ਕਾਂਗਰਸ ਵਿਧਾਇਕ ਦਲ ਦੀ ਬੈਠਕ ਸੱਦੋ; ਅਫਸਰਸ਼ਾਹੀ ਬੇਲਗਾਮ ਹੋਈ: ਜਾਖੜ

ਕਾਂਗਰਸ ਵਿਧਾਇਕ ਦਲ ਦੀ ਬੈਠਕ ਸੱਦੋ; ਅਫਸਰਸ਼ਾਹੀ ਬੇਲਗਾਮ ਹੋਈ: ਜਾਖੜ
ਸੁਨੀਲ ਜਾਖੜ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਸਰਕਾਰ ਵਿਚ ਸੁਲਘ ਰਹੀ ਬਗਾਵਤ ਠੰਡੀ ਨਹੀਂ ਪੈ ਰਹੀ। ਪੰਜਾਬ ਦੀਆਂ ਸਿਆਸੀ ਸਫਾਂ ਵਿਚ ਚਰਚਾ ਹੈ ਕਿ ਇਹ ਸੁਲਘ ਰਹੀ ਚੰਘਿਆੜੀ ਕਿਸੇ ਵੀ ਸਮੇਂ ਵੱਡਾ ਭਾਂਬੜ ਬਣ ਕੇ ਪੰਜਾਬ ਕਾਂਗਰਸ ਨੂੰ ਤਬਾਹ ਕਰ ਸਕਦੀ ਹੈ। ਇਸ ਦਰਮਿਆਨ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਵਿਧਾਇਕ ਦਲ ਦੀ ਤੁਰੰਤ ਮੀਟਿੰਗ ਬੁਲਾਉਣ ਦੀ ਮੰਗ ਕਰ ਦਿੱਤੀ ਹੈ।

ਸੁਨੀਲ ਜਾਖੜ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਵਰਤਮਾਨ ਹਾਲਾਤ ਦੀ ਸਮੀਖਿਆ ਕਰਨ ਲਈ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਦੀ ਮੰਗ ਹੈ ਕਿ ਕਾਂਗਰਸੀ ਵਿਧਾਇਕ ਦਲ ਦੀ ਤੁਰੰਤ ਮੀਟਿੰਗ ਬੁਲਾਈ ਜਾਵੇ ਤੇ ਜਿਨ੍ਹਾਂ ਸਰਕਾਰੀ ਅਧਿਕਾਰੀਆਂ ਕਾਰਨ ਪਾਰਟੀ ਬਦਨਾਮ ਹੋ ਰਹੀ ਹੈ, ਉਨ੍ਹਾਂ ਨੂੰ ਲਗਾਮ ਲਾਈ ਜਾਵੇ। ਜ਼ਿਕਰਯੋਗ ਹੈ ਕਿ ਇਸ ਸਰਕਾਰ ਦੇ ਮੁੱਢ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਕੈਪਟਨ ਦੀ ਅਗਵਾਈ ਹੇਠ ਤੰਤਰ ਵਿਚ ਸਰਕਾਰੀ ਅਫਸਰਾਂ ਦੀ ਬਹੁਤੀ ਪੁੱਛ ਹੈ ਅਤੇ ਵਿਧਾਇਕਾਂ ਦੀ ਕੋਈ ਕਦਰ ਨਹੀਂ ਹੈ। ਇਸ ਨਾਲ ਵਿਧਾਇਕਾਂ ਵਿਚ ਫੈਲਿਆ ਸਮੂਹਿਕ ਰੋਹ ਹੁਣ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਹੋਈ ਖਹਿਬਾਜ਼ੀ ਉਪਰੰਤ ਪ੍ਰਗਟ ਹੋ ਗਿਆ। ਅਫਸਰਸ਼ਾਹੀ ਅਤੇ ਮੰਤਰੀਆਂ ਦਰਮਿਆਨ ਟਕਰਾਅ ਦਾ ਕੇਂਦਰ ਪੰਜਾਬ ਦਾ ਐਕਸਾਈਜ਼ ਮਹਿਕਮਾ ਬਣਿਆ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੈ, ਜਿਸ ਦੀ ਅਗਵਾਈ ਉਹਨਾਂ ਅੱਗੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਦਿੱਤੀ ਹੋਈ ਸੀ। ਮੰਤਰੀ ਇਸ ਮਹਿਕਮੇ ਵਿਚ ਵੱਡੇ ਘਪਲੇ ਦਾ ਦੋਸ਼ ਲਾ ਰਹੇ ਹਨ। 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਖੜ ਨੇ ਕਿਹਾ, "ਉਨ੍ਹਾਂ ਨੇ ਪਾਰਟੀ ਵਿਧਾਇਕਾਂ ਦੀ ਮੰਗ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂ ਕਰਵਾ ਦਿੱਤਾ ਹੈ। ਤਾਲਾਬੰਦੀ ਕਾਰਨ ਕੁਝ ਪਾਬੰਦੀਆਂ ਹਨ, ਜਿਨ੍ਹਾਂ ਦੀ ਪਾਲਣਾ ਕੀਤੇ ਬਗੈਰ ਮੀਟਿੰਗ ਤੁਰੰਤ ਬੁਲਾਉਣਾ ਸ਼ਾਇਦ ਸੰਭਵ ਨਹੀਂ, ਪਰ ਅਫ਼ਸਰਸ਼ਾਹੀ 'ਤੇ ਲਗਾਮ ਪਾਉਣਾ ਜ਼ਰੂਰੀ ਹੈ। ਮੁੱਖ ਮੰਤਰੀ ਹੀ ਹਾਲਾਤ ਤੇ ਨਿਯਮਾਂ ਅਨੁਸਾਰ ਮੀਟਿੰਗ ਬੁਲਾ ਸਕਦੇ ਹਨ। ਕਈ ਕਾਂਗਰਸੀ ਮੈਂਬਰਾਂ ਨੇ ਇਹ ਵੀ ਕਿਹਾ ਹੈ ਕਿ ਕੈਪਟਨ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਹੋਣੀ ਹੀ ਚਾਹੀਦੀ ਹੈ।"

ਜਾਖੜ ਨੇ ਬਾਦਲ ਦਲ ਨੂੰ ਵੰਗਾਰਿਆ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਪਾਰਟੀ ’ਚ ਹਿੰਮਤ ਹੈ ਤਾਂ ਉਹ ਸ਼ਰਾਬਬੰਦੀ ਦਾ ਮਤਾ ਵਿਧਾਨ ਸਭਾ ’ਚ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਤਸਕਰੀ ਰੋਕਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ। ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ ਦੇ ਦਸ ਵਰ੍ਹਿਆਂ ਦੇ ਰਾਜ ਭਾਗ ਨੇ ਪੰਜਾਬ ਵਿੱਚ ਏਨੇ ਕੰਡੇ ਬੀਜ ਦਿੱਤੇ ਹਨ ਜਿਨ੍ਹਾਂ ਦਾ ਸੰਤਾਪ ਲੰਮਾ ਸਮਾਂ ਝੱਲਣਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਨੇ ਪੰਜਾਬ ਵਿੱਚ ਚਿੱਟੇ ਲਈ ਰਾਹ ਖੋਲ੍ਹੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਰੌਲਾ ਫਜ਼ੂਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਪੰਜਾਬ ਦੇ ਤਿੰਨ ਮੰਤਰੀ ਹਨ ਜਿਨ੍ਹਾਂ ਕਦੇ ਵੀ ਪੰਜਾਬ ਦੇ ਹੱਕ ’ਚ ਆਵਾਜ਼ ਨਹੀਂ ਚੁੱਕੀ।

ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਦੀ ਫ਼ਸਲ ਬਿਨਾਂ ਕਿਸੇ ਵਿਘਨ ਤੋਂ ਚੁਕਵਾਈ ਅਤੇ ਹੁਣ ਕੇਂਦਰ ਸਰਕਾਰ ਨੂੰ ਝੋਨੇ ਦਾ ਸਰਕਾਰੀ ਭਾਅ ਵਧਾਉਣ ਲਈ ਪੱਤਰ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਣਸਾਂ ਦੇ ਭਾਅ ’ਤੇ ਹੁਣ ਕਿਉਂ ਚੁੱਪ ਹੈ? ਉਨ੍ਹਾਂ ਮੁੱਖ ਸਕੱਤਰ ਦੇ ਮੁੱਦੇ ’ਤੇ ਮੁੜ ਦੁਹਰਾਇਆ ਕਿ ਅਫ਼ਸਰਸ਼ਾਹੀ ਮੁੱਖ ਮੰਤਰੀ ਦੀ ਭਲਮਾਣਸੀ ਦਾ ਫ਼ਾਇਦਾ ਉਠਾ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।