ਨਵੀਂ ਠੱਗੀ- ਗਿਫਟ ਪਾਰਸਲ ਤੇ ਕਸਟਮ ਡਿਊਟੀ !

ਨਵੀਂ ਠੱਗੀ- ਗਿਫਟ ਪਾਰਸਲ ਤੇ ਕਸਟਮ ਡਿਊਟੀ !

ਇਕ ਕੁੜੀ ਨਾਲ ਵਾਪਰੀ ਸੱਚੀ ਘਟਨਾ, ਕੀ ਅਗਲੇ ਸ਼ਿਕਾਰ ਤੁਸੀਂ ਹੋ ?

 

ਪਟਿਆਲੇ ਸ਼ਹਿਰ ਦੀ 26 ਸਾਲਾ ਕੁਆਰੀ ਅਧਿਆਪਕਾ ਅਮਨ, ਪਿਤਾ ਦੀ ਬਚਪਨ 'ਚ ਈ ਮੌਤ ਹੋ ਗਈ ਸੀ ਪਰ ਮਾਂ ਦੀ ਮੁਸ਼ਕਲ ਹਾਲਾਤਾਂ 'ਚ ਸਖਤ ਮਿਹਨਤ ਤੇ ਸਿਰੜ ਨੇ ਉਸਨੂੰ ਤੇ ਛੋਟੇ ਭਰਾ ਰਵਿੰਦਰ ਨੂੰ ਆਤਮ-ਨਿਰਭਰ ਬਣਾ ਦਿੱਤਾ। ਪਰਿਵਾਰ ਵੱਲੋਂ ਅਮਨ ਦੇ ਵਿਆਹ ਲਈ ਯੋਗ ਲੜਕੇ ਦੀ ਤਲਾਸ਼ ਲਈ ਮੈਟਰੀਮੋਨੀਅਲ ਸਾਈਟ, ਸ਼ਾਦੀ ਡਾੱਟ ਕਾੱਮ ਤੇ ਅਮਨ ਦੀ ਪ੍ਰੋਫਾਈਲ ਬਣਾਈ ਗਈ। ਹੁਣ ਧੋਖੇ ਦੇ ਖੇਡ ਦੀ ਸ਼ੁਰੂਆਤ ਹੁੰਦੀ ਏ, ਠੱਗਾਂ ਨੇ ਥਾਮਸ ਨਾਮ ਦੀ ਪ੍ਰੋਫਾਈਲ ਦੀ ਪੇਡ ਸਬਸਕਰਿਪਸ਼ਨ ਲਈ ਹੋਣ ਕਾਰਨ ਉਸਨੂੰ ਅਮਨ ਦਾ ਮੋਬਾਇਲ ਨੰਬਰ ਆਪੇ ਪਤਾ ਲੱਗ ਗਿਆ ਤਾਂ ਉਸਨੇ ਵਟਸਐਪ ਤੇ ਹਾਏ-ਹੈਲੋ ਨਾਲ ਸ਼ੁਰੂਆਤ ਕਰਦਿਆਂ, ਆਪਣੇ-ਆਪ ਨੂੰ ਲੰਡਨ ਦਾ ਵੱਡਾ ਅੱਖਾਂ ਦਾ  ਡਾਕਟਰ ਦੱਸਿਆ, ਜੋ ਬਹੁਤ ਸਾਲ ਪਹਿਲਾਂ ਭਾਰਤ ਤੋਂ ਚਲਾ ਗਿਆ ਸੀ। ਅਮਨ ਨੇ ਆਪਣੇ ਧਰਮ ਦਾ ਨਾ ਹੋਣ ਕਾਰਨ ਆਖਰੀ ਫੈਸਲਾ ਘਰਦਿਆਂ ਵੱਲੋਂ ਹੋਣ ਦਾ ਆਖ ਨਾਂਹ ਕਰ ਦਿੱਤੀ ਪਰ ਉਸ ਦੀਆਂ ਬਹੁਤ ਭਾਵੁਕ ਗੱਲਾਂ ਕਾਰਨ ਅਮਨ ਨੂੰ ਉਸਤੇ ਵਿਸ਼ਵਾਸ ਹੋਣ ਲੱਗ ਗਿਆ। ਉਹ ਅਮਨ ਨੂੰ ਹਮੇਸ਼ਾ ਵਟਸਐਪ ਕਾਲ ਕਰਦਾ, ਕਦੇ ਵੀ ਉਸਨੇ ਸਿੱਧੀ ਆਮ ਕਾਲ ਨਹੀਂ ਕੀਤੀ, ਜਿਸ ਕਰਕੇ ਅਮਨ ਨੂੰ ਉਸਤੇ ਵਹਿਮ ਹੋਇਆ ਪਰ ਉਸਨੇ ਅਮਨ ਨੂੰ ਕਿਹਾ ਕਿ ਉਸਦੀ ਘਰਵਾਲੀ ਦੀ ਮੌਤ ਹੋ ਗਈ ਏ ਤੇ ਉਸਦੀ ਇਕ ਪਿਆਰੀ ਜਿਹੀ ਛੋਟੀ ਬੇਟੀ ਏ, ਜਿਸ ਨੂੰ ਉਹ ਵੱਡਾ ਡਾਕਟਰ ਹੋਣ ਕਾਰਨ ਸਮਾਂ ਨਹੀਂ ਦੇ ਪਾ ਰਿਹਾ ਏ ਤੇ ਉਸਨੂੰ ਅਮਨ ਦੇ ਰੂਪ 'ਚ ਪੜ੍ਹਿਆ-ਲਿਖਿਆ ਹਮਸਫਰ ਤੇ ਬੇਟੀ ਨੂੰ ਮਾਂ ਦਾ ਪਿਆਰ ਮਿਲ ਜਾਵੇਗਾ।

 

ਫੇਰ ਦੋ ਕੁ ਦਿਨ ਬਾਅਦ ਉਸਨੇ ਆਵਦਾ ਅਸਲ ਖੇਡ ਖੇਡਦਿਆਂ ਅਮਨ ਨੂੰ ਕਿਹਾ ਕਿ ਮੇਰੀ ਬੇਟੀ ਦਾ ਜਨਮਦਿਨ ਏ ਤੇ ਮੈਂ ਤੇਰੇ ਲਈ ਗਿਫਟ ਭੇਜ ਰਿਹਾ ਹਾਂ ਮੈਨੂੰ ਆਵਦਾ ਐਡਰੈਸ ਭੇਜ, ਅਮਨ ਵੱਲੋਂ ਨਾ ਭੇਜਣ ਤੇ ਨਾਰਾਜ ਹੋਣ ਦਾ ਡਰਾਮਾ ਕੀਤਾ ਤਾਂ ਅਮਨ ਨੇ ਐਡਰੈਸ ਭੇਜ ਦਿੱਤਾ ਤਾਂ ਉਸਨੇ ਇਕ ਗਿਫਟ ਪੈਕੇਟ ਦੀ ਫੋਟੋ ਭੇਜ ਦਿੱਤੀ ਕਿ ਮੈਂ ਗਿਫਟ ਭੇਜ ਦਿੱਤਾ ਏ, ਤੂੰ ਡਿਲੀਵਰੀ ਲੈ ਲਵੀਂ। ਹੁਣ ਚਾਰ ਕੁ ਦਿਨ ਬਾਅਦ ਅਮਨ ਨੂੰ ਇਕ ਫੋਨ ਆਉਂਦਾ ਏ, ਇਕ ਲੜਕੀ ਜੋ ਆਪਣੇ-ਆਪ ਨੂੰ ਕਸਟਮ ਵਿਭਾਗ ਤੋਂ ਬੋਲਦੀ ਆਂ ਕਹਿੰਦੀ ਏ ਕਿ ਤੁਹਾਡਾ ਲੰਡਨ ਤੋਂ ਪਾਰਸਲ ਏ, ਜੇਕਰ ਤੁਸੀਂ ਲੈਣਾ ਚਾਹੁੰਦੇ ਓ ਤਾਂ ਉਸਦੀ ਡਿਲੀਵਰੀ ਲਈ ਕਸਟਮ ਡਿਊਟੀ 32765 ਰੁਪਈਆ, ਸਾਡੇ ਇਸ ਸਰਕਾਰੀ ਅਕਾਊਂਟ 'ਚ ਜਮਾਂ ਕਰਵਾਓ। ਅਮਨ ਨੂੰ ਸ਼ੱਕ ਹੋ ਗਿਆ, ਨਾਲ ਦੀ ਨਾਲ ਥਾਮਸ ਦੀ ਕਾਲ ਆ ਗਈ ਕਹਿੰਦਾ ਤੂੰ ਪੈਸੇ ਭਰਕੇ ਪਾਰਸਲ ਲੈ ਲਵੀਂ, ਮੈਂ ਤੈਨੂੰ ਗਿਫਟ ਦੇ ਨਾਲ ਪਾਰਸਲ '40000 ਡਾਲਰ ਵੀ ਭੇਜੇ ਨੇ। ਅਮਨ ਪੜ੍ਹੀ-ਲਿਖੀ ਸਮਝਦਾਰ ਕੁੜੀ ਸੀ ਉਸਨੇ ਆਪਣੀਆਂ ਬਾਹਰ ਗਈਆਂ ਸਹੇਲੀਆਂ ਨੂੰ ਸਭ ਕੁੱਝ ਦੱਸਿਆ ਤਾਂ ਉਸਨੂੰ ਪਤਾ ਲੱਗ ਗਿਆ ਕਿ ਇਹ ਠੱਗੀ ਏ, ਦੋ ਤਿੰਨ ਦਿਨ ਥਾਮਸ ਨੇ ਉਸਨੂੰ ਠੱਗਣ ਦੀਆਂ ਬਹੁਤ ਭਾਵੁਕ ਕੋਸ਼ਿਸ਼ਾਂ ਕੀਤੀਆਂ, ਨਕਲੀ ਕਸਟਮ ਵਿਭਾਗ ਨੇ ਵੀ ਫੋਨ ਕੀਤੇ ਪਰ ਅਮਨ ਨੂੰ ਠੱਗਣ 'ਚ ਨਾਕਾਮਯਾਬ ਰਹਿਣ ਤੋਂ ਬਾਅਦ ਆਪੇ ਨੰਬਰ ਬੰਦ ਕਰ ਪ੍ਰੋਫਾਈਲ ਡਿਲੀਟ ਕਰ ਗਾਇਬ ਹੋ ਗਏ।

ਅਮਨ ਤਾਂ ਬੱਚ ਗਈ ਪਰ ਬਹੁਤ ਸਾਰੇ ਲੋਕ ਕਸਟਮ ਡਿਊਟੀ ਆਲੇ ਠੱਗਾਂ ਤੋਂ ਡਾਲਰਾਂ ਦੇ ਲਾਲਚ '  ਰਗੜਾ ਲਵਾ ਚੁੱਕੇ ਨੇ। ਮੇਰੇ ਇਕ ਪ੍ਰੋਫੈਸਰ ਦੋਸਤ ਨੂੰ ਇਸੇ ਤਰਾਂ ਇਕ ਐਨ ਆਰ ਆਈ ਕੁੜੀ ਆਖ, ਪਿਆਰ ਦੇ ਚੁੰਗਲ ਵਿੱਚ ਫਸਾ, ਗਿਫਟ ਭੇਜ, ਕਸਟਮ ਡਿਊਟੀ ਦੇ ਨਾਂ ਤੇ ਠੱਗਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸਨੂੰ ਮੈਂ ਠੱਗੀ ਤੋਂ ਤਾਂ ਬਚਾ ਲਿਆ ਪਰ ਉਹ ਭਾਵੁਕ ਇਨਸਾਨ, ਬਹੁਤ ਸਮੇਂ ਬਾਅਦ ਤੱਕ ਵੀ ਉਸ ਕੁੜੀ ਰਾਹੀਂ ਉਸਦੀਆਂ ਭਾਵਨਾਵਾਂ ਨਾਲ ਖੇਡਣ ਦੇ ਝਟਕੇ ਤੋਂ ਉਬਰ ਨਹੀਂ ਸਕਿਆ ਸੀ। ਇਹ ਸ਼ਾਤਰ ਠੱਗ ਬਹੁਤ ਟੈਲੇਂਟਡ ਨੇ ਜੋ ਆਪਣੀਆਂ ਜਬਰਦਸਤ ਭਾਵੁਕ ਗੱਲਾਂ, ਤਸਵੀਰਾਂ ਆਦਿ ਰਾਹੀਂ ਮੁੰਡੇ, ਕੁੜੀਆਂ ਨੂੰ ਪਿਆਰ-ਇਸ਼ਕ ਜਾਂ ਵਿਆਹ ਦੇ ਲਾਲਚ 'ਚ ਫਸਾ ਫੇਰ ਗਿਫਟ 'ਚ ਡਾਲਰ ਆਖ, ਠੱਗੀ ਮਾਰ, ਰਾਹ ਲੱਗਦੇ ਨੇ,,,,

ਬਚੋ ਸਾਥਿਓ,,,, ਬਚਾਅ ਵਿੱਚ ਈ ਬਚਾਅ ਏ। 

ਅਸ਼ੋਕ ਸੋਨੀ, ਕਾਲਮਨਵੀਸ 

ਪਿੰਡ ਖੂਈ ਖੇੜਾ, ਫਾਜ਼ਿਲਕਾ 

9872705078