ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ’ਚ ਜਕੜੀ ਮਾਝੇ ਦੀ ਧਰਤੀ

ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ’ਚ ਜਕੜੀ ਮਾਝੇ ਦੀ ਧਰਤੀ

ਰਾਜਨ ਮਾਨ 

ਪੰਜਾਬ ਸਰਕਾਰ ਵਲੋਂ ਰਾਜ ਵਿਚੋਂ ਨਸ਼ੇ ਦੇ ਖਾਤਮੇ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਸਰਹੱਦ ਨਾਲ ਲੱਗਦੀ ਮਾਝੇ ਦੀ ਧਰਤੀ ਨਸ਼ਿਆਂ ਦੀ ਲਪੇਟ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ਵਿੱਚ ਆਉਣ ’ਤੇ ਚਾਰ ਹਫਤਿਆਂ ਵਿੱਚ ਨਸ਼ਾ ਖਤਮ ਕਰਨ ਸਬੰਧੀ ਖਾਧੀ ਸਹੁੰ ਦਾ ਲੋਕਾਂ ਤੇ ਸਿਆਸੀ ਧਿਰਾਂ ਵਲੋਂ ਮਜ਼ਾਕ ਉਡਾਇਆ ਜਾ ਰਿਹਾ ਹੈ।

ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਸਪਲਾਈ ਤੋੜਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਕਈ ਨੌਜਵਾਨ ਵਧੇਰੇ ਨਸ਼ਾ ਲੈਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਹਾਲ ਹੀ ਵਿੱਚ ਪਿੰਡ ਕਾਦਰਾਬਾਦ ਦੇ 23 ਸਾਲਾ ਨੌਜਵਾਨ ਦੀ ਵਧੇਰੇ ਨਸ਼ੇ ਕਾਰਨ ਮੌਤ ਹੋ ਗਈ ਸੀ ਅਤੇ ਇਸ ਤੋਂ ਕੁਝ ਦਿਨ ਪਹਿਲਾਂ ਹੀ ਨੇੜਲੇ ਪਿੰਡ ਕੋਟਲੀ ਮੱਲੀਆਂ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮਾਝੇ ਅੰਦਰ ਪਿਛਲੇ ਕੁਝ ਸਮੇਂ ਵਿੱਚ ਹੀ ਦਰਜਨ ਦੇ ਕਰੀਬ ਨੌਜਵਾਨ ਸਿਵਿਆਂ ਦੇ ਰਾਹ ਪੈ ਚੁੱਕੇ ਹਨ। ਨਸ਼‍ਿਆਂ ਵਿਰੁੱਧ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਵਿੱਚ ਪੁਲੀਸ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘੇਰੇ ਵਿਚ ਹੈ। ਹਾਲ ਹੀ ਵਿੱਚ ਮਜੀਠਾ ਹਲਕੇ ਅੰਦਰ ਇੱਕ ਨੌਜਵਾਨ ਨੂੰ ਅਗਵਾ ਕਰਕੇ ਉਸ ਉਪਰ ਨਸ਼ਾ ਤਸਕਰੀ ਦੇ ਇਲਜ਼ਾਮ ਲਾਉਣ ਦੇ ਮਾਮਲੇ ਵਿੱਚ ਥਾਣੇਦਾਰ ਸਮੇਤ ਪੰਜ ਪੁਲੀਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਆਰਥਿਕ ਪੱਖੋਂ ਟੁੱਟ ਚੁੱਕੇ ਨੌਜਵਾਨਾਂ ਵਲੋਂ ਨਸ਼ੇ ਦੀ ਪੂਰਤੀ ਲਈ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ। ਆਰਥਿਕ ਕਮਜ਼ੋਰ ਹੋ ਜਾਣ ਕਰਕੇ ਨਸ਼ੇੜੀਆਂ ਵਲੋਂ ਸਸਤੇ ਤੇ ਘਟੀਆ ਨਸ਼ਿਆਂ ਦਾ ਸੇਵਨ ਕੀਤਾ ਜਾ ਰਿਹਾ ਹੈ। ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਨੇ ਜਵਾਨੀ ਤਬਾਹ ਕਰਕੇ ਰੱਖ ਦਿੱਤੀ ਹੈ। ਸਿਆਸੀ ਪਾਰਟੀਆਂ ਵਲੋਂ ਚੋਣਾਂ ਸਮੇਂ ਇਸ ਨੂੰ ਮੁੱਦਾ ਜ਼ਰੂਰ ਬਣਾਇਆ ਜਾਂਦਾ ਹੈ ਪਰ ਇਸ ਮਾਮਲੇ ਪ੍ਰਤੀ ਕੋਈ ਵੀ ਗੰਭੀਰ ਨਜ਼ਰ ਨਹੀਂ ਆ ਰਿਹਾ। ਸਮੈਕ ਤੇ ਹੈਰੋਇਨ ਦੇ ਕੀਮਤੀ ਨਸ਼ਿਆਂ ਤੋਂ ਇਲਾਵਾ ਹੁਣ ਗੋਲੀਆਂ ਤੇ ਸਿੰਥੈਟਿਕ ਡਰੱਗ ਦਾ ਇਸਤੇਮਾਲ ਜ਼ਿਆਦਾ ਕੀਤਾ ਜਾ ਰਿਹਾ ਹੈ ਜੋ ਬਹੁਤ ਘਾਤਕ ਹੈ।

ਨਸ਼ਾ ਛੁਡਾਉਣ ਦੀ ਆੜ ਵਿੱਚ ਸੈਂਕੜੇ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਪੰਜਾਬ ਵਿੱਚ ਖੁੱਲ੍ਹੇ ਹੋਏ ਹਨ। ਇਨ੍ਹਾਂ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਦੇ ਨਾਂ ’ਤੇ ਬੱਚਿਆਂ ਦਾ ਸਰੀਰਕ ਤੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਵੀ ਇੱਕ ਅਜਿਹੇ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਰਕਾਰੀ ਅੰਕੜਿਆਂ ਅਨੁਸਾਰ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ 15,324 ਨਸ਼ੇ ਤੋਂ ਗ੍ਰਸਤ ਰੋਗੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਪ੍ਰਾਈਵੇਟ ਕੇਂਦਰਾਂ ਵਿਚ ਵੱਖਰੇ ਨਸ਼ੇੜੀ ਦਾਖਲ ਹਨ। ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ ਤੇ ਗੁਰਦਾਸਪੁਰ ਜ਼ਿਲ੍ਹਿਆਂ ਅੰਦਰ ਵੀ ਹਜ਼ਾਰਾਂ ਨੌਜਵਾਨ ਆਪਣਾ ਇਲਾਜ ਕਰਵਾ ਰਹੇ ਹਨ। ਸਰਕਾਰਾਂ ਵਲੋਂ ਸਮੇਂ ਸਮੇਂ ’ਤੇ ਨਸ਼ਾ ਵਿਰੋਧੀ ਹਫਤੇ ਤੇ ਪੰਦਰਵਾੜੇ ਮਨਾਏ ਜਾਂਦੇ ਹਨ ਪਰ ਇਸ ਵਿਰੁੱਧ ਲੰਬੀ ਲੜਾਈ ਲੜਨ ਦੀ ਜ਼ਰੂਰਤ ਹੈ।

ਸਹਾਇਕ ਕਮਿਸ਼ਨਰ ਅਲਕਾ ਕਾਲੀਆ ਨੇ ਦੱਸਿਆ ਕਿ ਨਸ਼ਿਆਂ ਤੋਂ ਪੀੜਤ ਵਿਅਕਤੀਆਂ ਦਾ ਮੁਫ਼ਤ ਇਲਾਜ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਛੁਡਾਉਣ ਲਈ ਜ਼ਿਲ੍ਹੇ ਵਿਚ 10 ਸਰਕਾਰੀ ਓਟ ਸੈਂਟਰ ਚਲਾਏ ਜਾ ਰਹੇ ਹਨ।

(ਨੋਟ: ਇਹ ਰਿਪੋਰਟ ਧੰਨਵਾਦ ਸਹਿਤ "ਪੰਜਾਬੀ ਟ੍ਰਿਬਿਊਨ" ਅਖਬਾਰ ਤੋਂ ਲਈ ਗਈ ਹੈ ਜੋ 17/6/2019 ਨੂੰ ਅਖਬਾਰ ਵਿੱਚ ਛਪੀ ਸੀ। )

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ