ਬਲਾਤਕਾਰ ਪੀੜ੍ਹਤ ਦਲਿਤ ਬੀਬੀਆਂ ਲਈ ਜੂਝਦੀਆਂ ਮੰਜੁਲਾ ਪ੍ਰਦੀਪ ਤੇ ਭਾਵਨਾ ਨਾਰਕਰ

ਬਲਾਤਕਾਰ ਪੀੜ੍ਹਤ ਦਲਿਤ ਬੀਬੀਆਂ ਲਈ ਜੂਝਦੀਆਂ ਮੰਜੁਲਾ ਪ੍ਰਦੀਪ ਤੇ ਭਾਵਨਾ ਨਾਰਕਰ

* ਉੱਚ ਜਾਤੀਆਂ  ਵੱਲੋਂ ਬਲਾਤਕਾਰ ਵਰਗਾ ਗੈ਼ਰ-ਮਨੁੱਖੀ ਕਾਰਾ ਦਲਿਤ ਭਾਈਚਾਰੇ ਨੂੰ ਸਜ਼ਾ ਦੇਣ  ਲਈ ਕੀਤਾ ਜਾਂਦਾ -ਭਾਵਨਾ 

28 ਸਾਲਾ ਦਲਿਤ ਬੀਬੀ ਕਾਰਕੁਨ ਭਾਵਨਾ ਨਾਰਕਰ ਪਿਛਲੇ ਕਈ ਸਾਲਾਂ ਤੋਂ ਦਲਿਤ ਔਰਤਾਂ ਦੇ ਅਧਿਕਾਰਾਂ ਲਈ ਲੜ੍ਹ ਰਹੀ ਹੈ।ਨਾਰਕਰ ਪੱਛਮੀ ਭਾਰਤੀ ਸੂਬੇ ਗੁਜਰਾਤ ਦੇ ਇੱਕ ਛੋਟੇ ਜਿਹੇ ਕਸਬੇ ਵਿਚ ਰਹਿੰਦੀ ਹੈ।ਇਸ ਇਲਾਕੇ ਵਿਚ ਗਰੀਬ ਦਲਿਤ ਔਰਤਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਮਿਲਦੇ ਹਨ।ਉਸ ਨੇ ਦੋ ਸਾਲ  ਪਹਿਲਾਂ ਆਪਣੀ ਉਸਤਾਦ) ਮੰਜੁਲਾ ਪ੍ਰਦੀਪ (52) ਦੀ ਅਗਵਾਈ ਵਿਚ ਬੀਬੀਆਂ ਦੀ ਰਾਸ਼ਟਰੀ ਕੌਂਸਲ ਦੀ ਸਥਾਪਨਾ ਕੀਤੀ ਹੈ।ਮੰਜੁਲਾ ਪ੍ਰਦੀਪ ਦਰਜਨਾਂ ਹੀ ਬਲਾਤਕਾਰ ਪੀੜਤਾਂ-ਖਾਸ ਕਰਕੇ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀਆਂ ਪੀੜਤਾਂ ਨੂੰ ਨਿਆਂ ਦਿਵਾਉਣ ਵਿਚ ਮਦਦ ਕਰਨ ਲਈ ਸਿਖਲਾਈ ਦੇ ਰਹੇ ਹਨ ਪ੍ਰਦੀਪ ਉਸ ਸਮੇਂ ਮਹਿਜ਼ ਚਾਰ ਸਾਲਾਂ ਦੀ ਸੀ, ਜਦੋਂ ਗੁਆਂਢ ਦੇ ਚਾਰ ਆਦਮੀਆਂ ਨੇ ਉਸ ਨਾਲ ਜਬਰ ਜਨਾਹ ਕੀਤਾ ਸੀ।ਉਹ ਦੱਸਦੀ ਹੈ, " ਉਸ ਜਿਨਸੀ ਸ਼ੋਸ਼ਣ ਨੇ ਮੈਨੂੰ ਬਦਲ ਕੇ ਰੱਖ ਦਿੱਤਾ, ਮੈਂ ਇੱਕ ਡਰੀ ਹੋਈ ਅਤੇ ਸ਼ਰਮੀਲੀ ਬੱਚੀ ਬਣ ਗਈ ਸੀ।ਉਸ ਦਾ ਕਹਿਣਾ ਹੈ  ਕਿ ਮੈਂ ਆਪਣੇ ਮਾਪਿਆਂ ਨੂੰ ਵੀ ਇਸ ਬਾਰੇ ਨਾ ਦੱਸ ਸਕੀ ਕਿਉਂਕਿ ਮੈਂ ਉਸ ਸਮੇਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰ ਰਹੀ ਸੀ।" 

ਉਸ ਦੇ ਪਿਤਾ ਨਾਖੁਸ਼ ਸਨ ਕਿਉਂਕਿ ਉਹ ਇੱਕ ਹੋਰ ਧੀ ਦੀ ਥਾਂ 'ਤੇ ਪੁੱਤਰ ਚਾਹੁੰਦੇ ਸਨ।ਉਨ੍ਹਾਂ ਨੇ ਦੱਸਿਆ, "ਉਹ ਮੇਰੀ ਮਾਂ ਨਾਲ ਹਮੇਸ਼ਾ ਹੀ ਮਾੜਾ ਵਤੀਰਾ ਕਰਦੇ ਸਨ। ਉਹ ਮੇਰਾ ਵੀ ਮਜ਼ਾਕ ਉਡਾਉਂਦੇ ਤੇ ਮੈਨੂੰ ਬਦਸੂਰਤ ਕਹਿੰਦੇ ਸਨ। ਉਸ ਦੇ ਪਿਤਾ, ਜੋ ਕਿ ਹੁਣ ਇਸ ਦੁਨੀਆਂ ਵਿਚ ਨਹੀਂ ਹਨ, ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਵਿਚ ਹੋਇਆ ਸੀ ਅਤੇ ਉਹ ਕੰਮ ਦੇ ਮਾਮਲੇ 'ਵਿਚ ਗੁਜਰਾਤ ਆ ਕੇ ਵਸ ਗਏ ਸਨ।ਇੱਥੇ ਆ ਕੇ ਉਨ੍ਹਾਂ ਨੇ ਆਪਣੇ ਦਲਿਤ ਹੋਣ ਦੀ ਗੱਲ ਛੁਪਾਈ ਸੀ। ਉਨ੍ਹਾਂ ਨੇ ਆਪਣੀ ਪਤਨੀ ਅਤੇ ਧੀ ਨੂੰ ਆਪਣਾ ਪਹਿਲਾ ਨਾਮ-ਪ੍ਰਦੀਪ ਆਪਣੇ ਆਖਰੀ ਨਾਮ ਜਾਂ ਗੋਤ ਵੱਜੋਂ ਅਪਣਾਉਣ ਲਈ ਕਿਹਾ।ਮੰਜੁਲ ਪ੍ਰਦੀਪ ਨੇ ਕਿਹਾ ਕਿ ਇੰਨ੍ਹਾਂ ਕੁਝ ਕਰਨ ਦੇ ਬਾਵਜੂਦ ਉਨ੍ਹਾਂ ਦੀ ਪਛਾਣ ਛੁਪੀ ਨਹੀਂ ਰਹੀ।

ਵਡੋਦਰਾ ਵਰਗੇ ਵੱਡੇ ਸ਼ਹਿਰ ਵਿਚ ਜਿੱਥੇ ਉਹ ਰਹਿੰਦੇ ਸਨ, ਉੱਥੇ ਵੀ ਉਨ੍ਹਾਂ ਨਾਲ ਕਈ ਢੰਗ ਨਾਲ ਵਿਤਕਰੇ ਹੁੰਦੇ ਹੀ ਰਹੇ।ਉਹ ਦੱਸਦੀ ਹੈ , "ਜਦੋਂ ਮੈਂ 9 ਸਾਲਾਂ ਦੀ ਸੀ, ਉਸ ਸਮੇਂ ਮੇਰੇ ਅਧਿਆਪਕ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਾਈ ਦੇ ਆਧਾਰ 'ਤੇ ਦਰਜਾਬੰਦੀ ਕਰਨ ਲਈ ਕਿਹਾ ਅਤੇ ਜਮਾਤ ਦੇ ਸਾਫ਼-ਸੁਥਰੇ ਬੱਚਿਆਂ ਵਿਚੋਂ ਇੱਕ ਹੋਣ ਦੇ ਬਾਵਜੂਦ, ਮੈਨੂੰ ਆਖਰੀ ਦਰਜੇ 'ਤੇ ਰੱਖਿਆ ਗਿਆ ਸੀ,ਕਿਉਂਕਿ ਦਲਿਤਾਂ ਨੂੰ ਹਮੇਸ਼ਾ ਹੀ ਅਸ਼ੁੱਧ ਅਤੇ ਗੰਦਾ ਸਮਝਿਆ ਜਾਂਦਾ ਹੈ। ਇਸ ਘਟਨਾ ਨੇ ਮੈਨੂੰ ਬਹੁਤ ਅਪਮਾਨਿਤ ਮਹਿਸੂਸ ਕਰਵਾਇਆ ਸੀ।ਸਕੂਲੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਪ੍ਰਦੀਪ ਨੇ ਸਮਾਜਿਕ ਕਾਰਜ ਅਤੇ ਕਾਨੂੰਨ ਦੀ ਡਿਗਰੀ ਹਾਸਲ ਕਰਨ ਦਾ ਫ਼ੈਸਲਾ ਲਿਆ।ਪੇਂਡੂ ਖੇਤਰਾਂ ਦੇ ਦੌਰਿਆਂ ਨੇ ਉਨ੍ਹਾਂ ਨੂੰ ਦਲਿਤਾਂ ਦੇ ਮੁੱਦੇ ਚੁੱਕਣ ਲਈ ਪ੍ਰੇਰਿਤ ਕੀਤਾ।1992 ਦੇ ਆਸ-ਪਾਸ, ਉਹ ਨਵਸਰਜਨ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਔਰਤ ਬਣੀ, ਜੋ ਕਿ ਇੱਕ ਦਲਿਤ ਅਧਿਕਾਰ ਸੰਗਠਨ ਹੈ।ਇਸ ਸੰਗਠਨ ਦੀ ਸਥਾਪਨਾ ਉਸ ਸਮੇਂ ਪੰਜ ਵਿਅਕਤੀਆਂ ਵੱਲੋਂ ਕੀਤੀ ਗਈ ਸੀ, ਜਦੋਂ ਉਨ੍ਹਾਂ ਦੇ ਇੱਕ ਸਾਥੀ ਨੂੰ ਉੱਚ ਜਾਤੀ ਦੇ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।ਪ੍ਰਦੀਪ ਨੇ ਕਿਹਾ, "ਦਲਿਤ ਸਮਾਜ ਦੀਆਂ  ਆਗੂ ਬੀਬੀਆਂ ਨੂੰ ਪ੍ਰੇਰਿਤ ਕਰਨਾ ਅਤੇ ਅੱਗੇ ਲਿਆਉਣਾ ਇੱਕ ਲੰਮੇ ਸਮੇਂ ਦਾ ਸੁਪਨਾ ਸੀ।ਜਦੋਂ ਮੈਂ ਕੋਵਿਡ ਮਹਾਮਾਰੀ ਦੌਰਾਨ ਜਿਨਸੀ ਹਿੰਸਾ ਦੇ ਮਾਮਲਿਆਂ ਦਾ ਦਸਤਾਵੇਜ਼ੀਕਰਨ ਕਰ ਰਹੀ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਹੁਣ ਉਚਿਤ ਸਮਾਂ ਹੈ ਕਿ ਇੱਕ ਸੰਗਠਨ ਨੂੰ ਹੋਂਦ ਵਿਚ ਲਿਆਂਦਾ ਜਾਵੇ, ਜੋ ਕਿ  ਆਗੂ ਬੀਬੀਆਂ ਨੂੰ ਸੰਗਠਿਤ ਕਰੇ ਅਤੇ ਔਰਤਾਂ ਨੂੰ ਸਨਮਾਨ ਅਤੇ ਮਾਣ ਨਾਲ ਰਹਿਣ, ਜਿਉਣ ਵਿਚ ਮਦਦ ਕਰੇ।"

ਭਾਵਨਾ ਨਾਰਕਰ ਦਾ ਕਹਿਣਾ ਹੈ ਕਿ ਦਲਿਤ, ਜਿੰਨ੍ਹਾਂ ਨੂੰ ਪਹਿਲੇ ਜ਼ਮਾਨੇ ਵਿਚ ਅਛੂਤ ਵੀ ਕਿਹਾ ਜਾਂਦਾ ਸੀ, ਵਿਤਕਰਾ ਭਰਪੂਰ ਹਿੰਦੂ ਜਾਤੀ ਪ੍ਰਣਾਲੀ ਦੇ ਸਭ ਤੋਂ ਹੇਠਲੇ ਪੱਧਰ ਵਿਚ ਆਉਂਦੇ ਹਨ।ਉਨ੍ਹਾਂ ਨੂੰ ਪ੍ਰਣਾਲੀਗਤ ਅਤੇ ਵਿਆਪਕ ਪੱਖਪਾਤ ਦਾ ਸਾਹਮਣਾ ਲਗਾਤਾਰ ਕਰਨਾ ਪੈ ਰਿਹਾ ਹੈ।ਦਲਿਤ ਬੀਬੀਆਂ, ਜੋ ਕਿ ਭਾਰਤ ਦੀਆਂ ਔਰਤਾਂ ਦੇ ਲਗਭਗ 16% ਹਿੱਸੇ ਦੀ ਅਗਵਾਈ ਕਰਦੀਆਂ ਹਨ, ਨੂੰ ਜਿਨਸੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।ਭਾਵਨਾ ਨਾਰਕਰ ਦਾ ਕਹਿਣਾ ਹੈ ਕਿ ਉੱਚ ਜਾਤੀ ਸਮੂਹਾਂ ਵੱਲੋਂ ਜਬਰ ਜਨਾਹ ਵਰਗਾ ਗੈ਼ਰ-ਮਨੁੱਖੀ ਕਾਰਾ ਦਲਿਤ ਭਾਈਚਾਰੇ ਨੂੰ ਸਜ਼ਾ ਦੇਣ ਜਾਂ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਲਈ ਕੀਤਾ ਜਾਂਦਾ ਹੈ।

ਨਾਰਕਰ ਦਾ ਕਹਿਣਾ ਹੈ, "ਔਰਤਾਂ ਉਸ ਸਮੇਂ ਪ੍ਰੇਸ਼ਾਨ ਹੁੰਦੀਆਂ ਹਨ ਜਦੋਂ ਉਨ੍ਹਾਂ ਨਾਲ ਇੱਕ ਪਾਸੇ ਜਿਨਸੀ ਹਿੰਸਾ ਹੁੰਦੀ ਹੈ ਅਤੇ ਦੂਜੇ ਪਾਸੇ ਜਦੋਂ ਉਹ ਨਿਆਂ ਦੀ ਮੰਗ ਕਰਦੀਆਂ ਹਨ ਤਾਂ ਪਰਿਵਾਰਾਂ ਅਤੇ ਸਮਾਜ ਵਿਚ ਆਪਣੇ ਹੱਕਾਂ ਅਤੇ ਆਪਣੇ ਨਾਲ ਹੋਏ ਜ਼ੁਲਮਾਂ ਖਿਲਾਫ਼ ਆਵਾਜ਼ ਚੁੱਕਣੀ ਵੀ ਮੁਸ਼ਕਲ ਹੁੰਦੀ ਹੈ।ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਨੂੰ ਆਪਣੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਬਾਰੇ ਜਾਣਕਾਰੀ ਹੀ ਨਹੀਂ ਹੈ।"

ਉਸਨੇ ਕਿਹਾ ਕਿ ਪੂਰੀ ਅਪਰਾਧਿਕ ਨਿਆਂ ਪ੍ਰਣਾਲੀ ਦਲਿਤ ਔਰਤਾਂ ਪ੍ਰਤੀ ਪੱਖਪਾਤੀ ਹੈ। ਅਦਾਲਤਾਂ ਵਿਚ ਪੀੜਤਾਂ ਨੂੰ ਸ਼ਰਮਿੰਦਾ ਕਰਨ ਵਾਲੇ ਸਵਾਲ ਕੀਤੇ ਜਾਂਦੇ ਹਨ।ਜਿਵੇਂ ਕਿ 'ਉੱਚ ਜਾਤੀ ਦੇ ਮਰਦ ਨੇ ਉਸ ਨਾਲ ਬਲਾਤਕਾਰ ਕਿਉਂ ਕਰਨਗੇ? ਉਹ ਇੱਕ ਅਛੂਤ ਹੈ। ਜ਼ਰੂਰ ਉਸ ਨੇ ਹੀ ਆਪਣੇ ਨਾਲ ਜਿਨਸੀ ਸੰਪਰਕ ਬਣਾਉਣ ਲਈ ਉਨ੍ਹਾਂ ਨੂੰ ਸੱਦਾ ਦਿੱਤਾ ਹੋਵੇਗਾ।"

ਹੁਣ ਪ੍ਰਣਾਲੀ ਨੂੰ ਨੈਵੀਗੇਟ ਕਰਨ ਅਤੇ ਅਪਰਾਧੀਆਂ ਦੀਆਂ ਧਮਕੀਆਂ ਅਤੇ ਪ੍ਰਤੀਕਰਮਾਂ ਨਾਲ ਨਜਿੱਠਣ ਦੀ ਸਮਰੱਥਾ ਨਾਲ ਲੈਸ ਹੋਣ ਕਰਕੇ ਨਾਰਕਰ ਆਪਣੇ ਆਪ ਨੂੰ ਸ਼ਕਤੀਸ਼ਾਲੀ ਮਹਿਸੂਸ ਕਰਦੀ ਹੈ। ਉਹ ਜਦੋਂ ਕਿਤੇ ਵੀ ਉਹ ਖੇਤਰ ਵਿਚ ਬਲਾਤਕਾਰ ਦੇ ਮਾਮਲਿਆਂ ਬਾਰੇ ਸੁਣਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪੀੜਤ ਤੱਕ ਪਹੁੰਚਦੀ ਹੈ।

ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ 2014 ਤੋਂ 2021 ਦੇ ਅਰਸੇ ਦਰਮਿਆਨ ਦਲਿਤ ਔਰਤਾਂ ਨਾਲ ਹੋਈ ਜਬਰਜਨਾਹ ਦੇ ਮਾਮਲਿਆਂ ਵਿਚ 50% ਵਾਧਾ ਹੋਇਆ ਹੈ।ਪਰ ਅਧਿਐਨ ਦਰਸਾਉਂਦੇ ਹਨ ਕਿ ਦਲਿਤ ਔਰਤਾਂ ਨਾਲ ਬਲਾਤਕਾਰ ਦੇ ਬਹੁਤੇ ਮਾਮਲੇ ਸਾਹਮਣੇ ਹੀ ਨਹੀਂ ਆਉਂਦੇ ਜਾਂ ਆਉਣ ਨਹੀਂ ਦਿੱਤੇ ਜਾਂਦੇ ਹਨ।ਪਰਿਵਾਰ ਵੱਲੋਂ ਸਹਿਯੋਗ ਦੀ ਘਾਟ ਅਤੇ ਉੱਚ ਜਾਤੀ ਦੇ ਮਰਦਾਂ ਖਿਲਾਫ ਸ਼ਿਕਾਇਤਾਂ ਦਰਜ ਕਰਨ ਵਿਚ ਪੁਲਿਸ ਦੀ ਝਿਜਕ ਆਮ ਰੁਕਾਵਟਾਂ ਹਨ।ਪੁਲਿਸ ਦਾ ਵਿਹਾਰ ਪੀੜਤ ਦਲਿਤ ਔਰਤਾਂ ਪ੍ਰਤੀ ਕੁਰਖਤ ਹੁੰਦਾ ਹੈ।ਇਸ  ਲਈ ਮੰਜੁਲਾ ਪ੍ਰਦੀਪ ਤੇ ਭਾਵਨਾ ਨਾਰਕਰ ਆਪਣੀ ਸਿਖਲਾਈ ਵਿਚ  ਪੀੜਤ ਬੀਬੀ ਦੇ ਮਨੋਬਲ ਨੂੰ ਵਧਾਉਣ ਅਤੇ ਇੱਕ ਵਿਸਤ੍ਰਿਤ ਪੁਲਿਸ ਸ਼ਿਕਾਇਤ ਦੀ ਲੋੜ ਨੂੰ ਸਮਝਣ 'ਵਿਚ ਉਸ ਦੀ ਮਦਦ ਕਰਨ 'ਤੇ ਜ਼ੋਰ ਦਿੰਦੀ ਹੈ।