ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਭਾਰਤ ਵਿਚ ਬੰਦ ਕੀਤਾ

ਲੱਖਾ ਸਿਧਾਣਾ ਦਾ ਫੇਸਬੁੱਕ ਪੇਜ ਭਾਰਤ ਵਿਚ ਬੰਦ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੱਖਾ ਸਿਧਾਣਾ ਦੇ ਫੇਸਬੁੱਕ ਪੇਜ ਨੂੰ ਫੇਸਬੁੱਕ ਨੇ ਹਟਾ ਦਿੱਤਾ ਹੈ। ਲੱਖਾ ਸਿਧਾਣਾ ਦੇ ਫੇਸਬੁੱਕ ਪੇਜ 'ਤੇ ਸਿਰਫ ਭਾਰਤ ਵਿਚ ਪਾਬੰਦੀ ਲਾਈ ਗਈ ਹੈ। ਲੱਖਾ ਸਿਧਾਣਾ ਨਾਲ ਫੇਸਬੁੱਕ 'ਤੇ 3 ਲੱਖ ਤੋਂ ਵੱਧ ਲੋਕ ਜੁੜੇ ਹੋਏ ਸਨ। 

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਸੋਸ਼ਲ ਮੀਡੀਆ 'ਤੇ ਗੱਲ ਰੱਖਣ ਦੀ ਅਜ਼ਾਦੀ ਨੂੰ ਲਗਾਤਾਰ ਖਤਮ ਕਰ ਰਹੀ ਹੈ ਅਤੇ ਪਿਛਲੇ ਦਿਨੀਂ ਇਸ ਸਬੰਧੀ ਨਵੇਂ ਨਿਯਮ ਵੀ ਲਿਆਂਦੇ ਗਏ ਸਨ। 

ਲੱਖਾ ਸਿਧਾਣਾ ਖਿਲਾਫ 26 ਜਨਵਰੀ ਨੂੰ ਕਿਸਾਨ ਸੰਘਰਸ਼ ਦੌਰਾਨ ਲਾਲ ਕਿਲ੍ਹੇ 'ਤੇ ਹੋਈਆਂ ਘਟਨਾਵਾਂ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਲੱਖੇ ਸਿਧਾਣੇ ਨੂੰ ਗ੍ਰਿਫਤਾਰ ਕਰਨ ਲਈ ਫਿਰ ਰਹੀ ਦਿੱਲੀ ਪੁਲਸ ਨੇ ਲੱਖੇ ਦੇ ਸਿਰ 'ਤੇ 1 ਲੱਖ ਦਾ ਇਨਾਮ ਵੀ ਰੱਖਿਆ ਹੋਇਆ ਹੈ। ਲੱਖਾ ਪਿਛਲੇ ਦਿਨੀਂ ਮਹਿਰਾਜ ਵਿਚ ਹੋਏ ਨੌਜਵਾਨਾਂ ਦੇ ਵੱਡੇ ਇਕੱਠ 'ਚ ਸ਼ਾਮਲ ਹੋਇਆ ਸੀ। ਲੱਖੇ ਨੇ ਆਪਣੇ ਫੇਸਬੁੱਕ ਪੇਜ ਰਾਹੀਂ ਲੋਕਾਂ ਨੂੰ ਇਸ ਇਕੱਠ ਵਿਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਸੀ।

ਭਾਰਤ ਸਰਕਾਰ ਵੱਲੋਂ ਬੋਲਣ ਦੀ ਅਜ਼ਾਦੀ 'ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਉੱਚ ਕਮਿਸ਼ਨਰ ਨੇ ਵੀ ਫਿਕਰਮੰਦੀ ਪ੍ਰਗਟ ਕੀਤੀ ਹੈ ਅਤੇ ਭਾਰਤ ਦੀ ਨਿੰਦਾ ਕੀਤੀ ਹੈ।