ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਫੰਡ ਇਕੱਤਰ ਕੀਤਾ

ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਫੰਡ ਇਕੱਤਰ ਕੀਤਾ

ਫਰੀਮੌਂਟ/ਏਟੀ ਨਿਊਜ਼ : ਗੁਰਦੁਆਰਾ ਸਾਹਿਬ ਫਰੀਮੌਂਟ ਕੈਲੀਫੋਰਨੀਆ ਵਿਖੇ ਪਿਛਲੇ ਦਿਨੀਂ ਪੰਜਾਬ ਦੀ ਧਰਤੀ ਤੇ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਦੇਖਦਿਆਂ ਪ੍ਰਭਾਵਿਤ ਇਲਾਕਿਆਂ ਲਈ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਫੰਡ ਇਕੱਤਰ ਕੀਤਾ ਗਿਆ। ਪੰਜਾਬ ਦੀ ਧਰਤੀ ਤੋਂ ਆਉਣ ਵਾਲੇ ਹਰ ਤੱਤੀ ਹਵਾ ਦੇ ਬੁੱਲ੍ਹੇ ਨੂੰ ਬਾਹਰ ਬੈਠਾ ਸਿੱਖ ਤੇ ਪੰਜਾਬੀ ਆਪਣੇ ਪਿੰਡੇ ਤੇ ਹੰਢਾਉਂਦਾ ਅਤੇ ਮਹਿਸੂਸ ਕਰਦਾ ਹੈ। ਸਰਕਾਰਾਂ ਦੀਆਂ ਨਾਕਾਮਯਾਬੀਆਂ ਅਤੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਾਬ ਨੂੰ ਬਰਬਾਦ ਕਰਨ ਲਈ ਸਰਕਾਰਾਂ ਕੋਈ ਨਾ ਕੋਈ ਚਾਲਾਂ ਚਲਦੀਆਂ ਰਹਿੰਦੀਆਂ ਹਨ। ਉਹ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕ ਕੇ ਜਾਂ ਸੋਚੀ ਸਮਝੀ ਸਾਜ਼ਿਸ਼ ਤਹਿਤ ਡੈਮਾਂ ਦਾ ਪਾਣੀ ਛੱਡ ਕੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡਦੀਆਂ। ਇਸ ਵਾਰ ਛੱਡੇ ਗਏ ਪਾਣੀ ਕਾਰਨ ਜੋ ਪੰਜਾਬ ਦੀ ਤਬਾਹੀ ਹੋਈ, ਜਨਜੀਵਨ ਪ੍ਰਭਾਵਿਤ ਹੋਇਆ, ਖਾਸ ਕਰ ਕਿਸਾਨੀ ਨੂੰ ਬਹੁਤ ਵੱਡੀ ਮਾਰ ਝੱਲਣੀ ਪਈ ਹੈ। ਵਕਤ ਦੀਆਂ ਸਰਕਾਰਾਂ ਦੇ ਪੰਜਾਬ ਪ੍ਰਤੀ ਨਾਕਾਰਤਮਿਕ ਵਤੀਰੇ ਨੂੰ ਦੇਖਦਿਆਂ ਹੋਇਆਂ ਬਦੇਸ਼ਾਂ ਦੀ ਧਰਤੀ ਤੇ ਬੈਠੇ ਪੰਜਾਬੀਆਂ ਨੇ ਆਪਣੀਆਂ ਕਿਰਤ ਕਮਾਈਆਂ ਵਿਚੋਂ ਵਡਮੁੱਲਾ ਯੋਗਦਾਨ ਪਾਉਣ ਦਾ ਯਤਨ ਕੀਤਾ। ਇਸੇ ਤਹਿਤ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਸਿੱਖ ਪੰਚਾਇਤ ਦੇ ਸੇਵਾਦਾਰਾਂ ਵਲੋਂ ਮਾਇਆ ਇਕੱਤਰ ਕੀਤੀ ਗਈ। ਸੰਗਤਾਂ ਨੇ ਵੱਧ ਚੜ੍ਹ ਕੇ ਆਪਣੀਆ ਕਿਰਤ ਕਮਾਈਆਂ ਨੂੰ ਸਫ਼ਲਾ ਕਰਦਿਆਂ ਵਡਮੁੱਲਾ ਯੋਗਦਾਨ ਦਿੱਤਾ। ਜਲਦੀ ਹੀ ਇਕੱਤਰ ਕੀਤੀ ਮਾਇਆ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚਾਈ ਜਾਵੇਗੀ।