ਗੁਰੂ ਨਾਨਕ ਦੇਵ ਜੀ ਦਾ ਸਮਾਂ ਅਤੇ ਸਿੱਖਿਆਵਾਂ 

ਗੁਰੂ ਨਾਨਕ ਦੇਵ ਜੀ ਦਾ ਸਮਾਂ ਅਤੇ ਸਿੱਖਿਆਵਾਂ 

ਕੇਹਰ ਸ਼ਰੀਫ਼

ਬਾਬਾ (ਗੁਰੂ) ਨਾਨਕ ਜੀ ਦੇ ਆਗਮਨ ਤੇ ਭਾਈ ਗੁਰਦਾਸ ਜੀ ਨੇ ਲਿਖਿਆ:

ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜੱਗ ਚਾਨਣ ਹੋਆ।।
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ।।

ਧੁੰਦ ਭਰੀ ਸਥਿਤੀ ਅਜਿਹੀ ਹੀ ਹੁੰਦੀ ਹੈ ਜਿਸ ਵਿੱਚ ਨਜ਼ਰ ਹੀ ਕੁਝ ਨਹੀਂ ਆਉਂਦਾ, ਇਹਨੂੰ ਦੂਰ ਕਰਨ ਵਾਸਤੇ ਤਾਂ ਸੂਰਜ ਦੀ ਲੋੜ ਪੈਂਦੀ ਹੈ। ਉਦੋਂ ਦੇ ਅਜਿਹੇ ਮਾੜੇ ਸਮੇਂ ਵਿਚ ਬਾਬਾ ਗੁਰੂ ਨਾਨਕ ਸੂਰਜ ਬਣ ਕੇ ਆਏ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਤੋਂ ਵਹਿਮਾਂ ਭਰਮਾ, ਟੂਣੇ-ਟਾਮਣਾਂ ਅਤੇ ਆਪਣੇ ਆਪ ਤੇ ਬੇਵਿਸ਼ਵਾਸੀ ਦਾ ਆਲਮ ਰੋਕਣ ਵਾਸਤੇ ਲੋਕਾਂ ਨੂੰ ਜਗਾਉਣ ਦੇ ਰਾਹੇ ਪਾਉਣ ਦਾ ਕਾਰਜ ਆਰੰਭਿਆ।

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਵਿਖੇ ਹੋਇਆ (ਜੋ ਹੁਣ ਪਾਕਿਸਤਾਨ ਵਿਚ ਹੈ ਅਤੇ ਜਿਸ ਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ)।ਆਪ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸੀ। ਆਪ ਜੀ ਦੇ ਪਿਤਾ ਕਲਿਆਣ ਚੰਦ ਮਹਿਤਾ ਪਿੰਡ ਤਲਵੰਡੀ ਵਿਖੇ ਮਾਲ ਮਹਿਕਮੇ ਦੇ ਪਟਵਾਰੀ ਸਨ ਅਤੇ ਉਸ ਇਲਾਕੇ ਦੇ ਇਕ ਮੁਸਲਮਾਨ ਜਿਮੀਂਦਾਰ ਰਾਇ ਬੁਲਾਰ ਕੋਲ ਨੌਕਰੀ ਕਰਦੇ ਸਨ। ਆਪ ਜੀ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ।

ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿਚ ਕੰਮ ਕਰਦੇ ਸਨ। ਗੁਰੂ ਨਾਨਕ ਸਾਹਿਬ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਪੁਰਾਤਨ ਰਸਮਾਂ ਮੁਤਾਬਕ ਉਹ ਵੀ ਸੁਲਤਾਨਪੁਰ ਆਪਣੇ ਜੀਜੇ ਦੇ ਘਰ ਰਹਿਣ ਚਲੇ ਗਏ। ਉੱਥੇ ਉਹ 16 ਸਾਲ ਦੀ ਉਮਰ ਵਿੱਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਪੁਰਾਤਨ ਜਨਮ-ਸਾਖੀਆਂ ਮੁਤਾਬਕ ਇਹ ਸਮਾਂ ਗੁਰੂ ਨਾਨਕ ਲਈ ਇਕ ਰਚਨਾਤਮਕ ਸਮਾਂ ਸੀ ਅਤੇ ਇਸ ਦੌਰਾਨ ਹੀ ਇਹਨਾਂ ਦੀ ਅਕਾਲ ਪੁਰਖ ਨੂੰ ਮਿਲਣ ਦੀ ਤਾਂਘ ਵਧੀ।

ਸੰਨ 1475 ਈ: ਵਿੱਚ ਆਪ ਜੀ ਨੂੰ ਗੋਪਾਲ ਪੰਡਿਤ ਕੋਲ ਪੜ੍ਹਨ ਭੇਜਿਆ ਗਿਆ। ਪੰਡਿਤ ਨਾਲ ਹੋਏ ਵਿਚਾਰ ਵਟਾਂਦਰੇ ਨੂੰ ਆਪ ਨੇ ਆਪਣੀ ਰਚਨਾ 'ਪੱਟੀ' ਵਿਚ ਦਰਜ ਕੀਤਾ ਹੈ। ਸੰਨ 1478 ਈ: ਵਿਚ ਪੰਡਿਤ ਬ੍ਰਿਜਨਾਥ ਸ਼ਰਮਾ ਪਾਸ ਸੰਸਕ੍ਰਿਤ ਪੜ੍ਹਨ ਭੇਜਿਆ ਗਿਆ। ਉਸ ਨਾਲ ਵੀ ਗੁਰੂ ਜੀ ਨੇ ਸੁਚੱਜਾ ਵਿਚਾਰ ਵਟਾਂਦਰਾ ਕੀਤਾ। ਸੰਨ 1480 ਈ: ਵਿੱਚ ਫ਼ਾਰਸੀ ਪੜ੍ਹਨ ਲਈ ਕੁਤਬ ਦੀਨ ਮੌਲਾਨਾ ਪਾਸ ਭੇਜਿਆ ਗਿਆ। 

ਹੁਣ ਹਾਲਤ ਕੀ ਨੇ ਕਿ ਗੁਰੂ ਘਰਾਂ ਅੰਦਰ ਸ਼ਰਧਾਪੂਰਵਕ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਹਨ। ਗੁਰੂ ਬਾਬੇ ਦੀਆਂ ਸਿੱਖਿਆਵਾਂ ਬਾਰੇ ਵਿਚਾਰਾਂ ਕਰਕੇ, ਉਨ੍ਹਾਂ ਦੀਆਂ ਸਿੱਖਿਆਵਾਂ ਨਾਲ ਜੁੜਨ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਨ੍ਹਾਂ ਉੱਤੇ ਅਮਲ ਕਰਕੇ ਇਸ ਦੁਨੀਆ ਦੇ ਜੋ ਆਮ ਕੁਚੱਜੇ ਵਹਿਣ ਨੇ ਉਨ੍ਹਾਂ ਨੂੰ ਮਨੁੱਖਵਾਦੀ ਧਾਰਾ ਵੱਲ ਮੋੜਨ ਦੇ ਸੱਦੇ ਦਿੱਤੇ ਜਾ ਰਹੇ ਹਨ। ਇਹ ਕਾਰਜ ਬਹੁਤ ਔਖਾ ਹੈ, ਪਰ ਇੱਥੇ ਗੱਲ ਕਰਦਿਆਂ ਸਾਨੂੰ ਇਹ ਵੀ ਤਾਂ ਸੋਚਣਾ ਚਾਹੀਦਾ ਹੈ ਕਿ ਸਮਾਜ ਦੀ ਵਿਗੜ ਰਹੀ ਧਾਰਾ ਨੂੰ ਸਹੀ ਰਸਤੇ ਵੱਲ ਮੋੜਨਾ ਕੋਈ ਸੌਖਾ ਕੰਮ ਤਾਂ ਨਹੀਂ ਹੁੰਦਾ। ਇਸ ਬਾਰੇ ਸਖਤ ਮਿਹਨਤ-ਮੁਸ਼ੱਕਤ ਤਾਂ ਕਰਨੀ ਹੀ ਪਵੇਗੀ। ਸੋ ਇਹ ਭਲਾ ਸੌਖਾ ਕਾਰਜ ਕਿਵੇਂ ਹੋ ਸਕਦਾ ਹੈ? ਪਰ ਇਨ੍ਹਾਂ ਸਿਖਿਆਵਾਂ ਨਾਲ ਜੁੜੇ ਬਗੈਰ ਅਤੇ ਉਨ੍ਹਾਂ ਉੱਤੇ ਅਮਲ ਕੀਤੇ ਬਿਨਾ ਸਭ ਵਿਖਿਆਨ ਥੋਥੇ ਹਨ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਕੋਈ ਵੀ ਥੀਊਰੀ ਜਾਂ ਵਿਚਾਰ ਜਦੋਂ ਤਕ ਉਸ ਉੱਤੇ ਹੁੰਦੇ ਅਮਲ ਨੂੰ ਨਾ ਪਰਖਿਆ ਜਾਵੇ, ਉਸ ਦਾ ਪੂਰਾ ਸੱਚ ਪੱਲੇ ਨਹੀਂ ਪੈਂਦਾ। ਜੋ ਸੱਚ ਨੂੰ ਨਾ ਪਰਖੇ ਜਾਂ ਹੰਘਾਲੇ ਉਹ ਕਾਹਦਾ ਵਿਚਾਰ? ਲੋੜ ਹੈ ਅੱਜ ਦੀ ਸਥਿਤੀ 'ਤੇ ਘੋਖਵੀਂ ਅਤੇ ਡੂੰਘੀ ਨਜ਼ਰ ਮਾਰਨ ਦੀ, ਵਿਚਾਰਨ ਤੇ ਪਰਖ ਕਰਨ ਦੀ।

ਅੱਜ ਦਾ ਸਮਾਂ ਉਸ ਸਮੇਂ ਤੋਂ ਬਹੁਤ ਵੱਖਰਾ ਹੈ ਜਿਸ ਸਮੇਂ ਬਾਬਾ ਗੁਰੂ ਨਾਨਕ ਦਾ ਇਸ ਜੱਗ ਵਿੱਚ ਆਗਮਨ ਹੋਇਆ ਸੀ। ਉਦੋਂ ਸਮਾਜ ਅੰਦਰ ਸਿਰੇ ਦੀ ਗੁਰਬਤ ਸੀ, ਹਰ ਪਾਸੇ ਧੁੰਦ ਹੀ ਧੁੰਦ ਸੀ। ਵਹਿਮਾਂ ਭਰਮਾਂ ਵਿੱਚ ਸਾਡਾ ਸਮਾਜ ਗਰਕਿਆ ਪਿਆ ਸੀ, (ਸੈਂਕੜੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਅਜੇ ਉਸੇ ਜਿੱਲ੍ਹਣ ਵਿਚ ਫਸੇ ਬੈਠੇ ਹਾਂ)। ਬ੍ਰਾਹਮਣੀ ਮੱਤ ਵਲੋਂ ਦਿੱਤੀ ਵਿਤਕਰੇ ਭਰਪੂਰ ਅਣਮਨੁੱਖੀ ਸੋਚ ਜਾਤ-ਪਾਤ ਦੇ ਅਧਾਰ 'ਤੇ ਮਨੁੱਖ ਦੇ ਚੰਗੇ ਮੰਦੇ ਹੋਣ ਦੀ ਪਰਖ ਕੀਤੀ ਜਾਂਦੀ ਸੀ। ਤਕੜਾ ਮਾੜੇ ਨੂੰ ਦਬਾਈ ਜਾ ਰਿਹਾ ਸੀ, ਮਾੜੇ ਦਾ ਜੀਣ ਬਹੁਤ ਔਖਾ ਸੀ। ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲਾ ਹੀ ਸਭ ਤੋਂ ਔਖਾ ਜੀਵਨ ਬਸਰ ਕਰਦਾ ਸੀ, ਵਿਹਲੜ ਉਦੋਂ ਵੀ ਅੱਜ ਦੇ ਵਿਹਲੜਾਂ ਵਾਂਗ ਹੀ ਮੌਜਾਂ ਮਾਣਦੇ ਸਨ। ਆਪਣੇ ਆਪ ਨੂੰ ਸਮਾਜ ਦੀ ਅਗਵਾਈ ਕਰਨ ਵਾਲੇ ਬਹੁਤੇ ਸੰਤ ਮਹਾਤਮਾ ਕਹਾਉਂਦੇ ਲੋਕ ਪਖੰਡਾਂ ਵਿਚ ਗਲਤਾਨ ਸਨ ਜਿਵੇਂ ਅੱਜ ਹਨ, ਆਪਣੀ ਹੀ ਪੂਜਾ ਕਰਵਾਈ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸਮਾਜ ਨਾਲੋਂ ਵੱਧ ਆਪਣੇ ਸੁਖਾਂ ਭਰੇ ਜੀਵਨ ਦਾ ਫਿਕਰ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸ ਜੀਵਨ ਅਤੇ ਜਹਾਨ ਵਲੋਂ ਉਦਾਸ ਅਤੇ ਉਪਰਾਮ ਹੋਏ ਪਹਾੜੀਂ ਜਾ ਚੜ੍ਹੇ, ਭਗਤੀ ਦੀਆਂ ਗੱਲਾਂ ਕਰਨ ਲੱਗੇ। ਪਰ ਜੀਣ ਦੇ ਸਾਰੇ ਸਾਧਨ ਉਹ ਫੇਰ ਵੀ ਉਸ ਸਮਾਜ ਤੋਂ ਹੀ ਮੰਗਦੇ ਰਹੇ ਜਿਸ ਨੂੰ ਤਿਆਗਣ ਦਾ ਉਹ ਪਾਖੰਡ ਕਰਦੇ ਸਨ। ਜਿਸ ਸਮਾਜ ਨੂੰ ਚੰਗੀ ਅਗਵਾਈ ਦੀ ਲੋੜ ਹੋਵੇ, ਜੇ ਉਦੋਂ ਉਸ ਨੂੰ ਸੇਧ ਦੇਣ ਵਾਲੇ ਆਪਣੇ ਆਪ ਸੇਧ ਹੀਣ ਹੋ ਜਾਣ ਤਾਂ ਉਸ ਸਮਾਜ ਨੂੰ ਢਹਿੰਦੀਆਂ ਕਲਾਂ ਵੱਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਉਦੋਂ ਹਾਲਤ ਵੀ ਇਵੇਂ ਦੀ ਹੀ ਸੀ, ਤੇ ਹੋਇਆ ਵੀ ਇਵੇਂ ਹੀ ਸੀ।

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਗੁਰੂ ਨਾਨਕ ਅਜਿਹੇ ਨਾਥ ਜੋਗੀਆਂ ਦੇ ਡੇਰਿਆਂ 'ਤੇ ਪਹੁੰਚੇ ਉਨ੍ਹਾਂ ਨਾਲ ਵਿਚਾਰਾਂ ਕੀਤੀਆਂ, ਉਨ੍ਹਾਂ ਨੂੰ ਠੀਕ ਰਾਹ ਦੀ ਦੱਸ ਪਾਈ। ਇਹ ਗੱਲਾਂ-ਬਾਤਾਂ ਜਿਨ੍ਹਾਂ ਨੂੰ ਗੋਸ਼ਟਿ ਭਾਵ ਵਿਚਾਰ ਵਟਾਂਦਰਾ ਕਰਨਾ ਵੀ ਕਿਹਾ ਜਾਂਦਾ ਹੈ। ਅੱਜ ਸੋਚਦੇ ਹਾਂ ਕਿ ਇੱਥੋਂ ਹੀ ਅੱਜ ਦੀ ਗੋਸ਼ਟੀ, ਸੈਮੀਨਾਰ ਵਿਚਾਰ-ਵਟਾਂਦਰੇ ਆਦਿ ਦੀ ਸ਼ੁਰੂਆਤ ਹੋਈ ਹੋਵੇਗੀ, ਕਿ ਦੂਜੇ ਦੀ ਗੱਲ ਸੁਣਨੀ ਤੇ ਆਪਣੀ ਕਹਿਣੀ ਵਾਲੀ ਰਵਾਇਤ ਤੁਰੀ, ਜੋ ਅੱਜ ਦੇ ਸੰਸਾਰ ਅੰਦਰ ਹਰ ਪਾਸੇ ਹੀ ਵਰਤੀ ਜਾ ਰਹੀ ਹੈ। ਇਸੇ ਕਰਕੇ ਤਾਂ ਬਾਬਾ ਗੁਰੂ ਨਾਨਕ ਨੇ ਕਿਹਾ ਸੀ :

ਜਬ ਲਗ ਦੁਨੀਆ ਰਹੀਐ ਨਾਨਕ 
ਕਿਛੁ ਸੁਣੀਐ ਕਿਛੁ ਕਹੀਐ।।

ਅਜਿਹੀ ਸਥਿਤੀ ਬਾਰੇ ਕਿਸੇ ਕਵੀ ਮਨ ਨੇ ਦੁੱਖ ਪ੍ਰਗਟ ਕਰਦਿਆਂ ਲਿਖਿਆ ਕਿ ਬਾਬੇ ਨੇ ਸਿੱਧਾਂ ਦੇ ਮਨ ਤਾਂ ਬਦਲੇ ਪਰ ਅਸੀਂ ਆਪਣੇ ਮਨਾਂ ਤੇ ਡੇਰਿਆਂ ਵਿਚ ਚਾਨਣ ਹੋਣ ਹੀ ਨਹੀਂ ਦੇਣਾ ਚਾਹੁੰਦੇ। ਕਵੀ ਕਹਿੰਦਾ ਹੈ :

''ਛੱਟਾ ਤਾਰਿਆਂ ਦਾ ਸੁੱਟਿਆ ਹਨੇਰਿਆਂ ਦੇ ਵਿਚ 
ਲੱਖਾਂ ਕਿਰਨਾਂ ਬਖੇਰੀਆਂ ਸਵੇਰਿਆਂ ਦੇ ਵਿਚ
ਸਿੱਧਾਂ ਜੋਗੀਆਂ ਦੇ ਅੰਬਰਾਂ 'ਚ ਤਾਰੇ ਚਾੜ੍ਹ ਦਿੱਤੇ
ਲੋਅ ਫੇਰ ਵੀ ਨਾ ਹੋਈ ਸਾਡੇ ਡੇਰਿਆਂ ਦੇ ਵਿਚ”

ਸਾਡੇ ਹੁਣ ਦੇ ਬਹੁਤੇ ਡੇਰੇ ਤਾਂ ਵੰਡਦੇ ਹੀ ਹਨੇਰਾ ਹਨ, ਇਨ੍ਹਾਂ ਤੋਂ ਬਚਣ ਦਾ ਹੋਕਾ ਦੇਣਾ ਸਾਡਾ ਫ਼ਰਜ਼ ਹੈ।

ਗੁਰੂ ਜੀ ਤਿੱਬਤ, ਲੰਕਾ ਅਤੇ ਅਰਬ ਦੇਸ਼ਾਂ ਵਿਚ ਵੀ ਗਏ। ਉੱਘੇ ਧਰਮ ਅਸਥਾਨਾਂ ਵਿਚ ਜਾ ਕੇ ਪੰਡਤਾਂ, ਮੁਲਾਣਿਆਂ ਅਤੇ ਆਮ ਲੋਕਾਂ ਨੂੰ ਅਸਲੀ ਧਰਮ ਦੀ ਸੋਝੀ ਕਰਵਾਈ। ਸੰਸਾਰ ਦੇ ਧਾਰਮਿਕ ਆਗੂਆਂ ਵਿੱਚੋਂ ਸਭ ਤੋਂ ਵੱਧ ਸਫਰ ਕਰਨ ਵਾਲੇ ਆਪ ਹੀ ਸਨ। ਆਪ ਜੀ ਨੇ ਬਾਣੀ ਰਾਹੀਂ ਥਾਂ-ਥਾਂ 'ਤੇ ਪ੍ਰਚਾਰ ਕੀਤਾ। ਆਪ ਜੀ ਨੇ ਬਾਣੀ ਰਚਨਾ ਬਚਪਨ ਤੋਂ ਹੀ ਆਰੰਭ ਕਰ ਦਿੱਤੀ ਸੀ। ਸੰਨ 1480 ਈ: ਵਿਚ ਸਮਾਜੀ ਸੰਸਕਾਰ ਦੀ ਪੂਰਤੀ ਲਈ ਬੁਲਾਏ ਗਏ ਪ੍ਰੋਹਤ ਨੂੰ ਗੁਰੂ ਜੀ ਨੇ ਜੰਜੂ ਬਾਰੇ ਗਿਆਨ ਦਿੱਤਾ। ਇਸ ਤਰ੍ਹਾਂ ਬਚਪਨ ਤੋਂ ਹੀ ਆਪ ਜੀ ਦਾ ਦੁਨੀਆ ਨੂੰ ਸਹੀ ਰਾਹ 'ਤੇ ਪਾਉਣ ਦਾ ਸਫਰ ਆਰੰਭ ਹੁੰਦਾ ਹੈ ਤੇ ਸਮਾਂ ਬੀਤਣ ਨਾਲ ਇਸ ਦਾ ਦਾਇਰਾ ਵਿਸ਼ਾਲ ਹੁੰਦਾ ਜਾਂਦਾ ਹੈ।
ਬਾਬਾ ਗੁਰੂ ਨਾਨਕ ਬਚਪਨ ਤੋਂ ਹੀ ਅਜਿਹੇ ਕਿਰਦਾਰ ਨਾਲ ਵਿਚਰਨ ਲੱਗੇ ਕਿ ਉਨ੍ਹਾਂ ਦਾ ਹਰ ਕਾਰਜ ਹੀ ਨਵਾਂ ਅਤੇ ਨਿਵੇਕਲਾ ਸੀ। ਉਦੋਂ ਦੀ ਸਮਾਜਕ ਰੀਤ ਸੀ ਕਿ ਜਦੋਂ ਬੱਚੇ ਨੂੰ ਸਮਾਜ ਵਿੱਚ ਸ਼ਾਮਲ ਕੀਤਾ ਜਾਂਦਾ ਸੀ ਤਾਂ ਬ੍ਰਾਹਮਣੀ ਰੀਤਾਂ ਅਨੁਸਾਰ ਉਸਦੇ ਗਲ ਵਿੱਚ ਜਨੇਊ ਪਾਇਆ ਜਾਂਦਾ ਸੀ। ਸੂਤ ਦੀ ਵੱਟੀ ਡੋਰ ਨੂੰ ਹੀ ਜਨੇਊ ਕਿਹਾ ਜਾਂਦਾ ਹੈ। ਜਦੋਂ ਪਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਨੇ ਆਪਣੇ ਘਰ ਪੰਡਿਤ ਨੂੰ ਬੁਲਾ ਕੇ ਨਾਨਕ (ਗੁਰੂ ਸਾਹਿਬ) ਦੇ ਗਲ ਜਨੇਊ ਪਾਉਣ ਵਾਸਤੇ ਕਿਹਾ ਤਾਂ ਗੁਰੂ ਨਾਨਕ ਨੇ ਅਜਿਹੇ ਜਨੇਊ ਦੀ ਮੰਗ ਕੀਤੀ ਕਿ ਜੋ ਦਇਆ ਭਰਪੂਰ ਹੋਵੇ, ਸਬਰ, ਸੰਜਮ ਤੇ ਸੰਤੋਖ ਵਾਲਾ ਹੋਵੇ, ਜੋ ਟੁੱਟੇ ਨਾ, ਜੋ ਜਲ਼ੇ ਨਾ ਤੇ ਮੈਲ਼ਾ ਨਾ ਹੋਵੇ ਅਤੇ ਪੰਡਿਤ ਨੂੰ ਕਿਹਾ :

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।

ਇਸ ਤਰ੍ਹਾਂ ਸਬਰ, ਸੰਤੋਖ, ਸੰਜਮ ਵਾਲੇ ਅਤੇ ਨਾ ਜਲਣ ਵਾਲੇ ਤੇ ਨਾ ਮੈਲ਼ਾ ਹੋਣ ਵਾਲੇ ਤੇ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਕਰਕੇ ਬਾਬੇ ਗੁਰੂ ਨਾਨਕ ਨੇ ਸੂਤ ਦੇ ਵੱਟੇ ਧਾਗਿਆਂ ਵਾਲੇ ਜਨੇਊ ਨੂੰ ਹੀ ਰੱਦ ਕਰ ਦਿੱਤਾ। ਪਰ ਪੰਡਤ ਅਜਿਹੇ ਜਨੇਊ ਬਾਰੇ ਜਾਣਦਾ ਹੀ ਕੁਝ ਨਹੀਂ ਸੀ, ਜਿਹੜਾ ਬਾਬੇ ਗੁਰੂ ਨਾਨਕ ਨੇ ਮੰਗਿਆ। ਉਸ ਸਮੇਂ ਦਲੀਲ ਨਾਲ ਰਵਾਇਤੀ ਕਿਸਮ ਦੇ ਜਨੇਊ ਨੂੰ ਪਾਉਣ ਤੋਂ ਕੀਤੀ ਗਈ ਨਾਂਹ ਵਿੱਚੋਂ ਨਵਾਂ ਵਿਚਾਰ, ਨਵਾਂ ਰਾਹ, ਭਾਵ ਸਿੱਖੀ ਦੇ ਰਾਹ ਦੀ ਧਾਰਾ ਫੁੱਟਦੀ ਹੈ, ਇਹ ਸਾਨੂੰ ਅੱਜ ਸਮਝਣਾ ਸੌਖਾ ਹੈ, ਉਦੋਂ ਭਾਵੇਂ ਔਖਾ ਲੱਗਿਆ ਹੋਵੇ। ਫਰਜ਼ ਕਰੋ ਬਾਬਾ ਗੁਰੂ ਨਾਨਕ ਉਸ ਦਿਨ ਜਦੋਂ ਪਿਤਾ ਕਾਲੂ ਜੀ ਨੇ ਪੰਡਿਤ ਨੂੰ ਘਰ ਸੱਦਿਆ, ਜੇ ਉਦੋਂ ਪੰਡਿਤ ਦੇ ਕਹੇ ਜਨੇਊ ਪਾ ਲੈਂਦੇ ਤਾਂ ਕੀ ਅੱਜ ਇਹ ਸਥਿਤੀ ਹੁੰਦੀ ਜਿਸ ਵਿਚ ਆਪਾਂ ਸਾਰੇ ਗੁਜ਼ਰ ਰਹੇ ਹਾਂ। ਆਪਾਂ ਰਲ ਕੇ ਬੈਠਦੇ ਹਾਂ, ਸਾਂਝੀਆਂ ਵਿਚਾਰਾਂ ਕਰਦੇ ਹਾਂ। ਇਹ ਉਸ ਦਿਨ ਬਾਬਾ ਗੁਰੂ ਨਾਨਕ ਵਲੋਂ ਰਵਾਇਤੀ ਕਿਸਮ ਦੇ ਜਨੇਊ ਪਾਉਣ ਤੋਂ ਕੀਤੀ ਗਈ ਨਾਂਹ ਦਾ ਸਿੱਟਾ ਹੀ ਹੈ ਕਿ ਇਹ ਨਵਾਂ ਰਾਹ ਤੁਰਿਆ, ਜੋ ਸਿੱਖੀ ਦਾ ਰਾਹ ਬਣ ਗਿਆ। ਬਾਬਾ ਗੁਰੂ ਨਾਨਕ ਜੀ ਤੋਂ ਪਹਿਲਾਂ ਸੰਤ ਕਬੀਰ ਜੀ ਨੇ ਵੀ ਪਾਖੰਡ ਦੇ ਇਸ ਰਾਹ ਨੂੰ ਰੱਦ ਕੀਤਾ ਸੀ ਤੇ ਭਗਤੀ ਲਹਿਰ ਦੇ ਬਾਕੀ ਰਹਿਬਰ ਜਾਂ ਹੋਰ ਭਗਤ ਉਸ ਸਮੇਂ ਦੇ ਬ੍ਰਾਹਮਣੀ ਕਰਮ ਕਾਂਡਾਂ ਨੂੰ ਰੱਦ ਕਰਨ ਵਾਲੇ ਹੀ ਸਨ। ਗੁਰੂ ਨਾਨਕ ਸਾਹਿਬ ਨੇ ਗੁਰਮਤਿ ਦੇ ਵਿਚਾਰਾਂ ਨੂੰ ਮਨੁੱਖਤਾ ਲਈ ਗਾਡੀਰਾਹ ਬਣਾਉਣ ਦਾ ਅਨੂਠਾ ਕਾਰਜ ਸਿਰੇ ਚਾੜ੍ਹਿਆ ਜੋ ਬਾਕੀ ਗੁਰੂ ਸਾਹਿਬਾਨ ਨੇ ਅੱਗੇ ਤੋਰਿਆ। ਇਸ ਤਰ੍ਹਾਂ ਭਗਤੀ ਲਹਿਰ ਦੇ ਸੰਤਾਂ-ਮਹਾਪੁਰਖਾਂ ਦੀ ਘਾਲਣਾ ਅਤੇ ਗੁਰੂ ਨਾਨਕ ਸਾਹਿਬ ਦੀ ਸਿੱਖ ਲਹਿਰ ਇਸ ਖਿੱਤੇ ਵਿਚ ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਖਾਲਸਾ ਇਨਕਲਾਬ ਦੀ ਬੁਨਿਆਦ ਬਣੀ। ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਦੀ ਬਾਣੀ ਦਰਜ ਹੋਣ ਦੇ ਨਾਨ-ਨਾਲ ਭਗਤੀ ਲਹਿਰ ਦੇ ਸੰਤ-ਭਗਤਾਂ ਦੀ ਬਾਣੀ ਦਾ ਸ਼ਾਮਿਲ ਕਰਨਾ ਵੀ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਗੁਰਮਤਿ ਨੂੰ ਪ੍ਰਣਾਏ ਸਭ ਮਹਾਪੁਰਖਾਂ ਨੂੰ ਬਰਾਬਰ ਮਾਣ ਸਤਿਕਾਰ ਦੇਣ ਦਾ ਲਖਾਇਕ ਹੈ। ਗੁਰੂਆਂ ਅਤੇ ਭਗਤਾਂ ਦੀ ਸਾਂਝੀ ਮੱਤ ਹੀ ਗੁਰਮਤਿ ਹੈ ਜੋ ਸਾਨੂੰ ਆਪਣੀ ਸੋਚ ਦਾ ਹਿੱਸਾ ਬਣਾ ਲੈਣੀ ਚਾਹੀਦੀ ਹੈ, ਤਾਂ ਕਿ ਅਸੀਂ ਹਨੇਰਾ ਢੋਹਣ ਤੋਂ ਬਚ ਸਕੀਏ, ਕਿਸੇ ਵੀ ਗੱਲ ਬਾਰੇ ਸਹੀ ਫੈਸਲਾ ਲੈ ਸਕੀਏ। ਇਹ ਹੀ ਗੁਰੂ ਨਾਨਕ ਦਾ ਰਾਹ ਹੈ ਜੋ ਜੱਗ ਚਾਨਣ ਕਰਦਾ ਹੈ। ਪਰ ਬਹੁਤ ਵਾਰ ਅਸੀਂ ਇਸ ਸਹਿਜ ਰਾਹ ਤੋਂ ਪਾਸੇ ਜਾਂਦਿਆਂ ਅਣਜਾਣੇ ਹੀ ਵਹਿਮਾਂ-ਭਰਮਾਂ ਵਾਲੇ ਰਾਹ ਤੁਰ ਪੈਂਦੇ ਹਾਂ। ਵਹਿਮਾਂ-ਭਰਮਾਂ ਵਾਲਾ ਰਾਹ, ਗੁਰੂ ਨਾਨਕ ਦਾ ਰਾਹ ਨਹੀਂ। ਨਵੇਂ ਰਾਹੇ ਤੁਰਨ ਕਰਕੇ ਤਾਂ ਬਾਬਾ ਗੁਰੂ ਨਾਨਕ ਨੂੰ ਸਮਾਜ ਅੰਦਰ ਜੀਅ ਰਹੇ ਦੰਭੀਆਂ ਨੇ ਭੂਤਨਾ, ਬੇਤਾਲਾ ਤਕ ਕਿਹਾ। ਇੱਥੋਂ ਹੀ ਪਤਾ ਲਗਦਾ ਹੈ ਕਿ ਚੱਲ ਰਹੀ ਰੀਤ ਦੀ ਥਾਵੇਂ ਨਵਾਂ ਰਾਹ ਪਾਉਣਾ ਸੌਖਾ ਨਹੀਂ ਹੁੰਦਾ, ਸਗੋਂ ਹੁੰਦਾ ਬਹੁਤ ਹੀ ਔਖਾ ਹੁੰਦਾ ਹੈ। ਇਸ 'ਤੇ ਚੱਲਣ ਲਈ ਬਹੁਤ ਕੁਝ ਸੁਣਨਾ ਤੇ ਸਹਿਣਾ ਪੈਂਦਾ ਹੈ।

ਗੁਰੂ ਨਾਨਕ ਜੀ ਨੇ ਬ੍ਰਾਹਮਣੀ ਸਮਾਜ ਵਲੋਂ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਅਤੇ ਅਜਿਹੇ ਹੀ ਕੁਲਹਿਣੇ ਹੋਰ ਨਹੋਰਿਆਂ ਦਾ ਵਿਰੋਧ ਕੀਤਾ। ਉਨ੍ਹਾਂ ਸਦੀਆਂ ਤੋਂ ਦੁਰਕਾਰੀ ਅਤੇ ਲਤਾੜੀ ਜਾ ਰਹੀ ਔਰਤ ਦੇ ਸਵੈਮਾਣ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ ਤੇ ਕਿਹਾ :

ਭੰਡਿ ਜੰਮੀਐ ਭੰਡ ਨਿੰਮੀਐ
ਭੰਡਿ ਮੰਗਣੁ ਵੀਆਹੁ।।
ਭੰਡਹੁ ਹੋਵੈ ਦੋਸਤੀ 
ਭੰਡਹੁ ਚਲੈ ਰਾਹੁ।।
ਭੰਡੁ ਮੂਆ ਭੰਡੁ ਭਾਲੀਐ
ਭੰਡਿ ਹੋਵੇ ਬੰਧਾਨ।।
ਸੋ ਕਿਉਂ ਮੰਦਾ ਆਖੀਐ
ਜਿਤਿ ਜੰਮੈ ਰਾਜਾਨ।।

ਅੱਜ ਦੇ ਸਮੇਂ ਸਾਨੂੰ ਆਪਣੇ ਜੀਵਨ, ਆਪਣੇ ਘਰ ਤੇ ਆਪਣੇ ਸਮਾਜ ਜਾਂ ਆਪਣੇ ਆਲ਼ੇ-ਦੁਆਲ਼ੇ ਨਿਗਾਹ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਦਰਅਸਲ ਹੋ ਕੀ ਰਿਹਾ ਹੈ? ਕੀ ਬਾਬਾ ਗੁਰੂ ਨਾਨਕ ਵਲੋਂ ਆਪਣੇ ਸਮੇਂ ਵਿੱਚ ਲੋਕਾਈ ਨੂੰ ਦਿੱਤੇ ਉਪਦੇਸ਼ ਲੋਕਾਂ ਨੇ ਆਪਣੇ ਜੀਵਨ ਵਿੱਚ ਅਪਣਾਏ ਵੀ ਹਨ ਜਾਂ ਫੇਰ ਅੱਜ ਅਸੀਂ ਇਹ ਜ਼ੋਰ ਹੀ ਲਾਈ ਜਾ ਰਹੇ ਹਾਂ ਕਿ ਬਾਬਾ ਗੁਰੂ ਨਾਨਕ ਹੀ ਫੇਰ ਆਵੇ ਤੇ ਉਹ ਹੀ ਸਭ ਕੁਝ ਕਰੇ। ਕੀ ਅਸੀਂ ਜਦੋਂ ਕਦੇ ਕੋਈ ਭਲਾਈ ਦਾ ਕੰਮ ਕਰਦੇ ਹਾਂ ਉਹ ਆਪਣੇ ਦਿਲੋਂ-ਮਨੋਂ ਕਰਦੇ ਹਾਂ ਜਾਂ ਸਮਾਜ ਵਿਚ ਆਪਣੀ ਟੌਹਰ ਬਣਾਉਣ ਖਾਤਰ, ਜਾਂ ਦਿਖਾਵੇ ਵਾਸਤੇ ਹੀ ਕਰਦੇ ਹਾਂ। ਜੇ ਅਜਿਹਾ ਹੈ ਤਾਂ ਅਸੀਂ ਆਪਣੇ ਲੋਕਾਂ ਨਾਲ ਵੀ ਤੇ ਆਪਣੇ ਆਪ ਨਾਲ ਵੀ ਧੋਖਾ ਕਰ ਰਹੇ ਹੁੰਦੇ ਹਾਂ। ਇਹ ਵਿਵਹਾਰ ਸਾਡੇ ਗੁਰੂ ਬਾਬੇ ਦੀ ਸਿੱਖਿਆ ਦੇ ਉਲਟ ਹੈ।

ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਬਾਰੇ ਸੋਚਦਿਆਂ ਸਾਨੂੰ ਇਸ ਗੱਲ ਵੱਲ ਬਹੁਤ ਸੁਚੇਤ ਹੋਣਾ ਚਾਹੀਦਾ ਹੈ ਕਿ ਕੀ ਘਰ ਪਰਿਵਾਰ ਅੰਦਰ ਰਹਿੰਦੇ ਹੋਏ ਆਪਣਾ ਧਰਮ ਪਾਲਦੇ ਹਾਂ, ਆਪਣੇ ਮਾਤਾ ਪਿਤਾ, ਆਪਣੇ ਜੀਵਨ ਸਾਥੀ ਜਾਂ ਜੀਵਨ ਸਾਥਣ ਨੂੰ ਬਣਦਾ ਮਾਣ ਸਤਿਕਾਰ ਦੇ ਰਹੇ ਹਾਂ? ਕਿਧਰੇ ਮਨ ਵਿਚ ਇਸ ਨੂੰ ਵਾਧੂ ਦਾ ਪੁਆੜਾ ਤਾਂ ਨਹੀਂ ਸਮਝ ਰਹੇ? ਕੀ ਬੱਚਿਆਂ ਪ੍ਰਤੀ ਜਾਂ ਉਨ੍ਹਾਂ ਦੇ ਭਵਿੱਖ ਪ੍ਰਤੀ ਚਿੰਤਾਵਾਨ ਹੁੰਦੇ ਹੋਏ ਵੀ ਚਿੰਤਾ ਮੁਕਤ ਜੀਵਨ ਬਿਤਾਉਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਫੇਰ ਇੱਥੇ ਵੀ ਲੋਕ ਦਿਖਾਵਾ ਕਰਕੇ ਹੀ ਬੁੱਤਾ ਸਾਰਿਆ ਚਾਹੁੰਦੇ ਹਾਂ। ਕੀ ਅਸੀਂ ਬ੍ਰਾਹਮਣੀ ਮੱਤ ਵਲੋਂ ਸਿਰਜੇ ਜਾਤ ਪਾਤ ਵਾਲੇ ਅਣਮਨੁੱਖੀ, ਦੰਭੀ ਅਤੇ ਵਿਤਕਰੇ ਭਰੀ, ਮਨੁੱਖਾਂ ਨੂੰ ਹੀਣੇ ਕਰਨ ਵਾਲੀ ਸੋਚ ਤੋਂ ਖਹਿੜਾ ਛੁਡਵਾ ਲਿਆ ਹੈ? ਜੇ ਨਹੀਂ ਤਾਂ ਫੇਰ ਆਪਣੀ ਸੋਚ ਦੀ ਪੀੜ੍ਹੀ ਹੇਠ ਸੋਟਾ ਫੇਰਨ ਦਾ ਜਤਨ ਕਰੀਏ ਤੇ ਗੁਰੂ ਦੀ ਸਿੱਖਿਆ ਦੇ ਗਜ਼ ਨਾਲ ਆਪਣੇ ਅਮਲ ਪਰਖੀਏ। ਜੇ ਊਣੇ ਹੋਈਏ ਤਾਂ ਆਪਣੇ ਆਪ 'ਤੇ, ਆਪਣੇ ਅਮਲਾਂ ਨੂੰ ਸੁਧਾਰਨ ਦਾ ਜਤਨ ਕਰੀਏ।

ਅੱਜ ਦੇ ਸਾਡੇ ਸਮਾਜਿਕ ਰਿਸ਼ਤੇ ਬਹੁਤ ਹੀ ਗੰਧਲੇ ਹੋ ਗਏ ਹਨ। ਜਾਇਦਾਦਾਂ ਜਾਂ ਕਿਸੇ ਹੋਰ ਗੱਲ ਨੂੰ ਲੈ ਕੇ ਜਾਂ ਹਊਮੈ ਖਾਤਰ ਭੈਣਾਂ-ਭਰਾਵਾਂ ਦੇ ਝਗੜੇ ਵੇਲੇ ਸਾਨੂੰ ਕਿਉਂ ਯਾਦ ਨਹੀਂ ਆਉਂਦਾ ਬੇਬੇ ਨਾਨਕੀ ਜੀ ਤੇ ਸਤਿਗੁਰੂ ਨਾਨਕ ਜੀ ਦਾ ਪਿਆਰ ਤੇ ਸਤਿਕਾਰ ਭਰਿਆ ਰਿਸ਼ਤਾ। ਇਸੇ ਹੀ ਤਰ੍ਹਾਂ ਜਦੋਂ ਨਿੱਤ ਦਿਨ ਸੱਸ-ਨੂੰਹ, ਅਤੇ ਨਣਦ-ਭਰਜਾਈ ਦੇ ਰਿਸ਼ਤੇ ਦੀਆਂ ਗੁੰਝਲਾਂ ਭਰੀਆਂ ਕਹਾਣੀਆਂ ਸੁਣਦੇ ਹਾਂ ਤਾਂ ਕਿਉਂ ਸਾਨੂੰ ਨਹੀਂ ਚੇਤਾ ਆਉਂਦਾ ਬੇਬੇ ਨਾਨਕੀ ਜੀ ਅਤੇ ਮਾਤਾ ਸੁਲੱਖਣੀ ਜੀ, ਜੋ ਨਣਦ ਭਰਜਾਈ ਵੀ ਸਨ ਪਰ ਅਸਲ ਵਿੱਚ ਭੈਣਾਂ ਵਰਗਾ ਮੋਹ ਭਰਿਆ ਰਿਸ਼ਤਾ ਨਿਭਾਉਂਦੀਆਂ ਰਹੀਆਂ ਹਨ। ਜਦੋਂ ਗੁਰੂ ਨਾਨਕ ਸਾਹਿਬ ਦਾ ਸਹੁਰਾ ਪਰਿਵਾਰ ਸੁਲੱਖਣੀ ਬਾਰੇ ਫਿਕਰਮੰਦ ਹੋ ਕੇ ਗੁਰੂ ਨਾਨਕ ਜੀ ਦੇ ਪਰਿਵਾਰ ਨੂੰ ਆਪਣੀ ਧੀ ਦੀ ਫਿਕਰਮੰਦੀ ਬਾਰੇ ਕੁਝ ਆਖਦਾ ਹੈ ਤਾਂ ਬੇਬੇ ਨਾਨਕੀ ਜੀ ਹੀ ਸੁਲੱਖਣੀ ਜੀ ਬਾਰੇ ਉਨ੍ਹਾਂ ਨੂੰ ਬੇਫਿਕਰੇ ਹੋਣ ਲਈ ਆਖਦੀ ਹੈ। ਕੀ ਨਾਨਕ ਨਾਮ ਲੇਵਾ ਪਰਿਵਾਰਾਂ ਦੇ ਲੋਕ ਅੱਜ ਦੀਆਂ ਨਣਦਾਂ ਅਤੇ ਭਰਜਾਈਆਂ ਬੇਬੇ ਨਾਨਕੀ ਜੀ ਤੇ ਸੁਲੱਖਣੀ ਜੀ ਦੇ ਰਿਸ਼ਤੇ ਨੂੰ ਆਪਣਾ ਆਦਰਸ਼ ਨਹੀਂ ਬਣਾ ਸਕਦੀਆਂ? ਇਹ ਸਾਂਝਾਂ ਅਤੇ ਮੋਹ ਭਰਿਆ ਚਿੰਤਾ ਮੁਕਤ ਜੀਵਨ ਦਾ ਰਾਹ ਹੈ, ਫੇਰ ਕਿਉਂ ਨਾ ਅਪਣਾਇਆ ਜਾਵੇ? ਕਿਉਂ ਨਾ ਅਜਿਹੀ ਸੋਚ ਦੇ ਲੜ ਲੱਗਿਆ ਜਾਵੇ? ਇਸੇ ਤਰ੍ਹਾਂ ਮਾਤਾ ਤ੍ਰਿਪਤਾ ਜੀ ਤੇ ਸੁਲੱਖਣੀ ਜੀ ਦਾ ਸੱਸ-ਨੂੰਹ ਵਾਲਾ ਰਿਸ਼ਤਾ ਵੀ ਸਾਡੇ ਸਮਾਜ ਵਿਚ ਸੱਸਾਂ ਬਣਨ ਵਾਲੀਆਂ ਬੀਬੀਆਂ ਨੂੰ ਕਿਉਂ ਚੇਤੇ ਨਹੀਂ ਆਉਂਦਾ? ਇਹਦੇ ਵਿਚ ਭਲਾ ਔਕੜ ਕੀ ਹੈ? ਕਿਉਂ ਸਾਨੂੰ ਨਿੱਤ ਪੜ੍ਹਨ/ਸੁਣਨ ਨੂੰ ਮਿਲਦਾ ਹੈ ਸੱਸ ਵਲੋਂ ਨੂੰਹ ਉੱਤੇ ਹੁੰਦੇ ਜ਼ੁਲਮ ਬਾਰੇ ਜਾਂ ਫੇਰ ਨਣਾਨ ਵਲੋਂ ਭਰਜਾਈ ਨਾਲ ਹੁੰਦੇ ਵਿਤਕਰੇ ਬਾਰੇ। ਇਹ ਸੋਚੀਏ ਤਾਂ ਸਹੀ ਕਿ ਅਸੀਂ ਕਿਹੜੇ ਰਾਹ ਪਏ ਹੋਏ ਹਾਂ? ਕੀ ਇਹ ਗੁਰੂ ਨਾਨਕ ਦੇ ਰਾਹ ਨੂੰ ਨਕਾਰਨ ਵਾਲਾ ਰਾਹ ਨਹੀਂ? 

ਗੁਰੂ ਨਾਨਕ ਦੀ ਸੋਚ ਨੂੰ ਅਪਨਾਉਣ ਵਾਲੇ ਸੱਚ ਦਾ ਸਾਥ ਦਿੰਦੇ ਹਨ। ਪਰ ਅੱਜ ਸਾਡੇ ਸਮਾਜ ਦੀ ਖਾਸ ਕਰਕੇ ਧਾਰਮਿਕ ਪੱਧਰ 'ਤੇ ਅਗਵਾਈ ਕਰਨ ਵਾਲਿਆਂ ਵਿੱਚੋਂ ਬਹੁਤੇ ਆਪ ਗੁਰੂ ਨਾਨਕ ਦੀ ਸੋਚ ਨਾਲ ਨਹੀਂ ਜੁੜੇ ਹੋਏ। ਜੇ ਉਨ੍ਹਾਂ ਨੂੰ ਆਪਣੇ ਸਵਾਰਥਾਂ ਖਾਤਰ ਇਹ ਕੁਝ ਕਰਨ ਵਾਲੇ ਭੇਖੀ ਜਾਂ ਦੰਭੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਜਿਹੇ ਲੋਕਾਂ ਨੇ ਮਨੁੱਖਾਂ ਵਿੱਚ ਬ੍ਰਾਹਮਣੀ ਮੱਤ ਦੀ ਨਾ-ਬਰਾਬਰੀ ਵਾਲੀ ਸੋਚ ਵਲੋਂ ਜਾਤ-ਪਾਤ ਤੇ ਅਧਾਰਤ ਪਾਈਆਂ ਵੰਡੀਆਂ ਮਿਟਣ ਨਹੀਂ ਦਿੱਤੀਆਂ। ਸਿਤਮ ਇੱਥੋਂ ਤਕ ਹੈ ਕਿ ਕਈਆਂ ਨੇ ਤਾਂ ਗੁਰੂ ਦੇ ਘਰ ਵੀ ਜਾਤ-ਪਾਤ ਦੇ ਅਧਾਰ 'ਤੇ ਵੰਡ ਲਏ। ਇਹ ਜਾਤ ਅਭਿਮਾਨੀਆਂ ਦੀ ਘਟੀਆ ਮਾਨਸਿਕਤਾ, ਜਾਤੀ ਹੀਣਭਾਵ ਅਤੇ ਸਾਡੀ ਚੌਧਰ ਦੀ ਭੁੱਖ ਕਰਕੇ ਹੋ ਰਿਹਾ ਹੈ। ਅਫਸੋਸ ਕਿ ਅਜਿਹੇ ਲੋਕ ਆਪਣੇ ਆਪ ਨੂੰ ਬਾਬੇ ਗੁਰੂ ਨਾਨਕ ਦੇ ਨਾਮ ਲੇਵਾ ਵੀ ਆਖਦੇ ਹਨ। ਕੀ ਅਜਿਹੇ ਵਿਤਕਰੇ ਭਰਪੂਰ ਜੀਵਨ ਜੀਅ ਰਹੇ ਲੋਕਾਂ ਨੂੰ ਗੁਰੂ ਨਾਨਕ ਦੀ ਸੋਚ ਦੇ ਵਾਰਿਸ ਕਿਹਾ ਜਾ ਸਕਦਾ ਹੈ? ਬਿਲਕੁੱਲ ਨਹੀਂ, ਕਦੇ ਵੀ ਨਹੀਂ!

ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੱਚ ਦੇ ਰਾਹ ਪਈਏ। ਗੁਰੂ ਨਾਨਕ ਸਾਹਿਬ ਦੀਆਂ ਜੀਵਨ ਸੰਵਾਰਦੀਆਂ ਸਮਝੌਤੀਆਂ ਦੇ ਲੜ ਲੱਗੀਏ। 
ਆਉ! ਜਤਨ ਕਰੀਏ ਆਪਣੇ ਮਨ ਅੰਦਰ ਝਾਕਣ ਦਾ ਅਤੇ ਆਪਣੇ ਜੀਵਨ ਵਿਚ ਗੁਰੂ ਨਾਨਕ ਸਾਹਿਬ ਵਲੋਂ ਦਿੱਤੀ ਸੋਚ ਧਾਰਾ ਨੂੰ ਅਪਨਾਉਣ ਦਾ।