ਪੂਰਬੀ -ਪੱਛਮੀ ਪੰਜਾਬਾਂ ਦੀ ਸਾਂਝ ਤੇ ਆਸ ਦਾ ਮੱਸਲਾ

ਪੂਰਬੀ -ਪੱਛਮੀ ਪੰਜਾਬਾਂ ਦੀ ਸਾਂਝ ਤੇ ਆਸ ਦਾ ਮੱਸਲਾ

ਭਾਰਤੀ ਅਤੇ ਪਾਕਿਸਤਾਨੀ ਲੋਕਾਂ ਦੀ ਸੋਚ ਵਿਚ ਬੁਨਿਆਦੀ ਫ਼ਰਕ ਇਹ ਹੈ ਕਿ ਭਾਰਤ ਦੇ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦਾ ਦੇਸ਼ ਅੰਗਰੇਜ਼ਾਂ ਦੀ ਚਾਲਬਾਜ਼ੀ ਕਾਰਨ ਵੰਡਿਆ ਗਿਆ ਸੀ ਅਤੇ ਇਥੋਂ ਦੇ ਹਿੰਦੂਆਂ-ਸਿੱਖਾਂ-ਮੁਸਲਮਾਨਾਂ ਨੂੰ ਧੱਕੇਜ਼ੋਰੀ ਉਨ੍ਹਾਂ ਦੇ ਘਰਾਂ ਵਿਚੋਂ ਉਜਾੜ ਦਿੱਤਾ ਗਿਆ ਸੀ।

ਉਹ ਇਸ ਵੰਡ ਨੂੰ ਗ਼ੈਰ-ਕੁਦਰਤੀ ਸਮਝਦੇ ਹਨ ਅਤੇ ਆਸ ਕਰਦੇ ਹਨ ਕਿ ਕਦੀ ਨਾ ਕਦੀ ਸਵੇਰ ਦਾ ਭੁੱਲਿਆ ਸ਼ਾਮੀਂ ਘਰ ਮੁੜ ਆਵੇਗਾ ਅਤੇ ਦੁਨੀਆ ਦੇ ਨਕਸ਼ੇ 'ਤੇ ਭਾਰਤ ਮੁੜ ਉਸੇ ਸ਼ੇਰ ਵਾਂਗ ਵਿਖਾਈ ਦੇਣ ਲੱਗੇਗਾ ਜਿਹਾ ਉਹ ਵੰਡ ਤੋਂ ਪਹਿਲਾਂ ਵਿਖਾਈ ਦਿੰਦਾ ਸੀ, ਜਦੋਂ ਕਿ ਪਾਕਿਸਤਾਨ ਦੇ ਲੋਕ ਸਮਝਦੇ ਹਨ ਕਿ ਵੰਡ ਉਨ੍ਹਾਂ ਦੇ ਲੰਮੇ ਸੰਘਰਸ਼ ਦਾ ਸਿੱਟਾ ਸੀ ਅਤੇ ਪਾਕਿਸਤਾਨ ਉਨ੍ਹਾਂ ਕੁਰਾਨ ਦੀ ਛਾਂ ਹੇਠ ਨਿਜ਼ਾਮੇ-ਮੁਸਤਫ਼ਾ ਦੇ ਨਿਯਮਾਂ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰਾਪਤ ਕੀਤਾ ਸੀ। ਆਪੋ-ਆਪਣੀ ਅਜਿਹੀ ਸੋਚ ਕਾਰਨ ਹੀ ਭਾਰਤ ਦੇ ਲੋਕ ਪਾਕਿਸਤਾਨ ਨੂੰ ਰੁੱਸਿਆ ਹੋਇਆ ਛੋਟਾ ਭਰਾ ਸਮਝਦੇ ਹਨ ਅਤੇ ਪਾਕਿਸਤਾਨ ਦੇ ਲੋਕ ਭਾਰਤ ਨੂੰ ਆਪਣਾ ਦੁਸ਼ਮਣ ਸਮਝਦੇ ਹਨ।

ਪਰ ਇਹ ਸੋਚ ਸਿਆਸੀ ਸੋਚ ਹੈ। ਆਮ ਆਦਮੀ ਸਿਆਸੀ ਤੌਰ 'ਤੇ ਜਾਗ੍ਰਿਤ ਹੋ ਸਕਦਾ ਹੈ ਪਰ ਉਸ ਦਾ ਸਿਆਸੀ ਆਦਮੀ ਹੋਣਾ ਜ਼ਰੂਰੀ ਨਹੀਂ ਹੈ। ਪਾਕਿਸਤਾਨ ਦੇ ਲੋਕ ਜਦੋਂ ਵੀ ਇਸ ਸੋਚ ਦੇ ਜੱਫੇ ਵਿਚੋਂ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਭਾਰਤ ਵਿਚ ਬੇਵਸ ਹੋ ਕੇ ਛੱਡੇ ਆਪਣੀ ਜੱਦੀ-ਪੁਸ਼ਤੀ ਘਰਾਂ ਦੀ ਯਾਦ ਆਉਂਦੀ ਹੈ ਅਤੇ ਉਹ ਇਕ ਵਾਰੀ ਫਿਰ ਆਪਣੇ ਜੱਦੀ ਘਰਾਂ ਅਤੇ ਪਿੰਡਾਂ-ਸ਼ਹਿਰਾਂ ਨੂੰ ਵੇਖਣਾ ਲੋਚਣ ਲਗਦੇ ਹਨ। ਪਾਕਿਸਤਾਨ ਦੀ 75 ਸਾਲਾ ਕੌਮ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਦੀਆਂ ਜੜ੍ਹਾਂ ਕਿਧਰੇ ਹੋਰ ਥਾਂ ਪਈਆਂ ਹਨ ਅਤੇ ਉਹ ਆਪਣੀਆਂ ਜੜ੍ਹਾਂ ਨਾਲੋਂ ਟੁੱਟੇ ਹੋਏ ਹਨ। ਆਪਣੀਆਂ ਜੜ੍ਹਾਂ ਦੇ ਉਦਰੇਵੇਂ ਵਿਚ ਬਹੁਤਿਆਂ ਨੇ ਪਾਕਿਸਤਾਨ ਬਣਨ ਮਗਰੋਂ ਆਪਣੇ ਨਾਂਅ ਨਾਲ ਆਪਣੇ ਉਹ ਜਾਤ-ਗੋਤ ਲਿਖਣੇ ਸ਼ੁਰੂ ਕਰ ਦਿੱਤੇ ਹਨ, ਜਿਹੜੇ ਉਨ੍ਹਾਂ ਦੇ ਪੁਰਖਿਆਂ ਦੇ ਇਸਲਾਮ ਕਬੂਲ ਕਰਨ ਤੋਂ ਪਹਿਲਾਂ ਹੁੰਦੇ ਸਨ। ਰੀਤੀ-ਰਿਵਾਜ਼ ਤਾਂ ਨਿਜ਼ਾਮੇ-ਮੁਸਤਫ਼ਾ ਦੇ ਬਾਵਜੂਦ ਨਹੀਂ ਬਦਲੇ ਜਾ ਸਕੇ ਸਨ, ਕਿਉਂਕਿ ਇਨਸਾਨ ਆਪਣਾ ਧਰਮ ਤਾਂ ਬਦਲ ਸਕਦਾ ਹੈ ਪਰ ਆਪਣਾ ਸੁਭਾਅ ਬਦਲਣਾ ਉਸ ਦੇ ਲਈ ਸੌਖਾ ਨਹੀਂ ਹੁੰਦਾ।

ਪੱਛਮੀ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਡਾ, ਸਭ ਤੋਂ ਮਹੱਤਵਪੂਰਨ ਸੂਬਾ ਹੈ। ਪੰਜਾਬ ਦੇ ਲੋਕ ਬੁਨਿਆਦੀ ਤੌਰ 'ਤੇ ਮਿਹਨਤੀ, ਸਿਰੜੀ ਅਤੇ ਖੁਲ੍ਹਦਿਲੇ ਹੁੰਦੇ ਹਨ। ਪਾਕਿਸਤਾਨ ਵਿਚ ਸਥਾਨਕ ਸੱਤਾ ਦੀ ਲੜਾਈ ਵਿਚ ਵੀ ਪੰਜਾਬ ਨੇ ਹਮੇਸ਼ਾ ਮੋਹਰੀ ਰਹਿਣ ਦਾ ਯਤਨ ਕੀਤਾ ਹੈ ਅਤੇ ਆਮ ਤੌਰ 'ਤੇ ਇਹੋ ਸੂਬਾ ਦੇਸ਼ ਦੀ ਵਾਗਡੋਰ ਸੰਭਾਲਣ ਵਿਚ ਕਾਮਯਾਬ ਹੋਇਆ ਹੈ। ਪੰਜਾਬ ਭਾਵੇਂ ਪਾਕਿਸਤਾਨ ਵਾਲਾ ਹੋਵੇ, ਭਾਵੇਂ ਹਿੰਦੁਸਤਾਨ ਵਾਲਾ, ਇਥੋਂ ਦੇ ਵਸਨੀਕਾਂ ਦੀ ਮਾਤ ਭਾਸ਼ਾ, ਪੰਜਾਬੀ ਹੈ। ਜਦੋਂ ਤੱਕ ਪਾਕਿਸਤਾਨ ਦੇ ਪੰਜਾਬੀ ਕਿਸੇ ਹੋਰ ਭਾਸ਼ਾ ਨੂੰ ਆਪਣੀ ਬੋਲਚਾਲ ਦੀ ਭਾਸ਼ਾ ਨਹੀਂ ਬਣਾਉਂਦੇ ਉਦੋਂ ਤੱਕ ਇਹ ਆਸ ਬਣੀ ਰਹੇਗੀ ਕਿ ਦੋਵਾਂ ਪੰਜਾਬਾਂ ਵਿਚਕਾਰਲਾ ਮਾਂ ਦੇ ਦੁੱਧ ਦਾ ਰਿਸ਼ਤਾ ਬਣਿਆ ਰਹੇਗਾ।

ਪੰਜਾਬੀ ਬੋਲਦੇ ਲੋਕ, ਭਾਰਤੀ ਹੋਣ ਜਾਂ ਪਾਕਿਸਤਾਨੀ, ਸੂਫ਼ੀਆਂ ਦੇ ਕਲਾਮ ਅਤੇ ਪੰਜਾਬੀ ਕਿੱਸਾ ਕਾਵਿ ਨੂੰ ਇਕੋ ਜਿੰਨਾ ਪਿਆਰ ਕਰਦੇ ਹਨ। ਬਾਬਾ ਫ਼ਰੀਦ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸੁਲਤਾਨ ਬਾਹੂ, ਅਲੀ ਹੈਦਰ, ਹਾਸ਼ਿਮ ਸ਼ਾਹ, ਗੁਲਾਮ ਫ਼ਰੀਦ ਜਿਹੇ ਸੂਫ਼ੀ ਕਵੀਆਂ ਦਾ ਕਲਾਮ ਦੋਵਾਂ ਪੰਜਾਬਾਂ ਦਾ ਸਾਂਝਾ ਵਿਰਸਾ ਹੈ, ਜਿਸ 'ਤੇ ਦੋਵੇਂ ਇਕੋ ਜਿਹਾ ਮਾਣ ਕਰਦੇ ਹਨ। ਪੰਜਾਬੀ ਕਵੀਆਂ ਦੁਆਰਾ ਰਚੇ ਗਏ ਕਿੱਸੇ ਸੱਸੀ-ਪੁਨੂੰ, ਹੀਰ-ਰਾਂਝਾ, ਸੋਹਣੀ-ਮਹੀਂਵਾਲ, ਪੂਰਨ ਭਗਤ ਅੱਜ ਵੀ ਲੋਕਪ੍ਰਿਯਾ ਹਨ ਅਤੇ ਦੋਵੇਂ ਪੰਜਾਬਾਂ ਵਿਚ ਲਹਿਕ-ਲਹਿਕ ਕੇ ਗਾਏ ਜਾਂਦੇ ਹਨ।

ਭਾਸ਼ਾ ਦਾ ਨਿਰਮਾਣ ਭਾਵੇਂ ਮੁਢਲੇ ਤੌਰ 'ਤੇ ਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾ ਲਈ ਹੁੰਦਾ ਹੈ ਪਰ ਸਮੇਂ ਦੇ ਨਾਲ-ਨਾਲ ਹਰ ਭਾਸ਼ਾ ਦੀ ਆਪਣੀ ਇਕ ਸੱਭਿਅਤਾ ਨਿਰਮਿਤ ਹੋ ਜਾਂਦੀ ਹੈ। ਪੰਜਾਬੀ ਭਾਸ਼ੀਆਂ ਨੇ ਜਿਹੜੀ ਸੱਭਿਅਤਾ ਵੰਡ ਤੋਂ ਸਦੀਆਂ ਪਹਿਲਾਂ ਬਣਾਈ ਸੀ, ਉਹ ਵੰਡ ਦੇ ਸਮੇਂ ਤੱਕ ਏਨੀ ਨਰੋਈ ਹੋ ਗਈ ਸੀ ਕਿ ਉਸ ਨੂੰ ਆਪਣੀ ਪਛਾਣ ਲਈ ਕਿਸੇ ਬਗਾਨੇ ਮੋਢੇ ਦੀ ਲੋੜ ਨਹੀਂ ਸੀ। ਬਾਰਡਰ ਦੇ ਇਸ ਪਾਰ ਜਾਂ ਉਸ ਪਾਰ ਕਿਸੇ ਪੰਜਾਬੀ ਲਈ ਇਸ ਸੱਭਿਅਤਾ ਨਾਲੋਂ ਰਿਸ਼ਤਾ ਤੋੜਨਾ ਸੰਭਵ ਨਹੀਂ ਸੀ।

ਇਸੇ ਸੱਭਿਅਤਾ ਨੇ ਭਾਰਤੀ ਪੰਜਾਬ ਵਿਚ ਇਹ ਰੂਪ ਧਾਰਨ ਕਰ ਲਿਆ ਹੈ ਕਿ ਇਥੋਂ ਦੇ ਹਿੰਦੂਆਂ-ਸਿੱਖਾਂ ਨੇ ਜਿਥੇ ਕਿਧਰੇ ਵੀ ਪੱਕੀ ਕਬਰ ਵੇਖੀ, ਉਸ ਉਤੇ ਹਰੀ ਚਾਦਰ ਚੜ੍ਹਾ ਕੇ ਦੀਵਾ ਬਾਲਣਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਰੇਡੀਓ ਅਤੇ ਟੈਲੀਵਿਜ਼ਨ 'ਤੇ ਨਸ਼ਰ ਹੋਣ ਵਾਲੇ ਪ੍ਰੋਗਰਾਮ ਓਧਰ ਨਾਲੋਂ ਇਧਰ ਵੱਧ ਸੁਣੇ-ਵੇਖੇ ਜਾਣ ਲੱਗੇ। ਇਧਰਲੇ ਪੰਜਾਬ ਦੀਆਂ ਲਗਭਗ ਸਾਰੀਆਂ ਯੂਨੀਵਰਸਿਟੀਆਂ ਵਿਚ ਪਾਕਿਸਤਾਨੀ ਪੰਜਾਬੀ ਸਾਹਿਤ ਪੜ੍ਹਾਇਆ ਜਾ ਰਿਹਾ ਹੈ। ਪੰਜਾਬ ਦੇ ਪ੍ਰਕਾਸ਼ਕ ਪਾਕਿਸਤਾਨੀ ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਛਾਪ ਰਹੇ ਹਨ, ਉਧਰਲੇ ਲੇਖਕਾਂ ਨੂੰ ਪੁਰਸਕਾਰ-ਸਨਮਾਨ ਦਿੱਤੇ ਜਾ ਰਿਹੇ ਹਨ। ਉਧਰਲੇ ਪੰਜਾਬ ਵਿਚ ਵੀ ਇਧਰਲੇ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਛਾਪੀਆਂ-ਪੜ੍ਹੀਆਂ ਜਾ ਰਹੀਆਂ ਹਨ।

ਇਹ ਸੱਚ ਹੈ ਕਿ ਪਾਕਿਸਤਾਨੀ ਮੀਡੀਆ ਦਹਾਕਿਆਂ ਤੋਂ ਭਾਰਤ ਵਿਰੁੱਧ ਜ਼ਹਿਰ ਉਗਲ ਰਿਹਾ ਹੈ ਪਰ ਕੀ ਪਾਕਿਸਤਾਨ ਦਾ ਆਮ ਪੰਜਾਬੀ ਇਧਰੋਂ ਗਏ ਕਿਸੇ ਪੰਜਾਬੀ ਨੂੰ ਰੱਜ ਕੇ ਪਿਆਰ ਦੇਣੋਂ ਖੁੰਝਿਆ ਹੈ? ਅਜਿਹਾ ਵਰਤਾਰਾ ਕਦੀ ਸਮਾਪਤ ਵੀ ਨਹੀਂ ਹੋਣਾ, ਕਿਉਂਕਿ ਦੋਵੇਂ ਪੰਜਾਬਾਂ ਦੇ ਲੋਕੀਂ ਇਕੋ ਦਾਦੇ ਦੇ ਪੋਤਰੇ ਹਨ, ਉਨ੍ਹਾਂ ਦਾ ਖ਼ੂਨ ਸਾਂਝਾ ਹੈ, ਉਨ੍ਹਾਂ ਦੀ ਜ਼ਬਾਨ ਇਕ ਹੈ, ਉਨ੍ਹਾਂ ਦੀ ਵਿਰਾਸਤ ਇਕ ਹੈ। ਇਧਰ ਦੇ ਪੰਜਾਬੀ ਕਿਵੇਂ ਆਪਣਾ ਜ਼ਹਿਨੀ ਅਤੇ ਜਜ਼ਬਾਤੀ ਰਿਸ਼ਤਾ ਤੋੜ ਲੈਣਗੇ, ਕਾਦਿਰ ਯਾਰ, ਮੁਹੰਮਦ ਬਖ਼ਸ਼ ਜਾਂ ਗੁਲਾਮ ਜੀਲਾਨੀ ਨੂੰ ਕਿਵੇਂ ਨਤਮਸਤਕ ਹੋਣਾ ਛੱਡ ਦੇਣਗੇ? ਨਨਕਾਣਾ ਸਾਹਿਬ, ਕਟਾਸ ਰਾਜ ਜਾਂ ਦਾਤਾ ਗੰਜ ਬਖ਼ਸ਼ ਤੋਂ ਕਿਵੇਂ ਪਾਸਾ ਵੱਟ ਲੈਣਗੇ ਅਤੇ ਉਧਰ ਦੇ ਪੰਜਾਬੀ ਕਿਵੇਂ ਮੂੰਹ ਮੋੜ ਲੈਣਗੇ, ਮੁਜਦਿਦ ਅਲਿਫ਼ ਸਾਨੀ, ਇਮਾਮ ਨਾਸਿਰ ਜਾਂ ਸੈਯਦ ਲੁਧਿਆਣਵੀ ਤੋਂ?

ਜੇਕਰ ਕੁਦਰਤ ਦੇ ਵਿਧਾਨ ਵਿਚ ਦਰਜ ਹੈ ਕਿ ਨਫ਼ਰਤ ਦੀ ਇਸ ਕੰਧ ਨੇ ਕਿਸੇ ਦਿਨ ਢਹਿ ਢੇਰੀ ਹੋਣਾ ਹੈ, ਧਰਤੀ 'ਤੇ ਵਾਹੀਆਂ ਗ਼ੈਰ-ਕੁਦਰਤੀ ਲਕੀਰਾਂ ਨੇ ਕਿਸੇ ਦਿਨ ਮਿਟਣਾ ਹੈ, ਵਿਦੇਸ਼ੀ ਤਾਕਤਾਂ ਦੀ ਗੁਲਾਮੀ ਕਰ ਰਹੀਆਂ ਦੋਵੇਂ ਕੌਮਾਂ ਨੇ ਆਪੋ-ਆਪਣੀ ਹਊਮੈ ਤੋਂ ਮੁਕਤ ਹੋ ਕੇ ਅਵਾਮ ਦੀ ਭਲਾਈ ਬਾਰੇ ਸੋਚਣਾ ਹੈ ਤਾਂ ਇਕ ਦਿਨ ਇਹ ਦੋਵੇਂ ਕੌਮਾਂ ਆਪਣੀ ਇਤਿਹਾਸਕ ਭੁੱਲ ਸੁਧਾਰਨ ਬਾਰੇ ਜ਼ਰੂਰ ਸੋਚਣਗੀਆਂ। ਜਦੋਂ ਤੱਕ ਅਜਿਹਾ ਨਹੀਂ ਵਾਪਰਦਾ ਦੋਵਾਂ ਪੰਜਾਬਾਂ ਦੇ ਪੰਜਾਬੀ ਆਸ ਦਾ ਮਜ਼ਬੂਤ ਰੱਸਾ ਫੜੀ ਰੱਖਣਗੇ।

 

ਡਾਕਟਰ ਨਰੇਸ਼