ਤਰਨਤਾਰਨ ਵਿਖੇ 32 ਕੌਮਾਂਤਰੀ ਸਮੱਗਲਰਾਂ ਦੇ ਘਰਾਂ ’ਚ ਛਾਪੇ, ਰਿਕਾਰਡ ਕੀਤੇ ਜ਼ਬਤ

ਤਰਨਤਾਰਨ ਵਿਖੇ 32  ਕੌਮਾਂਤਰੀ ਸਮੱਗਲਰਾਂ ਦੇ ਘਰਾਂ ’ਚ ਛਾਪੇ, ਰਿਕਾਰਡ ਕੀਤੇ ਜ਼ਬਤ

ਤਰਨਤਾਰਨ ਵਿਚ ਲਗਾਤਾਰ ਦੂਜੇ ਦਿਨ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਜਾਰੀ ਰੱਖੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤਰਤਾਰਨ : ਪੁਲਿਸ ਨੇ ਤਰਨਤਾਰਨ ਵਿਚ ਲਗਾਤਾਰ ਦੂਜੇ ਦਿਨ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਜਾਰੀ ਰੱਖੀ। ਪਾਕਿਸਤਾਨ ਵਿਚ ਬੈਠੇ ਸਮੱਗਲਰਾਂ ਨਾਲ ਰਾਬਤਾ ਰੱਖਣ ਵਾਲੇ 32 ਕੌਮਾਂਤਰੀ ਸਮੱਗਲਰਾਂ ਦੇ ਘਰਾਂ ਵਿਚ ਐਤਵਾਰ ਨੂੰ ਛਾਪਾ ਮਾਰ ਕੇ ਕੁਝ ਦਸਤਾਵੇਜ਼ ਕਬਜ਼ੇ ਵਿਚ ਲਏ ਹਨ।
 ਤਰਨਤਾਰਨ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਤੇ ਨਵਾਂਸ਼ਹਿਰ ਤੋਂ ਕਈ ਮਾਮਲਿਆਂ ਨਾਲ ਸਬੰਧਤ 39 ਸਮੱਗਲਰ ਕਾਬੂ ਕੀਤੇ ਹਨ। ਵਲਟੋਹਾ, ਝਬਾਲ, ਕੱਚਾ-ਪੱਕਾ, ਥਾਣਾ ਸਿਟੀ ਤੇ ਥਾਣਾ ਸਰਾਏ ਅਮਾਨਤ ਖ਼ਾਂ ਵਿਚ 31 ਸਥਾਨਕ ਸਮੱਗਲਰਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਵਿੱਚੋਂ 11 ਜਣੇ ਕਾਬੂ ਕੀਤੇ ਹਨ। ਇਨ੍ਹਾਂ ਦੇ ਕਬਜ਼ੇ ਵਿੱਚੋਂ ਸੌ ਗ੍ਰਾਮ ਹੈਰੋਇਨ, 1440 ਨਸ਼ੀਲੀਆਂ ਸ਼ੈਆਂ, ਦੋ ਮੋਟਰਸਾਈਕਲ ਬਰਾਮਦ ਕੀਤੇ ਹਨ। ਇਵੇਂ ਹੀ ਅੰਮ੍ਰਿਤਸਰ ਵਿਚ ਛੇਹਰਟਾ ਵਿਚ ਸ਼ਨਿਚਰਵਾਰ ਦੇਰ ਰਾਤ ਦੋ ਸਮੱਗਲਰਾਂ ਨੂੰ ਗਿ੍ਫਤਾਰ ਕਰ ਕੇ 264 ਗ੍ਰਾਮ ਹੈਰੋਇਨ ਤੇ ਸਕੂਟਰੀ ਬਰਾਮਦ ਕੀਤੀ ਗਈ। ਲੁਧਿਆਣਾ ਵਿਚ ਐੱਸਟੀਐੱਫ ਨੇ ਟਰੱਕ ਤੋਂ ਦੋ ਕਿੱਲੋ ਹੈਰੋਇਨ ਬਰਾਮਦ ਕਰ ਕੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਲੁਧਿਆਣਾ ਵਿਚ ਹੀ ਪੰਜ ਹੋਰਨਾਂ ਥਾਵਾਂ ’ਤੇ ਔਰਤ ਸਮੇਤ ਅੱਠ ਸਮੱਗਲਰ ਕਾਬੂ ਕੀਤੇ ਗਏ।
ਪਟਿਆਲਾ ਵਿਚ 12 ਥਾਵਾਂ ਤੋਂ ਨਸ਼ੇ ਬਰਾਮਦ ਕੀਤੇ ਗਏ ਹਨ, ਇੱਥੇ 15 ਜਣੇ ਗਿ੍ਰਫਤਾਰ ਕੀਤੇ ਗਏ ਹਨ। ਇਨ੍ਹਾਂ ਕੋਲੋਂ ਸਮੈਕ, ਹੈਰੋਇਨ, ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਨਵਾਂਸ਼ਹਿਰ ਦੇ ਰਾਹੋਂ ਵਿਚ ਪੁਲਿਸ ਨੇ ਨਸ਼ਿਆਂ ਦੇ 20 ਟੀਕਿਆਂ ਸਮੇਤ ਮੋਹਾਲੀ ਦੇ ਪਿੰਡ ਬਜਹੇੜੀ ਦੇ ਵਾਸੀ ਗੁਰਚਰਨ ਨੂੰ ਗਿ੍ਰਫਤਾਰ ਕੀਤਾ ਹੈ।
ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਥੇ ਕੌਮਾਂਤਰੀ ਸਮੱਗਲਰਾਂ ਦੇ ਮਾਮਲੇ ਵਿਚ ਤਰਨਤਾਰਨ ਵਿਚ ਐੱਸਆਈਟੀ ਨੇ ਖੇਮਕਰਣ, ਰਾਮੂਵਾਲ, ਸਭਰਾਅ, ਹਵੇਲੀਆਂ, ਦੂਹਲ ਕੋਹਨਾ, ਚੱਕਵਾਲੀਆ, ਗੋਇੰਦਵਾਲ ਸਾਹਿਬ, ਧੂੰਦਾ, ਖਡੂਰ ਸਾਹਿਬ, ਜੌਹਲ ਢਾਏਵਾਲਾ, ਫ਼ਤਿਹਾਬਾਦ ਵਿਚ ਛਾਪੇ ਮਾਰੇ ਤੇ ਉਨ੍ਹਾਂ ਦੇ ਘਰੋਂ ਕੁਝ ਦਸਤਾਵੇਜ਼ ਅਤੇ ਬੈਂਕ ਅਕਾਉਂਟ ਦੀਆਂ ਕਾਪੀਆਂ ਕਬਜ਼ੇ ਵਿਚ ਲਈਆਂ ਹਨ। ਇਹ ਸਾਰੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ, ਜਾਅਲੀ ਕਰੰਸੀ ਤੇ ਹਥਿਆਰ ਮੰਗਾ ਕੇ ਅਮੀਰ ਬਣੇ ਹਨ। ਜਿਨ੍ਹਾਂ 66 ਸਮੱਗਲਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਛੇ ਜਣੇ ਹੋਰਨਾਂ ਮਾਮਲਿਆਂ ਵਿਚ ਜੇਲ੍ਹ ਵਿਚ ਬੰਦ ਹਨ।
ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ 95 ਨਸ਼ਾ ਸਮੱਗਲਰਾਂ ਦੀ 118 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਜਾ ਚੁੱਕੀ ਹੈ, ਅਗਲੀ ਕਾਰਵਾਈ ਜਾਰੀ ਹੈ।