ਡੈਮੋਕ੍ਰੈਟਸ ਵੈਕਸੀਨ ਬਾਰੇ ਕੀਤੀ ਟਿੱਪਣੀ ਲਈ ਤੁਰੰਤ ਮੁਆਫ਼ੀ ਮੰਗਣ-ਟਰੰਪ

ਡੈਮੋਕ੍ਰੈਟਸ ਵੈਕਸੀਨ ਬਾਰੇ ਕੀਤੀ ਟਿੱਪਣੀ ਲਈ ਤੁਰੰਤ ਮੁਆਫ਼ੀ ਮੰਗਣ-ਟਰੰਪ

ਰਾਸ਼ਟਰਪਤੀ ਵੱਲੋਂ ਫੌਜੀ ਮੁਖੀਆਂ ਦੀ ਵੀ ਅਲੋਚਨਾ

ਵਾਸ਼ਿੰਗਟਨ (ਹੁਸਨ ਲੜੋਆ ਬੰਗਾ): ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਕਸੀਨ ਦੇ ਮੁੱਦੇ 'ਤੇ ਆਪਣੇ ਵਿਰੋਧੀ ਡੈਮੋਕ੍ਰੈਟਸ ਉਮੀਦਵਾਰ ਜੋ ਬੀਡੇਨ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਬੇਬੁਨਿਆਦ ਟਿੱਪਣੀ ਲਈ ਡੈਮੋਕ੍ਰੈਟਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਵਾਈਟ ਹਾਊਸ ਤੋਂ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਕੋਵਿਡ-19 ਵੈਕਸੀਨ ਵਿਰੁੱਧ ਪ੍ਰਚਾਰ ਕਰਨ ਲਈ ਡੈਮੋਕ੍ਰੈਟਸ ਤੁਰੰਤ ਮੁਆਫੀ ਮੰਗਣ।

ਟਰੰਪ ਉਪ ਰਾਸ਼ਟਰਪਤੀ ਦੇ ਅਹੁੱਦੇ ਲਈ ਡੈਮੋਕਰੈਟਸ ਉਮੀਦਵਾਰ ਕਮਲਾ  ਹੈਰਿਸ ਦੀ ਉਸ ਟਿਪਣੀ 'ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ ਜਿਸ ਵਿਚ ਹੈਰਿਸ ਨੇ ਕਿਹਾ ਸੀ ਕਿ ਕਿਸੇ ਵੀ ਵੈਕਸੀਨ ਬਾਰੇ ਟਰੰਪ ਵੱਲੋਂ ਕੀਤੇ ਗਏ ਐਲਾਨ ਉਪਰ ਉਹ ਵਿਸ਼ਵਾਸ਼ ਨਹੀਂ ਕਰਦੇ। ਟਰੰਪ ਦਾ ਕਹਿਣਾ ਹੈ ਕਿ ਡੈਮੋਕ੍ਰੈਟਸ ਆਗੂ ਨੇ ਬਿਨਾਂ ਕਿਸੇ ਭਰੋਸੇਯੋਗ ਸੂਤਰਾਂ ਦੇ ਵੈਕਸੀਨ ਬਾਰੇ ਟਿਪਣੀ ਕੀਤੀ ਹੈ।  

ਰਾਸ਼ਟਰਪਤੀ ਨੇ ਅਮਰੀਕੀ ਫੌਜ ਦੇ ਆਗੂਆਂ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਰਖਿਆ ਸਾਜ਼ ਸਮਾਨ ਤਿਆਰ ਕਰਦੀਆਂ ਕੰਪਨੀਆਂ ਦੇ ਮੁਨਾਫ਼ੇ ਨੂੰ ਵਧਾਉਣ ਲਈ ਸਰਗਰਮ ਹਨ। ਉਨ੍ਹਾਂ ਕਿਹਾ ਕਿ ''ਮੈ ਇਹ ਨਹੀਂ ਕਹਿੰਦਾ ਕਿ ਫੌਜ ਮੈਨੂੰ ਪਿਆਰ ਕਰਦੀ ਹੈ। ਸੈਨਿਕ ਪੈਂਟਾਗਨ ਵਿਚ ਚੋਟੀ ਦੇ ਲੋਕ ਹਨ ਕਿਉਂਕਿ ਉਹ ਕੁਝ ਨਹੀਂ ਕਰਨਾ ਚਾਹੁੰਦੇ ਕੇਵਲ ਜੰਗ ਲੜਨਾ ਚਾਹੁੰਦੇ ਹਨ ਤਾਂ ਜੋ ਬੰਬ ਤੇ ਜਹਾਜ਼ ਬਣਾਉਣ ਵਾਲੀਆਂ ਕੰਪਨੀਆਂ ਦੇ ਮੁਨਾਫ਼ੇ ਵਧਣ। ਰਾਸ਼ਟਰਪਤੀ ਨੇ ਇਹ ਅਣਕਿਆਸੀ ਟਿਪਣੀ ਉਨ੍ਹਾਂ ਅਨੇਕਾਂ ਫੌਜੀ ਅਧਿਕਾਰੀਆਂ ਦੇ ਸੰਦਰਭ ਵਿਚ ਕੀਤੀ ਹੈ ਜੋ ਮੀਡੀਆ ਰਾਹੀਂ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਹਿ ਚੁੱਕੇ ਹਨ ਕਿ ਰਾਸ਼ਟਰਪਤੀ ਤੇ ਪੈਂਟਾਗਨ ਵਿਚਾਲੇ ਸਬੰਧ ਖਰਾਬ ਹੋ ਰਹੇ ਹਨ।

ਟਰੰਪ ਨੇ ਅਰਥਵਿਵਸਥਾ ਤੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਨੂੰ ਕਾਰਗਰ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਯਤਨਾਂ ਸਦਕਾ ਬਹੁਤ ਸਾਰੀਆਂ ਜਾਨਾਂ ਬਚਾਈਆਂ ਗਈਆਂ ਹਨ। ਟਰੰਪ ਨੇ ਕਿਹਾ ਕਿ ਵੈਕਸੀਨ ਬਾਰੇ ਉਨਾਂ ਦੀ ਪਹੁੰਚ ਰਾਜਸੀ ਨਹੀਂ ਹੈ ਤੇ ਉਨਾਂ ਦਾ ਯਤਨ ਹੈ ਕਿ ਵੈਕਸੀਨ ਜਿੰਨੀ ਵੀ ਛੇਤੀ ਸੰਭਵ ਹੋ ਸਕੇ ਅਮਰੀਕੀਆਂ ਨੂੰ ਉਪਲੱਬਧ ਹੋ ਜਾਣੀ ਚਾਹੀਦੀ ਹੈ। ਵੈਕਸੀਨ ਬਾਰੇ ਅਮਰੀਕੀਆਂ ਦੀ ਸੋਚ ਵੀ ਵੱਖੋ ਵੱਖਰੀ ਹੈ। ਦੋ ਤਿਹਾਈ ਵੋਟਰਾਂ ਦਾ ਕਹਿਣਾ ਹੈ ਕਿ ਉਹ ਵੈਕਸੀਨ ਆਉਣ 'ਤੇ ਇਸ ਨੂੰ ਤੁਰੰਤ ਲੈ ਲੈਣ ਦੀ ਕਾਹਲ ਨਹੀਂ ਕਰਨਗੇ ਤੇ 4 ਪਿਛੇ ਇਕ ਅਮਰੀਕੀ ਦਾ ਕਹਿਣਾ ਹੈ ਕਿ ਉਹ ਕਦੀ ਵੀ ਵੈਕਸੀਨ ਨਹੀਂ ਲੈਣਗੇ। ਇਹ ਸਰਵੇ ਯੂ ਐਸ ਏ ਟੂਡੇਅ/ਸੁਫੋਲਕ ਪੋਲ ਵੱਲੋਂ ਕਰਵਾਇਆ ਗਿਆ ਸੀ।