹਾਂ ਸ਼ਰਤਾਂ ਦਾ ਹੀ ਅੜਿਆ ਹੋਇਆ ਹੈ।

ਨਾਗਾਲੈਂਡ ਪੋਸਟ ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਬੈਠਕ ਸਬੰਧੀ ਛਾਪੀ ਖਬਰ ਵਿੱਚ ਲਿਖਿਆ ਹੈ ਕਿ ਭਾਰਤੀ ਨੁਮਾਂਇੰਦੇ ਵੱਲੋਂ ਨਾਗਾ ਧਿਰ ਨੂੰ ਕਿਹਾ ਗਿਆ ਹੈ ਕਿ ਨਾਗਾ ਧਿਰ ਨੂੰ ਆਪਣੇ ਹਥਿਆਰ ਛੱਡ ਦੇਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਅਤੇ ਐਨਐਸਸੀਐਨ (ਆਈ-ਐਮ) ਵਿਚਾਲੇ 2015 ਵਿੱਚ ਗੋਲੀਬੰਦੀ ਦਾ ਸਮਝੌਤਾ ਹੋਇਆ ਸੀ ਜਿਸ ਤੋਂ ਬਾਅਦ ਸਿਆਸੀ ਸਮਝੌਤੇ ਲਈ ਲਗਾਤਾਰ ਗੱਲਬਾਤ ਚੱਲ ਰਹੀ ਹੈ। ਗੌਰਤਲਬ ਹੈ ਕਿ ਐਨਐਸਸੀਐਨ (ਆਈ-ਐਮ) ਨੇ ਸਿਰਫ ਗੋਲੀਬੰਦੀ ਦਾ ਸਮਝੌਤਾ ਕੀਤਾ ਹੈ ਪਰ ਹਥਿਆਰ ਨਹੀਂ ਛੱਡੇ ਹਨ, ਜਿਸ ਸਕਦਾ ਉਹ ਭਾਰਤ ਸਰਕਾਰ ਨਾਲ ਗੱਲਬਾਤ ਵਿੱਚ ਆਪਣਾ ਦਬਾਅ ਕਾਇਮ ਰੱਖ ਰਹੇ ਹਨ।

ਭਾਰਤ ਸਰਕਾਰ ਹੁਣ ਨਾਗਾ ਧਿਰ ਨੂੰ ਕਹਿ ਰਹੀ ਹੈ ਕਿ ਇਕ ਵਾਰ ਉਹ ਭਾਰਤ ਸਰਕਾਰ ਨਾਲ ਸਮਝੌਤਾ ਕਰ ਲੈਣ ਉਸ ਤੋਂ ਬਾਅਦ ਲੋਕਤੰਤਰਿਕ ਤਰੀਕੇ ਨਾਲ ਨਾਗਾਲੈਂਡ ਦੇ ਝੰਡੇ ਅਤੇ ਵੱਖਰੇ ਸੰਵਿਧਾਨ ਬਾਰੇ ਹੱਲ ਕਰ ਲਿਆ ਜਾਵੇਗਾ।

ਪਰ ਇਹ ਬੈਠਕ ਬੇਸਿੱਟਾ ਰਹਿਣ ਮਗਰੋਂ ਹੁਣ ਅਗਲੇ ਹਫਤੇ ਇੱਕ ਹੋਰ ਬੈਠਕ ਹੋਣ ਦੀ ਸੰਭਾਵਨਾ ਹੈ ਜਿਸ ਵਿੱਚ ਦੋਵੇਂ ਧਿਰਾਂ ਕਿਸ ਫੈਂਸਲੇ 'ਤੇ ਪਹੁੰਚਦੀਆਂ ਹਨ ਇਸ ਨਾਲ ਭਾਰਤ ਦੀ ਸਿਆਸਤ 'ਤੇ ਵੱਡੇ ਪ੍ਰਭਾਵ ਪੈਣ ਦੀ ਉਮੀਦ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।