ਅਮਰੀਕਾ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ, ਪ੍ਰਵਾਸੀਆਂ ਦੇ ਸੈਂਕੜੇ ਬੱਚੇ ਹੋਟਲਾਂ ਵਿਚ ਬੰਦ

ਅਮਰੀਕਾ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ, ਪ੍ਰਵਾਸੀਆਂ ਦੇ ਸੈਂਕੜੇ ਬੱਚੇ ਹੋਟਲਾਂ ਵਿਚ ਬੰਦ
ਇਕ ਹੋਟਲ ਵਿਚ ਬੰਦ ਬੱਚੇ ਨਜਰ ਆ ਰਹੇ ਹਨ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਪ੍ਰਵਾਸੀਆਂ ਦੇ ਸੈਂਕੜੇ ਬੱਚੇ ਸਰਕਾਰੀ ਠੇਕੇਦਾਰਾਂ ਦੀ ਨਿਗਰਾਨੀ ਹੇਠ ਹੋਟਲਾਂ ਵਿਚ ਬੰਦ ਹਨ। ਇਮੀਗਰੈਂਟ ਐਂਡ ਸਿਵਲ ਰਾਈਟਸ ਗਰੁੱਪਾਂ ਨੇ ਅਮਰੀਕੀ ਸਰਕਾਰ ਉਪਰ ਦੋਸ਼ ਲਾਇਆ ਹੈ ਕਿ ਉਸ ਨੇ ਕੋਰੋਨਾ ਮਹਾਮਾਰੀ ਦੀ ਆੜ ਵਿਚ ਇਕ ਵੱਖਰਾ ਹੀ ਇਮੀਗ੍ਰੇਸ਼ਨ ਸਿਸਟਮ ਕਾਇਮ ਕਰ ਲਿਆ ਹੈ ਜਿਸ ਤਹਿਤ ਅਧਿਕਾਰੀ ਲਾਚਾਰ ਬੱਚਿਆਂ ਦੀ ਸਾਂਭ ਸੰਭਾਲ ਤੋਂ ਇਨਕਾਰ ਕਰ ਰਹੇ ਹਨ ਜਿਸ ਦੇ ਕਿ ਉਹ ਹੱਕਦਾਰ ਹਨ। ਸਰਕਾਰ ਇਨਾਂ ਬੱਚਿਆਂ ਨੂੰ ਦੇਸ਼ ਤੋਂ ਕੱਢ ਦੇਣ ਲਈ ਕਾਹਲੀ ਹੈ।

ਟੈਕਸਸ ਸਿਵਲ ਰਾਈਟਸ ਪ੍ਰਾਜੈਕਟ ਦੇ ਸੀਨੀਅਰ ਵਕੀਲ ਕਾਰਲਾ ਮੈਰੀਸੋਲ ਵਰਗਾਸ ਨੇ ਕਿਹਾ ਹੈ ਕਿ ''ਇਹ ਬੱਚੇ ਅਜਿਹੀਆਂ ਥਾਵਾਂ 'ਤੇ ਬੰਦ ਹਨ ਜਿਥੇ ਉਨਾਂ ਨੂੰ ਬਾਹਰ ਦੀ ਕੋਈ ਖਬਰ ਨਹੀਂ ਹੈ। ਉਹ ਵਿਸ਼ਵ ਤੋਂ ਬੇਖਬਰ ਹਨ ਤੇ ਨਾ ਹੀ ਉਹ ਇਮੀਗ੍ਰੇਸ਼ਨ ਸਿਸਟਮ ਦੀ ਮੱਦਦ ਲੈ ਸਕਦੇ ਹਨ।"

ਉਨਾਂ ਹੋਰ ਕਿਹਾ ਕਿ ਇਹ ਸਮੁੱਚੀ ਪ੍ਰਕ੍ਰਿਆ ਬਹੁਤ ਖਤਰਨਾਕ ਹੈ, ਇਹ ਬੱਚਿਆਂ ਲਈ ਮੌਜੂਦ ਸਾਂਭ ਸੰਭਾਲ ਦੇ ਹਰ ਨਿਯਮ ਦੀ ਉਲੰਘਣਾ ਹੈ। ਇਕ ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਨੇ ਇਸ ਸਬੰਧੀ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਦਿੱਤਾ ਹੈ ਪਰ ਅਧਿਕਾਰੀਆਂ ਨੇ ਅਦਾਲਤ ਵਿਚ ਦਾਇਰ ਜਵਾਬ ਵਿਚ ਇਸ ਕਾਰਵਾਈ ਨੂੰ ਜਾਇਜ਼ ਦੱਸਿਆ ਹੈ। ਇਸ ਰਿਪੋਰਟ ਅਨੁਸਾਰ ਕੋਰੋਨਾ ਮਹਾਮਾਰੀ ਦੌਰਾਨ ਬੱਚਿਆਂ ਨੂੰ ਹੋਟਲਾਂ ਵਿਚ ਰਖਣਾ ਆਮ ਵਰਤਾਰ ਬਣ ਗਿਆ ਹੈ। ਤਾਜਾ ਅੰਕੜਿਆਂ ਅਨੁਸਾਰ ਤਿੰਨ ਰਾਜਾਂ ਐਰੀਜ਼ੋਨਾ, ਟੈਕਸਸ ਤੇ ਲੁਇਸਿਆਨਾ ਦੇ 25 ਹੋਟਲਾਂ ਨੂੰ ਪ੍ਰਵਾਸੀਆਂ ਦੇ ਬੱਚੇ ਰਖਣ ਲਈ ਵਰਤਿਆ ਜਾ ਰਿਹਾ ਹੈ।