ਦਿੱਲੀ ਪੁਲਿਸ ਦੀ ਭੀੜ ਨੇ ਸਿੱਖ ਪਿਓ-ਪੁੱਤ ਨੂੰ ਜ਼ਾਲਮਾਨਾ ਢੰਗ ਨਾਲ ਕੁੱਟਿਆ, ਸਿੱਖ ਦੀ ਦਲੇਰੀ ਦੇ ਸ਼ਹਿਰ 'ਚ ਚਰਚੇ
ਨਵੀਂ ਦਿੱਲੀ: ਬੀਤੇ ਕੱਲ੍ਹ ਦਿੱਲੀ ਵਿੱਚ ਦਿੱਲੀ ਪੁਲਿਸ ਦੀ ਭੀੜ ਵੱਲੋਂ ਸਿੱਖ ਪਿਓ-ਪੁੱਤ ਨੂੰ ਜ਼ਾਲਮਾਨਾ ਢੰਗ ਨਾਲ ਕੁੱਟਣ ਦੀ ਘਟਨਾ ਸਾਹਮਣੇ ਆਈ ਹੈ। ਦਿੱਲੀ ਪੁਲਿਸ ਦਾ ਇਹ ਵਹਿਸ਼ੀਪੁਣਾ ਕੈਮਰੇ ਵਿੱਚ ਕੈਦ ਹੋ ਗਿਆ। ਵੀਡੀਓ ਦੇ ਵਾਇਰਲ ਹੋਣ ਮਗਰੋਂ ਸਿੱਖ ਜਗਤ ਵਿੱਚ ਰੋਹ ਫੈਲਿਆ ਤੇ ਦਿੱਲੀ ਦੀਆਂ ਸਿੱਖ ਸੰਗਤਾਂ ਪੁਲਿਸ ਦੇ ਜ਼ੁਲਮ ਖਿਲਾਫ ਸੜਕਾਂ 'ਤੇ ਉਤਰ ਆਈਆਂ ਜਿਸ ਮਗਰੋਂ ਇਸ ਘਟਨਾ 'ਚ ਸ਼ਾਮਿਲ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮੁਖਰਜੀ ਨਗਰ ਪੁਲਿਸ ਥਾਣੇ ਦੇ ਬਾਹਰ ਸੜਕ 'ਤੇ ਸਿੱਖਾਂ ਦਾ ਟੈਮਪੋ ਪੁਲਿਸ ਦੀ ਗੱਡੀ ਨਾਲ ਵੱਜ ਗਿਆ। ਇਸ ਮਗਰੋਂ ਪੁਲਿਸ ਵਾਲਾ ਜਦੋਂ ਸਿੱਖ ਨਾਲ ਝਗੜਨ ਲੱਗਾ ਤਾਂ ਦੋਵਾਂ ਦਰਮਿਆਨ ਗੱਲੀਂ ਬਾਤੀਂ ਟਕਰਾਅ ਹੋਇਆ ਜਿਸ ਤੋਂ ਬਾਅਦ ਪੁਲਿਸ ਵਾਲਾ ਥਾਣੇ ਵਿੱਚ ਜਾ ਕੇ ਆਪਣੇ ਨਾਲ ਹਥਿਆਰਾਂ ਨਾਲ ਲੈਣ ਪੁਲਿਸ ਦੀ ਭੀੜ ਲੈ ਆਇਆ। ਪੁਲਿਸ ਦੀ ਭੀੜ ਨੂੰ ਦੇਖ ਸਿੱਖ ਨੇ ਡਰਨ ਦੀ ਵਜਾਏ ਆਪਣੀ ਛੋਟੀ ਸ੍ਰੀ ਸਾਹਿਬ (ਕਿਰਪਾਨ) ਨਾਲ ਉਹਨਾਂ ਦਾ ਟਾਕਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਵਾਲਿਆਂ ਨੂੰ ਮੁੜ ਥਾਣੇ ਵੱਲ ਭਜਾਇਆ। ਇਸ ਦੌਰਾਨ ਇੱਕ ਚਿੱਟ ਕਪੜੀਏ ਪੁਲਿਸ ਵਾਲੇ ਨੇ ਸਿੱਖ ਨੂੰ ਭਲੇਖਾ ਦੇ ਕੇ ਜੱਫਾ ਪਾ ਲਿਆ ਤੇ ਉਸ ਮਗਰੋਂ ਪੁਲਿਸ ਦੀ ਸਾਰੀ ਭੀੜ ਸਿੱਖ ਨੂੰ ਕੁੱਟਣ ਲਈ ਟੁੱਟ ਪਈ।
ਆਪਣੇ ਪਿਓ ਦੀ ਵਹਿਸ਼ੀਆਨਾ ਕੁੱਟ ਨੂੰ ਦੇਖ ਕੇ ਘਬਰਾਏ ਉਸਦੇ 16 ਕੁ ਸਾਲ ਦੇ ਪੁੱਤਰ ਨੇ ਟੈਮਪੋ ਲਿਆ ਕੇ ਪੁਲਿਸ ਵਿੱਚ ਮਾਰਿਆ 'ਤੇ ਪਿਓ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਦੀ ਭੀੜ ਨੇ ਦੋਵਾਂ ਸਿੱਖ ਪਿਓ ਪੁੱਤ ਨੂੰ ਬਹੁਤ ਜ਼ਾਲਮਾਨਾ ਢੰਗ ਨਾਲ ਕੁੱਟਿਆ ਤੇ ਕੁੱਟਦਿਆਂ ਹੀ ਥਾਣੇ ਵਿੱਚ ਲੈ ਗਏ।
ਇਸ ਵੀਡਓ ਦੇ ਵਾਇਰਲ ਹੋਣ ਮਗਰੋਂ ਸਿੱਖਾਂ ਵਿੱਚ ਰੋਸ ਫੈਲਿਆ 'ਤੇ ਸਿੱਖ ਮੁਖਰਜੀ ਨਗਰ ਥਾਣੇ ਦੇ ਬਾਹਰ ਇਕੱਠੇ ਹੋ ਗਏ। ਸਿੱਖਾਂ ਵੱਲੋਂ ਸਬੰਧਿਤ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਅਤੇ ਸਿੱਖ ਪਿਓ ਪੁੱਤ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੀ ਮੌਕੇ 'ਤੇ ਪਹੁੰਚੇ। ਸਿੱਖਾਂ ਵੱਲੋਂ ਦਿੱਲੀ ਦਾ ਰਿੰਗ ਰੋਡ ਜਾਮ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਇਸ ਉਪਰੰਤ ਪੁਲਿਸ ਵੱਲੋਂ ਤਿੰਨ ਮੁਲਾਜ਼ਮਾਂ ਅਸਿਸਟੈਂਟ ਸਬ ਇੰਸਪੈਕਟਰ ਸੰਜੇ ਮਲਿਕ, ਦਵੇਂਦਰ ਅਤੇ ਸਿਪਾਹੀ ਪੁਸ਼ਪੇਂਦਰ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਤੇ ਇਸ ਮਾਮਲੇ ਦੀ ਜਾਂਚ ਏਡੀਸੀਪੀ ਨੂੰ ਦੇ ਦਿੱਤੀ ਗਈ।
ਸਿੱਖ ਸੰਗਤਾਂ ਵੱਲੋਂ ਕੱਟਮਾਰ ਦਾ ਸ਼ਿਕਾਰ ਹੋਏ ਸਿੱਖ ਪਿਓ ਪੁੱਤ ਦੀ ਮੈਡੀਕਲ ਜਾਂਚ ਕਰਵਾ ਕੇ ਉਹਨਾਂ ਨੂੰ ਪੁਲਿਸ ਹਿਰਾਸਤ ਤੋਂ ਛਡਵਾ ਘਰ ਪਹੁੰਚਾਇਆ ਗਿਆ। ਫਿਲਹਾਲ ਅੱਗੇ ਕੀ ਕਾਰਵਾਈ ਹੁੰਦੀ ਹੈ ਇਸ ਬਾਰੇ ਅੱਜ ਸਾਫ ਹੋ ਸਕੇਗਾ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)