ਆਪ ਦੀ ਜਿੱਤ ਵਿਚ ਸਿੱਖ ਕਿਸ ਪਾਸੇ ਖੜ੍ਹੇ?

ਆਪ ਦੀ ਜਿੱਤ ਵਿਚ ਸਿੱਖ ਕਿਸ ਪਾਸੇ ਖੜ੍ਹੇ?

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਇਕ ਵਾਰ ਫੇਰ ਹੁੰਝਾ ਫੇਰ ਜਿੱਤ ਹਾਸਲ ਕੀਤੀ ਹੈ। ਆਪ ਨੂੰ 70 ਵਿਚੋਂ 62 ਸੀਟਾਂ 'ਤੇ ਜਿੱਤ ਮਿਲੀ ਜਦਕਿ ਭਾਜਪਾ ਨੂੰ ਮਹਿਜ਼ 8 ਸੀਟਾਂ ਮਿਲੀਆਂ ਜਦਕਿ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ। ਆਪ ਦਾ ਵੋਟ ਪ੍ਰਤੀਸ਼ਤ ਇਸ ਵਾਰ 1 ਫੀਸਦ ਘਟਿਆ ਹੈ ਜਦਕਿ ਭਾਜਪਾ ਦੇ ਵੋਟ ਫੀਸਦ ਵਿਚ 6 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। 

2015 ਦੀਆਂ ਵਿਧਾਨ ਸਭਾ ਚੋਣਾਂ 'ਚ ਆਪ ਨੇ 67 ਸੀਟਾਂ ਜਿੱਤੀਆਂ ਸੀ ਤੇ ਭਾਜਪਾ ਦੀਆਂ 3 ਸੀਟਾਂ ਸਨ। 2015 ਵਿਚ ਆਪ ਦਾ ਵੋਟ ਫੀਸਦ 54.3% ਸੀ ਅਤੇ ਭਾਜਪਾ ਦਾ ਵੋਟ ਫੀਸਦ 32.2% ਸੀ ਜਦਕਿ ਇਸ ਵਾਰ ਆਪ ਦਾ ਵੋਟ ਫੀਸਦ 53.6% ਰਿਹਾ ਅਤੇ ਭਾਜਪਾ ਦਾ ਵੋਟ ਫੀਸਦ 38.5% ਰਿਹਾ। ਜੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦਾ ਵੋਟ ਫੀਸਦ ਪਿਛਲੀ ਵਾਰ 9.7% ਸੀ ਜੋ ਇਸ ਵਾਰ ਹੋਰ ਘਟ ਕੇ 4.26% ਰਹਿ ਗਿਆ। 

ਸਿੱਖਾਂ ਨੇ ਕੇਰਜੀਵਾਲ ਜਿਤਾਇਆ
ਸਿੱਖ ਪ੍ਰਭਾਵ ਵਾਲੀਆਂ ਵੱਡੀਆਂ ਚਾਰਾਂ ਸੀਟਾਂ 'ਤੇ ਆਪ ਨੇ ਜਿੱਤ ਹਾਸਲ ਕੀਤੀ ਹੈ। ਇਹਨਾਂ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਲੜੀ ਜਾਂਦੀ ਸੀ ਪਰ ਇਸ ਵਾਰ ਭਾਜਪਾ ਵੱਲੋਂ ਗਠਜੋੜ ਵਿਚ ਸ਼ਾਮਲ ਨਾ ਕਰਨ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇਹਨਾਂ ਸੀਟਾਂ 'ਤੇ ਚੋਣ ਨਹੀਂ ਲੜੀ ਸੀ ਤੇ ਭਾਜਪਾ ਵੱਲੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਸਨ। 

ਮਨਜਿੰਦਰ ਸਿੰਘ ਸਿਰਸਾ ਵੱਲੋਂ ਲੜੀ ਜਾਂਦੀ ਰਾਜੌਰੀ ਗਾਰਡਨ ਦੀ ਸੀਟ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ। ਭਾਵੇਂਕਿ ਭਾਜਪਾ ਵੱਲੋਂ ਗਠਜੋੜ ਤੋਂ ਬਾਹਰ ਕੱਢੇ ਜਾਣ ਮਗਰੋਂ ਫੇਰ ਬਾਦਲ ਦਲ ਨੇ ਭਾਜਪਾ ਨਾਲ ਹੱਥ ਮਿਲਾਉਂਦਿਆਂ ਭਾਜਪਾ ਦਾ ਸਮਰਥਨ ਕੀਤਾ ਸੀ ਪਰ ਫੇਰ ਵੀ ਆਪ ਨੇ ਇਹਨਾਂ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। 

ਆਮ ਆਦਮੀ ਪਾਰਟੀ ਨੇ ਐਸਸੀ ਉਮੀਦਵਾਰਾਂ ਲਈ ਰਾਖਵੀਆਂ 12 ਦੀਆਂ 12 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। 

ਕੇਜਰੀਵਾਲ ਨੇ ਹਨੂੰਮਾਨ ਮੰਦਰ ਮੱਥਾ ਟੇਕਿਆ
ਚੋਣਾਂ ਵਿਚ ਜਿੱਤ ਦਰਜ ਕਰਨ ਮਗਰੋਂ ਅਰਵਿੰਦ ਕੇਜਰੀਵਾਲ ਕਨੋਟ ਪੈਲੇਸ ਨੇੜੇ ਸਥਿਤ ਪ੍ਰਸਿੱਧ ਹਨੂੰਮਾਨ ਮੰਦਰ ਵਿਚ ਮੱਥਾ ਟੇਕਣ ਗਏ। ਇਸ ਮੌਕੇ ਉਹਨਾਂ ਦਾ ਪਰਿਵਾਰ ਅਤੇ ਮਨੀਸ਼ ਸਿਸੋਦੀਆ ਵੀ ਨਾਲ ਸਨ। 

ਕਾਂਗਰਸ ਦੇ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਚੋਣਾਂ 'ਚ ਕਾਂਗਰਸ ਦਾ ਮੰਦਾ ਹਾਲ ਭਾਵੇਂ ਵੋਟ ਪ੍ਰਤੀਸ਼ਤ ਤੋਂ ਵੀ ਦਿਖ ਰਿਹਾ ਹੈ ਪਰ ਪਾਰਟੀ ਲਈ ਵੱਡੀ ਨਮੋਸ਼ੀ ਦੀ ਗੱਲ ਹੈ ਕਿ 70 ਉਮੀਦਵਾਰਾਂ ਵਿਚੋਂ ਪਾਰਟੀ ਦੇ 63 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। 

ਆਪ ਦੇ ਸਿੱਖ ਉਮੀਦਵਾਰ ਜਿੱਤੇ
ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜੇ ਦੋਵੇਂ ਸਿੱਖ ਉਮੀਦਵਾਰ ਜਿੱਤ ਗਏ ਹਨ ਜਦਕਿ ਭਾਜਪਾ ਅਤੇ ਕਾਂਗਰਸ ਵੱਲੋਂ ਚੋਣ ਲੜੇ ਸਾਰੇ ਸਿੱਖ ਉਮੀਦਵਾਰ ਚੋਣ ਹਾਰ ਗਏ ਹਨ। ਆਪ ਵੱਲੋਂ ਚੋਣ ਲੜੇ ਜਰਨੈਲ ਸਿੰਘ ਨੇ ਤਿਲਕ ਨਗਰ ਤੋਂ ਅਤੇ ਪ੍ਰਹਿਲਾਦ ਸਿੰਘ ਸਾਹਨੀ ਨੇ ਚਾਂਦਨੀ ਚੌਂਕ ਤੋਂ ਜਿੱਤ ਹਾਸਲ ਕੀਤੀ ਹੈ। ਜਰਨੈਲ ਸਿੰਘ 28,000 ਵੋਟਾਂ ਦੇ ਫਰਕ ਨਾਲ ਜਿੱਤੇ ਜਦਕਿ ਪ੍ਰਹਿਲਾਦ ਸਿੰਘ ਸਾਹਨੀ 29,000 ਵੋਟਾਂ ਦੇ ਫਰਕ ਨਾਲ ਜਿੱਤੇ।