ਭਾਰਤ ਪਾਕਿਸਤਾਨ ਵਿਚਾਲੇ ਸਿੰਧ ਜਲ ਸੰਧੀ ਬੈਠਕ ਦੀ ਥਾਂ ਦਾ ਰੇੜਕਾ ਬਣਿਆ

ਭਾਰਤ ਪਾਕਿਸਤਾਨ ਵਿਚਾਲੇ ਸਿੰਧ ਜਲ ਸੰਧੀ ਬੈਠਕ ਦੀ ਥਾਂ ਦਾ ਰੇੜਕਾ ਬਣਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ
ਸਿੰਧ ਦਰਿਆ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਸਾਲ ਦੀ ਇਕ ਬੈਠਕ ਹੋਣੀ ਤੈਅ ਹੋਈ ਹੈ। ਇਸ ਸਾਲ ਦੀ ਬੈਠਕ ਲਈ ਪਾਕਿਸਤਾਨ ਅਤੇ ਭਾਰਤ ਬੈਠਕ ਦੀ ਥਾਂ ਦੀ ਜ਼ਿੱਦ ਦੇ ਵਖਰੇਵਿਆਂ 'ਤੇ ਅੜੇ ਹੋਏ ਹਨ। 

ਭਾਰਤ ਜ਼ਿੱਦ ਕਰ ਰਿਹਾ ਹੈ ਕਿ ਕੋਰੋਨਾਵਾਇਰਸ ਦੇ ਚਲਦਿਆਂ ਬੈਠਕ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ ਜਦਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਅਹਿਮ ਮਸਲੇ 'ਤੇ ਗੱਲਬਾਤ ਆਹਮੋ ਸਾਹਮਣੇ ਬੈਠ ਕੇ ਅਟਾਰੀ ਸਰਹੱਦ 'ਤੇ ਕੀਤੀ ਜਾਵੇ।

ਸੂਤਰਾਂ ਦੇ ਹਵਾਲੇ ਨਾਲ ਛਪੀਆਂ ਖਬਰਾਂ ਮੁਤਾਬਕ ਭਾਰਤੀ ਕਮਿਸ਼ਨਰ ਨੇ ਜੁਲਾਈ ਦੇ ਪਹਿਲੇ ਹਫ਼ਤੇ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਜਾਂ ਕਿਸੇ ਹੋਰ ਤਰੀਕੇ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨੀ ਕਮਿਸ਼ਨਰ ਵੱਲੋਂ ਜੁਲਾਈ ਦੇ ਅਖੀਰਲੇ ਹਫ਼ਤੇ ਭੇਜੇ ਪੱਤਰ ਵਿੱਚ ਮੀਟਿੰਗ ਅਟਾਰੀ  ਚੈੱਕ ਪੋਸਟ ’ਤੇ ਕਰਨ ’ਤੇ ਜ਼ੋਰ ਦਿੱਤਾ ਗਿਆ ਸੀ।

ਇਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਸਿੰਧ ਦਰਿਆ ਦੇ ਸਹਿਯੋਗੀ ਦਰਿਆ ਝਨਾਬ ਅਤੇ ਜ਼ਿਹਲਮ ਉੱਤੇ ਬਣ ਰਹੇ ਦੋ ਨਵੇਂ ਡੈਮਾਂ ਦਾ ਵੱਡਾ ਰੇੜਕਾ ਹੈ। ਭਾਰਤ ਵੱਲੋਂ ਜੰਮੂ ਕਸ਼ਮੀਰ ਵਿਚ ਜ਼ਿਹਲਮ ਦਰਿਆ 'ਤੇ ਬਿਜਲੀ ਬਣਾਉਣ ਲਈ ਕਿਸ਼ਨਗੰਗ ਬੰਨ੍ਹ ਮਾਰਿਆ ਜਾ ਰਿਹਾ ਹੈ ਅਤੇ ਝਨਾਬ ਦਰਿਆ 'ਤੇ ਰਾਟੇਲ ਬੰਨ੍ਹ ਮਾਰਿਆ ਜਾ ਰਿਹਾ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਇਹਨਾਂ ਬੰਨ੍ਹਾਂ ਨਾਲ ਉਸਦੇ ਹਿੱਸੇ ਆਇਆ ਇਹਨਾਂ ਦਰਿਆਵਾਂ ਦਾ ਪਾਣੀ ਪ੍ਰਭਾਵਤ ਹੋਵੇਗਾ।