ਪ੍ਰਧਾਨ ਮੰਤਰੀ ਵੱਲੋਂ ਸੰਸਦ ਭੰਗ ਕਰਨ ਦੀ ਅਪੀਲ ਨੂੰ ਮਹਾਰਾਣੀ ਦੀ ਹਾਂ; ਵਿਰੋਧੀ ਧਿਰ ਨੇ ਕਿਹਾ 'ਲੋਕਤੰਤਰ 'ਤੇ ਹਮਲਾ'

ਪ੍ਰਧਾਨ ਮੰਤਰੀ ਵੱਲੋਂ ਸੰਸਦ ਭੰਗ ਕਰਨ ਦੀ ਅਪੀਲ ਨੂੰ ਮਹਾਰਾਣੀ ਦੀ ਹਾਂ; ਵਿਰੋਧੀ ਧਿਰ ਨੇ ਕਿਹਾ 'ਲੋਕਤੰਤਰ 'ਤੇ ਹਮਲਾ'

ਲੰਡਨ: ਬਰਤਾਨੀਆ ਦੀ ਰਾਜਨੀਤੀ ਵਿੱਚ ਬ੍ਰੈਕਸਿਟ ਤੋਂ ਪਹਿਲਾਂ ਚੱਲ ਰਹੇ ਖਿੱਚਤਾਣ ਦੇ ਮਾਹੌਲ ਵਿੱਚ ਬੀਤੇ ਕੱਲ੍ਹ ਉਸ ਸਮੇਂ ਇੱਕ ਹੈਰਾਨੀਕੁਨ ਮੌੜ ਆਇਆ ਜਦੋਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਵੱਲੋਂ ਸਤੰਬਰ ਦੇ ਅੱਧ ਤੋਂ ਹੀ ਬਰਤਾਨੀਆ ਦੀ ਸੰਸਦ ਨੂੰ ਭੰਗ ਕਰਨ ਦੀ ਵਿਵਾਦਿਤ ਅਪੀਲ ਨੂੰ ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੇਥ ਨੇ ਪ੍ਰਵਾਨ ਕਰ ਲਿਆ।

ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਲੋਕਾਂ ਨੇ ਯੂਰੋਪੀਅਨ ਯੂਨੀਅਨ ਨਾਲ ਬਰਤਾਨੀਆ ਦੇ ਰਿਸ਼ਤੇ ਸਬੰਧੀ ਹੋਏ ਰੈਫਰੈਂਡਮ ਵਿੱਚ ਇਸ ਸੰਘ ਤੋਂ ਬਾਹਰ ਜਾਣ ਦੇ ਫੈਂਸਲੇ 'ਤੇ ਬਹੁਗਿਣਤੀ ਮੋਹਰ ਲਾਈ ਸੀ ਜਿਸ ਨੂੰ ਬਰੈਕਸਿਟ ਕਿਹਾ ਜਾਂਦਾ ਹੈ। ਹੁਣ ਬਰੈਕਸਿਟ ਸਬੰਧੀ ਬਰਤਾਨੀਆ ਦੀ ਰਾਜਨੀਤੀ ਵਿੱਚ ਸਥਾਪਿਤ ਧਿਰਾਂ ਅੰਦਰ ਪੂਰੀ ਜ਼ੋਰ ਅਜ਼ਮਾਈ ਹੋ ਰਹੀ ਹੈ। ਜਿੱਥੇ ਸੱਤਾਧਾਰੀ ਪਾਰਟੀ ਬਰੈਕਸਿਟ ਨੂੰ ਜਲਦ ਤੋਂ ਜਲਦ ਅਮਲ ਵਿੱਚ ਲਿਆਉਣਾ ਚਾਹੁੰਦੀ ਹੈ ਉੱਥੇ ਵਿਰੋਧੀ ਧਿਰ ਬਿਨ੍ਹਾਂ ਕਿਸੇ ਸਫਲ ਸੰਧੀ ਤੋਂ ਬਰੈਕਸਿਟ ਨਹੀਂ ਹੋਣ ਦੇਣਾ ਚਾਹੁੰਦੀ। ਹੁਣ ਸੰਸਦ ਨੂੰ ਸਤੰਬਰ ਦੇ ਅੱਧ ਵਿੱਚ ਭੰਗ ਕਰਨ ਦੇ ਫੈਂਸਲੇ ਨਾਲ ਵਿਰੋਧੀ ਧਿਰ ਕੋਲ ਸਮਾਂ ਬਹੁਤ ਘਟ ਜਾਵੇਗਾ ਕਿ ਜਿਸ ਨਾਲ ਉਹ ਬਿਨ੍ਹਾਂ ਸੰਧੀ ਹੋ ਰਹੇ ਬਰੈਕਸਿਟ ਨੂੰ ਰੋਕ ਸਕਣ।

ਬਰਤਾਨੀਆ ਦੇ ਪ੍ਰਧਾਨ ਮੰਤਰੀ ਦੀ ਆਪਣੀ ਪਾਰਟੀ ਦੇ ਕੁੱਝ ਮੈਂਬਰਾਂ ਨੇ ਵੀ ਇਸ ਫੈਂਸਲੇ ਨੂੰ ਗੈਰਸੰਵਿਧਾਨ ਅਤੇ ਲੋਕਤੰਤਰ ਵਿਰੋਧੀ ਦੱਸ ਕੇ ਖਾਰਜ ਕੀਤਾ।

ਬਰਤਾਨੀਆ ਦੀ ਸੰਸਦ 'ਹਾਊਸ ਆਫ ਕੋਮਨਸ' ਦੇ ਸਪੀਕਰ ਜਹਿਨ ਬਰਕੋਓ ਨੇ ਵੀ ਇਸ ਫੈਂਸਲੇ ਨੂੰ ਸੰਵਿਧਾਨ ਵਿਰੋਧੀ ਦੱਸਿਆ। ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੇਰੇਮੀ ਕੋਰਬਨ ਨੇ ਇਸ ਫੈਂਸਲੇ ਨੂੰ ਬਰਤਾਨਵੀ ਲੋਕਤੰਤਰ 'ਤੇ ਇੱਕ ਵੱਡਾ ਹਮਲਾ ਦੱਸਿਆ।

ਦੱਸ ਦਈਏ ਕਿ ਬਰੈਕਸਿਟ ਲਈ ਆਖਰੀ ਮਿਤੀ 31 ਅਕਤੂਬਰ ਪੱਕੀ ਕੀਤੀ ਗਈ ਹੈ ਤੇ ਪ੍ਰਧਾਨ ਮੰਤਰੀ ਜੋਹਨਸਨ ਕਹਿ ਚੁੱਕੇ ਸਨ ਕਿ ਉਸ ਦਿਨ ਬਰਤਾਨੀਆ ਯੂਰੋਪੀਅਨ ਯੂਨੀਅਨ ਤੋਂ ਬਾਹਰ ਆ ਜਾਵੇਗਾ, ਭਾਵੇਂ ਸੰਧੀ ਸਿਰੇ ਚੜ੍ਹੇ ਜਾ ਨਾ ਚੜ੍ਹੇ। 

ਬਰਤਾਨੀਆ ਦੀ ਸੰਸਦ ਵਿੱਚ ਬਹਗਿਣਤੀ ਮੈਂਬਰ ਬਿਨ੍ਹਾਂ ਸੰਧੀ ਬਰੈਕਸਿਟ ਦੇ ਵਿਰੋਧ ਵਿੱਚ ਹਨ ਪਰ ਹੁਣ ਇਹਨਾਂ ਮੈਂਬਰਾਂ ਕੋਲ ਬਿਨ੍ਹਾਂ ਸੰਧੀ ਬਰੈਕਸਿਟ ਨੂੰ ਰੋਕਣ ਲਈ ਸਮਾਂ ਬਹੁਤ ਘੱਟ ਹੋਵੇਗਾ। 

ਹੁਣ 3 ਸਤੰਬਰ ਨੂੰ ਸੰਸਦ ਦੀ ਕਾਰਵਾਈ ਸ਼ੁਰੂ ਹੋਵੇਗੀ ਜੋ 9-12 ਸਤੰਬਰ ਦੇ ਦਿਨਾਂ ਦਰਮਿਆਨ ਭੰਗ ਕਰ ਦਿੱਤੀ ਜਾਵੇਗੀ ਜਿਸ ਮਗਰੋਂ ਫੇਰ 14 ਅਕਤੂਬਰ ਨੂੰ ਮਹਾਰਾਣੀ ਦੇ ਭਾਸ਼ਣ ਨਾਲ ਸੰਸਦ ਦੁਬਾਰਾ ਸ਼ੁਰੂ ਹੋਵੇਗੀ। ਇਸ ਮੁਤਾਬਿਕ ਬਰੈਕਸਿਟ ਤੋਂ ਪਹਿਲਾਂ ਸੰਸਦ ਭੰਗ ਹੋਣ ਤੱਕ ਮਹਿਜ਼ 7 ਦਿਨ ਸੰਸਦ ਦੀ ਕਾਰਵਾਈ ਹੋਵੇਗੀ। ਫੇਰ 14 ਅਕਤੂਬਰ ਤੋਂ ਮਗਰੋਂ 31 ਅਕਤੂਬਰ ਤੱਕ 12 ਦਿਨ ਸੰਸਦ ਦੀ ਕਾਰਵਾਈ ਚੱਲੇਗੀ। 

ਬਰਤਾਨੀਆ ਦੇ ਪ੍ਰਧਾਨ ਮੰਤਰੀ ਜੋਹਨਸਨ ਨੇ ਸੰਸਦ ਮੈਂਬਰਾਂ ਨੂੰ ਚਿੱਠੀ ਜਾਰੀ ਕਰਕੇ ਕਿਹਾ ਹੈ ਕਿ ਯੂਰੋਪੀਅਨ ਯੂਨੀਅਨ ਤੋਂ ਬਾਹਰ ਆਉਣ ਦੇ ਅਜੈਂਡੇ ਨੂੰ ਸਰਕਾਰ ਮੈਂਬਰਾਂ ਸਾਹਮਣੇ ਰੱਖੇਗੀ ਜਿਸ 'ਤੇ ਵੋਟਿੰਗ 21 ਅਤੇ 22 ਅਕਤੂਬਰ ਨੂੰ ਵੋਟਿੰਗ ਹੋਵੇਗੀ। 

ਪ੍ਰਧਾਨ ਮੰਤਰੀ ਜੋਹਨਸਨ ਦੇ ਇਸ ਫੈਂਸਲੇ ਖਿਲਾਫ ਸੈਂਕੜੇ ਪ੍ਰਦਰਸ਼ਨਕਾਰੀ ਬਰਤਾਨਵੀ ਸੰਸਦ ਦੇ ਬਾਹਰ ਇਕੱਤਰ ਹੋਏ ਤੇ ਵਿਰੋਧ ਕੀਤਾ।