ਕੈਨੇਡਾ ਦੀ ਪਹਿਲੀ ਹਿੰਦੂ ਮੰਤਰੀ ਅਨੀਤਾ ਆਨੰਦ ਅਤੇ ਕੈਨੇਡਾ ਇੰਡੀਆ ਫਾਉਂਡੇਸ਼ਨ ਦੀ ਸਾਂਝ ਦੇ ਚਰਚੇ

ਕੈਨੇਡਾ ਦੀ ਪਹਿਲੀ ਹਿੰਦੂ ਮੰਤਰੀ ਅਨੀਤਾ ਆਨੰਦ ਅਤੇ ਕੈਨੇਡਾ ਇੰਡੀਆ ਫਾਉਂਡੇਸ਼ਨ ਦੀ ਸਾਂਝ ਦੇ ਚਰਚੇ
ਹਿੰਦੂ ਵਿਰਾਸਤੀ ਮਹੀਨੇ ਦੇ ਸਮਾਗਮ ਦੌਰਾਨ ਸਟੇਜ ਤੋਂ ਸੰਬੋਧਨ ਕਰਦੇ ਹੋਏ ਅਨੀਤਾ ਆਨੰਦ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿਚ ਚੁਣੀ ਗਈ ਅਨੀਤਾ ਆਨੰਦ, ਕੈਨੇਡਾ ਇੰਡੀਆ ਫਾਉਂਡੇਸ਼ਨ ਨਾਲ ਸਬੰਧਿਤ ਹਨ। 

ਕੈਨੇਡਾ ਇੰਡੀਆ ਫਾਉਂਡੇਸ਼ਨ ਦੀ ਵੈਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਿਕ ਉਹ ਇਸ ਸੰਸਥਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਹਨ।

ਆਨੰਦ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਵਕਾਲਤ ਦੇ ਪ੍ਰੋਫੈਸਰ ਹਨ ਜਿੱਥੋਂ ਉਹਨਾਂ ਹੁਣ ਛੁੱਟੀ ਲਈ ਹੈ ਅਤੇ 20 ਨਵੰਬਰ ਨੂੰ ਉਹਨਾਂ ਟਰੂਡੋ ਮੰਤਰੀ ਮੰਡਲ ਵਿੱਚ ਜਨਤਕ ਸੇਵਾਵਾਂ ਅਤੇ ਖਰੀਦਦਾਰੀ ਮਹਿਕਮੇ ਦੇ ਮੰਤਰੀ ਵਜੋਂ ਸਹੁੰ ਚੁੱਕੀ ਹੈ।

21 ਅਕਤੂਬਰ ਨੂੰ ਹੋਈਆਂ ਚੋਣਾਂ 'ਚ ਓਕਵੀਲੇ ਤੋਂ ਜਿੱਤ ਕੇ ਆਏ ਅਨੀਤਾ ਆਨੰਦ ਦੀ ਮੰਤਰੀ ਵਜੋਂ ਨਿਯੁਕਤੀ ਉਸ ਸਮੇਂ ਹੋਈ ਹੈ ਜਦੋਂ ਭਾਰਤ ਦੀ ਹਿੰਦੂ ਰਾਸ਼ਟਰਵਾਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੈਨੇਡਾ ਨਾਲ ਕੋਈ ਨਿੱਘੇ ਰਿਸ਼ਤੇ ਨਹੀਂ ਚੱਲ ਰਹੇ।

ਭਾਜਪਾ ਸਰਕਾਰ ਅਤੇ ਉਸ ਦੇ ਹਮਾਇਤੀਆਂ ਵੱਲੋਂ ਜਸਟਿਨ ਟਰੂਡੋ 'ਤੇ ਖਾਲਿਸਤਾਨ ਸਮਰਥਕਾਂ ਦੀ ਮਦਦ ਕਰਨ ਦਾ ਲਗਾਤਾਰ ਦੋਸ਼ ਲਾਇਆ ਜਾ ਰਿਹਾ ਹੈ। ਤੇ ਓਵਰਸੀਜ਼ ਫਰੈਂਡਜ਼ ਆਫ ਦੀ ਬੀਜੇਪੀ ਦੇ ਕੁੱਝ ਮੈਂਬਰਾਂ ਵੱਲੋਂ ਲੰਘੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਵੀ ਕੀਤਾ ਗਿਆ।

ਇਸ ਦੌਰਾਨ, ਸਾਬਕਾ ਕੰਜ਼ਰਵੇਟਿਵ ਮੈਂਬਰ ਪਾਰਲੀਮੈਂਟ ਦੀਪਕ ਓਬਰਾਏ, ਜਿਹਨਾਂ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ ਉਹਨਾਂ ਦਾ ਨਾਂ ਵੀ ਕੈਨੇਡਾ ਇੰਡੀਆ ਫਾਉਂਡੇਸ਼ਨ ਦੇ ਸਲਾਹਕਾਰ ਬੋਰਡ ਮੈਂਬਰ ਵਜੋਂ ਵੈੱਬਸਾਈਟ 'ਤੇ ਸ਼ਾਮਿਲ ਹੈ। ਓਬਰਾਏ ਓਵਰਸੀਜ਼ ਫਰੈਂਡਜ਼ ਆਫ ਦੀ ਬੀਜੇਪੀ ਦੇ ਕਾਫੀ ਨੇੜੇ ਸਨ ਅਤੇ ਉਹਨਾਂ ਸਿੱਖਾਂ ਦੇ ਖਿਲਾਫ ਜਾਂਦਿਆਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖਾਂ ਦੀ ਗਤੀਵਿਧੀਆਂ 'ਤੇ ਖਾਸ ਬਹਿਸ ਕਰਾਉਣ ਦੀ ਮੰਗ ਕੀਤੀ ਸੀ।

ਕੈਨੇਡਾ ਇੰਡੀਆ ਫਾਉਂਡੇਸ਼ਨ ਭਾਰਤ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਪੂਰੇ ਜ਼ੋਰ ਨਾਲ ਕੰਮ ਕਰ ਰਹੀ ਹੈ। ਕੈਨੇਡਾ ਦੀ ਸਿੱਖਾਂ ਵੱਲੋਂ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਵਾਉਣ ਲਈ ਕੀਤੇ ਯਤਨਾਂ ਦਾ ਸਭ ਤੋਂ ਵੱਡਾ ਵਿਰੋਧ ਇਸ ਸੰਸਥਾ ਵੱਲੋਂ ਹੀ ਕੀਤਾ ਗਿਆ ਹੈ।

31 ਅਕਤੂਬਰ, 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੱਖ ਅੰਗਰੱਖਿਅਕਾਂ ਵੱਲੋਂ ਕਤਲ ਕਰਨ ਮਗਰੋਂ ਭਾਰਤ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ।

ਭਾਵੇਂਕਿ ਇਸ ਕਤਲੇਆਮ ਨੂੰ ਬਹੁਤੇ ਲੋਕ "ਰਾਜ ਦੀ ਸ਼ਹਿ" 'ਤੇ ਕੀਤਾ ਗਿਆ ਸਿੱਖ ਕਤਲੇਆਮ ਮੰਨਦੇ ਹਨ, ਪਰ 2017 'ਚ ਓਂਟਾਰੀਓ ਅਸੈਂਬਲੀ 'ਚ ਇਸ ਕਤਲੇਆਮ ਨੂੰ ਨਸਲਕੁਸ਼ੀ ਐਲਾਨਣ ਸਬੰਧੀ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਲ ਬਿੱਲ 'ਤੇ ਕੈਨੇਡਾ ਇੰਡੀਆ ਫਾਉਂਡੇਸ਼ਨ ਨੇ ਸਵਾਲ ਖੜ੍ਹੇ ਕੀਤੇ ਸੀ।

ਕੈਨੇਡਾ ਇੰਡੀਆ ਫਾਉਂਡੇਸ਼ਨ ਵੱਲੋਂ 5 ਜੁਲਾਈ ਨੂੰ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਆਗੂ ਸਟੀਫਨ ਹਾਰਪਰ ਨੂੰ ਸਨਮਾਨਿਤ ਕੀਤਾ ਗਿਆ ਸੀ। ਇਸ ਸਨਮਾਨ ਸਮਾਗਮ ਵਿੱਚ ਭਾਰਤ ਦੇ ਉੱਚ ਕਮਿਸ਼ਨਰ ਵਿਕਾਸ ਸਵਰੂਪ ਵੀ ਹਾਜ਼ਰ ਸਨ।

ਇਸ ਸਮਾਗਮ ਮੌਕੇ ਹਾਰਪਰ ਨੇ ਭਾਰਤ ਅਤੇ ਕੈਨੇਡਾ ਦਰਮਿਆਨ ਮਜ਼ਬੂਤ ਰਿਸ਼ਤਿਆਂ ਦੀ ਵਕਾਲਤ ਕੀਤੀ ਸੀ ਤੇ ਸਿੱਖ ਵੱਖਵਾਦੀਆਂ ਖਿਲਾਫ ਭੜਕਾਹਟ ਕੱਢੀ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਕੰਜ਼ਰਵੇਟਿਵ ਆਗੂ ਐਂਡਰੀਊ ਸਕ੍ਹੀਰ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਿਮਆਨ ਗੂੜ੍ਹੀ ਸਾਂਝ ਦੀ ਗੱਲ ਕਰਦਿਆਂ ਕਿਹਾ ਸੀ ਕਿ ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਕੰਜ਼ਰਵੇਟਿਵ ਸਰਕਾਰ ਹੀ ਬਣਨੀ ਚਾਹੀਦੀ ਹੈ।

ਧਿਆਨਦੇਣ ਯੋਗ ਹੈ ਕਿ ਹਾਰਪਰ ਨੇ ਹੀ 2015 'ਚ ਦੁਨੀਆ ਦੇ ਇਸ ਖਿੱਤੇ ਵਿੱਚ ਮੋਦੀ ਦੇ ਪਹਿਲੇ ਸਰਕਾਰੀ ਦੌਰੇ 'ਤੇ ਸਵਾਗਤ ਕੀਤਾ ਸੀ। ਹਲਾਂਕਿ ਉਸ ਮੌਕੇ ਦੱਖਣ ਏਸ਼ੀਆਈ ਭਾਈਚਾਰੇ ਵੱਲੋਂ ਮੋਦੀ ਦੇ ਇਸ ਦੌਰੇ ਦਾ ਕਾਫੀ ਵਿਰੋਧ ਹੋ ਰਿਹਾ ਸੀ।

ਮੋਦੀ 2002 ਵਿੱਚ ਭਾਰਤ ਦੇ ਪੱਛਮੀ ਸੂਬੇ ਗੁਜਰਾਤ ਦਾ ਮੁੱਖ ਮੰਤਰੀ ਸੀ ਜਦੋਂ ਉੱਥੇ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ। ਮਨੁੱਖੀ ਹੱਕਾਂ ਦੇ ਕਾਰਕੁੰਨ ਅਤੇ ਹਿੰਸਾ ਦੇ ਪੀੜਤ ਲੋਕ ਇਸ ਜ਼ੁਰਮ ਵਿੱਚ ਮੋਦੀ ਦੀ ਸ਼ਮੂਲੀਅਤ ਦਾ ਦੋਸ਼ ਲਾਉਂਦੇ ਹਨ, ਹਲਾਂਕਿ ਮੋਦੀ ਨੂੰ ਇਸ ਦੋਸ਼ ਵਿੱਚ ਕਦੇ ਵੀ ਨਾਮਜ਼ਦ ਨਹੀਂ ਕੀਤਾ ਗਿਆ ਅਤੇ ਉਹ ਹਮੇਸ਼ਾ ਆਪਣੀ ਸ਼ਮੂਲੀਅਤ ਤੋਂ ਇਨਕਾਰੀ ਰਹੇ ਹਨ।

ਪਰ, ਗੁਜਰਾਤ ਕਤਲੇਆਮ ਕਾਰਨ ਹੀ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਕਈ ਸਾਲਾਂ ਤੱਕ ਮੋਦੀ ਨੂੰ ਵਿਜ਼ੀਟਰ ਵੀਜ਼ਾ ਨਹੀਂ ਦਿੱਤਾ ਸੀ, ਜਦੋਂ ਤੱਕ ਉਹ 2014 ਵਿੱਚ ਪ੍ਰਧਾਨ ਮੰਤਰੀ ਨਹੀਂ ਚੁਣੇ ਗਏ।

ਜਦੋਂ ਤੋਂ ਮੋਦੀ ਪੂਰਨ ਬਹੁਮਤ ਨਾਲ ਸੱਤਾ 'ਤੇ ਕਾਬਜ਼ ਹੋਏ ਹਨ ਭਾਰਤ ਵਿੱਚ ਘੱਟਗਿਣਤੀਆਂ ਖਿਲਾਫ ਹਿੰਸਾ ਵਿੱਚ ਵੱਡਾ ਵਾਧਾ ਹੋਇਆ ਹੈ।

ਫਰਵਰੀ ਮਹੀਨੇ, ਕਸ਼ਮੀਰ ਵਿੱਚ ਭਾਰਤੀ ਸੁਰੱਖਿਆ ਬਲਾਂ 'ਤੇ ਹੋਏ ਹਮਲੇ 'ਚ 40 ਜਵਾਨਾਂ ਦੇ ਮਾਰੇ ਜਾਣ ਮਗਰੋਂ, ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਭਾਜਪਾ ਸਮਰਥਕਾਂ ਵੱਲੋਂ ਕਸ਼ਮੀਰੀ ਮੁਸਲਮਾਨਾਂ 'ਤੇ ਹਮਲੇ ਕੀਤੇ ਗਏ। ਇਸ ਘਟਨਾ ਦਾ ਦੋਸ਼ ਸਵੈ-ਨਿਰਣੇ ਦੇ ਹੱਕ ਲਈ ਲੜ ਰਹੇ ਕਸ਼ਮੀਰੀ ਜੁਝਾਰੂਆਂ 'ਤੇ ਲਾਇਆ ਗਿਆ।

ਇੱਥੇ ਗੱਲ ਖਤਮ ਨਹੀਂ ਹੋਈ, ਭਾਜਪਾ ਸਰਕਾਰ ਨੇ ਕਸ਼ਮੀਰ ਦੀ ਸਥਨਾਕ ਰਾਜਨੀਤਕ ਜਮਾਤ ਨਾਲ ਬਿਨ੍ਹਾਂ ਕੋਈ ਸਲਾਹ ਕੀਤਿਆਂ ਹੀ ਕਸ਼ਮੀਰ ਨੂੰ ਮਿਲੇ ਖਾਸ ਰੁਤਬੇ ਨੂੰ ਖਤਮ ਕਰ ਦਿੱਤਾ। ਸਾਰਾੇ ਖੇਤਰ ਨੂੰ ਕੌਮੀ ਸੁਰੱਖਿਆ ਦੇ ਨਾਂ 'ਤੇ ਇੱਕ ਖੁੱਲ੍ਹੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਇੰਡੀਆ ਫਾਉਂਡੇਸ਼ਨ ਨੇ ਫਰਵਰੀ ਦੇ ਹਮਲੇ ਵਿਚ ਮਾਰੇ ਗਏ ਭਾਰਤੀ ਫੌਜੀਆਂ ਦੇ ਪਰਿਵਾਰਾਂ ਲਈ 20,000 ਡਾਲਰ ਇਕੱਠੇ ਕੀਤੇ ਸਨ।

ਇਸ ਦੌਰਾਨ, ਕੈਨੇਡੀਅਨ ਸਰਕਾਰ ਨੇ ਭਾਰਤ ਵਿੱਚ ਘੱਟ ਗਿਣਤੀਆਂ ‘ਤੇ ਵੱਧ ਰਹੇ ਹਮਲਿਆਂ ਪ੍ਰਤੀ ਚੁੱਪ ਹੀ ਧਾਰੀ ਹੋਈ ਹੈ।

ਕਸ਼ਮੀਰ ਵਿੱਚ ਚੱਲ ਰਹੇ ਧੱਕੇ ਖਿਲਾਫ ਕੈਨੇਡਾ ਵਿੱਚ ਕਈ ਮੁਜ਼ਾਹਰੇ ਹੋਣ ਦੇ ਬਾਵਜੂਦ ਵੀ ਟਰੂਡੋ ਨੇ ਕੁੱਝ ਨਹੀਂ ਬੋਲਿਆ। ਕਈਆਂ ਦਾ ਮੰਨਣਾ ਹੈ ਕਿ ਅਜਿਹਾ ਕੈਨੇਡਾ ਵਿਚ ਭਾਰਤੀ ਏਜੰਸੀਆਂ ਦੇ ਵੱਧ ਰਹੇ ਪ੍ਰਭਾਵ ਕਾਰਨ ਹੋ ਸਕਦਾ ਹੈ।
ਗੁਰਪ੍ਰੀਤ ਸਿੰਘ
(ਇਹ ਲਿਖਤ ਵੈੱਬਸਾਈਟ 'ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪੀ ਸੀ, ਜਿਸ ਦਾ ਪੰਜਾਬੀ ਤਰਜ਼ਮਾ ਅਸੀਂ ਆਪਣੇ ਪਾਠਕਾਂ ਲਈ ਇੱਥੇ ਛਾਪਿਆ ਹੈ।)

 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।