ਹੁਣ ਭਾਰਤ ਸਰਕਾਰ ਸਿੱਖਾਂ ਲਈ ਲਾਂਘਾ ਖੋਲ੍ਹੇ: ਗਿਆਨੀ ਹਰਪ੍ਰੀਤ ਸਿੰਘ

ਹੁਣ ਭਾਰਤ ਸਰਕਾਰ ਸਿੱਖਾਂ ਲਈ ਲਾਂਘਾ ਖੋਲ੍ਹੇ: ਗਿਆਨੀ ਹਰਪ੍ਰੀਤ ਸਿੰਘ
ਸੰਬੋਧਨ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ

ਕਰਤਾਰਪੁਰ ਸਾਹਿਬ: ਅੱਜ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦੇ ਉਦਘਾਟਨ ਮੌਕੇ ਹੋਏ ਸਮਾਗਮ ਵਿੱਚ ਬੋਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਿਵੇਂ ਪਾਕਿਸਤਾਨ ਸਰਕਾਰ ਨੇ ਭਾਰਤ 'ਚ ਰਹਿੰਦੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਹੈ ਉਸੇ ਤਰ੍ਹਾਂ ਭਾਰਤ ਸਰਕਾਰ ਨੂੰ ਪਾਕਿਸਤਾਨ 'ਚ ਰਹਿੰਦੇ ਸਿੱਖਾਂ ਲਈ ਡੇਰਾ ਬਾਬਾ ਨਾਨਕ ਦਾ ਲਾਂਘਾ ਖੋਲ੍ਹਣਾ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਇਸ ਲਾਂਘੇ ਨੂੰ ਖੋਲ੍ਹਣ ਲਈ ਦੋਵਾਂ ਸਰਕਾਰਾਂ ਦਾ ਧੰਨਵਾਦ ਕੀਤਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਸਿਧਾਂਤਕ ਹੈ ਕਿਉਂਕਿ ਦੋਵੇਂ ਧਰਮ ਇੱਕ ਰੱਬ ਦੀ ਬੰਦਗੀ ਸਿਖਾਉਂਦੇ ਹਨ। 

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਰਾਜਨੀਤਕ, ਆਰਥਿਕ, ਧਾਰਮਿਕ, ਸਮਾਜਿਕ ਹਰ ਤਰ੍ਹਾਂ ਦੇ ਮਤਭੇਦਾਂ ਨੂੰ ਦੂਰ ਕਰਦਾ ਹੈ। ਉਹਨਾਂ ਕਿਹਾ ਕਿ ਇਸ ਪਵਿੱਤਰ ਅਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਨੇ ਬਹੁਤ ਸਾਰੀਆਂ ਬਾਣੀਆਂ ਉਚਾਰੀਆਂ ਹਨ। ਉਹਨਾਂ ਕਿਹਾ ਕਿ ਇਸ ਫਲਸਫੇ ਨੂੰ ਅੱਜ ਪੂਰੀ ਦੁਨੀਆ ਵਿੱਚ ਪਹੁੰਚਾਉਣ ਦੀ ਜ਼ਰੂਰਤ ਹੈ। 

ਉਹਨਾਂ ਕਿਹਾ ਕਿ ਜਿਵੇਂ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਬਖਸ਼ਿਸ਼ ਗੁਰੂ ਪਾਤਸ਼ਾਹ ਵੱਲੋਂ ਹੋਈ ਹੈ ਬਾਕੀ ਗੁਰਦੁਆਰਾ ਸਾਹਿਬਾਨ ਦੇ ਵੀ ਖੁੱਲ੍ਹੇ ਦਰਸ਼ਨ ਦੀਦਾਰੇ ਹੋਣ। ਉਹਨਾਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਵਾਹਗੇ ਵਾਲੀ ਲੀਕ (ਸਰਹੱਦ) ਮਿਟ ਜਾਵੇ। 

ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਜ਼ੁਲਮ ਦੇ ਖਿਲਾਫ ਰਹੀ ਹੈ, ਉਹ ਜ਼ੁਲਮ ਭਾਵੇਂ ਕਸ਼ਮੀਰ ਦੇ ਪੰਡਤਾਂ 'ਤੇ ਹੋਵੇ ਭਾਵੇਂ ਕਸ਼ਮੀਰ ਦੇ ਮੁਸਲਮਾਨਾਂ 'ਤੇ ਹੋਵੇ ਸਿੱਖ ਕੌਮ ਨੇ ਹਮੇਸ਼ਾ ਡਟ ਕੇ ਵਿਰੋਧ ਕੀਤਾ ਹੈ ਤੇ ਵਿਰੋਧ ਕਰਦੀ ਰਹੇਗੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।